ਮੇਰਾ ਸਭ ਤੋਂ ਪਿਆਰਾ ਮਿੱਤਰ
Mera Sab to Pyara Mitra
ਮਿੱਤਰ ਦਾ ਮੱਹਤ : ਮਿੱਤਰ ਦਾ ਮਨੁੱਖੀ ਜੀਵਨ ਵਿਚ ਬਹੁਤ ਮੱਹਤਵ ਹੈ। ਅੱਜਕਲ ਕੋਈ ਆਦਮੀ ਵੀ ਆਪਣਾ ਜੀਵਨ ਇੱਕਲਾ ਨਹੀਂ ਬਿਤਾ ਸਕਦਾ। ਉਸ ਦਾ ਆਪਣੇ ਜੀਵਨ ਵਿਚ ਅਨੇਕਾਂ ਆਦਮੀਆਂ ਨਾਲ ਵਾਹ ਪੈਂਦਾ ਹੈ, ਪਰੰਤੂ ਹਰ ਇਕ ਦੇ ਅੱਗੇ ਉਹ ਆਪਣਾ ਦਿਲ ਨਹੀਂ ਖੋਲ੍ਹ ਸਕਦਾ। ਸੁਭਾਵਿਕ ਤੌਰ ਤੇ ਹੀ ਉਸ ਨੂੰ ਕੁਝ ਆਪਣਿਆਂ ਦੀ ਜ਼ਰੂਰਤ ਪੈਂਦੀ ਹੈ, ਜਿਨਾਂ ਨਾਲ ਉਹ ਆਪਣੇ ਦੁੱਖ ਅਤੇ ਸੁੱਖ ਸਾਂਝੇ ਕਰਦਾ ਹੈ। ਚੰਗੇ ਦੋਸਤ ਤੋਂ ਬਿਨਾਂ ਬੰਦੇ ਦਾ ਜੀਵਨ ਰੱਖਾ ਅਤੇ ਫਿੱਕਾ ਹੁੰਦਾ ਹੈ। ਫ਼ਰਾਂਸਿਸ ਬੇਕਨ ਦਾ ਕਹਿਣਾ ਹੈ ਕਿ ਮਿੱਤਰ ਤੋਂ ਬਿਨਾਂ ਮਨੁੱਖ ਪਸ਼ ਸਮਾਨ ਹੈ ਅਤੇ ਮਿੱਤਰ ਤੋਂ ਬਿਨਾਂ ਮਨੁੱਖ ਮਾਨਸਿਕ ਤੌਰ ਤੇ ਤੰਦਰੁਸਤ ਨਹੀਂ ਰਹਿ ਸਕਦਾ।
ਮੇਰਾ ਮਿੱਤਰ : ਮੇਰੇ ਬਹੁਤ ਸਾਰੇ ਸਹਿਪਾਠੀ ਹਨ ਅਤੇ ਗਲੀ-ਗੁਆਂਢ ਵਿਚ ਵੀ ਬਹੁਤ ਸਾਰੇ ਮੁੰਡੇ ਰਹਿੰਦੇ ਹਨ ਪਰੰਤੂ ਮੇਰੀ ਜੋ ਦੋਸਤੀ ਦਲਜੀਤ ਨਾਲ ਹੈ ਉਹ ਕਿਸੇ ਹੋਰ ਨਾਲ ਨਹੀਂ। ਅਸੀਂ ਦੋਵੇਂ ਇਕੋ ਜਮਾਤ ਵਿਚ ਪੜ੍ਹਦੇ ਹਾਂ। ਉਸ ਦਾ ਅਤੇ ਮੇਰਾ ਰੋਲ ਨੰਬਰ ਅੱਗੇ ਪਿੱਛੇ ਹਨ। ਅਸੀਂ ਦੋਵੇਂ ਇਕੋ ਡੈਸਕ ਉੱਤੇ ਬੈਠਦੇ ਹਾਂ। ਪਿੰਡ ਵਿਚ ਉਸ ਦਾ ਘਰ ਮੇਰੀ ਗਲੀ ਵਿਚ ਹੀ ਹੈ। ਅਸੀਂ ਦੋਵੇਂ ਵੱਧ ਤੋਂ ਵੱਧ ਸਮਾਂ ਇਕੱਠੇ ਰਹਿੰਦੇ ਹਾਂ। ਰਾਤ ਨੂੰ ਅਸੀਂ ਇਕੱਠੇ ਪੜਦੇ ਹਾਂ।
ਮਾਤਾ-ਪਿਤਾ : ਉਸ ਦੇ ਮਾਤਾ-ਪਿਤਾ ਬਹੁਤ ਚੰਗੇ ਵਿਅਕਤੀ ਹਨ। ਉਸਦਾ ਪਿਤਾ ਇਕ ਡਾਕਟਰ ਹੈ, ਜੋ ਬੀਮਾਰਾਂ ਦੇ ਦਿਲਾਂ ਦਾ ਰਾਜਾ ਹੈ। ਉਸ ਦੀ ਮਾਤਾ ਇਕ ਧਰਮਾਤਮਾ : ਔਰਤ ਹੈ। ਉਹ ਆਪਣੇ ਘਰ ਵਿਚ ਗਲੀ ਦੇ ਛੋਟੇ-ਛੋਟੇ ਬੱਚਿਆਂ ਨੂੰ ਪੜ੍ਹਨਾ, ਪਾਠ ਕਰਨਾਅਤੇ ਸ਼ਬਦ ਪੜਨੇ ਸਿਖਾਉਂਦੀ ਹੈ। ਆਪਣੀ ਮਾਤਾ ਦੇ ਗੁਰਬਾਣੀ ਦੇ ਕੀਰਤਨ ਨਾਲ ਪ੍ਰੇਮ ਕਰਕੇ ਉਸ ਵਿਚ ਵੀ ਇਹ ਗੁਣ ਭਰੇ ਪਏ ਸਨ। ਉਹ ਬਹੁਤ ਸੋਹਣਾ ਗਾਉਂਦਾ ਵੀ ਹੈ।
ਇਕ ਵਿਦਿਆਰਥੀ ਦੇ ਰੂਪ ਵਿਚ : ਮੇਰਾ ਮਿੱਤਰ ਪੜ੍ਹਾਈ ਵਿਚ ਬਹੁਤ ਚੰਗਾ ਹੈ। ਉਹ ਹਰ ਸਾਲ ਕਲਾਸ ਵਿਚੋਂ ਫਸਟ ਰਹਿੰਦਾ ਹੈ ਅਤੇ ਇਨਾਮ ਪ੍ਰਾਪਤ ਕਰਦਾ ਹੈ। ਉਹ ਹਿਸਾਬ ਅਤੇ ਅੰਗਰੇਜ਼ੀ ਵਿਚ ਬਹੁਤ ਹੀ ਹੁਸ਼ਿਆਰ ਹੈ। ਪਰ ਉਸ ਨੂੰ ਆਪਣੀ ਪੜ੍ਹਾਈ ਦਾ ਜ਼ਰਾ ਜਿੰਨਾ ਵੀ ਗਰੁਰ ਨਹੀਂ। ਉਹ ਹਮੇਸ਼ਾ ਹੀ ਕਮਜ਼ੋਰ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਮੱਦਦ ਕਰਨ ਲਈ ਤਿਆਰ ਰਹਿੰਦਾ ਹੈ। ਬਹੁਤ ਸਾਰੇ ਵਿਦਿਆਰਥੀ ਉਸ ਕੋਲੋਂ ਪੜ੍ਹਾਈ ਬਾਰੇ ਕਈ ਗੱਲਾਂ ਪੁੱਛਦੇ ਹਨ। ਉਹ ਪੜ੍ਹਾਈ ਵਿਚ ਵੀ ਮੇਰੀ ਬਹੁਤ ਮੱਦਦ ਕਰਦਾ ਹੈ।
ਉਸਦੇ ਸ਼ੌਕ : ਉਸ ਨੂੰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪੈਸਿਆਂ ਦੀ ਤੰਗੀ ਨਹੀਂ। ਉਹ ਫ਼ਜ਼ੂਲ-ਖਰਚੀ ਨਹੀਂ ਕਰਦਾ। ਉਹ ਆਪਣੇ ਜੇਬ-ਖਰਚ ਵਿਚੋਂ ਬਚਾਏ ਪੈਸਿਆਂ ਨਾਲ ਗਰੀਬ ਵਿਦਿਆਰਥੀਆਂ ਦੀ ਸਹਾਇਤਾ ਵੀ ਕਰਦਾ ਹੈ। ਉਸ ਨੂੰ ਆਪਣੀ ਆਮ ਜਾਣਕਾਰੀ ਵਿਚ ਵਾਧਾ ਕਰਨ ਦਾ ਬਹੁਤ ਸ਼ੌਕ ਹੈ।ਉਹ ਹਰ ਰੋਜ਼ ਅਖ਼ਬਾਰਾਂ ਪੜ੍ਹਦਾ ਹੈ ਅਤੇ ਮੈਨੂੰ ਵੀ ਪੜ੍ਹਨ ਲਈ ਦਿੰਦਾ ਹੈ।
ਰੁਚੀਆਂ : ਸਕੂਲ ਤੋਂ ਘਰ ਆ ਕੇ ਉਹ ਪਹਿਲਾਂ ਸਕੂਲ ਦਾ ਸਾਰਾ ਕੰਮ ਖਤਮ ਕਰਦਾ ਹੈ।ਉਹ ਕੋਈ ਕਿਤਾਬੀ ਕੀੜਾ ਨਹੀਂ। ਉਹ ਹਰ ਰੋਜ਼ ਫੁਟਬਾਲ ਖੇਡਣ ਲਈ ਜਾਂਦਾ ਹੈ। ਉਹ ਸਾਡੇ ਕਾਲਜ ਦੀ ਫੁਟਬਾਲ ਦੀ ਟੀਮ ਦਾ ਕਪਤਾਨ ਹੈ। ਪਿਛਲੇ ਸਾਲ ਜ਼ਿਲ੍ਹੇ ਭਰ ਦੇ ਹੋਏ ਫੁਟਬਾਲ ਮੁਕਾਬਲਿਆਂ ਵਿਚ ਉਹ ਸਭ ਤੋਂ ਵਧੀਆ ਖਿਡਾਰੀ ਕਰਾਰ ਦਿੱਤਾ ਗਿਆ ਅਤੇ ਇਸ ਬਦਲੇ ਉਸ ਨੂੰ ਇਨਾਮ ਮਿਲਿਆ। ਪਿੰਸੀਪਲ ਸਾਹਿਬ ਦੇ ਦਫਤਰ ਵਿਚ ਪਏ ਬਹੁਤ ਸਾਰੇ ਕੱਪ ਅਤੇ ਸ਼ੀਲਡਾਂ ਉਸੇ ਨੇ ਜਿੱਤੀਆਂ ਹਨ।
ਕਲਾਕਾਰ : ਉਹ ਇਕ ਚੰਗਾ ਬੁਲਾਰਾ ਵੀ ਹੈ। ਉਸ ਨੇ ਕਈ ਭਾਸ਼ਨ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਇਨਾਮ ਪ੍ਰਾਪਤ ਕੀਤੇ ਹਨ।ਉਹ ਇਕ ਚੰਗਾ ਗਾਇਕ ਵੀ ਹੈ। ਉਸ ਵਰਗੀ ਸੁਰੀਲੀ ਆਵਾਜ਼ ਸਾਡੇ ਕਾਲਜ ਵਿਚ ਕਿਸੇ ਦੀ ਨਹੀਂ। ਉਸ ਨੇ ਕਈ ਕਵਿਤਾ ਮੁਕਾਬਲਿਆਂ ਵਿਚ ਪਹਿਲੇ ਨੰਬਰ ਤੇ ਰਹਿ ਕੇ ਇਨਾਮ ਪ੍ਰਾਪਤ ਕੀਤੇ ਹਨ।
ਲੋਕਪ੍ਰਿਯ : ਉਹ ਇਕ ਨੇਕ ਅਤੇ ਵਫਾਦਾਰ ਦੋਸਤ ਹੈ। ਉਸ ਦਾ ਸਰੀਰ ਸੁੰਦਰ ਅਤੇ ਮਜ਼ਬੂਤ ਹੈ। ਉਹ ਹਰ ਸਮੇਂ ਮੇਰੀ ਮਦਦ ਕਰਨ ਲਈ ਤਿਆਰ ਰਹਿੰਦਾ ਹੈ। ਉਹ ਮੇਰਾ ਜਿਗਰੀ ਦੋਸਤ ਹੈ। ਕਾਲਜ ਦੇ ਪ੍ਰਿੰਸੀਪਲ ਸਾਹਿਬ ਵੀ ਉਸ ਨੂੰ ਪਿਆਰ ਕਰਦੇ ਹਨ। ਮੈਨੂੰ ਆਪਣੇ ਇਸ ਦੋਸਤ ਉੱਤੇ ਬਹੁਤ ਮਾਨ ਹੈ। ਰੱਬ ਕਰੇ, ਉਸ ਨੂੰ ਜੀਵਨ ਦੇ ਹਰ ਮੈਦਾਨ ਵਿਚ ਸ਼ਾਨਦਾਰ ਕਾਮਯਾਬੀ ਪ੍ਰਾਪਤ ਹੋਵੇ।