ਮੇਰਾ ਮਨ ਭਾਉਂਦਾ ਕਵੀ
Mera Mann Pasand Kavi
ਜਾਣ-ਪਛਾਣ : ਪੰਜਾਬੀ ਸਾਹਿਤ ਵਿਚ ਬਾਬਾ ਫ਼ਰੀਦ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ, ਵਾਰਸ ਸ਼ਾਹ, ਹਾਸ਼ਮ, ਭਾਈ ਵੀਰ ਸਿੰਘ, ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਪ੍ਰੋ. ਪੂਰਨ ਸਿੰਘ, ਧਨੀ ਰਾਮ ਚਾਤ੍ਰਿਕ, ਬਾਵਾ ਬਲਵੰਤ ਤੇ ਸ਼ਿਵ ਕੁਮਾਰ ਵਰਗੇ ਉੱਘੇ ਕਵੀ ਹੋਏ ਹਨ, ਪਰ ਇਹਨਾਂ ਵਿਚੋਂ ਮੇਰਾ ਮਨ-ਭਾਉਂਦਾ ਕਵੀ ਭਾਈ ਵੀਰ ਸਿੰਘ ਹੈ। ਉਹ 19ਵੀਂ ਸਦੀ ਦੇ ਅੰਤ ਅਤੇ 20ਵੀਂ ਸਦੀ ਦੇ ਸ਼ੁਰੂ ਵਿਚ ਇਕ ਅਜਿਹਾ ਕਵੀ ਹੋਇਆ ਹੈ, ਜਿਸ ਨੂੰ ਨਾ ਕੇਵਲ ਕਵਿਤਾ ਦੀਆਂ ਪੁਰਾਤਨ ਲੀਹਾਂ ਨੂੰ ਛੱਡ ਕੇ ਨਵੀਨ ਨਿੱਕੀ ਕਵਿਤਾ ਅਤੇ ਮਹਾਂਕਾਵਿ ਨੂੰ ਜਨਮ ਦਿੱਤਾ, ਸਗੋਂ ਵਾਰਤਕ ਨੂੰ ਵੀ ਨਵਾਂ ਰੂਪ ਅਤੇ ਸ਼ੈਲੀ ਦਿੱਤੀ। ਇਸੇ ਕਰਕੇ ਭਾਈ ਵੀਰ ਸਿੰਘ ਮੇਰਾ ਮਨ-ਭਾਉਂਦਾ ਕਵੀ ਹੈ।
ਜਨਮ ਅਤੇ ਪਿਛੋਕੜ : ਭਾਈ ਵੀਰ ਸਿੰਘ ਦਾ ਜਨਮ ਸੰਨ 1872 ਨੂੰ ਅੰਮ੍ਰਿਤਸਰ ਵਿਖੇ , ਕੱਟੜਾ ਗਰਭਾ ਸਿੰਘ ਵਿਚ ਡਾਕਟਰ ਚਰਨ ਸਿੰਘ ਦੇ ਘਰ ਹੋਇਆ। ਆਪ ਦੇ ਪਿਤਾ ਅਤੇ ਨਾਨਾ ਸੰਸਕ੍ਰਿਤ ਅਤੇ ਬਜ ਭਾਸ਼ਾ ਦੇ ਬੜੇ ਵਿਦਵਾਨ ਸਨ। ਇਸ ਕਰਕੇ ਵਿੱਦਿਆ ਭਾਈ ਵੀਰ ਸਿੰਘ ਜੀ ਨੂੰ ਵਿਰਸੇ ਵਿਚ ਮਿਲੀ।
ਵਿੱਦਿਆ : ਆਪ ਨੇ ਸੰਨ 1891 ਵਿਚ ਦਸਵੀਂ ਪਾਸ ਕੀਤੀ ਅਤੇ ਜ਼ਿਲਾ ਬੋਰਡ ਅੰਮ੍ਰਿਤਸਰ ਵਲੋਂ ਸੋਨੇ ਦਾ ਤਮਗਾ ਪ੍ਰਾਪਤ ਕੀਤਾ।
ਸਮਾਜਿਕ ਅਤੇ ਸਾਹਿਤਕ ਸਰਗਰਮੀਆਂ : ਸਿੰਘ ਸਭਾ ਲਹਿਰ ਦਾ ਜਨਮ ਹੋਣ ਤੇ ਆਪ ਨੇ ਲਹਿਰ ਦੀ ਅਗਵਾਈ ਸੰਭਾਲੀ ਅਤੇ ਖਾਲਸਾ ਟੈਕਟ ਸੁਸਾਇਟੀ ਦੀ ਨੀਂਹ ਰੱਖੀ। ਚੀਫ ਖਾਲਸਾ ਦੀਵਾਨ ਦੀ ਸਥਾਪਨਾ ਵੀ ਆਪ ਦੀਆਂ ਕੋਸ਼ਿਸ਼ਾਂ ਨਾਲ ਹੀ ਹੋਈ। ਆਪ ਦੀ ਪਹਿਲੀ ਸਾਹਿਤਕ ਰਚਨਾ ‘ਸੁੰਦਰੀ ਨਾਵਲ (1897) ਸੀ। ਆਪ ਨੇ ਕਈ ਸੁਧਾਰਕ ਅਤੇ ਲੋਕਹਿਤੂ ਕੇਂਦਰ ਖੋਲ੍ਹੇ।
ਸਨਮਾਨ : ਸੰਨ 1949 ਵਿਚ ਪੰਜਾਬ ਯੂਨੀਵਰਸਿਟੀ ਨੇ ਆਪ ਨੂੰ ਡਾਕਟਰ ਆਫ਼ ਓਰੀਐਂਟਲ ਬਰਨਿੰਗ ਦੀ ਡਿਗਰੀ ਦਿੱਤੀ। ਸੰਨ 1952 ਵਿਚ ਆਪ ਪੰਜਾਬ ਵਿਧਾਨ ਪ੍ਰੀਸ਼ਦ ਅਤੇ 2 ਸਾਲਾਂ ਮਗਰੋਂ ਸਾਹਿਤ ਅਕਾਦਮੀ ਦੇ ਮੈਂਬਰ ਨਾਮਜ਼ਦ ਹੋਏ।
ਆਪ ਦੀਆਂ ਰਚਨਾਵਾਂ : ਆਪ ਨੇ ਪੰਜਾਬੀ ਸਾਹਿਤ ਨੂੰ ਹੇਠ ਲਿਖੀਆਂ ਕਾਵਿਰਚਨਾਵਾਂ ਦਿੱਤੀਆਂ
‘ਰਾਣਾ ਸੂਰਤ ਸਿੰਘ (ਮਹਾਂ-ਕਾਵਿ), “ਲਹਿਰਾਂ ਦੇ ਹਾਰ’, ‘ਬਿਜਲੀਆਂ ਦੇ ਹਾਰ’, ਮਟਕ ਹੁਲਾਰੇ’, ‘ਕੰਬਦੀ ਕਲਾਈ’, ‘ਕੰਤ ਸਹੇਲੀ’, ‘ਪ੍ਰੀਤ ਵੀਣਾ ਤੇ ਮੇਰੇ ਸਾਈਆਂ ਜੀਓ (ਸਾਰੇ ਕਾਵਿ ਸੰਗ੍ਰਹਿ)
ਪਹਿਲਾ ਮਹਾਂ-ਕਾਵਿ ਲੇਖਕ : ਭਾਈ ਸਾਹਿਬ ਪੰਜਾਬੀ ਸਾਹਿਤ ਵਿਚ ਪਹਿਲੇ ਮਹਾਂ ਕਾਵਿ ਲੇਖਕ ਸਨ। ਆਪ ਦੇ ਮਹਾਂ-ਕਾਵਿ ‘ਰਾਣਾ ਸੂਰਤ ਸਿੰਘ ਨੂੰ ‘ਸਿੱਖ ਰਹਸੱਵਾਦ ਦੀ ਵਿਆਖਿਆ ਵੀ ਕਿਹਾ ਜਾ ਸਕਦਾ ਹੈ।
ਸੰਨ 1956 ਵਿਚ ਉਹਨਾਂ ਨੇ ਪੰਜਾਬੀ ਸਾਹਿਤ ਲਈ ਮੇਰੇ ਸਾਈਆਂ ਜੀਓ` ਕਾਵਿ ਸੰਗਹਿ ਲਿਖਿਆ। ਜਿਸ ਦੇ ਬਦਲੇ ਆਪ ਨੂੰ ਭਾਰਤ ਸਰਕਾਰ ਵਲੋਂ ਪੰਜਾਹ ਹਜ਼ਾਰ ਰੁਪਏ ਦਾ ਇਨਾਮ ਮਿਲਿਆਂ।
‘ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ’ : ਭਾਈ ਵੀਰ ਸਿੰਘ ਨੂੰ ‘ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਕਿਹਾ ਜਾਂਦਾ ਹੈ। ਭਾਈ ਵੀਰ ਸਿੰਘ ਦੀਆਂ ਛੋਟੀਆਂ ਕਵਿਤਾਵਾਂ ਦੇ ਪੱਖੋਂ ਉਹਨਾਂ ਦੀਆਂ ਵੱਡੀਆਂ ਕਵਿਤਾਵਾਂ ਨਾਲੋਂ ਪ੍ਰਸਿੱਧ ਹਨ। ਉਹਨਾਂ ਦਾ ਪ੍ਰਭਾਵ ਇੰਨਾ ਜ਼ੋਰਦਾਰ ਹੈ ਕਿ ਉਹਨਾਂ ਦੀਆਂ ਕਈ ਸਤਰਾਂ ਪਾਠਕਾਂ ਨੂੰ ਪੜ੍ਹਦਿਆਂ-ਪੜ੍ਹਦਿਆਂ ਸਹਜੇ ਹੀ ਯਾਦ ਹੋ ਜਾਂਦੀਆਂ ਹਨ।
ਪ੍ਰਕ੍ਰਿਤੀ ਵਰਣਨ : ਆਪ ਨੇ ਕੁਦਰਤ ਵਿਚ ਪ੍ਰਭੂ ਨੂੰ ਵੱਸਦਾ ਦੇਖਿਆ ਹੈ ਅਤੇ ਕੁਦਰਤ ਤੋਂ ਖੇੜਾ ਪ੍ਰਾਪਤ ਕੀਤਾ ਹੈ।
ਮਹਾਨ ਸਾਹਿਤਕਾਰ : ਭਾਈ ਵੀਰ ਸਿੰਘ ਨਵੀਨ ਪੰਜਾਬੀ ਕਵਿਤਾ ਦੇ ਬਾਨੀ ਹਨ। ਉਹਨਾਂ ਨੇ ਪੰਜਾਬੀ ਵਿਚ ਮਹਾਂ-ਕਾਵਿ ਲਿਖਣ ਦੀ ਪਹਿਲ ਕੀਤੀ ਅਤੇ ਨਾਲ ਹੀ ਛੋਟੀਆਂ ਕਵਿਤਾਵਾਂ ਲਿਖਣ ਦੀ ਲੀਹ ਪਾਈ। ਪੰਜਾਬੀ ਗੀਤਾਂ ਦੇ ਵੀ ਉਹ ਮੋਢੀ ਸਨ। ਇਹਨਾਂ ਗੁਣਾਂ ਕਰਕੇ ਭਾਈ ਵੀਰ ਸਿੰਘ ਮੇਰਾ ਮਨ-ਭਾਉਂਦਾ ਕਵੀ ਹੈ।ਸੰਨ 1957 ਵਿਚ ਸਾਥੋਂ ਇਕ ਮਹਾਨ ਸਾਹਿਤਕਾਰ ਹਮੇਸ਼ਾ ਹਮੇਸ਼ਾ ਲਈ ਵਿਛੜ ਗਿਆ।