ਮੇਰੇ ਜੀਵਨ ਦਾ ਟੀਚਾ
Mere Jeevan da Ticha
ਜਾਣ-ਪਛਾਣ : ਕਿਸੇ ਟੀਚੇ ਤੋਂ ਬਿਨਾਂ ਮਨੁੱਖ ਦੀ ਜ਼ਿੰਦਗੀ ਬੇ-ਅਰਥ ਹੈ। ਕੁਦਰਤ ਨੇ ਜੀਵਾਂ ਵਿਚ ਮਨੁੱਖ ਨੂੰ ਸਭ ਤੋਂ ਵਧੇਰੇ ਉੱਦਮੀ ਬਣਾਇਆ ਹੈ ਅਤੇ ਉਸ ਨੂੰ ਆਪਣੀ ਉੱਨਤੀ ਕਰਨ ਲਈ ਬੁੱਧੀ ਦੀ ਤਾਕਤ ਦਿੱਤੀ ਹੈ। ਇਸ ਤਾਕਤ ਦਾ ਪੂਰਾ-ਪੂਰਾ ਇਸਤੇਮਾਲ ਕਰਕੇ ਜੀਵਨ ਦੀ ਕਿਸ਼ਤੀ ਨੂੰ ਕਿਸੇ ਉੱਚੇ ਟੀਚੇ ਵੱਲ ਸੇਧ ਕੇ ਰੱਖਣਾ ਬੰਦੇ ਦਾ ਫਰਜ਼ ਹੈ।
ਖੁਦਗਰਜ਼ੀ-ਰਹਿਤ ਨਿਸ਼ਾਨਾ : ਮਨੁੱਖ ਦੇ ਜੀਵਨ ਦਾ ਟੀਚਾ ਸੁਆਰਥ ਭਰਪੂਰ ਨਹੀਂ ਹੋਣਾ ਚਾਹੀਦਾ, ਸਗੋਂ ਉਹ ਉਸ ਦੇ ਆਲੇ-ਦੁਆਲੇ ਵੱਸਦੇ ਲੋਕਾਂ ਲਈ ਲਾਭਦਾਇਕ ਹੋਣਾ ਚਾਹੀਦਾ ਹੈ। ਜਿਹੜਾ ਬੰਦਾ ਆਪਣੇ ਆਲੇ-ਦੁਆਲੇ ਦੇ ਮਨੁੱਖਾਂ ਦਾ ਭਲਾ ਕਰਦਾ ਹੋਵੇ, ਉਹਨਾਂ ਦਾ ਸਰੀਰਕ ਜਾਂ ਮਾਨਸਿਕ ਬੋਝ ਹੋਲਾ ਕਰਦਾ ਹੋਵੇ, ਉਹ ਮਨੁੱਖ ਕਦੇ ਭੁੱਖਾ ਨਹੀਂ ਮਰ ਸਕਦਾ ਅਤੇ ਨਾ ਹੀ ਉਸ ਨੂੰ ਸਰੀਰ ਜਾਂ ਸਿਰ ਚੁੱਕਣ ਲਈ ਕੱਪੜੇ ਜਾਂ ਮਕਾਨ ਦੀ ਕਮੀ ਆ ਸਕਦੀ ਹੈ। ਖੁਦਗਰਜ਼ ਮਨੁੱਖ ਉਹੋ ਹੁੰਦੇ ਹਨ ਜੋ ਆਪਣੀ ਬੁੱਧੀ ਦੀ ਠੀਕ ਵਰਤੋਂ ਨਹੀਂ ਕਰਨੀ ਜਾਣਦੇ। ਇਹ ਕਹਿਣਾ ਵੀ ਗਲਤ ਨਹੀਂ ਕਿ ਉਹਨਾਂ ਦੀ ਅਕਲ ਨੇ ਪਸ਼ੂਪੁਣੇ ਤੋਂ ਅੱਗੇ ਤਰੱਕੀ ਹੀ ਨਹੀਂ ਕੀਤੀ ਹੁੰਦੀ।
ਮੈਂ ਡਾਕਟਰ ਬਣਾਂਗਾ : ਭਾਵੇਂ ਮੈਂ ਅਜੇ ਇਕ ਛੋਟੀ ਜਮਾਤ ਦਾ ਵਿਦਿਆਰਥੀ ਹਾਂ, ਪਰ ਨੇ ਆਪਣੇ ਜੀਵਨ ਦਾ ਇਹ ਟੀਚਾ ਮਿੱਥ ਲਿਆ ਹੈ ਕਿ ਮੈਂ ਇਕ ਡਾਕਟਰ ਬਣਾਂਗਾ। ਜਦੋਂ ਮੈਂ ਦੇਖਦਾ ਹਾਂ ਕਿ ਮੇਰੇ ਆਲੇ-ਦੁਆਲੇ ਬਹੁਤ ਸਾਰੇ ਲੋਕ ਕਈ ਬੀਮਾਰੀਆਂ ਵਿਚ ਫਸੇ ਹੋਏ ਹਨ ਅਤੇ ਉਹ ਗਰੀਬ ਵੀ ਹਨ। ਉਹ ਦਵਾਈਆਂ ਲੈਣੀਆਂ ਤਾਂ ਕੀ, ਆਪਣਾ ਪੇਟ ਵੀ ਬੜੀ ਮੁਸ਼ਕਿਲ ਨਾਲ ਭਰਦੇ ਹਨ, ਉਹਨਾਂ ਨੂੰ ਦੇਖ ਕੇ ਮੇਰਾ ਮਨ ਦੁੱਖ ਨਾਲ ਭਰ ਜਾਂਦਾ ਹੈ ਅਤੇ ਇਹਨਾਂ ਲੋਕਾਂ ਦਾ ਭਲਾ ਕਰਨ ਲਈ ਤੀਬਰ ਹੋ ਉੱਠਦਾ ਹੈ। ਇਹ ਲੋਕ ਅਜੋਕੀ ਮਹਿੰਗਾਈ ਦੇ ਸਮੇਂ ਵਿਚ ਨਾ ਦਵਾਈਆਂ ‘ਤੇ ਜ਼ਰੂਰੀ ਖਰਚ ਕਰ ਸਕਦੇ ਹਨ ਤੇ ਨਾ ਹੀ ਡਾਕਟਰਾਂ ਦੀਆਂ ਫੀਸਾਂ ਦੇ ਸਕਦੇ ਹਨ। ਇਸ ਕਰਕੇ ਮੈਂ ਇਸ ਗੱਲ ਨੂੰ ਆਪਣੇ ਜੀਵਨ ਦਾ ਟੀਚਾ ਹੀ ਬਣਾ ਲਿਆ ਹੈ ਕਿ ਮੈਂ ਡਾਕਟਰ ਬਣ ਕੇ ਇਹਨਾਂ ਦੁੱਖੀਆਂ ਅਤੇ ਰੋਗੀਆਂ ਦਾ ਇਲਾਜ ਮੁਫਤ ਕਰਾਂ।
ਮੇਰੀ ਪੜਾਈ : ਇਸ ਉਦੇਸ਼ ਲਈ ਮੇਰਾ ਖਿਆਲ ਘੱਟੋ-ਘੱਟ ਐੱਮ.ਬੀ.ਬੀ.ਐੱਸ. ਕਰਨ ਦਾ ਹੈ। ਆਪਣੇ ਸਕੂਲ ਵਿਚ ਦਸਵੀਂ ਪਾਸ ਕਰਨ ਤੋਂ ਬਾਅਦ ਮੈਂ ਪੀ-ਮੈਡੀਕਲ ਕਰਨ ਲਈ ਕਾਲਜ ਵਿਚ ਦਾਖਲ ਹੋਵਾਂਗਾ। ਮੈਨੂੰ ਉਮੀਦ ਹੈ ਕਿ ਮੈਂ ਇਹ ਸਾਰੇ ਇਮਤਿਹਾਨ ਚੰਗੇ ਨੰਬਰ ਲੈ ਕੇ ਪਾਸ ਕਰ ਲਵਾਂਗਾ। ਮੇਰੀ ਉਮੀਦ ਅੰਮ੍ਰਿਤਸਰ ਮੈਡੀਕਲ ਕਾਲਜ ਵਿਚ ਦਾਖਲ ਹੋਣ ਦੀ ਹੈ। ਇੱਥੋਂ ਪੰਜ ਸਾਲ ਵਿਚ ਐੱਮ.ਬੀ.ਬੀ.ਐੱਸ. ਕਰ ਕੇ ਮੈਂ ਇਕ ਚੰਗਾ ਡਾਕਟਰ ਬਣ ਜਾਵਾਂਗਾ।
ਮੈਂ ਕਿਵੇਂ ਕੰਮ ਕਰਾਂਗਾ : ਡਾਕਟਰੀ ਪਾਸ ਕਰ ਕੇ ਮੇਰਾ ਖਿਆਲ ਪ੍ਰਾਈਵੇਟ ਪੈਕਟਿਸ ਦਾ ਹੈ। ਇਸ ਉਦੇਸ਼ ਲਈ ਮੈਂ ਇਕ ਦੁਕਾਨ ਖੋਲਾਂਗਾ ਅਤੇ ਸਵੇਰੇ ਅਤੇ ਸ਼ਾਮ ਕੁਝ ਸਮਾਂ ਮੈਂ ਰੋਗੀਆਂ ਦਾ ਮੁਫਤ ਇਲਾਜ ਕਰਾਂਗਾ। ਮੈਂ ਕਿਸੇ ਮਰੀਜ਼ ਪਾਸੋਂ ਪੈਸੇ ਨਹੀਂ ਮੰਗਾਂਗਾ, ਸਗੋਂ ਉਹ ਮੇਰੇ ਮੇਜ਼ ਤੇ ਪਈ ਗੋਲਕ ਵਿਚ ਜੋ ਸਰਦਾ-ਬਣਦਾ ਪਾ ਜਾਇਆ ਕਰਨ, ਮੈਨੂੰ ਉਹੀ ਸਵੀਕਾਰ ਹੋਵੇਗਾ। ਮੈਨੂੰ ਭਰੋਸਾ ਹੈ ਕਿ ਜਦੋਂ ਕੋਈ ਆਦਮੀ ਕਿਸੇ ਭਿਆਨਕ ਅਲਾਮਤ ਤੋਂ ਛੁਟਕਾਰਾ ਪ੍ਰਾਪਤ ਕਰ ਲਵੇ, ਤਾਂ ਉਹ ਆਪਣਾ ਇਲਾਜ ਕਰਨ ਵਾਲੇ ਨੂੰ ਭੁੱਖਾ ਨਹੀਂ ਮਰਨ ਦਿੰਦਾ। ਮੈਂ ਫੈਕਟਰੀਆਂ ਦੇ ਮਜ਼ਦੂਰਾਂ ਦੇ ਬੀਮੇ ਦੇ ਕਾਰਡ ਜਮਾਂ ਕਰ ਕੇ ਵੀ ਉਹਨਾਂ ਦਾ ਇਲਾਜ ਕਰਾਂਗਾ। ਇਹਨਾਂ ਕਾਰਡਾਂ ‘ਤੇ ਦਵਾਈ ਦੇਣ ਨਾਲ ਸਰਕਾਰ ਨਿਰਧਾਰਿਤ ਕੀਤੇ ਹੋਏ ਪੈਸੇ ਦਿੰਦੀ ਹੈ। ਇਸ ਨਾਲ ਮੇਰਾ ਰੁਜ਼ਗਾਰ ਚੰਗੀ ਤਰ੍ਹਾਂ ਨਾਲ ਚੱਲਦਾ ਰਹੇਗਾ। ਵਿਹਲੇ ਸਮੇਂ ਦੌਰਾਨ ਮੈਂ ਮਰੀਜ਼ ਵੇਖਣ ਲਈ ਉਹਨਾਂ ਦੇ ਘਰਾਂ ਵਿਚ ਵੀ ਜਾਇਆ ਕਰਾਂਗਾ ਅਤੇ ਜ਼ਿਆਦਾ ਕੋਸ਼ਿਸ਼ ਕਰ ਕੇ ਉਹਨਾਂ ਨੂੰ ਠੀਕ ਕਰਨ ਦਾ ਯਤਨ ਕਰਾਂਗਾ।
ਬੱਸ, ਹੁਣ ਤਾਂ ਡਾਕਟਰ ਬਣਨਾ ਹੀ ਮੇਰੇ ਜੀਵਨ ਦਾ ਇੱਕ ਟੀਚਾ ਹੈ। ਇਸ ਦੀ ਪ੍ਰਾਪਤੀ ਲਈ ਮਿਹਨਤ ਕਰਨਾ ਮੇਰਾ ਪ੍ਰਮੁੱਖ ਕਰਤੱਵ ਹੈ, ਜਿਸ ਨੂੰ ਸਮਝਦਾ ਹੋਇਆ ਮੈਂ ਰਾਤ-ਦਿਨ ਇਕ ਕਰ ਕੇ ਪੜ੍ਹਾਈ ਕਰ ਰਿਹਾ ਹਾਂ।