ਪੇਟ ਨਾ ਪਈਆਂ ਰੋਟੀਆਂ ਸੱਭੇ ਗੱਲਾਂ ਖੋਟੀਆਂ
Pet na paaiyan rotiyan sabhe glan khotiyan
ਇਸ ਕਹਾਵਤ ਵਿੱਚ ਅਟੱਲ ਸੱਚਾਈ ਹੈ ਕਿ ਜੇ ਪੇਟ ਖ਼ਾਲੀ ਹੋਵੇ ਤਾਂ ਕੁੱਝ ਵੀ ਚੰਗਾ ਨਹੀਂ ਲੱਗਦਾ ਤੇ ਨਾ ਹੀ ਦਿਮਾਗ ਕੰਮ ਕਰਦਾ ਹੈ। ਮਨੁੱਖੀ ਜੀਵਨ ਦੀਆਂ ਤਿੰਨ ਮੁੱਢਲੀਆਂ ਲੋੜਾਂ ਹਨ- ਕੁੱਲੀ, ਗੁੱਲੀ ਤੇ ਜੁੱਲੀ। ਕੁੱਲੀ ਤੋਂ ਭਾਵ ਮਕਾਨ, ਜੁੱਲੀ ਤੋਂ ਭਾਵ ‘ਕੱਪੜਾ’ ਤੇ ਗੁੱਲੀ ਤੋਂ ਭਾਵ ਹੈ ‘ਰੋਟੀ ਰੋਟੀ ਦੀ ਸਭ ਲੋੜਾਂ ਤੋਂ ਜ਼ਿਆਦਾ ਮਹੱਤਤਾ ਹੈ। ਰੋਟੀ ਹੀ ਕੰਮ ਕਰਨ ਦੀ ਸ਼ਕਤੀ ਪ੍ਰਦਾਨ ਕਰਦੀ ਹੈ। ਜੇ ਪੇਟ ਖ਼ਾਲੀ ਹੋਵੇ ਤਾਂ ਚੈਨ ਨਹੀਂ ਆਉਂਦਾ। ਇੱਥੋਂ ਤੱਕ ਕਿ ਖ਼ਾਲੀ ਪੇਟ ਤਾਂ ਮਨੁੱਖ ਨੂੰ ਨੀਂਦ ਵੀ ਨਹੀਂ ਆਉਂਦੀ। ਇਸ ਪੇਟ ਦੀ ਖਾਤਰ ਹੀ ਮਨੁੱਖ ਸਾਰਾ ਦਿਨ ਮਿਹਨਤ ਕਰਦਾ ਹੈ। ਮਨੁੱਖ ਦੀ ਸਿਹਤ, ਸਮਾਜਿਕ ਤੇ ਆਰਥਿਕ ਢਾਂਚੇ ਦੀ , ਉਸਾਰੀ, ਰਾਜਨੀਤਿਕ ਗਤੀਵਿਧੀਆਂ, ਵਪਾਰਕ ਤੇ ਆਤਮਕ ਉੱਨਤੀ ਸਭ ਰੋਟੀ ਦੇ ਦੁਆਲੇ ਹੀ ਘੁੰਮਦੀਆਂ ਹਨ। ਰਿਸ਼ੀਆਂ-ਮੁਨੀਆਂ ਨੇ ਵੀ ਕਿਹਾ ਸੀ, ਭੁੱਖੇ ਭਗਤ ਨਾ ਕੀਜੈ । ਭਾਵ ਭੁੱਖੇ ਪੇਟ ਭਗਤੀ ਜਾਂ ਤਪੱਸਿਆ ਵੀ ਨਹੀਂ ਕੀਤੀ ਜਾ ਸਕਦੀ। ਮਨੋਵਿਗਿਆਨ ਨੇ ਵੀ ਮਨੁੱਖ ਦੀਆਂ ਮੁੱਢਲੀਆਂ ਰੁਚੀਆਂ ਵਿੱਚੋਂ ਭੁੱਖ । ਨੂੰ ਪ੍ਰਧਾਨ ਮੰਨਿਆ ਹੈ। ਰੋਟੀ ਨੂੰ ਮੁੱਢਲੀ ਲੋੜ ਸਮਝਣ ਕਰਕੇ ਹੀ ਸੰਸਾਰ ਵਿੱਚ ਵੱਧਦੀ ਅਬਾਦੀ ਤੇ ਰੋਕ ਤੇ ਅੰਨ ਦੀ ਪੈਦਾਵਾਰ ਤੇ ਧਿਆਨ ਦਿੱਤਾ ਜਾਣ ਲੱਗ ਪਿਆ ਹੈ। ਭੁੱਖ ਮਨੁੱਖ ਨੂੰ ਗੁਲਾਮ ਬਣਾ ਦਿੰਦੀ ਹੈ। ਅੱਜ ਦੇ ਮਹਿੰਗਾਈ ਦੇ ਜ਼ਮਾਨੇ ਵਿੱਚ ਭੁੱਖ ਭ੍ਰਿਸ਼ਟਾਚਾਰ ਨੂੰ ਵੀ ਵਧਾ ਰਹੀ ਹੈ। ਰੱਜੇ-ਪੁੱਜੇ ਲੋਕ ਖੁਸ਼ਹਾਲ ਹੁੰਦੇ ਹਨ, ਉਹ ਮਾਣ ਸਤਿਕਾਰ ਪ੍ਰਾਪਤ ਕਰਦੇ ਹਨ। ਭੁੱਖਾ ਪੇਟ ਤਾਂ ਸੋਚਣ ਸਮਝਣ ਦੀ ਸ਼ਕਤੀ ਵੀ ਖ਼ਤਮ ਕਰ ਦਿੰਦਾ ਹੈ ਇਸ ਲਈ ਠੀਕ ਹੀ ਕਿਹਾ ਗਿਆ ਹੈ- ਪੇਟ ਨਾ ਪਈਆਂ ਰੋਟੀਆਂ, ਸੱਭੇ ਗੱਲਾਂ ਖੋਟੀਆਂ।