ਪਬਲਿਕ ਸਕੂਲ ਤੇ ਲਾਭ ਤੇ ਹਾਨਿਯਾ
Public School de Labh te Haniya
ਸਕੂਲਾਂ ਦੀਆਂ ਕਿਸਮਾਂ : ਅੱਜ-ਕੱਲ੍ਹ ਦੋ ਤਰ੍ਹਾਂ ਦੇ ਸਕੂਲ ਹਨ-ਇਕ ਹਨ ਸਰਕਾਰੀ ਸਕੂਲ ਅਤੇ ਦੂਜੇ ਪਬਲਿਕ ਜਾਂ ਪ੍ਰਾਈਵੇਟ ਸਕੂਲ। ਇਨ੍ਹਾਂ ਦੋਵਾਂ ਸਕੂਲਾਂ ਵਿਚ ਪੜ੍ਹਾਈ, ਨਿਯਮ, ਸ਼ਰਤਾਂ ਅਤੇ ਵਾਤਾਵਰਨ ਵੱਖ-ਵੱਖ ਹੈ। ਸਰਕਾਰੀ ਸਕੂਲਾਂ ਵਿਚ ਗਰੀਬ ਬੱਚਿਆਂ ਦੀ ਪੜਾਈ, ਕਿਤਾਬਾਂ, ਵਰਦੀਆਂ ਆਦਿ ਤਾਂ ਸਰਕਾਰ ਵੱਲੋਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ ਤੇ ਉਂਝ ਵੀ ਬਾਕੀ ਵਿਦਿਆਰਥੀਆਂ ਦੀਆਂ ਫੀਸਾਂ ਨਾਂਮਾਤਰ ਹੀ ਹੁੰਦੀਆਂ ਹਨ।ਹਸ਼ਿਆਰ ਵਿਦਿਆਰਥੀਆਂ ਨੂੰ ਵਜ਼ੀਫ਼ੇ ਵੀ ਦਿੱਤੇ ਜਾਂਦੇ ਹਨ ਪਰ ਪੜਾਈ, ਅਨੁਸ਼ਾਸਨ ਆਦਿ ਦਾ ਹਾਲ ਬਹੁਤਾ ਵਧੀਆ ਨਹੀਂ ਹੁੰਦਾ ਜਦੋਂ ਕਿ ਪਬਲਿਕ ਸਕੂਲਾਂ ਵਿਚ ਆਰਥਕ ਪੱਖੋਂ ਕਿਸੇ ਨੂੰ ਕੋਈ ਸਹੂਲਤ ਨਹੀਂ ਮਿਲਦੀ ਪਰ ਇਨ੍ਹਾਂ ਦੀਆਂ ਇਮਾਰਤਾਂ, ਪੜਾਈ, ਅਨੁਸ਼ਾਸਨ ਤੇ ਕਈ ਹੋਰ ਸਹੂਲਤਾਂ ਹਰ ਇਕ ਨੂੰ ਸਹਿਜੇ ਹੀ ਆਪਣੇ ਵੱਲ ਆਕਰਸ਼ਤ ਕਰ ਲੈਂਦੀਆਂ ਹਨ। ਇਸ ਲਈ ਸਕੂਲਾਂ ਵੱਲ ਲੋਕਾਂ ਦਾ ਰੁਝਾਨ ਵਧ ਰਿਹਾ ਹੈ।
ਪਬਲਿਕ ਸਕੂਲ ਵਰਦਾਨ ਵਜੋਂ : ਪਬਲਿਕ ਸਕੂਲ ਜਦੋਂ ਹੋਂਦ ਵਿਚ ਆਏ ਤਾਂ ਇਨ੍ਹਾਂ ਨੇ ਸਰਕਾਰੀ ਸਕੂਲਾਂ ਨੂੰ ਪਿੱਛੇ ਧੱਕ ਦਿੱਤਾ ਤੇ ਇਕ ਵਰਦਾਨ ਵਜੋਂ ਸਾਬਤ ਹੋਏ । ਕਿਉਂਕਿ ਅੱਜ-ਕੱਲ ਮੁਕਾਬਲੇ ਦਾ ਯੁੱਗ ਹੈ, ਮੁਕਾਬਲਿਆਂ ਵਿਚ ਅੱਵਲ ਰਹਿਣ ਲਈ ਨਿਰਾ ਕਿਤਾਬੀ ਗਿਆ ਹੀ ਕਾਫੀ ਨਹੀਂ ਹੁੰਦਾ ਬਲਕਿ ਆਮ ਜਾਣਕਾਰੀ ਦੀ ਵੀ ਲੋੜ ਹੁੰਦੀ ਹੈ। ਪੜ੍ਹਾਈ ਦੇ ਨਾਲ-ਨਾਲ ਖੇਡਾਂ, ਅਨੁਸ਼ਾਸਨ, ਸੱਭਿਆਚਾਰਕ ਤੇ ਹੋਰ। ਗਤੀਵਿਧੀਆਂ ਆਦਿ ਬੱਚਿਆਂ ਵਿਚ ਸਵੈ-ਵਿਸ਼ਵਾਸ ਪੈਦਾ ਕਰਦੀਆਂ ਹਨ। ਅਜਿਹੀਆਂ ਲੋੜਾਂ ਨੂੰ ਪਹਿਲ ਦੇ ਅਧਾਰ ਤੇ ਪਬਲਿਕ ਸਕੂਲਾਂ ਨੇ ਸੋਚਿਆ ਤਾਂ ਜੋ ਬੱਚੇ ਦਾ ਸਰਬ-ਪੱਖੀ ਵਿਕਾਸ ਹੋ ਸਕੇ।
ਵਧੀਆ ਇਮਾਰਤਾਂ ਅਤੇ ਹੋਰ ਸਹੂਲਤਾਂ : ਪਬਲਿਕ ਸਕੂਲਾਂ ਦੀਆਂ ਇਮਾਰਤਾਂ ਵਧੇਰੇ ਆਕਰਸ਼ਕ ਹੁੰਦੀਆਂ ਹਨ, ਖੁੱਲੇ ਹਵਾਦਾਰ ਕਮਰੇ, ਪ੍ਰਯੋਗਸ਼ਾਲਾਵਾਂ, ਲਾਇਬੇਰੀਆਂ, ਕੰਪਿਊਟਰ-ਸਿਸਟਮ, ਵਧੀਆ ਫ਼ਰਨੀਚਰ, ਬੱਸਾਂ-ਰਿਕਸ਼ਿਆਂ ਦੀਆਂ ਸਹੂਲਤਾਂ, ਬਿਜਲੀ-ਪਾਣੀ ਦਾ ਵਿਸ਼ੇਸ਼ ਪ੍ਰਬੰਧ ਅਤੇ ਛੋਟੇ ਬੱਚਿਆਂ ਲਈ ਖਿਡੌਣੇ, ਟੀ ਵੀ, ਗਮਾਂ ਆਦਿ ਸਹੂਲਤਾਂ ਅਤੇ ਵਿਸ਼ੇਸ਼ ਪ੍ਰਬੰਧ ਹਰ ਇਕ ਨੂੰ ਆਕਰਸ਼ਤ ਕਰਦੇ ਹਨ।
ਮਿਹਨਤੀ ਸਟਾਫ਼ : ਪਬਲਿਕ ਸਕੂਲ ਕਿਉਂਕਿ ਨਤੀਜਿਆਂ ਤੇ ਅਧਾਰਤ ਹੁੰਦੇ ਹਨ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਸਕੂਲਾਂ ਦੇ ਨਤੀਜੇ ਸੌ ਪ੍ਰਤੀਸ਼ਤ ਆਉਣ। ਇਸ ਲਈ ਉਹ ਆਪਣੇ ਮਕਸਦ ਵਿਚ ਤਾਂ ਹੀ ਕਾਮਯਾਬ ਹੋ ਸਕਦੇ ਹਨ ਜੇਕਰ ਉੱਚ-ਯੋਗਤਾ ਪ੍ਰਾਪਤ, ਤਜਰਬੇਕਾਰ ਤੇ ਮਿਹਨਤੀ ਸਟਾਫ਼ ਹੋਵੇਗਾ। ਰੋਜ਼ਾਨਾ ਸਮੇਂ ਸਿਰ ਸਕੂਲ ਹਾਜ਼ਰ ਹੋਣਾ, ਪੂਰੀ ਤਨਦੇਹੀ ਨਾਲ ਕੰਮ ਕਰਨਾ, ਵੱਧ ਤੋਂ ਵੱਧ ਪੀਰੀਅਡ ਲਾਉਣੇ ਕਮਜ਼ੋਰ ਵਿਦਿਆਰਥੀਆਂ ਦੀ ਵਿਸ਼ੇਸ਼ ਪੜਾਈ ਕਰਾਉਣੀ, ਬੱਚਿਆਂ ਵਿਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਆਦਿ ਉਨਾਂ ਦੀ ਡਿਊਟੀ ਵਿਚ ਸ਼ਾਮਲ ਹੁੰਦਾ ਹੈ । ਜ਼ਰਾ ਜਿੰਨੀ ਕੁਤਾਹੀ ਕਰਨ ‘ਤੇ ਉਨ੍ਹਾਂ ਦੀ ਨੌਕਰੀ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ, ਇਸ ਲਈ ਉਹ ਪੂਰੀ ਮਿਹਨਤ ਕਰਾਉਂਦੇ ਹਨ।
ਅਨੁਸ਼ਾਸਨ ਦੀ ਪਾਲਣਾ : ਸਟਾਫ਼ ਅਤੇ ਵਿਦਿਆਰਥੀ ਇਕ ਨਿਸਚਿਤ ਅਨੁਸ਼ਾਸਨ ਵਿਚ ਰਹਿੰਦੇ ਹਨ। ਬੱਚਿਆਂ ਵਿਚ ਸਮੇਂ ਸਿਰ ਕੰਮ ਕਰਨ ਦੀ ਆਦਤ ਪੈ ਜਾਂਦੀ ਹੈ। ਉਹ ਸੱਭਿਅਕ ਮਨੁੱਖਾਂ ਵਾਂਗ ਵਿਚਰਨਾ ਸਿੱਖ ਜਾਂਦੇ ਹਨ। ਹਰ ਜਗ੍ਹਾ ਚੰਗਾ ਸਲੀਕਾ ਉਨ੍ਹਾਂ ਦੀ ਪ੍ਰਸੰਸਾ ਦਾ ਕਾਰਨ ਬਣਦਾ ਹੈ।
ਪਬਲਿਕ ਸਕੂਲ ਸਰਾਪ ਵਜੋਂ : ਜਿਥੇ ਪਬਲਿਕ ਸਕੂਲ ਵਰਦਾਨ ਹਨ, ਉੱਥੇ ਦਿਨੋ-ਦਿਨ ਇਹ ਸਰਾਪ ਵੀ ਬਣਦੇ ਜਾ ਰਹੇ ਹਨ।
ਹੱਦੋਂ ਵੱਧ ਖ਼ਰਚਾ : ਪਹਿਲਾ ਸਰਾਪ ਤਾਂ ਇਹ ਹੈ ਕਿ ਇਨ੍ਹਾਂ ਸਕੂਲਾਂ ਵਿਚ ਹੱਦੋਂ ਵੱਧ ਖ਼ਰਚਾ ਹੁੰਦਾ ਹੈ ਜੋ ਕਿ ਆਮ ਵਿਅਕਤੀ ਦੀ ਪਹੁੰਚ ਤੋਂ ਬਾਹਰ ਹੁੰਦਾ ਹੈ। ਗਰੀਬ ਵਿਅਕਤੀ ਤਾਂ ਆਪਣੇ ਬੱਚਿਆਂ ਨੂੰ ਅਜਿਹੇ ਸਕੂਲਾਂ ਵਿਚ ਪੜ੍ਹਾਉਣ ਤੋਂ ਅਸਮਰਥ ਹੀ ਰਹਿੰਦਾ ਹੈ ਕਿਉਂਕਿ ਇਨਾਂ ਸਕੂਲਾਂ ਦੀਆਂ ਫੀਸਾਂ, ਦਾਖਲੇ ਤੇ ਹੋਰ ਢੰਡ, ਬੱਸਾਂ-ਰਿਕਸ਼ਿਆਂ ਦਾ ਕਿਰਾਇਆ, ਕਿਤਾਬਾਂ ਅਤੇ ਵਰਦੀਆਂ ਸਕੂਲੋਂ ਹੀ ਖ਼ਰੀਦਣ ਦੀ ਮਜਬਰੀ। ਵਿਚ ਆਮ ਵਿਅਕਤੀ ਦੀ ਆਰਥਿਕ ਲੁੱਟ ਹੁੰਦੀ ਰਹਿੰਦੀ ਹੈ। ਨਿੱਤ ਨਵੇਂ ਬਹਾਨੇ ਤੇ ਪ੍ਰੋਗਰਾਮ ਕਰਕੇ ਫੰਡ ਇਕੱਠੇ ਕਰਨੇ ਇਨ੍ਹਾਂ ਸਕੂਲਾਂ ਦਾ ਬੇਲੋੜਾ ਖ਼ਰਚਾ ਹੁੰਦਾ ਹੈ।
ਮਾਪਿਆਂ ਦਾ ਪੜੇ-ਲਿਖੇ ਹੋਣਾ : ਦੂਸਰਾ ਸਰਾਪ ਹੈ ਕਿ ਵਿਦਿਆਰਥੀਆਂ ਦੇ ਮਾਪਿਆਂ ਦਾ ਪੜੇ-ਲਿਖੇ ਹੋਣਾ ਬਹੁਤ ਜ਼ਰੂਰੀ ਹੈ।ਜਿਨਾਂ ਬੱਚਿਆਂ ਦੇ ਮਾਪੇ ਪੜ੍ਹੇ-ਲਿਖੇ ਹਨ, ਉਹੋ ਹੀ ਆਪਣੇ ਬੱਚੇ ਇੱਥੇ ਪੜਾ ਸਕਦੇ ਹਨ ਕਿਉਂਕਿ ਦਾਖ਼ਲੇ ਤੋਂ ਪਹਿਲਾਂ ਛੋਟੇ-ਛੋਟੇ ਮਾਸੂਮ ਬੱਚਿਆਂ ਦੀ ਇੰਟਰਵਿਊ ਲਈ ਜਾਂਦੀ ਹੈ ਤੇ ਇਹ ਇੰਟਰਵਿਊ ਬੱਚਿਆਂ ਦੀ ਨਹੀਂ, ਮਾਪਿਆਂ ਦੀ ਹੁੰਦੀ ਹੈ। ਇਸ ਸਭ ਕੁਝ ਦੇ ਬਾਵਜੂਦ ਇਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਟਿਊਸ਼ਨ ਪੜ੍ਹਨ ਲਈ ਮਜਬੂਰ ਕੀਤਾ ਜਾਂਦਾ ਹੈ।
ਮਾਤ-ਭਾਸ਼ਾ ਪੰਜਾਬੀ ਨਾਲ ਵਿਤਕਰਾ : ਇਨਾਂ ਸਕੂਲਾਂ ਵਿਚ ਵਧੇਰੇ ਕਰਕੇ ਅੰਗਰੇਜ਼ੀ ਜਾਂ ਹਿੰਦੀ ਮਾਧਿਅਮ ਹੁੰਦਾ ਹੈ। ਇਸ ਲਈ ਬੱਚਿਆਂ ਨੂੰ ਹਿੰਦੀ ਜਾਂ ਅੰਗਰੇਜ਼ੀ ਹੀ ਬੋਲਣ ਲਈ ਮਜਬੂਰ ਕੀਤਾ ਜਾਂਦਾ ਹੈ ਤੇ ਪੰਜਾਬੀ ਬੋਲਣ ਵਾਲੇ ਨੂੰ ਸਖ਼ਤ ਸਜ਼ਾ ਤੇ ਜੁਰਮਾਨਾ ਵੀ ਕੀਤਾ । ਜਾਂਦਾ ਹੈ।
ਭਾਰੇ ਬਸਤੇ : ਇਨ੍ਹਾਂ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਦੇ ਬਸਤੇ ਦਾ ਬੋਝ ਅਤੇ ਭਾਰ ਬੱਚੇ ਨਾਲੋਂ ਦੋ ਗੁਣਾ ਜ਼ਿਆਦਾ ਹੁੰਦਾ ਹੈ। ਛੋਟੇ-ਛੋਟੇ ਮਾਸੂਮ ਬੱਚਿਆਂ ਨੂੰ ਕੁਲੀ ਵਾਂਗ ਲੱਦਿਆ ਹੁੰਦਾ ਹੈ ਅਤੇ ਸਿਲੇਬਸ ਵੀ ਬੱਚਿਆਂ ਦੇ ਮਾਨਸਕ ਪੱਧਰ ਤੋਂ ਕਿਤੇ ਜ਼ਿਆਦਾ ਅਤੇ ਔਖਾ ਹੁੰਦਾ ਹੈ ਜਿਹੜਾ ਮਜਬਰਨ ਬੱਚਿਆਂ ਨੂੰ ਪੜਨਾ ਨਹੀਂ ‘ਰਟਣਾ ਪੈਂਦਾ ਹੈ । ਇਸ ਨਾਲ ਨਤੀਜਾ ਇਹ ਨਿਕਲਦਾ ਹੈ ਕਿ ਇਕ ਕਲਾਸ ਪਾਸ ਕਰਨ ਤੋਂ। ਬਾਅਦ ਪਿਛਲਾ ਭੁੱਲ ਜਾਂਦਾ ਹੈ। ਇਹ ਬੱਚਿਆਂ ਦੇ ਹੱਸਣ-ਖੇਡਣ ਵਾਲੀ ਬੇਫਿਕਰੀ ਜਿਹੀ ਉਮਰ ਬਸਤਿਆਂ ਦੇ ਭਾਰ ਹੇਠਾਂ ਦਬ ਕੇ ਰਹਿ ਜਾਂਦੀ ਹੈ ਤੇ ਉਨ੍ਹਾਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਰੁਕ ਜਾਂਦਾ ਹੈ। ਸ਼ਾਇਦ ਇਸੇ ਕਾਰਨ ਹੀ ਅੱਜ-ਕੱਲ੍ਹ ਦੇ ਬੱਚੇ ਚਿੜਚਿੜੇ ਜਿਹੇ ਤੇ ਕਮਜ਼ੋਰ ਹੁੰਦੇ ਹਨ।
ਅਮੀਰੀ-ਗਰੀਬੀ ਦਾ ਭੇਦਭਾਵ : ਇਨ੍ਹਾਂ ਸਕੂਲਾਂ ਵਿਚ ਮੱਧ-ਵਰਗ ਤੇ ਅਮੀਰ ਵਰਗ ਦੇ ਬੱਚੇ ਹੀ ਪੜ੍ਹਦੇ ਹਨ। ਕਈ ਵਾਰ ਅਮੀਰ ਵਰਗ ਦੇ ਬੱਚਿਆਂ ਦੇ ਮਾਪੇ ਫੈਸ਼ਨ ਦੇ ਤੌਰ ‘ਤੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੰਦੇ ਹਨ, ਕਾਰਾਂ ਸਕੂਟਰਾਂ ਤੇ ਛੱਡਣ ਆਉਂਦੇ ਹਨ, ਟਿਉਸ਼ਨਾਂ ਪੜਾਉਂਦੇ ਹਨ | ਅਜਿਹੇ ਭੇਦਭਾਵ ਨਾਲ ਬਾਕੀ ਬੱਚਿਆਂ ਦੇ ਮਨ ਤੇ ਹੀਣ-ਭਾਵਨਾ ਪੈਦਾ ਹੋ ਜਾਂਦੀ ਹੈ। ਕਈ ਸਕੂਲਾਂ ਵਾਲੇ ਵੀ ਆਪਣਾ-ਆਪਣਾ ਪੱਧਰ ਵਿਖਾਵੇ ਦੇ ਤੌਰ ‘ਤੇ ਉੱਚਾ ਰੱਖਣਾ ਚਾਹੁੰਦੇ ਹਨ, ਇਸ ਕਰਕੇ ਵੀ ਬੱਚੇ ਹੀਣ-ਭਾਵਨਾ ਦੇ ਸ਼ਿਕਾਰ ਹੋ ਜਾਂਦੇ ਹਨiਉਹ ॥ ਸਹਿਮੇ ਜਿਹੇ ਰਹਿੰਦੇ ਹਨ।
ਅਧਿਆਪਕਾਂ ਦੀ ਲੁੱਟ : ਇਨ੍ਹਾਂ ਸਕੂਲਾਂ ਵਿਚ ਸਿਰਫ਼ ਵਿਦਿਆਰਥੀ ਤੇ ਉਨ੍ਹਾਂ ਦੇ ਮਾਪਿਆਂ ਨੂੰ ਹੀ ਨਹੀਂ ਲੱਟਿਆ ਜਾਂਦਾ ਬਲਕਿ ਅਧਿਆਪਕਾਂ ਦਾ ਵੀ ਆਰਥਿਕ ਸ਼ੋਸ਼ਣ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਘੱਟ ਤੋਂ ਘੱਟ ਤਨਖਾਹ ਦੇ ਕੇ ਰੋਹਬ ਨਾਲ ਕੋਹਲ ਦੇ ਬੈਲ ਵਾਂਗ ਕੰਮ ਕਰਵਾਇਆ ਜਾਂਦਾ ਹੈ। ਅਜਿਹੀ ਹਾਲਤ ਵਿਚ ਅਧਿਆਪਕਾਂ ਦਾ ਮਾਨਸਿਕ ਤੌਰ ‘ਤੇ ਪਰੇਸ਼ਾਨ ਰਹਿਣਾ ਜਾਇਜ਼ ਹੈ। ਉਹ ਆਪਣੀ ਪਰੇਸ਼ਾਨੀ ਕਈ ਵਾਰ ਬੱਚਿਆਂ ਤੇ ਗੁੱਸੇ ਨਾਲ ਕੱਢਦੇ ਹਨ, ਜਿਸ ਨਾਲ ਬੱਚਿਆਂ ਦੇ ਮਨ ਵਿਚ ਅਧਿਆਪਕਾਂ ਪ੍ਰਤੀ ਸਤਿਕਾਰ ਦੀ ਭਾਵਨਾ ਖਤਮ ਹੋ ਜਾਂਦੀ ਹੈ।
ਸੁਝਾਅ : ਪੜਾਈ ਦੇ ਨਾਂ ‘ਤੇ ਖੁੱਲੀਆਂ ਦੁਕਾਨਾਂ ਦੀ ਅਜਿਹੀ ਲੁੱਟ ਵੇਖ ਕੇ ‘ਵਿੱਦਿਆ ਵੀਚਾਰੀ ਤਾਂ ਪਰਉਪਕਾਰੀ’ ਤਕ ਆਪਣੇ ਅਸਲ ਅਰਥ ਗੁਆ ਬੈਠੀ ਹੈ। ਵਿੱਦਿਆ ਅੱਜ-ਕੱਲ੍ਹ ‘ਵਿਚਾਰੀ ਭਾਵ ਨਿਮਾਣੀ ਜਿਹੀ ਬਣ ਕੇ ਰਹਿ ਗਈ ਹੈ ਪਰ ਇਹ ਪਰਉਪਕਾਰ ਕਰ ਰਹੀ ਹੈ। ਪਬਲਿਕ ਸਕੂਲਾਂ ਦੇ ਪ੍ਰਬੰਧਕਾਂ ਦਾ, ਉਨ੍ਹਾਂ ਦੀਆਂ ਬੋਲੀਆਂ ਪੈਸਿਆਂ ਨਾਲ ਭਰ ਕੇ । ਇਸ ਲਈ ਪਬਲਿਕ ਸਕੂਲਾਂ ਦੇ ਪ੍ਰਬੰਧਕਾਂ ਨੂੰ ਚਾਹੀਦਾ ਹੈ । ਕਿ ਉਹ ਵਿੱਦਿਆ ਦਾ ਵਪਾਰੀਕਰਨ ਨਾ ਕਰਨ ਸਗੋਂ ਇਸ ਨੂੰ ਵਰਦਾਨ ਵਜੋਂ ਹੀ ਚਲਾਉਣ ਲਈ ਸੋਚਣ। ਲੋਕਾਂ ਦੀ ਆਰਥਿਕ ਲੁੱਟ ਨਾ ਕਰਨ ਬਲਕਿ ਫ਼ੀਸਾਂ ਤੇ ਖ਼ਰਚੇ ਲੋੜੀਦੇ ਹੋਣ, ਫ਼ਜ਼ੂਲ ਖ਼ਰਚੇ ਬੰਦ ਕੀਤੇ ਜਾਣ ਤਾਂ ਜੋ ਆਮ ਵਰਗ ਵੀ ਪੜਾਈ ਕਰ ਸਕੇ। ਅੰਗਰੇਜ਼ੀ ਤੇ ਹਿੰਦੀ ਵਰਗੀਆਂ ਭਾਸ਼ਾਵਾਂ ਪੜਾਉਣਾ ਚੰਗੀ ਗੱਲ ਹੈ ਪਰ ਮਾਤ-ਭਾਸ਼ਾ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ, ਟਿਊਸ਼ਨ ਜਿਹੀ ਬਿਮਾਰੀ ਨੂੰ ਖ਼ਤਮ ਕੀਤਾ ਜਾਵੇ। ਬਸਤੇ ਅਤੇ ਸਿਲੇਬਸ ਦਾ ਬੋਝ ਘੱਟ ਕੀਤਾ ਜਾਵੇ, ਅਮੀਰੀ-ਗਰੀਬੀ ਦਾ ਭੇਦ-ਭਾਵ ਖ਼ਤਮ ਕੀਤਾ ਜਾਵੇ ਤਾਂ ਹੀ ਸਹੀ ਮਾਅਨਿਆਂ ਵਿਚ ਬੱਚਿਆਂ ਦਾ ਸਰਬ-ਪੱਖੀ ਵਿਕਾਸ ਹੋ ਸਕੇਗਾ, ਨਹੀਂ ਤਾਂ ਪਬਲਿਕ ਸਕੂਲ ਵਰਦਾਨ ਨਹੀਂ ਸਰਾਪ ਬਣ ਕੇ ਹੀ ਰਹਿ ਜਾਣਗੇ।