ਮੇਰਾ ਮਨਭਾਉਂਦਾ ਕਵੀ -ਭਾਈ ਵੀਰ ਸਿੰਘ
Mera Manpasand Kavi – Bhai Veer Singh
ਪਸੰਦ ਆਪੋ ਆਪਣੀ
ਖਿਆਲ ਆਪੋ ਆਪਣਾ
ਉਂਝ ਤਾਂ ਪੰਜਾਬੀ ਸਾਹਿਤ ਜਗਤ ਵਿਚ ਅਨੇਕਾਂ ਹੀ ਕਵੀ ਅਜਿਹੇ ਹਨ, ਜੋ ਮੇਰੇ ਪਸੰਦੀਦਾ ਕਵੀ ਹਨ, ਜਿਨ੍ਹਾਂ ਵਿਚੋਂ ਭਾਈ ਵੀਰ ਸਿੰਘ, ਪ੍ਰੋ ਪੂਰਨ ਸਿੰਘ, ਅੰਮ੍ਰਿਤਾ ਪ੍ਰੀਤਮ, ਸੁਰਜੀਤ ਪਾਤਰ ਆਦਿ ਦੇ ਨਾਂ ਵਿਸ਼ੇਸ਼ ਤੌਰ ਤੇ ਵਰਨਣਯੋਗ ਹਨ ਪਰ ਜੇਕਰ ਇਨ੍ਹਾਂ ਵਿਚੋਂ ਕਿਸੇ ਇਕ ਵਿਸ਼ੇਸ਼ ਮਨਭਾਉਂਦੇ ਕਵੀ ਦਾ ਜ਼ਿਕਰ ਕਰਨਾ ਹੋਵੇ, ਤਾਂ ਭਾਈ ਵੀਰ ਸਿੰਘ ਜੀ ਦਾ ਨਾਂ ਪਹਿਲ ਦੇ ਅਧਾਰ ਤੇ ਲਿਆ ਜਾਵੇਗਾ। ਇਨ੍ਹਾਂ ਦੀਆਂ ਕਵਿਤਾਵਾਂ ਮੇਰੇ ਦਿਲ ਦੀਆਂ ਡੂੰਘਾਣਾਂ ਵਿਚ ਉਤਰ ਗਈਆਂ ਹਨ ਕਿਉਂਕਿ ਉਹ ਲੈਅ, ਸੁਰ ਤੇ ਗੁੜ੍ਹ ਭਾਵਾਂ ਨਾਲ ਭਰੀਆਂ ਪਈਆਂ ਹਨ। ਜਿਉਂ-ਜਿਉਂ ਇਨ੍ਹਾਂ ਨੂੰ ਪੜ੍ਹਦੇ ਜਾਈਏ , ਰੂਹ ਨਸ਼ਿਆ ਜਾਂਦੀ ਹੈ, ਮਨ ਵਿਚ ਖੇੜਾ ਆ ਜਾਂਦਾ ਹੈ ਤੇ ਵਿਅਕਤੀ ਆਪ-ਮੁਹਾਰੇ ਹੀ ਅਸ਼-ਅਸ਼ ਕਰ ਉੱਠਦਾ ਹੈ।
ਆਧੁਨਿਕ ਪੰਜਾਬੀ ਕਵਿਤਾ ਦਾ ਪਿਤਾਮਾ : ਭਾਈ ਵੀਰ ਸਿੰਘ ਨੂੰ ਆਧੁਨਿਕ ਪੰਜਾਬੀ ਕਵਿਤਾ ਦਾ ਪਿਤਾਮਾ ਕਿਹਾ ਜਾਂਦਾ ਹੈ| ਆਪ ਦਾ ਜਨਮ 5 ਦਸੰਬਰ, 1872 ਈ: ਨੂੰ ਅੰਮ੍ਰਿਤਸਰ ਵਿਖੇ ਡਾ: ਚਰਨ ਸਿੰਘ ਦੇ ਗ੍ਰਹਿ ਵਿਖੇ ਹੋਇਆ। ਆਪ ਦੇ ਦਾਦਾ ਭਾਈ ਕਾਹਨ ਸਿੰਘ ਜੀ। ਉੱਚਕੋਟੀ ਦੇ ਵਿਦਵਾਨ ਤੇ ਨਾਨਾ ਪੰਡਤ ਹਜ਼ਾਰਾ ਸਿੰਘ ਜੀ ਵੀ ਧਰਮ ਤੇ ਗੁਰਬਾਣੀ ਦੇ ਵਿਆਖਿਆਕਾਰ ਸਨ। ਇਸ ਲਈ ਆਪ ਨੂੰ ਪਰਿਵਾਰਕ ਮਾਹੌਲ ਹੀ ਅਜਿਹਾ ਮਿਲਿਆ ਸੀ, ਜਿਸ ਦਾ ਅਸਰ ਆਪ ਦੀਆਂ ਰਚਨਾਵਾਂ ਵਿਚੋਂ ਸਹਿਜੇ ਹੀ ਵੇਖਿਆ ਜਾ ਸਕਦਾ ਹੈ।
ਭਾਵੇਂ ਆਪ ਨੇ ਪੰਜਾਬੀ ਸਾਹਿਤ ਦੇ ਹਰੇਕ ਰੂਪ ਨੂੰ ਸਿਰਜਿਆ ਹੈ ਜਿਵੇਂ ਪੱਤਰਕਾਰੀ, ਨਾਵਲਕਾਰੀ, ਇਤਿਹਾਸਕ, ਧਾਰਮਕ ਰਚਨਾਵਾਂ ਤੇ ਕਵਿਤਾਵਾਂ ਪਰ ਇੱਥੇ ਆਪ ਦਾ ਮਹਾਨ ਕਵੀ ਵਜੋਂ ਜ਼ਿਕਰ ਕੀਤਾ ਜਾਵੇਗਾ।
ਪ੍ਰਮੁੱਖ ਰਚਨਾਵਾਂ: ਭਾਈ ਸਾਹਿਬ ਜੀ ਦੀਆਂ ਪ੍ਰਮੁੱਖ ਕਾਵਿ-ਰਚਨਾਵਾਂ ਹਨ-ਲਹਿਰਾਂ ਦੇ ਹਾਰ , ਬਿਜਲੀਆਂ ਦੇ ਹਾਰ, ਮਟਕ ਹੁਲਾਰੇ, ਪੀਤ ਵੀਣਾ, ਕੰਬਦੀ ਕਲਾਈ, ਕੰਤ ਮਹੇਲੀ ਦਾ, ਬਾਰਾਂਮਾਹ, ਮੇਰੇ ਸਾਈਆਂ ਜੀਓ, ਰਾਣਾ ਸੂਰਤ ਸਿੰਘ (ਮਹਾਂਕਾਵਿ ਆਪ ਦੀ ਹਰ ਕਵਿਤਾ ਵਿਚ ਕੋਈ ‘ਮਟਕ ਹੁਲਾਰਾ’ ਹੈ, ਜੋ ਮਨੁੱਖੀ ਮਨ ਤੇ ਕੁਦਰਤ ਵਿਚ ਉਠਦੀਆਂ ਲਹਿਰਾਂ ਵਾਂਗ ਹੈ, ਬਿਜਲੀਆਂ ਦੇ ਲਿਸ਼ਕਦੇ ਹਾਰਾਂ ਵਾਂਗ ਹੈ। ਇਨ੍ਹਾਂ ਦਾ ਵਿਸ਼ਾ ਅਧਿਆਤਮਕ ਤੇ ਸਦਾਚਾਰਕ ਹੈ। ਰਹੱਸਵਾਦੀ ਭਾਵਾਂ ਵਾਲਾ ਹੈ ਜਿਸ ਵਿਚ ਡੂੰਘੀ ਰਮਜ਼ ਛੁਪੀ ਹੋਈ ਹੈ :
ਸੁਪਨੇ ਵਿਚ ਤੁਸੀਂ ਮਿਲੇ ਅਸਾਨੂੰ ਅਸਾਂ ਧਾ ਗਲਵਕੜੀ ਪਾਈ।
ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ।
ਆਪ ਨੂੰ ਨਿੱਕੀਆਂ ਕਵਿਤਾਵਾਂ ਦਾ ਵੱਡਾ ਕਵੀਂ ਕਿਹਾ ਜਾਂਦਾ ਹੈ ਕਿਉਂਕਿ ਨਿੱਕੀਆਂ-ਨਿੱਕੀਆਂ ਕਾਵਿ ਟੁਕੜੀਆਂ ਵਿਚ ਆਪ ਨੇ ਉਹ ਮਹਾਨ ਗੱਲਾਂ ਭਰ ਦਿੱਤੀਆਂ, ਜੋ ਲੰਮੀਆਂ ਕਵਿਤਾਵਾਂ ਦੇ ਹਿੱਸੇ ਵੀ ਨਹੀਂ ਆਈਆਂ; ਜਿਵੇਂ
ਹੋਸ਼ਾਂ ਨਾਲੋਂ ਮਸਤੀ ਚੰਗੀ ਰੱਖਦੀ ਸਦਾ ਟਿਕਾਣੇ
ਦੇਸ ਇਕ ਬੂੰਦ ਸੁਰਾਹੀਓਂ ਸਾਨੂੰ
ਇਕ ਹੀ ਦੇਸ ਸਾਈਆਂ
ਮੇਰੀ ਛਿਪੇ ਰਹਿਣ ਦੀ ਚਾਹ, ਛਿਪੇ ਟੁਰ ਜਾਣ ਦੀ
ਹਾਂ ਪੂਰੀ ਹੁੰਦੀ ਨਾਂਹ, ਮੈਂ ਤਰਲੇ ਲੈ ਰਿਹਾ |
ਕੁਦਰਤ ਦਾ ਕਵੀ : ਆਪ ਨੂੰ ਕੁਦਰਤ ਦਾ ਕਵੀਂ’ ਵੀ ਕਿਹਾ ਜਾਂਦਾ ਹੈ। ਆਪ ਨੇ ਕਵਿਤਾਵਾਂ ਵਿਚ ਪ੍ਰਕਿਰਤੀ ਦੇ ਵੱਖੋ-ਵੱਖਰੇ ਰੂਪਾਂ ਦੇ ਪ੍ਰਤੀਕਾਤਮਕ ਅਰਥ ਦਰਸਾਏ ਹਨ। ਪ੍ਰਕਿਰਤੀ ਨੂੰ ਮਾਧਿਅਮ ਬਣਾ ਕੇ ਪਰਮਾਤਮਾ ਨਾਲ ਸਾਂਝ ਦਰਸਾਈ ਹੈ। ਗੁਰਮਤਿ ਦੇ ਰਹੱਸਵਾਦ ਦੀ ਵਿਆਖਿਆ ਕਰਕੇ ਪ੍ਰਕਿਰਤੀ ਨੂੰ ਵਿਸਮਾਦਮਈ ਰੂਪ ਵਿਚ ਪੇਸ਼ ਕੀਤਾ ਹੈ, ਜਿਵੇਂ :
ਵੈਰੀ ਨਾਗ ਤੋ ਪਹਿਲਾ ਝਲਕਾ ਜਦ
ਅੱਖੀਆਂ ਵਿਚ ਵੱਜਦਾ
ਕੁਦਰਤ ਦੇ ਕਾਦਰ ਦਾ ਜਲਵਾ
ਲੈ ਲੈਂਦਾ ਇਕ ਸਿਜਦਾ। ਆਪ ਦੀਆਂ ਅਨੇਕਾਂ ਕਵਿਤਾਵਾਂ ਅਜਿਹੀਆਂ ਹਨ, ਜੋ ਜ਼ਿੰਦਗੀ ਨੂੰ ਸੇਧ ਦੇਣ ਵਾਲੀਆਂ ਹਨ, ਜਿਵੇਂ ਸਮੇਂ ਦੀ ਕਦਰ ਕਰਨ ਬਾਰੇ ।
ਰਹੀ ਵਾਸਤੇ ਘੱਤ ਸਮੇਂ ਨੇ ਇਕ ਨਾ ਮੰਨੀ।
ਫੜ ਫੜ ਰਹੀ ਧਰੀਕ ਸਮੇਂ ਖਿਸਕਾਈ ਕੰਨੀ।
ਇਹ ਠਹਿਰਨ ਜਾਚ ਨਾ ਜਾਣਦਾ।
ਲੰਘ ਗਿਆ ਨਾ ਮੁੜ ਕੇ ਆਂਵਦਾ।
ਇਸੇ ਤਰ੍ਹਾਂ ਜ਼ਿੰਦਗੀ ਵਿਚ ਨਿਰੰਤਰ ਗਤੀਸ਼ੀਲ ਰਹਿਣ ਦੀ ਪ੍ਰੇਰਨਾ ਦੇਣ ਲਈ ‘ਇੱਛਾਬਲ ਤੇ ਡੂੰਘੀਆਂ ਸ਼ਾਮਾਂ ਕਵਿਤਾ:
ਸੰਝ ਹੋਈ ਪਰਛਾਵੇਂ ਢਲ ਗਏ
ਤੂੰ ਇੱਛਾਬਲ ਕਿਉਂ ਜਾਰੀ ?
…….. ਨੇਹੁ ਵਾਲੇ ਨੈਣਾਂ ਕੀ ਦਰ
ਉਹ ਦਿਨੇ ਰਾਤ ਪਏ ਵਹਿੰਦੇ।
ਆਪ ਦਾ ਕਵਿਤਾਵਾਂ ਰਾਹੀਂ ਸਿਖਿਆਵਾਂ ਦੇਣ ਦਾ ਢੰਗ ਨਿਵੇਕਲਾ ਤੇ ਨਿਰਾਲਾ ਹੈ। ਪ੍ਰਕਿਰਤੀ ਅਤੇ ਉਸ ਦੀ ਕਾਇਨਾਤ ਦੇ ਹਸੀਨ ਤੋਹਫ਼ਿਆਂ ਨੂੰ ਕਿਵੇਂ ਮਾਣਨਾ ਹੈ ? ਇਸ ਬਾਰੇ ‘ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ ਕਵਿਤਾ ‘ਤੇਲ ਤੁਪਕੇ ਰਾਹੀਂ ਸਮਝਾ ਰਹੇ ਹਨ।
ਆਪ ਨੇ ਪ੍ਰਕਿਰਤੀ ਦੇ ਮਾਨਵੀਕਰਨ ਦੀ ਜੁਗਤ ਰਾਹੀਂ ਸਮਝਾਇਆ ਹੈ; ਜਿਵੇਂ ਗੁਲਾਬ ਦੇ ਫੁੱਲ ਦੇ ਮੂੰਹੋ, ਚਸ਼ਮੇ ਤੋਂ ਅਤੇ ਕਈ ਹੋਰ ਵਸਤਾਂ ਤੋਂ ਉਨ੍ਹਾਂ ਦੀ ਜ਼ਬਾਨੀ ਮਨੁੱਖ ਨੂੰ ਸੇਧ ਦਿੱਤੀ ਹੈ।
ਸੁਰ-ਲੈਅ-ਤਾਲ : ਆਪ ਦੀਆਂ ਕਵਿਤਾਵਾਂ ਸੁਰ-ਲੈਅ-ਤਾਲ ਵਿਚ ਰੰਗੀਆਂ ਹੋਈਆਂ ਸਰਲ ਸ਼ਬਦਾਵਲੀ ਵਾਲੀਆਂ ਸਹਿਜੇ ਹੀ ਜ਼ਬਾਨ ‘ਤੇ ਚੜ੍ਹ ਜਾਣ ਦਾ ਗੁਣ ਰੱਖਦੀਆਂ ਹਨ, ਜਿਵੇਂ :
ਡਾਲੀ ਨਾਲੋਂ ਤੋੜ ਨਾ ਸਾਨੂੰ
ਅਸਾਂ ਹੱਟ ਮਹਿਕ ਦੀ ਲਾਈ।
ਸਾਬਣ ਲਾ ਲਾ ਧੋਤਾ ਕੋਲਾ
ਦੁੱਧ ਦਹੀਂ ਵਿਚ ਪਾਇਆ
ਖੁੰਬ ਚਾੜ੍ਹ ਰੰਗਣ ਵੀ ਧਰਿਆ
ਰੰਗ ਨਾ ਓਸ ਵਟਾਇਆ।
ਇਸ ਤਰ੍ਹਾਂ ਆਪ ਦੀ ਹਰ ਕਵਿਤਾ ਅਰਸ਼ੀ-ਹੁਲਾਰਿਆਂ ਵਾਲੀ, ਡੂੰਘੇ ਅਰਥਾਂ ਵਾਲੀ, ਰਹੱਸਵਾਦੀ, ਦਾਰਸ਼ਨਿਕ ਆਦਿ ਪ੍ਰਭਾਵ ਵਾਲੀ ਹੈ। ਜੋ ਲੰਮਾ ਸਮਾਂ ਬੀਤ ਜਾਣ ਦੇ ਬਾਅਦ ਅੱਜ ਵੀ ਨਵੇਂ ਤੇ ਸੱਜਰੇ ਭਾਵਾਂ ਵਾਲੀ ਜਾਪਦੀ ਹੈ, ਜਿਸ ਵਿਚ ਪਾਠਕਾਂ ਨੂੰ ਆਪਣੇ ਵੱਲੋਂ ਕੀਲਣ ਦੀ ਤੀਬਰ ਸ਼ਕਤੀ ਹੈ।
Nice essay