Punjabi Essay on “Meri Mann Pasand Film”, “ਮੇਰੀ ਮਨ-ਪਸੰਦ ਫ਼ਿਲਮ”, Punjabi Essay for Class 10, Class 12 ,B.A Students and Competitive Examinations.

ਮੇਰੀ ਮਨ-ਪਸੰਦ ਫ਼ਿਲਮ

Meri Mann Pasand Film

 

ਫ਼ਿਲਮਾਂ ਵਿਚ ਮੇਰੀ ਰਚੀ: ਮੈਂ ਫ਼ਿਲਮਾਂ ਦੇਖਣ ਦਾ ਜ਼ਿਆਦਾ ਸ਼ੌਕ ਨਹੀਂ ਰੱਖਦਾ, ਪਰੰਤੂ ਜਦੋਂ ਪਤਾ ਲੱਗੇ ਕਿ ਸਾਡੇ ਸ਼ਹਿਰ ਵਿਚ ਕੋਈ ਚੰਗੀ ਫ਼ਿਲਮ ਲੱਗੀ ਹੈ, ਤਾਂ ਮੈਂ ਉਹ ਜ਼ਰੂਰ ਦੇਖਦਾ ਹਾਂ। ਇਸ ਤਰ੍ਹਾਂ ਅੱਜ ਤੱਕ ਮੈਂ ਕਈ ਨਵੀਆਂ ਤੇ ਪੁਰਾਣੀਆਂ ਫ਼ਿਲਮਾਂ ਦੇਖ ਚੁੱਕਾ ਹਾਂ। ਇਹਨਾਂ ਵਿਚ ਮਦਰ ਇੰਡੀਆ, ਮੁਗ਼ਲੇ-ਆਜ਼ਮ, ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ, ਸੰਗਮ, ਨਾਗਿਨ, ਬਾਲਿਕਾ ਵਧੂ, ਬੌਬੀ, ਪਲਕੋਂ ਕੀ ਛਾਉਂ ਮੇਂ, ਨਾਨਕ ਨਾਮ ਜਹਾਜ਼ ਹੈ, ਦੁਲਹਨ ਵਹੀ ਜੋ ਪੀਆ ਮਨ ਭਾਏ, ਸਤਿਅਮ-ਸ਼ਿਵਮ-ਸੁੰਦਰਮ, ਯਹੀ ਹੈ ਜ਼ਿੰਦਗੀ, ਪਾਕੀਜ਼ਾ, ਅਪਨਾਪਨ, ਸੀਤਾ ਔਰ ਗੀਤਾ, ਆਂਧੀ, ਪਰਵਰਿਸ਼, ਦੋ ਆਂਖੇ ਬਾਰਹਾਂ ਹਾਥ, ਘਰੋਂਦਾ, ਥੋੜੀ ਸੀ ਬੇਵਫਾਈ, ਲੋਕ ਪਰਲੋਕ, ਆਸ਼ਾ, ਗੱਦਰ ਆਦਿ ਫ਼ਿਲਮਾਂ ਦੇ ਨਾਂ ਦੱਸਣਯੋਗ ਹਨ।

ਪਸੰਦ ਆਈ ਫ਼ਿਲਮ : ਇਹਨਾਂ ਫ਼ਿਲਮਾਂ ਵਿਚੋਂ ਬਹੁਤ ਸਾਰੀਆਂ ਨੂੰ ਚੰਗੀਆਂ ਫ਼ਿਲਮਾਂ ਕਿਹਾ ਜਾ ਸਕਦਾ ਹੈ, ਪਰੰਤੂ ਮੈਨੂੰ ਇਹਨਾਂ ਸਾਰੀਆਂ ਵਿਚੋਂ ‘ਘਰੋਂਦਾ’ ਫਿਲਮ ਸਭ ਤੋਂ ਵੱਧ ਪਸੰਦ ਆਈ ਹੈ। ਇਸ ਦੇ ਹੇਠ ਲਿਖੇ ਕਾਰਨ ਹਨ-

ਅਸਮੰਜਸ ਭਰੀ ਕਹਾਣੀ: ਘਰੌਂਦਾ ਇਕ ਅਜਿਹੀ ਔਰਤ ਦੀ ਕਹਾਣੀ ਹੈ, ਜਿਹੜੀ ਇਕ ਪਾਸੇ ਮੰਗਲਸੂਤਰ ਅਤੇ ਦੂਸਰੇ ਪਾਸੇ ਪ੍ਰੇਮ ਦੇ ਬੰਧਨ ਵਿਚ ਬੱਝੀ ਹੋਈ ਇਕ ਨਤੀਜਾ ਦਿਵਾਉ ਦੋਰਾਹੇ ਵਿਚ ਆ ਖੜੀ ਹੁੰਦੀ ਹੈ। ਉਸ ਦੇ ਹਿਰਦੇ ਵਿਚ ਲਗਾਤਾਰ ਇਹ ਦਵੰਦ ਚੱਲਦਾ ਰਹਿੰਦਾ ਹੈ ਕਿ ਉਹ ਪਤੀ ਅਤੇ ਪ੍ਰੇਮੀ ਵਿਚੋਂ ਕਿਸ ਨੂੰ ਚੁਣੇ। ਕਰੱਤਵ ਅਤੇ ਭਾਵਨਾ ਦਾ ਆਪਸੀ ਸੰਘਰਸ਼ ਮਨੋਵਿਗਿਆਨਿਕ ਪੱਧਰ ‘ਤੇ ਚੱਲਦਾ ਹੈ ਅਤੇ ਅੰਤ ਵਿਚ ਕਰੱਤਵ ਦੀ ਜਿੱਤ ਦੇ ਨਾਲ ਫ਼ਿਲਮ ਦਾ ਅੰਤ ਹੁੰਦਾ ਹੈ।

ਕਹਾਣੀ ਦਾ ਸਾਰ : ਸੰਦੀਪ (ਅਮੋਲ ਪਾਲੇਕਰ) ਅਤੇ ਛਾਇਆ (ਜ਼ਰੀਨਾ ਵਹਾਬ) ਮੋਦੀ ਐਂਡ ਮੋਦੀ ਇੰਡਸਟੀਜ਼ ਵਿਚ ਇਕੱਠੇ ਕੰਮ ਕਰਦੇ ਹਨ ਅਤੇ ਦੋਹਾਂ ਵਿਚਕਾਰ ਪਿਆਰ ਹੋ ਜਾਂਦਾ ਹੈ।ਉਹ ਦੋਵੇਂ ਵਿਆਹ ਕਰਾਉਣ ਅਤੇ ਸੁਖੀ ਘਰ ਬਨਾਉਣ ਦੇ ਸੁਫ਼ਨੇ ਲੈਂਦੇ ਹੋਏ ਇਕ ਫਲੈਟ ਖਰੀਦਣ ਲਈ ਰੁਪਏ ਜਮ੍ਹਾਂ ਕਰਦੇ ਹਨ। ਸੰਦਾ ਕਰਾਉਣ ਵਾਲਾ ਮੁਨਸ਼ੀ ਧੋਖਾ ਦੇ ਕੇ ਦੌੜ ਜਾਂਦਾ ਹੈ ਅਤੇ ਸੰਦੀਪ ਨੂੰ ਆਪਣਾ ਘਰ ਬਣਾਉਣ ਦਾ ਸੁਫ਼ਨਾ ਟੁੱਟਦਾ ਦਿੱਸਦਾ ਹੈ। ਉਹ ਛਾਇਆ ਨੂੰ ਆਪਣੇ ਮਾਲਿਕ ਮੋਦੀ (ਡਾ, ਸ੍ਰੀ ਰਾਮ ਲਾਗੂ) ਨਾਲ ਵਿਆਹ ਕਰਨ ਦੀ ਸਲਾਹ ਦਿੰਦਾ ਹੈ, ਜੋ ਕਿ ਦਿਲ ਦਾ ਰੋਗੀ ਹੈ ਤਾਂ ਜੋ ਮੋਦੀ ਦੀ ਮੌਤ ਤੋਂ ਬਾਅਦ ਉਸ ਦੀ ਦੌਲਤ ਨਾਲ ਦੋਵੇਂ ਪ੍ਰੇਮੀ ਆਪਣਾ ਸੰਸਾਰ ਵਸਾ ਸਕਣ। ਛਾਇਆ ਮੋਦੀ ਨਾਲ ਵਿਆਹ ਕਰ ਲੈਂਦੀ ਹੈ, ਪਰੰਤੂ ਪਤਨੀ ਬਣ ਕੇ ਉਹ ਪਤੀ ਦੇ ਪ੍ਰਤੀ ਆਪਣੇ ਫ਼ਰਜ਼ ਨੂੰ ਮਹਿਸਥ : ਹੋਈ ਸੰਦੀਪ ਨੂੰ ਆਪਣੀ ਜ਼ਿੰਦਗੀ ਵਿਚੋਂ ਕੱਢ ਦਿੰਦੀ ਹੈ।

ਮਨੋਵਿਗਿਆਨਿਕ ਤੇ ਯਥਾਰਥਕ ਸਮੱਸਿਆ : ਫ਼ਿਲਮ ਵਿਚ ਸਮੱਸਿਆ ਦਾ ਇਕ ਨਵੇਂ ਦਿਸ਼ਟੀਕੋਣ ਤੋਂ ਮਨੋਵਿਗਿਆਨਿਕ ਆਧਾਰ ਅਤੇ ਯਥਾਰਥ ਦੇ ਧਰਾਤਲ ਉੱਤੇ ਚਿੱਤਰਣ ਕੀਤਾ ਗਿਆ ਅਤੇ ਬੜੇ ਹੀ ਸੁੰਦਰ ਅਤੇ ਤਰਕਸ਼ੀਲ ਰੂਪ ਵਿਚ ਇਸ ਦਾ ਅੰਤ ਦਿਖਾਇਆ ਗਿਆ ਹੈ। ਮੁੱਖ ਕਹਾਣੀ ਦੇ ਨਾਲ ਨਿਰਦੇਸ਼ਕ ਜ਼ਿੰਦਗੀ ਦੇ ਹੋਰਨਾਂ ਅਨੇਕ ਪੱਖਾਂ ਨੂੰ ਵੀ ਛੁਹਦਾ ਜਾਂਦਾ ਹੈ।

ਰੌਚਕ ਪਾਤਰ ਚਿੱਤਰਣ : ਫ਼ਿਲਮ ਵਿਚ ਇਹ ਵੀ ਦਿਖਾਇਆ ਗਿਆ ਹੈ ਕਿ ਸਾਡੀ ਵਰਤਮਾਨ ਪੀੜ੍ਹੀ ਦੇ ਨੌਜਵਾਨਾਂ ਵਿਚ ਮਿਹਨਤ ਦੀ ਥਾਂ ਕਿਸ ਤਰ੍ਹਾਂ ਘਟੀਆ ਤਰੀਕਿਆਂ ਨਾਲ ਅਮੀਰ ਬਣਨ ਦੀ ਰੁਚੀ ਪੈਦਾ ਹੋ ਰਹੀ ਹੈ। ਸੰਦੀਪ ਦਾ ਆਪਣੀ ਪ੍ਰੇਮਿਕਾ ਛਾਇਆ ਨੂੰ ਦਿਲ ਦੇ ਰੋਗੀ ਮੋਦੀ ਨਾਲ ਵਿਆਹ ਕਰਨ ਦੀ ਸਲਾਹ ਦੇਣਾ ਇਕ ਐਸਾ ਹੀ ਕਦਮ ਹੈ। ਪਰੰਤੁ ਸੰਦੀਪ ਦੀਆਂ ਉਮੀਦਾਂ ਨੂੰ ਫਲ ਨਹੀਂ ਲੱਗਦਾ ਅਤੇ ਉਹ ਆਪਣੀ ਪ੍ਰੇਮਿਕਾ ਤੋਂ ਵੀ ਹੱਥ ਧੋ ਬੈਠਦਾ ਹੈ। ਸੰਦੀਪ ਦਾ ਇਹ ਕਦਮ ਕਹਾਣੀ ਨੂੰ ਇਕ ਵਿਸ਼ੇਸ਼ ਮੋੜ ਦਿੰਦਾ ਹੈ। ਇਸ ਤੋਂ ਮਗਰੋਂ ਸੰਦੀਪ ਛਾਇਆ ਦੀਆਂ ਨਜ਼ਰਾਂ ਵਿਚ ਡਿੱਗ ਜਾਂਦਾ ਹੈ ਅਤੇ ਨਾਇਕ ਦੀ ਥਾਂ ਉਹ ਭਿਸ਼ਟ ਹੋ ਕੇ ਖਲਨਾਇਕ ਦੇ ਸਥਾਨ ਤੇ ਜਾ ਖੜਾ ਹੁੰਦਾ ਹੈ।

ਆਮ ਤੌਰ ਤੇ ਫ਼ਿਲਮਾਂ ਵਿਚ ਦੋ ਨੌਜਵਾਨ ਦਿਲਾਂ ਵਿਚਕਾਰ ਆਉਣ ਵਾਲਾ ਬੁੱਢਾ ਖਲਨਾਇਕ ਮੰਨਿਆ ਜਾਂਦਾ ਹੈ। ਪਰੰਤ ‘ਘਰੋਂਦਾ’ ਫ਼ਿਲਮ ਦਾ ਬੁੱਢਾ ਮੋਦੀ ਇਸ ਪਵਿਰਤੀ ਨਾਲ ਉਲਟ ਦਰਸ਼ਕਾਂ ਦੀ ਹਮਦਰਦੀ ਦਾ ਪਾਤਰ ਬਣ ਜਾਂਦਾ ਹੈ। ਕਹਾਣੀ ਵਿਚ ਮਜ਼ੇਦਾਰ ਗੱਲ ਇਹ ਹੈ ਕਿ ਮੋਦੀ ਦੇ ਚਰਿੱਤਰ ਵਿਚ ਅਜਿਹੀ ਕੋਈ ਖਾਸੀਅਤ ਨਹੀਂ ਦਿਖਾਈ ਗਈ, ਜਿਸ ਕਾਰਨ ਉਹ ਦਰਸ਼ਕਾਂ ਦੀ ਦ੍ਰਿਸ਼ਟੀ ਵਿਚ ਉੱਚਾ ਉੱਠਦਾ ਹੋਵੇ, ਬਲਕਿ ਸੰਦੀਪ ਦਰਸ਼ਕਾਂ ਦੀਆਂ ਨਜ਼ਰਾਂ ਵਿਚ ਇੰਨਾ ਗਿਰ ਜਾਂਦਾ ਹੈ ਕਿ ਮੋਦੀ ਆਪਣੇ ਸਥਾਨ ਤੇ ਰਹਿੰਦਾ ਹੋਇਆ ਵੀ ਉਸ ਨਾਲੋਂ ਉੱਚਾ ਉੱਠ ਪੈਂਦਾ ਹੈ। ਇਸ ਤਰ੍ਹਾਂ ਕਹਾਣੀ ਨੂੰ ਇਕ ਖਾਸ ਮੋੜ ‘ਤੇ ਲਿਆ ਕੇ ਅਤੇ ਦਰਸ਼ਕਾਂ ਨੂੰ ਇਕ ਖਾਸ ਮਨੋਦਸ਼ਾ ਵਿਚ ਪੁਚਾ ਕੇ ਨਿਰਦੇਸ਼ਕ ਨੇ ਕਹਾਣੀ ਦਾ ਅੰਤ ਕੀਤਾ ਹੈ, ਜਦੋਂ ਕਿ ਛਾਇਆ ਪ੍ਰੇਮੀ ਨੂੰ ਠੁਕਰਾ ਕੇ ਪਤੀ ਨੂੰ ਅਪਣਾ ਲੈਂਦੀ ਹੈ।

ਅਸਰਦਾਰ ਅੰਤ : ਫ਼ਿਲਮ ਵਿਚ ਇਕ ਨੌਜਵਾਨ ਕੁੜੀ ਦਾ ਬੁੱਢੇ ਨਾਲ ਵਿਆਹ ਦਿਖਾਇਆ ਗਿਆ ਹੈ, ਜੋ ਬਹੁਤ ਹੀ ਨਿੰਦਣਯੋਗ ਘਟਨਾ ਹੈ, ਪਰੰਤੂ ਇਸ ਫ਼ਿਲਮ ਦਾ ਨਿਰਦੇਸ਼ਕ ਉਸ ਨੂੰ ਅਜਿਹੀਆਂ ਹਾਲਾਤਾਂ ਵਿਚ ਢਾਲ ਗਿਆ ਹੈ ਕਿ ਦਰਸ਼ਕ ਫਿਲਮ ਦੇ ਦਿਖਾਏ ਗਏ ਅੰਤ ਤੋਂ ਬਿਨਾਂ ਕਿਸੇ ਹੋਰ ਨਾਲ ਸਮਝੌਤਾ ਕਰਨ ਲਈ ਤਿਆਰ ਹੀ ਨਹੀਂ ਹੁੰਦਾ।

ਇਸ ਫ਼ਿਲਮ ਵਿਚ ਬੰਬਈ ਵਿਚ ਮਕਾਨ ਖਰੀਦਣ ਦੀ ਸਮੱਸਿਆ ’ਤੇ ਕੌਲੋਨਾਈਜ਼ਰਾਂ ਦੀ ਧੋਖੇਬਾਜ਼ੀ ਉੱਪਰ ਵੀ ਚਾਨਣਾ ਪਾਇਆ ਗਿਆ ਹੈ।

ਕਹਾਣੀ ਦਾ ਵਿਕਾਸ : ਫ਼ਿਲਮ ਦੇ ਪਹਿਲੇ ਭਾਗ ਵਿਚ ਸੰਦੀਪ ਅਤੇ ਛਾਇਆ ਦੇ ਪ੍ਰੇਮ ਦਾ ਵਿਕਾਸ ਦਿਖਾਇਆ ਗਿਆ ਹੈ। ਦੂਸਰੇ ਭਾਗ ਵਿਚ ਛਾਇਆ ਦੁਆਰਾ ਮੋਦੀ ਨਾਲ ਵਿਆਹ ਕਰਨ ਮਗਰੋਂ ਕਹਾਣੀ ਅੰਤਰ-ਦੰਦ ਵਿਚ ਪ੍ਰਵੇਸ਼ ਕਰਦੀ ਹੈ। ਛਾਇਆ ਪ੍ਰੇਮੀ ਅਤੇ ਪਤੀ ਦੇ ਵਿਚਕਾਰ ਝਲਦੀ ਰਹਿੰਦੀ ਹੈ। ਫ਼ਿਲਮ ਦਾ ਇਹ ਹਿੱਸਾ ਹਰ ਪੱਖ ਤੋਂ ਪ੍ਰਸ਼ੰਸਾਯੋਗ ਹੈ। ਪਾਤਰਾਂ ਦੇ ਚਰਿੱਤਰਾਂ ਨੂੰ ਇਕ ਖਾਸ ਪ੍ਰਕ੍ਰਿਆ ਵਿਚ ਵਿਕਸਿਤ ਹੁੰਦੇ ਦਿਖਾਇਆ ਗਿਆ। ਹੈ ਅਤੇ ਉਹਨਾਂ ਦਾ ਪੂਰਨ ਵਿਕਾਸ ਹੋਣ ਤੇ ਹੀ ਕਹਾਣੀ ਦਾ ਅੰਤ ਕੀਤਾ ਗਿਆ ਹੈ।

ਰੱਣ ਪਾਤਰ : ਮੁੱਖ ਪਾਤਰਾਂ ਤੋਂ ਇਲਾਵਾ ਹਰ ਗੌਣ ਪਾਤਰ ਦੀ ਕਹਾਣੀ ਦੇ ਵਿਕਾਸ ਵਿਚ ਕੁਝ ਨਾ ਕੁਝ ਹਿੱਸਾ ਪਾਉਂਦਾ ਹੈ। ਸੰਦੀਪ ਅਤੇ ਛਾਇਆ ਦੇ ਸਹਿ-ਕਰਮਚਾਰੀ ਅਤੇ ਸੰਦੀਪ ਦੇ ਕਮਰੇ ਦੇ ਸਹਿਵਾਸੀ ਅਜਿਹੇ ਹੀ ਪਾਤਰ ਹਨ।

ਕਲਾਕਾਰੀ : ਕਲਾਕਾਰਾਂ ਦੇ ਅਭਿਨੈ ਵਿਚ ਪਰਪੱਕਤਾ ਵੀ ਹੈ ਅਤੇ ਸਰਲਤਾ ਵੀ। ਸੰਦੀਪ ਦੇ ਰੂਪ ਵਿਚ ਅਮੋਲ ਪਾਲੇਕਰ ਨੌਜਵਾਨ ਸੁਫ਼ਨਿਆਂ ਦੀ ਅਗਵਾਈ ਕਰਦਾ ਹੈ। ਛਾਇਆ ਦੇ ਰੂਪ ਵਿਚ ਜ਼ਰੀਨਾ ਵਹਾਬ ਵਿਚ ਉਸਦੀ ਫ਼ਿਲਮ ‘ਚਿੱਤ ਚੋਰ’ ਵਾਲੀ ਸ਼ੋਖੀ ਅਤੇ ਚੰਚਲਤਾ ਨਹੀਂ, ਸਗੋਂ ਗੰਭੀਰਤਾ ਅਤੇ ਪਪਕਪੁਣਾ ਹੈ। ਡਾ. ਸ੍ਰੀ ਰਾਮ ਲਾਗੂ ਦਾ ਅਭਿਨੈ ਵੀ ਪ੍ਰਸ਼ੰਸਾਯੋਗ ਹੈ। ਸੰਵਾਦ, ਗੀਤਕਾਰੀ, ਸੰਗੀਤ, ਫੋਟੋਗ੍ਰਾਫ਼ੀ, ਰੂਪ-ਸੱਜਾ ਆਦਿ ਦੀ ਦ੍ਰਿਸ਼ਟੀ ਤੋਂ ਵੀ ਇਹ ਫ਼ਿਲਮ ਉੱਤਮ ਹੈ।

ਉਦੇਸ਼ ਪੂਰਨ ਫ਼ਿਲਮ : ਇਹ ਇਕ ਉਦੇਸ਼ ਪੂਰਨ ਫ਼ਿਲਮ ਹੈ ਅਤੇ ਇਹ ਦਰਸ਼ਕਾਂ ਦਾ ਮਨੋਰੰਜਨ ਵੀ ਕਰਦੀ ਹੈ। ਅੱਜ ਦੇ ਮਾਰ-ਧਾੜ ਦੇ ਜ਼ਮਾਨੇ ਵਿਚ ਇਸ ਨੂੰ ਇੱਕ ਉੱਤਮ ਰਚਨਾ ਕਿਹਾ ਜਾ ਸਕਦਾ ਹੈ।

ਅੰਤ ਵਿਚ ਮੈਂ ਕਹਿ ਸਕਦਾ ਹਾਂ ਕਿ ਆਧੁਨਿਕਤਾ, ਯਥਾਰਥਕਤਾ, ਮਨੋਵਿਗਿਆਨਿਕ ਅਤੇ ਕਹਾਣੀ ਰਸ ਭਰੀ ਹੋਣ ਕਰਕੇ ਇਹ ਫ਼ਿਲਮ ਮੈਂ ਸਭ ਤੋਂ ਜ਼ਿਆਦਾ ਪਸੰਦ ਕੀਤੀ ਹੈ।

Leave a Reply