ਮੇਰਾ ਮਨ-ਭਾਉਂਦਾ ਨਾਵਲਕਾਰ
Mera Man Pasand Novelkar
ਰੂਪ-ਰੇਖਾ- ਮਹਾਨ ਨਾਵਲਕਾਰ, ਜਨਮ ਤੇ ਸਿੱਖਿਆ, ਲੇਖਕਾਂ ਦੇ ਪ੍ਰਭਾਵ ਅਤੇ ਸੁਧਾਰਵਾਦੀ ਰਚਨਾ, ਗੁਰਬਖਸ਼ ਸਿੰਘ ਦਾ ਪ੍ਰਭਾਵ ਤੇ ਸਮਾਜ ਸੁਧਾਰ | ਵਿੱਚ ਹਿੱਸਾ, ਪ੍ਰਚਾਰਕ ਤੇ ਬਗਾਵਤੀ ਰੁਚੀਆਂ, ਸਭ ਤੋਂ ਵੱਡਾ ਨਾਵਲਕਾਰ, ਸਾਰ-ਅੰਸ਼।
ਮਹਾਨ ਨਾਵਲਕਾਰ ਨਾਨਕ ਸਿੰਘ ਨੂੰ ਪੰਜਾਬੀ ਨਾਵਲ ਦੇ ਇਤਿਹਾਸ ਵਿੱਚ ਉਹ ਮਹੱਤਵਪੂਰਨ ਸਥਾਨ ਪ੍ਰਾਪਤ ਹੈ, ਜੋ ਭਾਈ ਵੀਰ ਸਿੰਘ ਨੂੰ ਆਧੁਨਿਕ ਕਵਿਤਾ ਦੇ ਇਤਿਹਾਸ ਵਿੱਚ, ਗੁਰਬਖ਼ਸ਼ ਸਿੰਘ ਨੂੰ ਆਧੁਨਿਕ ਗੱਦ, ਕਰਤਾਰ ਸਿੰਘ ਦੁੱਗਲ ਨੂੰ ਆਧੁਨਿਕ ਕਹਾਣੀ ਦੇ ਅਤੇ ਸੰਤ ਸਿੰਘ ਸੇਖੋਂ ਨੂੰ ਆਧੁਨਿਕ 2 ਆਲੋਚਨਾ ਦੇ ਇਤਿਹਾਸ ਵਿੱਚ ਪ੍ਰਾਪਤ ਹੈ। ਨਾਨਕ ਸਿੰਘ ਨੇ ਨਵੇਂ ਨਾਵਲ ਦਾ ਆਪਣੀ ਕਲਾ-ਨਿਪੁੰਨਤਾ ਨਾਲ ਸੰਪੂਰਨ ਤੌਰ ਤੇ ਵਿਕਾਸ ਕੀਤਾ। ਉਸ ਨੇ ਪੰਜਾਬੀ ਸਾਹਿਤ ਲਈ 40-45 ਸਾਲ ਲਗਾਤਾਰ ਨਾਵਲ ਅਤੇ ਹੋਰ ਸਾਹਿਤ ਰਚਿਆ। ਨਾਨਕ ਸਿੰਘ ਨੇ ਵਾਲਟਰ ਸਕਾਟ ਵਾਂਗ ਬਹੁਤ ਸਾਰੇ ਨਾਵਲ ਲਿਖੇ ਅਤੇ ਉਹਨਾਂ ਵਿੱਚ ਚਾਰਲਸ ਡਿਕਨਜ਼ ਵਰਗੀ ਸਧਾਰਨਤਾ ਵੀ ਪੇਸ਼ ਕੀਤੀ ਹੈ।
ਜਨਮ ਤੇ ਸਿੱਖਿਆ- ਨਾਨਕ ਸਿੰਘ ਦਾ ਜਨਮ 4 ਜੁਲਾਈ, 1897 ਈ: ਨੂੰ ਚੱਕ ਹਮੀਦ, ਜ਼ਿਲ੍ਹਾ ਜਿਹਲਮ ਵਿਖੇ ਹੋਇਆ। ਆਪ ਦੇ ਪਿਤਾ ਦਾ ਨਾਮ ਬਹਾਦਰ ਚੰਦ ਸੀ। ਨਾਨਕ ਸਿੰਘ ਦਾ ਪਹਿਲਾ ਨਾਂ ਹੰਸ ਰਾਜ ਸੀ। ਉਸ ਦੇ ਪਿਤਾ ਜੀ ਉਸ ਸਮੇਂ ਚਲਾਣਾ ਕਰ ਗਏ, ਜਦੋਂ ਉਹ ਬਚਪਨ ਵਿੱਚ ਸੀ। ਪਿਤਾ ਜੀ ਦੀ ਮੌਤ ਤੋਂ। ਬਾਅਦ ਉਸ ਨੂੰ ਕਰੜੇ ਸੰਘਰਸ਼ ਵਿੱਚੋਂ ਲੰਘਣਾ ਪਿਆ। ਥੋੜਾ ਵੱਡਾ ਹੋਣ ਤੇ ਉਸ ਨੇ ਗਿਆਨੀ ਬਾਗ ਸਿੰਘ ਦੇ ਪ੍ਰਭਾਵ ਹੇਠ ਸਿੱਖ ਧਰਮ ਵਿੱਚ ਪ੍ਰਵੇਸ਼ ਕੀਤਾ ਤੇ ਉਹ ਹੰਸ ਰਾਜ ਤੋਂ ਨਾਨਕ ਸਿੰਘ ਬਣ ਗਿਆ।
ਨਾਨਕ ਸਿੰਘ ਨੂੰ ਸਕੂਲ-ਕਾਲਜ ਵਿੱਚ ਜਾਣ ਦਾ ਮੌਕਾ ਨਹੀਂ ਮਿਲਿਆ ਤੇ ਨਾ ਹੀ ਉਹ ਉੱਚੀ ਵਿੱਦਿਆ ਪ੍ਰਾਪਤ ਕਰ ਸਕੇ। ਉਸ ਨੇ ਆਪਣੀ ਮਿਹਨਤ ਤੇ ਲਗਨ ਨਾਲ ਪੰਜਾਬੀ, ਹਿੰਦੀ ਤੇ ਉਰਦੂ ਸਿਖਿਆ।
1922-23 ਵਿੱਚ ਉਸ ਨੇ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਗ੍ਰਿਫ਼ਤਾਰੀ ਦਿੱਤੀ। ਜੇਲ੍ਹ ਵਿੱਚ ਮੁਨਸ਼ੀ ਪ੍ਰੇਮ ਚੰਦ ਦੇ ਨਾਵਲਾਂ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਨਾਵਲ ਰਚਨਾ ਆਰੰਭ ਕੀਤੀ ਤੇ ਜੇਲ੍ਹ ਤੋਂ ਬਾਹਰ ਆ ਕੇ ਉਹ ਮਰਦੇ ਦਮ ਤੱਕ (1972 ਈ:) ਨਾਵਲ ਤੇ ਕਹਾਣੀ ਰਚਨਾ ਕਰਦਾ ਰਿਹਾ।
ਲੇਖਕਾਂ ਦੇ ਪ੍ਰਭਾਵ ਤੇ ਸੁਧਾਰਵਾਦੀ ਰਚਨਾ- ਨਾਨਕ ਸਿੰਘ ਦੀ ਰਚਨਾ ਉਪਰ ਮੁਨਸ਼ੀ ਪ੍ਰੇਮ ਚੰਦ, ਭਾਈ ਵੀਰ ਸਿੰਘ ਤੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦਾ ਬਹੁਤ ਪ੍ਰਭਾਵ ਪਿਆ। ਭਾਈ ਵੀਰ ਸਿੰਘ ਦੇ ਨਾਵਲਾਂ ਤੋਂ ਨਾਨਕ ਸਿੰਘ ਨੂੰ ਸਮਾਜ ਸੁਧਾਰ ਦਾ ਵਿਸ਼ਾ ਮਿਲਿਆ। ਸਮਾਜ-ਸੁਧਾਰ ਵੀਹਵੀਂ ਸਦੀ ਦੀ ਸਭ ਤੋਂ ਵੱਡੀ ਲਹਿਰ ਸੀ। ਨਾਨਕ ਸਿੰਘ ਨੇ ਵਿੱਦਿਆ ਪ੍ਰਚਾਰ, ਸਮਾਜਿਕ ਕੁਰੀਤੀਆਂ ਵਿਰੁੱਧ ਪ੍ਰਚਾਰ, ਆਰਥਿਕ ਸੁਧਾਰ, ਅਛੂਤ-ਉਧਾਰ, ਵਿਧਵਾ ਤੇ ਵੇਸਵਾ ਸੁਧਾਰ ਆਦਿ ਸਭ ਵਿਸ਼ਿਆਂ ਬਾਰੇ ਲਿਖਿਆ। ਉਸ ਦੇ “ਮਤਰੇਈ ਮਾਂ, ਪ੍ਰੇਮ ਸੰਗੀਤ, “ਮਿੱਠਾ ਮਹੁਰਾ’ ਨਾਵਲ ਕਾਫੀ ਹਰਮਨ ਪਿਆਰੇ ਹੋਏ, ਪਰ ਉਸ ਨੂੰ ਅਸਲ ਪ੍ਰਸਿੱਧੀ 1932 ਵਿੱਚ ਚਿੱਟਾ ਲਹੂ ਨਾਵਲ ਲਿਖਣ ਤੋਂ ਬਾਅਦ ਮਿਲੀ। ਪਿੰ: ਤੇਜਾ ਸਿੰਘ ਤੇ ਹੋਰ ਅਲੋਚਕਾਂ ਨੇ ਇੰਨੀ ਪ੍ਰਸ਼ੰਸਾ ਕੀਤੀ ਕਿ ਇਸ ਨੂੰ ਹੀ ਨਾਨਕ ਸਿੰਘ ਦਾ ਸ਼ਾਹਕਾਰ ਮੰਨ ਲਿਆ। ਨਾਨਕ ਸਿੰਘ ਨੇ ਆਪਣੇ ਨਾਵਲਾਂ ਰਾਹੀਂ ਇੱਕ ਕਲਾਕਾਰ ਦਾ ਕਰਤੱਵ ਪਾਲਦੇ ਹੋਏ ਭਾਈ ਵੀਰ ਸਿੰਘ ਤੇ ਗੁਰਬਖ਼ਸ਼ ਸਿੰਘ ਤੋਂ ਛੁੱਟ ਸਮਾਜ ਸੁਧਾਰ ਲਈ ਸਭ ਤੋਂ ਵੱਧ ਹਿੱਸਾ ਪਾਇਆ।
ਗੁਰਬਖ਼ਸ਼ ਸਿੰਘ ਦਾ ਪ੍ਰਭਾਵ ਤੇ ਸਮਾਜ ਸੁਧਾਰ ਵਿੱਚ ਹਿੱਸਾ- ਨਾਨਕ ਸਿੰਘ ਉੱਤੇ ਗੁਰਬਖ਼ਸ਼ ਸਿੰਘ ਦਾ ਵੀ ਕਾਫ਼ੀ ਅਸਰ ਪਿਆ।ਉਹ 1938 ਵਿੱਚ ਅੰਮ੍ਰਿਤਸਰ ਛੱਡ ਕੇ ਪ੍ਰੀਤ ਨਗਰ ਜਾ ਵਸਿਆ। ਨਾਨਕ ਸਿੰਘ ਦੀ ਰਚਨਾ ਦਾ ਪਹਿਲਾ 1923 ਤੋਂ 1938 ਤੱਕ ਹੈ ਤੇ ਦੂਜਾ 1938 ਤੋਂ 1947 ਤੱਕ ਹੈ।ਗੁਰਬਖ਼ਸ਼ ਨੇ ਨਾਨਕ ਸਿੰਘ ਦੇ ਅਨੁਭਵ ਨੂੰ ਇਸ ਤਰਾਂ ਚਮਕਾਇਆ ਕਿ ਉਹ ਇਕ ਤਾਂ ਉਹ ਇੱਕ ਨਵੀਂ ਪਿਆਰ ਦੀ ਦੁਨੀਆਂ ਦੇ ਸੁਪਨੇ ਦੇਖਣ ਲੱਗ ਪਿਆ। ਉਸ ਦੀ ਸ਼ੈਲੀ ਵਿੱਚ ਰੋਚਕਤਾ ਆ ਗਈ। ਉਹ ਸਮਾਜ ਸੁਧਾਰਕ ਤੋਂ ਪ੍ਰੀਤ ਪੁਜਾਰੀ ਬਣ ਗਿਆ। “ਅੱਧ ਖਿੜਿਆ ਫੁੱਲ’, ‘ਜੀਵਨ ਸੰਗਰਾਮ’, ‘ਲਵ ਮੈਰਿਜ਼ ਆਦਿ ਨਾਵਲ ਇਸੇ ਪ੍ਰਭਾਵ ਦਾ ਸਿੱਟਾ ਹਨ। ਕੁੱਝ ਸਾਲਾਂ ਬਾਅਦ ਨਾਨਕ ਸਿੰਘ ਅੰਮ੍ਰਿਤਸਰ ਆ ਗਿਆ, ਪਰ ਉਹ ਪ੍ਰੀਤ ਨਗਰ ਦਾ ਪ੍ਰਭਾਵ ਨਾਲ ਹੀ ਲੈ ਆਇਆ। ਗੁਰਬਖ਼ਸ਼ ਸਿੰਘ ਦੇ ਪ੍ਰਭਾਵ ਨਾਲ ਉਸ ਨੂੰ ਲਿੰਗ-ਸੁਤੰਤਰਤਾ, ਇਸਤਰੀ-ਮਰਦ ਬਰਾਬਰੀ, ਪਿਆਰ ਦੀ ਸਮਾਜਿਕ ਕੀਮਤ, ਮਨੁੱਖਤਾ ਨਾਲ ਸੁਨੇਹ, ਸੁਹਜ-ਸੁਆਦ, ਮੌਲਿਕ ਸੋਚ-ਸ਼ਕਤੀ, ਵਿਸ਼ਾਲ ਅਨੁਭਵ, ਇਸਤਰੀ ਮਨ ਦੀ ਖੋਜ, ਆਧੁਨਿਕ ਦ੍ਰਿਸ਼ਟੀਕੋਣ, ਜੀਵਨਜਾਂਚ ਦੇ ਪੱਛਮੀ ਸਿਧਾਂਤ, ਸ਼ੈ-ਪੜਚੋਲ, ਘਰ ਤੇ ਸਮਾਜ ਨਾਲ ਪਿਆਰ ਭਰੀ ਸਾਂਝ, ਨਰੋਏ ਜੀਵਨ ਦਾ ਖੇੜੇ ਭਰਪੂਰ ਸੰਦੇਸ਼ ਆਦਿ ਵਿਚਾਰ ਪ੍ਰਾਪਤ ਹੋਏ। ਗੁਰਬਖ਼ਸ਼ ਸਿੰਘ ਤੇ ਨਾਨਕ ਸਿੰਘ ਦੇ ਇਸ ਸੰਪਰਕ ਨੇ ਸਾਂਝ ਤੇ ਪੰਜਾਬੀ ਸਾਹਿਤ ਨੂੰ ਬਹੁਤ ਪ੍ਰਫੁੱਲਤ ਕੀਤਾ। 1947 ਦੇ ਘੱਲੂਘਾਰੇ ਦਾ ਦੋਹਾਂ ਸਾਹਿਤਕਾਰਾਂ ਉੱਪਰ ਬਹੁਤ ਅਸਰ ਹੋਇਆ। ਦੋਹਾਂ ਨੇ ਸਮਾਜ ਨੂੰ ਬਦਲਣ ਲਈ ਕ੍ਰਾਂਤੀਕਾਰੀ ਵਿਚਾਰ ਦਿੱਤੇ।
ਪ੍ਰਚਾਰਕ ਤੇ ਬਗਾਵਤੀ (ਵਿਦਰੋਹੀ) ਰੁਚੀਆਂ- ਉਸ ਦੀ ਰਚਨਾ ਦਾ ਤੀਜਾ ਕਾਲ 1947 ਤੋਂ 1972 ਤੱਕ ਹੈ। ਇਸ ਵਿੱਚ ਉਸ ਨੇ ਨਵੇਂ ਦ੍ਰਿਸ਼ਟੀਕੋਣ ਅਨੁਸਾਰ ਨਾਵਲਾਂ ਦੀ ਰਚਨਾ ਕੀਤੀ। ਇਸ ਕਾਲ ਦੇ ਨਾਵਲਾਂ ਵਿੱਚ ‘ਮੰਝਧਾਰ , ‘ਚਿਤਰਕਾਰ’, ‘ਕੱਟੀ ਹੋਈ ਪਤੰਗ’, ‘ਆਦਮਖੋਰ’, ‘ਸੰਗਮ’ ‘ਬੰਜਰ ਤੇ ਪੁਜਾਰੀ ਪ੍ਰਸਿੱਧ ਨਾਵਲ ਹਨ। 1947 ਦੇ ਦੁਖਾਂਤ ਦਾ ਉਸ ਦੇ ਮਨ ਤੇ ਇੰਨਾ ਅਸਰ ਹੋਇਆ ਕਿ ਉਹ ਪੂੰਜੀਵਾਦ ਵਿਰੁੱਧ ਬਾਗੀ ਹੋ ਗਿਆ। ਉਹ ਰਾਜਸੀ ਆਸ਼ੇ ਪ੍ਰਗਟ ਕਰਨ ਵਾਲਾ ਅਗਾਂਹ-ਵਧੂ ਕਲਾਕਾਰ ਬਣ ਗਿਆ। 1947 ਤੋਂ ਮਗਰੋਂ ਉਹ ਵਿਦਰੋਹੀ ਨਾਵਲਕਾਰ ਪ੍ਰਤੀਤ ਹੁੰਦਾ ਹੈ।‘ਇੱਕ ਮਿਆਨ ਦੋ ਤਲਵਾਰਾਂ ਉਸ ਨੇ ਸਭ ਤੋਂ ਸਫ਼ਲ ਇਤਿਹਾਸਿਕ ਨਾਵਲ ਲਿਖਿਆ। ਉਸ ਦੇ ਨਾਵਲਾਂ ਦੀ ਗਿਣਤੀ ਚਾਰ ਦਰਜਨ ਦੇ ਕਰੀਬ ਹੈ।
ਸਭ ਤੋਂ ਵੱਡਾ ਨਾਵਲਕਾਰ ਨਾਨਕ ਸਿੰਘ ਪੰਜਾਬੀ ਦਾ ਸਭ ਤੋਂ ਵੱਡਾ ਨਾਵਲਕਾਰ ਹੈ। ਉਸ ਨੇ ਜੋ ਕੁਝ ਲਿਖਿਆ ਹੈ, ਸਹਿਜ ਸੁਭਾ ਲਿਖਿਆ ਹੈ ਤੇ ਨਾਵਲ ਦੇ ਆਸ਼ੇ ਤੇ ਪੂਰਾ ਉਤਰਦਾ ਹੈ। ਉਹ ਇੱਕ ਸੁਚੇਤ ਕਲਾਕਾਰ ਸੀ। ਉਸ ਨੇ ਪੰਜਾਬੀ ਸਾਹਿਤ ਨੂੰ ‘ਚਿੱਟਾ ਲਹੂ`, ਅਧਖਿੜਿਆ ਫੁੱਲ’, ‘ਜੀਵਨ ਸੰਗਰਾਮ, ‘ਪਵਿੱਤਰ ਪਾਪੀ’, ‘ਮੰਝਧਾਰ’, ‘ਚਿੱਤਰਕਾਰ’, ਕੱਟੀ ਹੋਈ ਪਤੰਗ’ ਅਤੇ ‘ਇੱਕ ਮਿਆਨ ਦੋ ਤਲਵਾਰਾਂ ਆਦਿ ਨਾਲ ਦਿੱਤੇ ਹਨ। ਉਸ ਦੇ ਨਾਵਲਾਂ ਵਿੱਚ ਕੁਝ ਅਮਰ ਇਸਤਰੀ ਪਾਤਰ ਤੇ ਨਾਇਕਾਵਾਂ ਮਿਲਦੀਆਂ ਹਨ। ਕਹਾਣੀ ਦੀ ਰੋਚਕਤਾ ਵਿੱਚ ਉਸ ਦਾ ਟਾਕਰਾ ਕੋਈ ਨਹੀਂ ਕਰ ਸਕਦਾ। ਉਸ ਦੀ ਕਲਾ ਕਈ ਵਿਕਾਸਪੜਾਵਾਂ ਵਿੱਚੋਂ ਗੁਜ਼ਰਦੀ ਹੋਈ ਵਿਕਾਸ ਕਰਦੀ ਰਹੀ ਹੈ।
ਸਾਰ-ਅੰਸ਼- ਸਾਰੇ ਨਾਵਲਕਾਰਾਂ ਵਿੱਚੋਂ ਨਾਨਕ ਸਿੰਘ ਦਾ ਸਥਾਨ ਨਿਵੇਕਲਾ ਹੈ। 1947 ਤੋਂ ਮਗਰੋਂ ਸੁਰਿੰਦਰ ਸਿੰਘ ਨਰੂਲਾ, ਅੰਮ੍ਰਿਤਾ ਪ੍ਰੀਤਮ, ਜਸਵੰਤ ਸਿੰਘ ਕੰਵਲ ਆਦਿ ਕਈ ਨਾਵਲਕਾਰ ਮੈਦਾਨ ਵਿੱਚ ਆਏ ਹਨ, ਪਰ ਨਾਨਕ ਸਿੰਘ ਦੀ ਥਾਂ ਲੈਣ ਵਾਲਾ ਕੋਈ ਨਹੀਂ। ਭਾਵੇਂ ਇਹਨਾਂ ਸਭ ਦੇ ਨਾਵਲਾਂ ਵਿੱਚ ਕਈ ਸ਼ਲਾਘਾਯੋਗ ਗੱਲਾਂ ਹਨ, ਪਰ ਫਿਰ ਵੀ ਨਾਨਕ ਸਿੰਘ ਦਾ ਨਿਵੇਕਲਾ ਸਥਾਨ ਅਜੇ ਕਾਇਮ ਹੈ, ਇਸ ਲਈ ਉਹ ਮੇਰਾ ਮਨ-ਭਾਉਂਦਾ ਨਾਵਲਕਾਰ ਹੈ।