ਸਮਾਚਾਰ ਪੱਤਰ
Newspaper
ਜਾਣ-ਪਛਾਣ : ਅਖ਼ਬਾਰ ਸ਼ਬਦ-ਖ਼ਬਰਾਂ ਦਾ ਬਹੁ-ਵਚਨ ਹੈ ਭਾਵ ਜਾਣਕਾਰੀ ਦਾ ਉਹ ਸੋਮਾ ਜਿੱਥੋਂ ਬਹੁਤ ਸਾਰੀਆਂ ਦੇਸ-ਵਿਦੇਸ ਦੀਆਂ ਹਰ ਕਿਸਮ ਦੀਆਂ ਖ਼ਬਰਾਂ ਇਕੱਠੀਆਂ ਹੀ ਮਿਲਣ। ਅਖ਼ਬਾਰਾਂ ਸਾਡੇ ਜੀਵਨ ਦੀ ਖੁਰਾਕ ਬਣ ਚੁੱਕੀਆਂ ਹਨ। ਸਵੇਰੇ ਦਿਨ ਚੜ੍ਹਦਿਆਂ ਹੀ ਹਰ ਇਕ ਨੂੰ ਅਖ਼ਬਾਰ ਪੜ੍ਹਨ ਦਾ ਅਮਲ ਜਿਹਾ ਲੱਗ ਗਿਆ ਹੈ। ਇਹ ਅਮਲ ਸ਼ਲਾਘਾਯੋਗ ਹੈ।
ਜਾਣਕਾਰੀ ਦਾ ਸੋਮਾ : ਅਖ਼ਬਾਰਾਂ ਵਾਕਫ਼ੀਅਤ ਦਾ ਭੰਡਾਰ ਹਨ। ਇਨ੍ਹਾਂ ਦੇ ਜ਼ਰੀਏ ਦੁਨੀਆ ਦੇ ਕੋਨੇ-ਕੋਨੇ ਤੇ ਵਾਪਰੀਆਂ ਘਟਨਾਵਾਂ ਬਾਰੇ ਜਾਣਕਾਰੀ ਕਰਵਾਈ ਜਾਂਦੀ ਹੈ। ਇਨ੍ਹਾਂ ਦੀ ਕੀਮਤ ਬਹੁਤ ਥੋੜੀ ਹੁੰਦੀ ਹੈ । ਇਸ ਲਈ ਹਰ ਕੋਈ ਇਸ ਨੂੰ ਅਸਾਨੀ ਨਾਲ ਖ਼ਰੀਦ ਸਕਦਾ ਹੈ। ਇਹ ਦੇਸਾਂ-ਦੇਸ਼ਾਂਤਰਾਂ ਦੀ ਸਮਾਜਕ, ਆਰਥਕ, ਰਾਜਨੀਤਕ, ਸੱਭਿਆਚਾਰਕ, ਵਿਦਿਅਕ ਅਤੇ ਸਾਹਿਤਕ ਸਥਿਤੀ ਤੇ ਚਾਨਣਾ ਪਾਉਂਦੀਆਂ ਹਨ। ਇਹ ਸਾਨੂੰ ਮੌਸਮ ਦਾ ਹਾਲ ਦੱਸਦੀਆਂ, ਰੁਜ਼ਗਾਰ ਮੁਹੱਈਆ ਕਰਵਾਉਂਦੀਆਂ ਤੇ ਦਿਲ-ਪ੍ਰਚਾਵੇ ਦਾ ਵਧੀਆ ਸਾਧਨ ਹਨ।
ਅਖ਼ਬਾਰਾਂ ਦੀਆਂ ਕਿਸਮਾਂ : ਅਖ਼ਬਾਰਾਂ ਕਈ ਕਿਸਮ ਦੀਆਂ ਹੁੰਦੀਆਂ ਹਨ, ਜਿਵੇਂ ਦੈਨਿਕ, ਸਪਤਾਹਿਕ ਤੇ ਮਾਸਿਕ। ਇਨ੍ਹਾਂ ਦੀ ਵਧਦੀ ਲੋਕਪ੍ਰਿਯਤਾ ਵੇਖ ਕੇ ਹਰ ਪਾਸਿਓਂ ਅਖ਼ਬਾਰਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਹਨ। ਹਰ ਭਾਸ਼ਾ ਵਿਚ ਅਖ਼ਬਾਰਾਂ ਮਿਲ ਜਾਂਦੀਆਂ ਹਨ। ਇਹ ਜਨਤਾ ਅਤੇ ਸਰਕਾਰ ਵਿਚ ਇਕ ਪੁਲ ਦਾ ਕੰਮ ਕਰਦੀਆਂ ਹਨ। ਹਰ ਸੰਸਥਾ ਆਪਣੇ ਅਖ਼ਬਾਰ ਦਾ ਮਿਆਰ ਉੱਚਾ ਚੁੱਕਣ ਲਈ ਰੋਜ਼ਾਨਾ ਵਿਸ਼ੇਸ਼ ਸਪਲੀਮੈਂਟਸ’ ਵੀ ਛਾਪਦੀ ਹੈ। ਪੰਜਾਬ ਵਿਚ ਜਲੰਧਰ ਤੋਂ ਰੋਜ਼ਾਨਾ ਬਹੁਤ ਸਾਰੀਆਂ ਅਖ਼ਬਾਰਾਂ ਪ੍ਰਕਾਸ਼ਤ ਹੁੰਦੀਆਂ ਹਨ।
ਅਖ਼ਬਾਰਾਂ ਤੋਂ ਸਾਨੂੰ ਬਹੁਤ ਸਾਰੇ ਲਾਭ ਹੁੰਦੇ ਹਨ, ਜਿਵੇਂ :
ਤਾਜ਼ੀਆਂ ਖ਼ਬਰਾਂ ਦਾ ਮਿਲਣਾ : ਰੋਜ਼ਾਨਾ ਵਾਪਰਨ ਵਾਲੀਆਂ ਘਟਨਾਵਾਂ ਤੁਰੰਤ ਹੀ ਅਖ਼ਬਾਰਾਂ ਵਿਚ ਛਪ ਜਾਂਦੀਆਂ ਹਨ। ਅਖ਼ਬਾਰਾਂ ਦੇ ਜ਼ਰੀਏ ਅਸੀਂ ਜਾਣ ਜਾਂਦੇ ਹਾਂ ਕਿ ਕਿੱਥੇ ਕੀ ਵਾਪਰ ਰਿਹਾ ਹੈ, ਸਰਕਾਰ ਦੀ ਕਾਰਗੁਜ਼ਾਰੀ, ਲੋਕਾਂ ਦੇ ਵਿਚਾਰ, ਕੁਦਰਤੀ ਕਰੋਪੀਆਂ, ਚੰਗੀਆਂਮਾੜੀਆਂ ਘਟਨਾਵਾਂ, ਆਦਿ ਲਿਖਤੀ ਰੂਪ ਵਿਚ ਬੜੇ ਸਪੱਸ਼ਟ ਸ਼ਬਦਾਂ ਵਿਚ ਪੜ੍ਹਨ ਨੂੰ ਮਿਲਦੀਆਂ ਹਨ ਜਦੋਂ ਕਿ ਟੀ ਵੀ ਚੈਨਲਾਂ ‘ਤੇ ਵੀ ਮਿੰਟ-ਮਿੰਟ ‘ਤੇ ਤਾਜ਼ਾ ਖ਼ਬਰਾਂ ਪ੍ਰਸਾਰਤ ਹੁੰਦੀਆਂ ਹਨ ਪਰ ਫਿਰ ਵੀ ਅਖ਼ਬਾਰਾਂ ਦੀ ਆਪਣੀ ਵਿਸ਼ੇਸ਼ ਪਛਾਣ ਹੈ।
ਮਨੋਰੰਜਨ ਦਾ ਸਾਧਨ : ਅਖ਼ਬਾਰਾਂ ਸਿਰਫ਼ ਖ਼ਬਰਾਂ ਹੀ ਪ੍ਰਕਾਸ਼ਿਤ ਨਹੀਂ ਕਰਦੀਆਂ ਬਲਕਿ ਵਿਸ਼ੇਸ਼ ਸਪਲੀਮੈਂਟਾਂ ਰਾਹੀਂ ਮਨੋਰੰਜਨ ਦੇ ਸਾਧਨ ਵੀ ਮੁਹੱਈਆ ਕਰਵਾਉਂਦੀਆਂ ਹਨ । ਕਹਾਣੀਆਂ, ਚੁਟਕਲੇ, ਨਾਰੀ-ਸੰਸਾਰ, ਬਾਲ-ਸੰਸਾਰ, ਦੇਸ-ਵਿਦੇਸ, ਖੇਡ-ਸੰਸਾਰ, ਧਰਮ ਤੇ ਵਿਰਸੇ ਬਾਰੇ ਵੱਖ-ਵੱਖ ਜਾਣਕਾਰੀ ਮਿਲਦੀ ਹੈ।
ਗਿਆਨ ਦਾ ਸੋਮਾ : ਅਖ਼ਬਾਰਾਂ ਤੋਂ ਅਸੀਂ ਗਿਆਨ-ਵਿਗਿਆਨ ਦੀਆਂ ਕਾਢਾਂ ਅਤੇ ਖੋਜਾਂ, ਵਣਜ-ਵਪਾਰ, ਸਰਕਾਰੀ ਨੀਤੀਆਂ, ਕਾਨੂੰਨ ਸੱਭਿਆਚਾਰ, ਵਿੱਦਿਆ, ਖੇਤੀਬਾੜੀ, ਸਾਹਿਤਕ ਰਚਨਾਵਾਂ ਭਾਵ ਕਿ ਹਰ ਪੱਖ ਬਾਰੇ ਵਿਸਥਾਰ ਸਹਿਤ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ।
ਵਪਾਰਕ ਲਾਭ : ਇਸ ਤੋਂ ਇਲਾਵਾ ਅਖ਼ਬਾਰਾਂ ਵਿਚ ਵੱਖ-ਵੱਖ ਵਪਾਰਕ ਅਦਾਰਿਆਂ ਵੱਲੋਂ ਆਪਣੀਆਂ ਵਸਤਾਂ ਬਾਰੇ ਇਸ਼ਤਿਹਾਰ ਦਿੱਤੇ ਜਾਂਦੇ ਹਨ । ਹਰ ਕੋਈ ਆਪਣੇ-ਆਪਣੇ ਖੇਤਰ ਨਾਲ ਸਬੰਧਤ ਇਸ਼ਤਿਹਾਰ ਵੇਖ ਕੇ ਜਾਣਕਾਰੀ ਹਾਸਲ ਕਰਦਾ ਹੈ। ਇਸ਼ਤਿਹਾਰਾਂ ਵਾਲੇ ਕਾਲਮ ਵੱਖਰੇ ਬਣਾਏ ਜਾਂਦੇ ਹਨ ਜਿਸ ਵਿਚ ਵਿਆਹ ਸਬੰਧੀ, ਨੌਕਰੀਆਂ ਸਬੰਧੀ, ਵਪਾਰ ਸਬੰਧੀ, ਡਾਕਟਰੀ ਇਲਾਜ, ਦਾਖਲੇ ਅਤੇ ਪੜ੍ਹਾਈ ਦੇ ਕੋਰਸਾਂ ਆਦਿ ਬਾਰੇ ਜਾਣਕਾਰੀ ਮਿਲਦੀ ਹੈ।
ਸਮਾਜ ਨੂੰ ਸੇਧ ਦਿੰਦੀਆਂ ਹਨ : ਅਖ਼ਬਾਰਾਂ ਸਮਾਜ ਨੂੰ ਸੁਧਾਰਨ ਦਾ ਵਸੀਲਾ ਹਨ। ਇਨ੍ਹਾਂ ਦੇ ਐਡੀਟਰ ਬਿਨਾਂ ਕਿਸੇ ਪੱਖਪਾਤ ਤੋਂ ਸਮਾਜਕ ਕੁਰੀਤੀਆਂ-ਅਨਪੜ੍ਹਤਾ, ਬੇਰੁਜ਼ਗਾਰੀ, ਨਸ਼ਿਆਂ ਦਾ ਸੇਵਨ, ਇਸਤਰੀ ਦੀ ਸਥਿਤੀ, ਭ੍ਰਿਸ਼ਟਾਚਾਰੀ, ਪੁਰਾਣੇ ਵਹਿਮਾਂ-ਭਰਮਾਂ ਦੀਆਂ ਜੜਾਂ ਪੁੱਟਦੇ ਹਨ ਤੇ ਨਾਲ ਹੀ ਲੋਕ-ਰਾਇ ਨੂੰ ਵੀ ਪ੍ਰਗਟ ਕੀਤਾ ਜਾਂਦਾ ਹੈ। ਐਡੀਟਰ ਸੰਪਾਦਕੀ ਕਾਲਮਾਂ ਰਾਹੀਂ ਤੇ ਵੱਖ-ਵੱਖ ਲੇਖਕ ਵਿਸ਼ੇਸ਼ ਕਾਲਮਾਂ ਰਾਹੀਂ ਆਪਣੇ ਵਿਚਾਰਾਂ ਨੂੰ ਸਹੀ ਢੰਗ ਨਾਲ ਪ੍ਰਗਟਾ ਕੇ ਦੇਸ ਤੇ ਸਮਾਜ ਨੂੰ ਸਿੱਧੇ ਰਾਹੇ ਪਾ ਸਕਦੇ ਹਨ।
ਜਨਤਾ ਤੇ ਸਰਕਾਰ ਨੂੰ ਆਪਸ ਵਿਚ ਜੋੜਦੀਆਂ ਹਨ : ਸਰਕਾਰ ਆਪਣੇ ਐਲਾਨ, ਪ੍ਰੋਗਰਾਮ ਅਤੇ ਨੀਤੀ ਇਨ੍ਹਾਂ ਅਖ਼ਬਾਰਾਂ ਰਾਹੀਂ ਜਨਤਾ ਤੱਕ ਪਹੁੰਚਾਉਂਦੀ ਹੈ ਤੇ ਇਨਾਂ ਰਾਹੀਂ ਹੀ ਜਨਤਾ ਆਪਣੀਆਂ ਸਮੱਸਿਆਵਾਂ ਸਰਕਾਰ ਸਾਹਮਣੇ ਰੱਖਦੀ ਹੈ । ਇਸ ਤਰਾਂ ਅਖ਼ਬਾਰ ਸਰਕਾਰ ਤੇ ਜਨਤਾ ਵਿਚਕਾਰ ਤਾਲਮੇਲ ਸਥਾਪਤ ਕਰਨ ਦਾ ਸਾਧਨ ਹਨ ਅਤੇ ਦੇਸ ਵਿਚ ਜਾਗ੍ਰਿਤੀ ਲਿਆਉਂਦੀਆਂ ਹਨ ਤੇ ਜਨਤਾ ਦੀ ਵਾਕਫ਼ੀ ਲਈ ਹਰ ਨੀਤੀ ਨੂੰ ਖੋਲ੍ਹ ਕੇ ਬਿਆਨ ਕਰਦੀਆਂ ਹਨ।
ਰੁਜ਼ਗਾਰ ਦਾ ਸਾਧਨ : ਅਖ਼ਬਾਰਾਂ ਦੀ ਤਿਆਰੀ, ਖ਼ਬਰਾਂ ਦਾ ਇਕੱਤਰੀਕਰਨ ਤੇ ਸੰਪਾਦਨਾ, ਛਪਾਈ ਤੇ ਫਿਰ ਛਪੀ ਹੋਈ ਅਖ਼ਬਾਰ ਨੂੰ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ ਤੱਕ ਪਹੁੰਚਾਉਣ ਲਈ, ਘਰ-ਘਰ ਪਹੁੰਚਾਉਣ ਲਈ ਬਹੁਤ ਸਾਰੇ ਲੋਕ ਕੰਮ ਕਰਦੇ ਹਨ। ਕੋਈ ਪ੍ਰਕਾਸ਼ਕ, ਛਾਪਕ, ਪ੍ਰਿੰਟਰ, ਹਾਕਰ ਅਤੇ ਪੱਤਰਕਾਰ ਆਦਿ ਦੇ ਤੌਰ ‘ਤੇ ਕੰਮ ਕਰਦੇ ਹਨ। ਇਸ ਤਰ੍ਹਾਂ ਇਸ ਰਾਹੀਂ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਵੀ ਮਿਲਦਾ ਹੈ।
ਜਿੱਥੇ ਅਖ਼ਬਾਰਾਂ ਦੇ ਬਹੁਤ ਸਾਰੇ ਲਾਭ ਹਨ, ਉੱਥੇ ਇਸ ਦੀਆਂ ਹਾਨੀਆਂ ਵੀ ਹਨ :
ਪੱਖ-ਪਾਤੀ ਰਵੱਈਆ : ਕੁਝ ਅਖ਼ਬਾਰਾਂ ਕਿਸੇ ਸਰਮਾਏਦਾਰ ਜਾਂ ਸਿਆਸੀ ਪਾਰਟੀਆਂ ਦੀ ਮਲਕੀਅਤ ਹੁੰਦੀਆਂ ਹਨ। ਇਸ ਲਈ ਇਹ ਅਖ਼ਬਾਰਾਂ ਕਿਸੇ ਸਮੱਸਿਆ ‘ਤੇ ਨਿਰਪੱਖ ਰਾਇ ਨਹੀਂ ਦੇ ਸਕਦੀਆਂ। ਮਾਲਕ ਦੇ ਹਿਤ ਨੂੰ ਪੂਰਦਿਆਂ ਹੋਇਆਂ ਕਈ ਵਾਰ ਇਹ ਗਲਤ ਤੇ। ਭੜਕਾਊ ਪ੍ਰਾਪੇਗੰਡਾ ਵੀ ਕਰਦੀਆਂ ਹਨ। ਧਰਮ ਦੇ ਨਾਂ ‘ਤੇ ਲੋਕਾਂ ਨੂੰ ਗੁਮਰਾਹ ਕਰਦੀਆਂ ਹਨ। ਇਸ ਲਈ ਇਹ ਆਪਣੀ ਪਾਰਟੀ ਜਾਂ ਮਾਲਕ ਦੇ ਆਸ਼ੇ ਨੂੰ ਮੁੱਖ ਰੱਖ ਕੇ ਜਨਤਕ ਭਲਾ ਨਹੀਂ ਸੋਚਦੀਆਂ।
ਭੜਕਾਊ ਪ੍ਰਚਾਰ : ਕਈ ਵਾਰ ਅਖ਼ਬਾਰਾਂ ਧਾਰਮਕ ਭਾਵਨਾਵਾਂ ਉਭਾਰ ਕੇ ਖ਼ਬਰਾਂ ਨੂੰ ਤੋੜ-ਮਰੋੜ ਕੇ ਛਾਪਦੀਆਂ ਹਨ ਤੇ ਲੋਕਾਂ ਵਿਚ ਫ਼ਿਰਕੂ ਫ਼ਸਾਦ ਵੀ ਕਰਵਾ ਦਿੰਦੀਆਂ ਹਨ। ਲੋਕ ਮੁਜ਼ਾਹਰੇ ਕਰਦੇ, ਅਖ਼ਬਾਰਾਂ ਦੀਆਂ ਕਾਪੀਆਂ ਸਾੜਦੇ ਤੇ ਐਡੀਟਰ ਵਿਰੁੱਧ ਮੁਕੱਦਮੇ ਵੀ ਦਾਇਰ ਕਰਦੇ ਹਨ।
ਸਵਾਰਥੀ ਇਸ਼ਤਿਹਾਰਬਾਜ਼ੀ : ਪੈਸਾ ਕਮਾਉਣ ਦੇ ਲਾਲਚ ਵਿਚ ਅਖ਼ਬਾਰਾਂ ਵਾਲੇ ਜੋਤਸ਼ੀਆਂ, ਤਾਂਤਰਿਕਾਂ ਤੇ ਨੀਮ-ਹਕੀਮ ਦੁਆਈਆਂ। ਵੇਚਣ ਵਾਲਿਆਂ ਦੇ ਇਸ਼ਤਿਹਾਰ ਛਾਪ ਕੇ ਜਨਤਾ ਨੂੰ ਕੁਰਾਹੇ ਪਾਉਂਦੇ ਹਨ।
ਅਸ਼ਲੀਲਤਾ : ਪੈਸੇ ਕਮਾਉਣ ਖ਼ਾਤਰ ਹੀ ਕਈ ਅਖ਼ਬਾਰਾਂ ਦੇ ਸੰਪਾਦਕ ਅਸ਼ਲੀਲ ਤਸਵੀਰਾਂ ਤੇ ਸਮੱਗਰੀ, ਕਾਮ-ਉਕਸਾਊ ਵਿਸ਼ਿਆਂ ਸਬੰਧੀ ਖ਼ਬਰਾਂ ਛਾਪ ਕੇ ਲੋਕਾਂ ਨੂੰ ਖ਼ਾਸ ਕਰਕੇ ਨੌਜਵਾਨ ਵਰਗ ਨੂੰ ਗੁਮਰਾਹ ਕਰਦੇ ਹਨ। ਕਈ ਅਖ਼ਬਾਰਾਂ ਤਾਂ ਅਜਿਹੀਆਂ ਤਸਵੀਰਾਂ ਕਰਕੇ ਹੀ ਪ੍ਰਸਿੱਧ ਹਨ।
ਸੁਝਾਅ : ਇਨ੍ਹਾਂ ਔਗੁਣਾਂ ਨੂੰ ਦੂਰ ਕਰਨ ਲਈ ਸਭ ਤੋਂ ਪਹਿਲੀ ਲੋੜ ਹੈ ਕਿ ਐਡੀਟਰ ਬਿਨਾਂ ਕਿਸੇ ਪੱਖ-ਪਾਤ ਤੋਂ ਖ਼ਬਰਾਂ ਤੇ ਹੋਰ ਸਮੱਗਰੀ ਛਾਪਣ ਦਾ ਜਤਨ ਕਰੇ। ਇਨ੍ਹਾਂ ਦਾ ਸਬੰਧ ਕਿਸੇ ਖ਼ਾਸ ਵਿਅਕਤੀ ਜਾਂ ਸੰਸਥਾ ਨਾਲ ਨਹੀਂ ਹੋਣਾ ਚਾਹੀਦਾ ਸਗੋਂ ਇਹ ਜਨਤਕ ਮਾਲਕੀ ਵਾਲੀਆਂ ਹੋਣੀਆਂ ਚਾਹੀਦੀਆਂ ਹਨ। ਧਰਮ ਦੇ ਨਾਂ ‘ਤੇ ਲੋਕਾਂ ਵਿਚ ਆਪਸੀ ਫੁੱਟ ਨਾ ਪਾਈ ਜਾਵੇ, ਗੁਮਰਾਹ ਕਰਨ ਵਾਲੀ ਇਸ਼ਤਿਹਾਰਬਾਜ਼ੀ ਅਤੇ ਅਸ਼ਲੀਲਤਾ ਬੰਦ ਹੋਣੀ ਚਾਹੀਦੀ ਹੈ ਕਿਉਂਕਿ ਪੱਤਰਕਾਰੀ ਬੜਾ ਆਦਰ-ਮਾਣ ਵਾਲਾ ਤੇ ਪਵਿੱਤਰ ਕਿੱਤਾ ਹੈ। ਐਡੀਟਰ ਅਖ਼ਬਾਰਾਂ ਵਿਚ ਉਸਾਰੂ ਲੇਖ ਅਤੇ ਸਹੀ ਖ਼ਬਰਾਂ ਛਾਪ ਕੇ ਅਖ਼ਬਾਰਾਂ ਨੂੰ ਲੋਕ ਭਲਾਈ ਲਈ ਵਰਦਾਨ ਸਿੱਧ ਕਰਨ।
Thank you very much!