ਪਹਾੜ ਦੀ ਸੈਰ
Pahad di Sair
ਜਾਣ-ਪਛਾਣ : ਵਿਦਿਆਰਥੀ ਜੀਵਨ ਵਿਚ ਯਾਤਰਾ ਅਤੇ ਸੈਰ ਦਾ ਬਹੁਤ ਮਹੱਤਵ ਹੈ। ਇਹਨਾਂ ਨਾਲ ਵਿਦਿਆਰਥੀ ਨੂੰ ਪੜਾਈ ਅਤੇ ਇਮਤਿਹਾਨ ਦੇ ਰੁਝੇਵਿਆਂ ਅਤੇ ਥਕੇਵਿਆਂ ਭਰੇ ਸਮੇਂ ਤੋਂ ਆਰਾਮ ਮਿਲਦਾ ਹੈ। ਉਸ ਦੇ ਸਰੀਰ ਵਿਚ ਚੁਸਤੀ ਅਤੇ ਮਨ ਵਿਚ ਫੁੱਲਤਾ ਆਉਂਦੀ ਹੈ। ਇਸ ਦੇ ਨਾਲ ਹੀ ਉਸ ਦੇ ਗਿਆਨ ਵਿਚ ਭਾਰੀ ਵਾਧਾ ਹੁੰਦਾ ਹੈ।
ਕਸ਼ਮੀਰ ਦੀ ਸੈਰ ਤੇ ਜਾਣਾ : ਪਿਛਲੇ ਸਾਲ ਗਰਮੀਆਂ ਦੀਆਂ ਛੁੱਟੀਆਂ ਵਿਚ ਸਾਡੇ ਸਕੂਲ ਵਲੋਂ ਵਿਦਿਆਰਥੀਆਂ ਦਾ ਇਕ ਗਰੁੱਪ ਕਸ਼ਮੀਰ ਦੀ ਸੈਰ ਕਰਨ ਲਈ ਗਿਆ। ਇਸ ਗਰੁੱਪ ਵਿਚ ਮੈਂ ਵੀ ਸ਼ਾਮਿਲ ਸੀ। ਇਸ ਗਰੁੱਪ ਦੀ ਅਗਵਾਈ ਸਾਡੀ ਕਲਾਸ ਦੇ ਇਕ ਅਧਿਆਪਕ ਸਾਹਿਬ ਕਰ ਰਹੇ ਸਨ। ਅਸੀਂ ਸਾਰੇ ਸਵੇਰੇ 11 ਵਜੇ ਜੰਮੂ ਜਾਣ ਵਾਲੀ ਬੱਸ ਵਿਚ ਬੈਠ ਗਏ। ਸ਼ਾਮ ਵੇਲੇ ਤੱਕ ਅਸੀਂ ਜੰਮੂ ਪੁੱਜੇ। ਅਸੀਂ ਰਾਤ ਇਕ ਗੁਰਦੁਆਰੇ ਵਿਚ ਕੱਟੀ ਤੇ ਸਵੇਰੇ ਬਸ ਵਿਚ ਸਵਾਰ ਹੋ ਕੇ ਸ੍ਰੀਨਗਰ ਵੱਲ ਚੱਲ ਪਏ।
ਪਹਾੜੀ ਯਾਤਰਾ ਦਾ ਦ੍ਰਿਸ਼ : ਆਲੇ-ਦੁਆਲੇ ਦੇ ਪਹਾੜ ਝਾੜੀਆਂ ਅਤੇ ਜੰਗਲੀ ਪੌਦਿਆਂ ਨਾਲ ਭਰੇ ਹੋਏ ਸਨ। ਜਿਉਂ-ਜਿਉਂ ਅਸੀਂ ਅੱਗੇ ਵੱਧਦੇ ਗਏ, ਪਹਾੜ ਉੱਚੇ ਹੁੰਦੇ ਗਏ ਅਤੇ ਉਹਨਾਂ ਵਿਚ ਪੱਥਰਾਂ ਦੀ ਮਿਕਦਾਰ ਅਤੇ ਆਕਾਰ ਵੱਧਦੇ ਗਏ। ਅੱਗੇ ਜਾ ਕੇ ਚੀਲ ਤੇ ਦਿਉਦਾਰ ਦੇ ਦਰੱਖਤ ਨਾਲ ਲੱਦੇ ਹੋਏ ਪਰਬਤ ਆਏ। ਕਈ ਥਾਵਾਂ ਤੇ ਪਹਾੜੀ ਝਰਨਿਆਂ ਵਿਚੋਂ ਪਾਣੀ ਡਿੱਗ ਰਿਹਾ ਸੀ। ਬਸ ਉੱਚੀਆਂ-ਨੀਵੀਆਂ ਅਤੇ ਵਲ ਖਾਂਦੀਆਂ ਸੜਕਾਂ ਤੋਂ ਲੰਘਦੀ ਹੋਈ ਅੱਗੇ ਜਾ ਰਹੀ ਸੀ। ਮੈਂ ਆਪਣੀ ਬਾਰੀ ਵਿਚੋਂ ਬਾਹਰ ਵੱਲ ਵੇਖਦਾ ਹੋਇਆ ਦਿਲ-ਖਿੱਚਵੇਂ ਕੁਦਰਤੀ ਨਜ਼ਾਰਿਆਂ ਅਤੇ ਪਹਾੜੀ ਰਸਤੇ ਦਾ ਆਨੰਦ ਮਾਣ ਰਿਹਾ ਸਾਂ। ਰਸਤੇ ਵਿਚ ਜਿਉਂ-ਜਿਉਂ ਅਸੀਂ ਅੱਗੇ ਵੱਧਦੇ ਜਾ ਰਹੇ ਸਾਂ, ਤਿਉਂ-ਤਿਉਂ ਅਸੀਂ ਮੌਸਮ ਦੇ ਕਈ ਬਦਲਦੇ ਰੰਗ ਵੇਖ ਰਹੇ ਸਾਂ। ਠੰਡ ਲਗਾਤਾਰ ਵੱਧਦੀ ਜਾ ਰਹੀ ਸੀ। ਸ਼ਾਮ ਨੂੰ ਸਵਾ ਸੱਤ ਵਜੇ ਬਸ ਸ੍ਰੀਨਗਰ ਪਹੁੰਚੀ। ਰਾਤ ਅਸੀਂ ਇਕ ਹੋਟਲ ਵਿਚ ਰਹਿਣ ਦਾ ਪ੍ਰਬੰਧ ਕਰ ਲਿਆ।
ਟਾਂਗਮਗ ਤੋਂ ਗੁਲਮਰਗ ਦੀ ਸੈਰ : ਦੂਜੇ ਦਿਨ ਅਸੀਂ ਸਾਰੇ ਵਿਦਿਆਰਥੀ ਇਕ ਬਸ ਵਿਚ ਸਵਾਰ ਹੋ ਕੇ ਟਾਂਗਮਰਗ ਪਹੁੰਚੇ। ਟਾਂਗਮਰਗ ਉੱਚੇ ਪਹਾੜਾਂ ਦੇ ਪੈਰਾਂ ਵਿਚ ਹੈ। ਇੱਥੋਂ ਗੁਲਮਰਗ ਚਾਰ ਕਿਲੋਮੀਟਰ ਦੂਰ ਹੈ। ਅਸੀਂ ਗੁਲਮਰਗ ਤੱਕ ਪੈਦਲ ਤੁਰ ਕੇ ਜਾਣ ਅਤੇ ਪਹਾੜ ਦੀ ਸੈਰ ਦਾ ਆਨੰਦ ਮਾਨਣ ਦਾ ਫੈਸਲਾ ਕੀਤਾ। ਅਸੀਂ ਸਾਰੇ ਬੜੀ ਖੁਸ਼ੀ-ਖੁਸ਼ੀ, ਹੁਸੀਨ। ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਦੇ ਹੋਏ ਆਪਣਾ ਰਸਤਾ ਮੁਕਾ ਰਹੇ ਸਾਂ। ਰਸਤੇ ਵਿਚ ਕਈ ਲੋਕ ਘੋੜਿਆਂ ਉੱਪਰ ਚੜ ਕੇ ਵੀ ਜਾ ਰਹੇ ਸਨ। ਇੱਥੋਂ ਦੇ ਦਿਓ ਕੱਦ ਪਹਾੜਾਂ ਉੱਤੇ ਉੱਗੇ ਉੱਚੇ ਦਰਖਤ ਆਕਾਸ਼ ਨਾਲ ਗੱਲਾਂ ਕਰਦੇ ਹਨ। ਪਹਾੜ ਦੇ ਦੂਜੇ ਪਾਸੇ ਪਤਾਲਾਂ ਤੱਕ ਪਹੁੰਚਦੀਆਂ ਖੱਡਾਂ ਹਨ।
ਗੁਲਮਰਗ ਦਾ ਹੁਸੀਨ ਦ੍ਰਿਸ਼ : ਥੋੜ੍ਹੀ ਦੇਰ ਬਾਅਦ ਅਸੀਂ ਗੁਲਮਰਗ ਪੁੱਜੇ। ਇੱਥੇ ਇਕ ਛੋਟਾ ਜਿਹਾ ਫੁੱਲਾਂ ਨਾਲ ਲੱਦਿਆ ਮੈਦਾਨ ਹੈ, ਜਿਸ ਵਿਚ ਚਸ਼ਮੇ ਵੱਗਦੇ ਹਨ ਅਤੇ ਉੱਚੀਆਂ ਚੀਲਾਂ ਦੀਆਂ ਸੰਘਣੀਆਂ ਕਤਾਰਾਂ ਨੇ ਆਲੇ-ਦੁਆਲੇ ਦੇ ਨਜ਼ਾਰੇ ਨੂੰ ਬਹੁਤ ਹੀ ਹਸੀਨ ਅਤੇ ਦਿਲ-ਖਿੱਚਵਾਂ ਬਣਾ ਦਿੱਤਾ ਸੀ। ਅਸੀਂ ਇਕ ਘੰਟਾ ਇੱਥੇ ਠਹਿਰੇ।
ਖਿਲਮਰਗ : ਗੁਲਮਰਗ ਤੋਂ ਖਿਲਮਰਗ ਤੱਕ ਦਾ ਰਾਹ ਕੱਚਾ ਹੈ ਅਤੇ ਇਹ ਪੱਧਰੇ ਮੈਦਾਨ ਵਿਚੋਂ ਲੰਘ ਕੇ ਜਾਂਦਾ ਹੈ। ਗੁਲਮਰਗ ਤੋਂ ਅਸੀਂ ਘੋੜਿਆਂ ਉੱਤੇ ਬੈਠੇ ਅਤੇ ਉਹਨਾਂ ਨੂੰ ਭਜਾਉਂਦੇ ਹੋਏ ਖਿਲਮਰਗ ਪੁੱਜੇ। ਇਹ ਥਾਂ ਸਮੁੰਦਰ ਤੋਂ 12 ਹਜ਼ਾਰ ਫੁੱਟ ਉੱਚੀ ਹੈ ਅਤੇ ਇੱਥੇ ਪੂਰਾ ਸਾਲ ਬਰਫ਼ ਜੰਮੀ ਰਹਿੰਦੀ ਹੈ। ਇੱਥੇ ਪਹੁੰਚ ਕੇ ਅਸੀਂ ਬਰਫ਼ ਵਿਚ ਕਦਾੜੀਆਂ ਮਾਰਨ ਲੱਗੇ ਅਤੇ ਉਸ ਨੂੰ ਚੁੱਕ-ਚੁੱਕ ਕੇ ਹਾਸੇ ਮਜ਼ਾਕ ਵਿਚ ਇਕ ਦੂਜੇ ਉੱਤੇ ਸੁੱਟਣ ਲੱਗੇ। ਕੁਝ ਸਮਾਂ ਅਸੀਂ ਇੱਥੇ ਠਹਿਰੇ ਤੇ ਫਿਰ ਵਾਪਸ ਗੁਲਮਰਗ ਵਿਚੋਂ ਹੁੰਦੇ ਹੋਏ ਟਾਂਗਮਰਗ ਪਹੁੰਚੇ। ਰਾਤ ਅਸੀਂ ਮੁੜ ਸ੍ਰੀਨਗਰ ਆ ਠਹਿਰੇ।
ਹੋਰ ਸੈਰ ਤੇ ਵਾਪਸੀ : ਸ੍ਰੀਨਗਰ, ਟਾਂਗਮਰਗ, ਗੁਲਮਰਗ ਤੇ ਖਿਲਮਗਰ ਤੋਂ ਇਲਾਵਾ ਅਸੀਂ ਕਸ਼ਮੀਰ ਦੇ ਹੋਰ ਸੁੰਦਰ ਸਥਾਨਾਂ ਦੀ ਸੈਰ ਵੀ ਕੀਤੀ ਅਤੇ ਸੋਨ ਮਾਰਗ, ਡਲ ਝੀਲ, ਨਿਸ਼ਾਤ ਬਾਗ, ਕੁਕੜ ਨਾਗ, ਇੱਛਾਬਲ, ਅਵਾਂਤੀਪੁਰੇ ਦੇ ਖੰਡਰ, ਪਹਿਲਗਾਮ ਅਤੇ ਚੰਦਨਵਾੜੀ ਦੇ ਦ੍ਰਿਸ਼ ਵੀ ਦੇਖੇ। ਇਸ ਪ੍ਰਕਾਰ ਅਸੀਂ ਦਸ ਦਿਨ ਕਸ਼ਮੀਰ ਦੇ ਪਹਾੜਾਂ ਦੀ ਸੈਰ ਕਰਨ ਪਿੱਛੋਂ ਵਾਪਸ ਪਰਤ ਆਏ।
Thoda shota nhi likh Skye the kya