ਪੰਜਾਬ ਦੇ ਲੋਕ-ਗੀਤ
Punjab de Lok Geet
ਲੋਕ-ਗੀਤਾਂ ਦੀ ਧਰਤੀ : ਪੰਜਾਬ ਲੋਕ-ਗੀਤਾਂ ਦੀ ਧਰਤੀ ਹੈ। ਇੱਥੋਂ ਦਾ ਹਰ ਇਕ ਵਾਸੀ ਗੀਤਾਂ ਵਿਚ ਜਨਮ ਲੈਂਦਾ, ਗੀਤਾਂ ਵਿਚ ਅਨੰਦ ਮਾਣਦਾ ਅਤੇ ਅੰਤ ਗੀਤਾਂ ਵਿਚ ਹੀ ਮਰ ਜਾਂਦਾ ਹੈ। ਇਸ ਪ੍ਰਕਾਰ ਲੋਕ-ਗੀਤਾਂ ਦਾ ਸੰਬੰਧ ਪੰਜਾਬ ਦੇ ਪੂਰੇ ਸੱਭਿਆਚਾਰਕ ਜੀਵਨ ਨਾਲ ਹੈ।
ਲੋਕ-ਗੀਤਾਂ ਦੀ ਰਚਨਾ: ਇਹਨਾਂ ਲੋਕ-ਗੀਤਾਂ ਦੀ ਰਚਨਾ ਕੋਈ ਵਿਸ਼ੇਸ਼ ਕਵੀ ਨਹੀਂ ਕਰਦਾ, ਸਗੋਂ ਆਮ ਲੋਕਾਂ ਦੇ ਦਿਲ ਵਿਚ ਉੱਠਦੇ ਭਾਵ ਗੀਤਾਂ ਦਾ ਰੂਪ ਧਾਰ ਕੇ ਨਿਕਲ ਪੈਂਦੇ ਹਨ। ਇਸ ਕਰਕੇ ਇਹਨਾਂ ਦਾ ਜਨਮ ਮਨੁੱਖੀ ਸੱਭਿਅਤਾ ਦੇ ਨਾਲ ਹੀ ਹੋਇਆ ਤੇ ਇਹਨਾਂ ਦਾ ਬਹਾਵ ਲਗਾਤਾਰ ਵਹਿ ਰਿਹਾ ਹੈ।
ਬੇਜੋੜ ਕਾਲਪਨਿਕ ਉਡਾਨ : ਲੋਕ-ਗੀਤਾਂ ਵਿਚ ਇਹਨਾਂ ਨੂੰ ਰਚਨ ਵਾਲਿਆਂ ਵਰਗੀ ਸਾਦਗੀ, ਸੁਭਾਵਕਤਾ ਅਤੇ ਅਲਬੇਲਾਪਨ ਹੁੰਦਾ ਹੈ, ਪਰ ਇਹਨਾਂ ਵਿਚਲੀ ਸਾਦਗੀ, ਅੰਤਰਿਕ ਭਾਵ ਅਤੇ ਕਲਪਨਾ ਦੀ ਉਡਾਨ ਬੇਜੋੜ ਹੁੰਦੀ ਹੈ।
ਲੋਕ-ਗੀਤਾਂ ਦੇ ਰੂਪ : ਲੋਕ-ਗੀਤਾਂ ਦੇ ਕਈ ਰੂਪ ਹਨ, ਜਿਨ੍ਹਾਂ ਦਾ ਸੰਬੰਧ ਵੱਖ-ਵੱਖ ਖ਼ੁਸ਼ੀ ਅਤੇ ਗ਼ਮੀ ਦੇ ਮੌਕਿਆਂ, ਖੇਡਾਂ ਅਤੇ ਰਸਮਾਂ-ਰਿਵਾਜ਼ਾਂ ਨਾਲ ਹੈ। ਪੰਜਾਬ ਵਿਚ ਤਾਂ ਗੀਤ ਬੱਚੇ ਦੇ ਜਨਮ ਨਾਲ ਹੀ ਸ਼ੁਰੂ ਹੋ ਜਾਂਦੇ ਹਨ। ਬਚਪਨ ਦੇ ਗੀਤਾਂ ਵਿਚ ਪੁੱਤਰ ਦੇ ਜਨਮ ਦੀ ਖ਼ੁਸ਼ੀ ਅਤੇ ਸੱਧਰਾਂ ਬਿਆਨ ਕੀਤੀਆਂ ਹਨ।
ਬਚਪਨ ਦੇ ਲੋਕ-ਗੀਤ : ਜਨਮ ਪਿੱਛੋਂ ਬੱਚਾ ਥੋੜਾ ਤਾਕਤ ਵਾਲਾ ਹੁੰਦਾ ਹੈ। ਮਾਂ ਘਰ ਦੇ ਕੰਮ-ਕਾਰ ਵਿਚ ਰੁੱਝਣਾ ਚਾਹੁੰਦੀ ਹੈ, ਪਰ ਬੱਚਾ ਉਸਨੂੰ ਪਰੇਸ਼ਾਨ ਕਰਦਾ ਹੈ। ਮਾਂ ਤੇ ਉਸ ਦੀਆਂ ਭੈਣਾਂ ਉਸ ਨੂੰ ਲੋਰੀਆਂ ਦੇ ਕੇ ਸੁਲਾਉਣ ਦੀ ਕੋਸ਼ਿਸ਼ ਕਰਦੀਆਂ ਹਨ।
ਤਿਉਹਾਰਾਂ ਬਾਰੇ ਲੋਕ-ਗੀਤ : ਰਤਾ ਜਵਾਨ ਹੋਣ ਤੇ ਮੁੰਡਿਆਂ ਅਤੇ ਕੁੜੀਆਂ ਦੇ ਰੁੱਤਾਂ ਅਤੇ ਤਿਉਹਾਰਾਂ ਨਾਲ ਸੰਬੰਧਿਤ ਗੀਤ ਸ਼ੁਰੂ ਹੋ ਜਾਂਦੇ ਹਨ। ਲੋਹੜੀ, ਬਸੰਤ, ਬਰਸਾਤ ਦੀ ਰੁੱਤ ਅਤੇ ਤਿੰਵਣ ਨਾਲ ਸੰਬੰਧਿਤ ਗੀਤਾਂ ਦੇ ਅਨੇਕ ਨਮੂਨੇ ਪੰਜਾਬੀ ਲੋਕ-ਗੀਤਾਂ ਵਿਚ ਮਿਲ ਜਾਂਦੇ ਹਨ।
ਜੋਬਨ ਅਤੇ ਸੁੰਦਰਤਾ : ਜਵਾਨ ਹੋਈ ਕੁੜੀ ਦੀ ਸੁੰਦਰਤਾ ਦਾ ਵਰਨਣ ਵੀ ਲੋਕਗੀਤਾਂ ਵਿਚ ਮਿਲਦਾ ਹੈ।
ਵਿਆਹ : ਮੁੰਡੇ ਜਾਂ ਕੁੜੀ ਦੇ ਜਵਾਨ ਹੋਣ ਤੇ ਉਸ ਦਾ ਵਿਆਹ ਧਰਿਆ ਜਾਂਦਾ ਹੈ, ਤਾਂ ਘਰਾਂ ਵਿਚ ਗੀਤਾਂ ਦੀ ਮਹਿਫ਼ਲ ਗਰਮ ਹੋ ਜਾਂਦੀ ਹੈ। ਕੁੜੀ ਦੇ ਘਰ ਸੁਹਾਗ ਅਤੇ ਮੁੰਡੇ ਦੇ ਘਰ ਘੋੜੀਆਂ ਗਾ ਕੇ ਸ਼ਗਨਾਂ ਦੇ ਕੰਮਾਂ ਨੂੰ ਆਰੰਭ ਕੀਤਾ ਜਾਂਦਾ ਹੈ। ਮੁਟਿਆਰਾਂ, ਭਰਜਾਈਆਂ, ਬੁੱਢੀਆਂ, ਨੱਢੀਆਂ ਸਭ ਗਿੱਧੇ ਵਿਚ ਨੱਚਦੀਆਂ ਹਨ। ਵਿਆਹ ਦੇ ਦਿਨਨਾਨਕੀਆਂ ਅਤੇ ਦਾਦਕੀਆਂ ਦੀ ਨੋਕ-ਝੋਕ ਖੂਬ ਰੰਗ ਬੰਦੀ ਹੈ।
ਜੰਝ ਦੇ ਢੱਕਣ ਤੇ ਨਿੱਕੀਆਂ-ਵੱਡੀਆਂ ਔਰਤਾਂ ਇਕੱਠੀਆਂ ਹੋ ਕੇ ਜਾਂਵੀਆਂ ਨੂੰ ਸਿੱਠਣੀਆਂ ਦੇਣ ਲੱਗ ਪੈਂਦੀਆਂ ਹਨ। ਇਸ ਤਰਾਂ ਹਾਸਿਆਂ, ਤਮਾਸ਼ਿਆਂ ਅਤੇ ਢੋਲਢਮੱਕਿਆਂ ਨਾਲ ਲਾੜੀ ਨੂੰ ਤੋਰਨ ਦਾ ਸਮਾਂ ਆ ਜਾਂਦਾ ਹੈ ਅਤੇ ਇਸ ਸਮੇਂ ਸਭ ਹਾਸੇ-ਠੱਠੇ ਇਕ ਕਰੁਣਾਮਈ ਰੂਪ ਧਾਰ ਲੈਂਦੇ ਹਨ।
ਸਹੁਰਾ ਘਰ : ਕੁੜੀ ਹੁਣ ਲਾੜੀ ਬਣ ਕੇ ਪਤੀ ਦੇ ਘਰ ਵੱਸਣ ਲੱਗਦੀ ਹੈ। ਸਹੁਰੇ ਘਰ ਵਿਚ ਸਸ ਦੀਆਂ ਪਾਬੰਦੀਆਂ ਉਸ ਨੂੰ ਹ ਸੱਟਦੀਆਂ ਹਨ ਤੇ ਉਸ ਦਾ ਦਿਲ ਚੀਕ ਉੱਠਦਾ ਹੈ।
ਆਰਥਿਕ ਹਾਲਤ : ਲੋਕ-ਗੀਤਾਂ ਵਿਚ ਪੰਜਾਬੀ ਲੋਕਾਂ ਦੀ ਆਰਥਿਕ ਹਾਲਤ ਦਾ ਵੀ ਸੁਹਣਾ ਨਿਰੂਪਣ ਹੋਇਆ ਹੈ।
ਲੋਕ ਗੀਤਾਂ ਵਿਚ ਇਤਿਹਾਸ : ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਘਟਨਾਵਾਂ ਦਾ ਜ਼ਿਕਰ ਵੀ ਲੋਕ-ਗੀਤਾਂ ਵਿਚ ਮਿਲਦਾ ਹੈ।
ਸਾਰ-ਅੰਸ਼ : ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਲੋਕ-ਗੀਤਾਂ ਵਿਚ ਪੰਜਾਬੀ ਜੀਵਨ ਦੇ ਸਾਰੇ ਭਾਗ ਭਲੀ-ਭਾਂਤ ਉਜਾਗਰ ਹੋਏ ਹਨ। ਉਹਨਾਂ ਵਿਚ ਸਾਡੇ ਸਮਾਜਿਕ ਤੇ ਸੱਭਿਆਚਾਰਕ ਜੀਵਨ, ਆਰਥਿਕ ਹਾਲਤ ਅਤੇ ਇਤਿਹਾਸਕ ਘਟਨਾਵਾਂ ਦਾ ਬੜਾ ਵਧੀਆ ਚਿਤਰਣ ਮਿਲਦਾ ਹੈ। ਲੋਕ-ਗੀਤ ਸਾਹਿਤਕ ਪੱਖ ਤੋਂ ਵੀ ਬੜੇ ਪ੍ਰਸਿੱਧ ਹਨ।
Barnala