ਮੰਗਣਾ : ਇਕ ਲਾਹਨਤ
Mangna – Ek Lahnat
ਭੂਮਿਕਾ : ਮੰਗਣਾ ਚਾਹੇ ਕਿਸੇ ਤਰ੍ਹਾਂ ਦਾ ਵੀ ਹੋਵੇ, ਇਕ ਲਾਹਨਤ ਹੈ, ਸਮਾਜ ਦੇ ਮੱਥੇ ‘ਤੇ ਬਦਨੁਮਾ ਦਾਗ ਹੈ। ਇਹ ਮੰਗਤੇ ਵੀ ਸਮਾਜ ‘ਤੇ ਕਲੰਕ ਤੇ ਬੋਝ ਹਨ ਕਿਉਂਕਿ ਕਿਸੇ ਦੇ ਰਹਿਮ ਤੇ ਪਲਣਾ, ਕਿਸੇ ਦੂਸਰੇ ਦੀ ਕਮਾਈ ਖਾਣੀ ਤੇ ਆਪ ਮੁਫ਼ਤਖ਼ੋਰਾ ਬਣ ਕੇ ਸਮਾਜ ਵਿਚ ਵਿਚਰਨਾ ਲਾਹਨਤੀਆਂ ਦਾ ਕੰਮ ਹੁੰਦਾ ਹੈ।
(ਭੀਖ) ਮੰਗਣ ਦੇ ਕਾਰਨ: ਮੰਗਣ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ :
- ਕੁਝ ਮੰਗਤੇ ਮਜਬੂਰੀ-ਵੱਸ ਮੰਗਦੇ ਹਨ, ਜਿਵੇਂ ਅੰਨੇ, ਲੰਗੜੇ , ਕੋਹੜੇ ਜਾਂ ਅੰਗਹੀਣ ਜੋ ਕਿਸੇ ਕਿਸਮ ਦੀ ਸਰੀਰਕ ਮਿਹਨਤ ਕਰਨ ਤੋਂ
- ਅਸਮਰਥ ਹੋਣ।
- ਕੁਝ ਇਸ ਕਰਕੇ ਨਹੀਂ ਮੰਗਦੇ ਕਿ ਉਨ੍ਹਾਂ ਦੇ ਨੈਣ-ਪਾਣ ਠੀਕ ਨਹੀਂ ਹਨ ਬਲਕਿ ਇਸ ਕਰਕੇ ਮੰਗਦੇ ਹਨ ਕਿਉਂਕਿ ਮੰਗਣਾ ਉਨ੍ਹਾਂ ਦਾ ਪਿਤਾ-ਪੁਰਖੀ ਧੰਦਾ ਹੁੰਦਾ ਹੈ; ਜਿਵੇਂ ਸਾਂਹਸੀ, ਬਾਜ਼ੀਗਰ , ਮਰਾਸੀ, ਭਾਟੜੇ ਆਦਿ।
- ਕੁਝ ਧਰਮ ਦੀ ਆੜ ਲੈ ਕੇ ਮੰਗਦੇ ਹਨ, ਇਹ ਹੱਟੇ-ਕੱਟੇ, ਵਿਹਲੜ, ਪਖੰਡੀ-ਸਾਧੂ ਧਾਰਮਕ ਸੰਸਥਾਵਾਂ ਤੇ ਅਨਾਥ-ਆਸ਼ਰਮਾਂ ਦੇ ਨਾਂਅ ‘ਤੇ ਜ਼ਬਰਦਸਤੀ ਉਗਰਾਹੀ ਕਰਦੇ ਹਨ।
- ਕੁਝ ਕੁਦਰਤੀ ਕਰੋਪੀ ਜਿਵੇਂ ਭੂਚਾਲ, ਸੋਕਾ ਜਾਂ ਹੜਾਂ ਤੋਂ ਪੀੜਤ ਹੋ ਕੇ ਮਜਬੂਰਨ ਮੰਗਦੇ ਹਨ।
- ਇਨ੍ਹਾਂ ਤੋਂ ਇਲਾਵਾ ਭੰਡ, ਮਰਾਸੀ, ਖੁਸਰੇ, ਨਾਈ, ਲਾਗੀ, ਛੁਮਾਰ ਆਦਿ ਵੀ ਮੰਗਣ ਵਾਲਿਆਂ ਦੀ ਹੀ ਸ਼੍ਰੇਣੀ ਵਿਚ ਆਉਂਦੇ ਹਨ।
ਮੰਗਣ ਦੇ ਢੰਗ : ਇਹ ਮੰਗਤੇ ਗਲੀਆਂ, ਬਜ਼ਾਰਾਂ, ਬੱਸ-ਅੱਡੇ , ਰੇਲਵੇ-ਸਟੇਸ਼ਨਾਂ, ਮੰਦਰ-ਗੁਰਦੁਆਰਿਆਂ, ਮੇਲਿਆਂ ਤੇ ਪੈਲਸਾਂ ਆਦਿ ਦੇ ਬਾਹਰ ਅਕਸਰ ਹੱਥ ਅੱਡ ਕੇ ਲਿਲਕੜੀਆਂ ਲੈਂਦੇ, ਕਰੁਣਾਮਈ ਸੁਰ ਤੇ ਸ਼ਬਦਾਵਲੀ ਵਿਚ ਮੰਗਦੇ ਵੇਖੇ ਜਾਂਦੇ ਹਨ। ਇਨ੍ਹਾਂ ਦੀਆਂ ਕਰੁਣਾਮਈ ਅਵਾਜ਼ਾਂ ਤੇ ਤਰਸਭਰੀ ਹਾਲਤ ਵੇਖ ਕੇ ਤਾਂ ਕਈ ਵਾਰ ਚੰਗੇ-ਭਲੇ ਬੰਦੇ ਦਾ ਵੀ ਮਨ ਡੋਲ ਜਾਂਦਾ ਹੈ ਤੇ ਕਾਂਬਾ ਜਿਹਾ ਛਿੜ ਜਾਂਦਾ ਹੈ ਤੇ ਨਾ। ਚਾਹੁੰਦਿਆਂ ਹੋਇਆਂ ਵੀ ਇਨ੍ਹਾਂ ਦੀ ਤਲੀ ਤੇ ਕੁਝ ਰੱਖਣਾ ਹੀ ਪੈਂਦਾ ਹੈ। ਇਨ੍ਹਾਂ ਨੂੰ ਮੰਗਣ ਦੇ ਕਈ ਢੰਗ-ਤਰੀਕੇ ਆਉਂਦੇ ਹਨ, ਜਿਵੇਂ ਬੱਚਿਆਂ ਦੀ ਭੁੱਖ ਦਾ ਵਾਸਤਾ, ਕਿਸੇ ਦੁਰਘਟਨਾ ਜਾਂ ਬਿਮਾਰੀ ਦਾ ਜ਼ਿਕਰ ਤੇ ਕਈ ਵਾਰ ਤਾਂ ਇੱਥੋਂ ਤੱਕ ਨੌਬਤ ਆ ਜਾਂਦੀ ਹੈ ਕਿ ਇਹ ਕਿਸੇ ਬਾਕਸਬੰਧੀ ਜਾਂ ਆਪਣੇ ਹੀ ਖੂਨ ਦੇ ਰਿਸ਼ਤੇ ਦੀ ਮੌਤ ਦਾ ਬਹਾਨਾ ਬਣਾ ਕੇ ਤਰਲੇ ਪਾਉਣ ਲੱਗ ਪੈਂਦੇ ਹਨ ਤਾਂ ਜੋ ਲੋਕ ਤਰਸ ਕਰਕੇ ਜ਼ਰੂਰ ਹੀ ਇਨਾਂ। ਨੂੰ ਕੁਝ ਨਾ ਕੁਝ ਖੈਰ ਵਜੋਂ ਦੇ ਦੇਣ।ਫਿਰ ਅਸੀਸਾਂ ਦੀ ਝੜੀ ਲਾ ਦਿੰਦੇ ਹਨ ਪਰ ਕਈ ਵਾਰ ਇਹ ਏਨੇ ਢੀਠ ਹੁੰਦੇ ਹਨ ਕਿ ਅਗਲੇ ਨੂੰ ਤੁਰਨ ਵੀ। ਨਹੀਂ ਦਿੰਦੇ। ਇਨਾਂ ਵਿਚੋਂ ਬਹੁਤਿਆਂ ਨੇ ਤਾਂ‘ਮੰਗ ਕੇ ਖਾਣ ਨੂੰ ਹੀ ਕਮਾਈ ਦਾ ਸੋਖਾ ਸਾਧਨ ਸਮਝਿਆ ਹੁੰਦਾ ਹੈ।ਉਹ ਤਾਂ ‘ਮੰਗਣ ਨੂੰ ਵੀ ਬਹੁਤ ਵੱਡਾ ਕੰਮ ਸਮਝਦੇ ਹਨ।
ਕਈ ਮੰਗਤਿਆਂ ਨੇ ਆਪਣੇ ਇਲਾਕੇ ਤੇ ਅੱਡੇ ਨਿਸਚਿਤ ਕੀਤੇ ਹੁੰਦੇ ਹਨ। ਇਹ ਆਮ ਦਿਨਾਂ ਤੋਂ ਇਲਾਵਾ ਖ਼ਾਸ ਤਿਉਹਾਰ, ਹਰ ਖੁਸ਼ੀ ਦੇ ਮਕੇ ਜਿਵੇਂ ਕਿਸੇ ਵਿਆਹ ਵਾਲੇ ਘਰ ਜਾਂ ਪੁੱਤਰ ਦੇ ਜਨਮ ਦੀ ਖ਼ੁਸ਼ੀ ਮੌਕੇ ਜਾਂ ਕਿਸੇ ਨੇ ਕੋਈ ਨਵਾਂ ਕਾਰੋਬਾਰ ਸ਼ੁਰੂ ਕੀਤਾ ਹੋਵੇ ਜਾਂ ਫਿਰ ਨਵਾਂ ਮਕਾਨ ਹੀ ਕਿਉਂ ਨਾ ਬਣਾਇਆ ਹੋਵੇ, ਬਸ ਇਨ੍ਹਾਂ ਨੂੰ ਕੋਈ ਵੀ ਬਹਾਨਾ ਚਾਹੀਦਾ ਹੈ ਮੰਗਣ ਦਾ। ਅਜਿਹੇ ਵਿਸ਼ੇਸ਼ ਮੌਕਿਆਂ ‘ਤੇ ਇਹ ਮੁੰਹਮੰਗਿਆ ਦਾਨ ਲੈਣ ਦੀ ਇੱਛਾ ਰੱਖਦੇ ਹਨ ਤੇ ਕਈ ਲੋਕਾਂ ਤੋਂ ਵੱਧ ਤੋਂ ਵੱਧ ਦਾਨ ਲੈਣ ਲਈ ਬੋਲ-ਬੁਲਾਰਾ ਵੀ ਕਰਦੇ ਹਨ। ਇੰਜ ਕਈ ਮੰਗਤੇ ਐਸ਼ਪ੍ਰਸਤ ਜ਼ਿੰਦਗੀ ਵੀ ਬਤੀਤ ਕਰ ਰਹੇ ਹਨ।
ਮੰਗਣਾ : ਕਿੱਤੇ ਅਤੇ ਵਪਾਰ ਦੇ ਸਾਧਨ ਵਜੋਂ : ਕਈਆਂ ਨੇ ਤਾਂ ਮੰਗਣ ਨੂੰ ਇਕ ਕਿੱਤਾ ਬਣਾਇਆ ਹੋਇਆ ਹੈ ਤੇ ਕਈਆਂ ਨੇ ਇਸ ਕਿੱਤੇ ਨੂੰ ਵਪਾਰ ਬਣਾ ਲਿਆ ਹੈ। ਉਹ ਲਾਵਾਰਸ, ਅਪਾਹਜ, ਬੇਸਹਾਰਾ, ਅਵਾਰਾ ਫਿਰਦੇ ਗਰੀਬ ਬੱਚਿਆਂ ਨੂੰ ਲਾਲਚ ਦੇ ਕੇ ਮੰਗਣ ਵਿਚ ਨਿਪੁਨ ਕਰਦੇ ਹਨ। ਕਈ ਤਾਂ ਏਨੇ ਬੇਰਹਿਮ ਹੁੰਦੇ ਹਨ ਕਿ ਉਹ ਗਰੀਬ ਬੱਚਿਆਂ ਨੂੰ ਆਪ ਅੰਗਹੀਣ ਬਣਾ ਦਿੰਦੇ ਹਨ ਤਾਂ ਜੋ ਲੋਕ ਤਰਸ ਦੀ। ਭਾਵਨਾ ਨਾਲ ਇਨ੍ਹਾਂ ਨੂੰ ਵੱਧ ਤੋਂ ਵੱਧ ਖ਼ੈਰ ਪਾਉਣ। ਇਹ ਮਜਬਰ ਬੱਚੇ ਇਕੱਠੀ ਕੀਤੀ ਹੋਈ ਖੈਰ ਅਤੇ ਰਕਮ ਆਪਣੇ ਆਗੂ ਕੋਲ ਜਮਾ ਕਰਵਾ ਦਿੰਦੇ ਹਨ ਤੇ ਉਹ ਇਨ੍ਹਾਂ ਬੱਚਿਆਂ ਨੂੰ ਥੋੜਾ-ਬਹੁਤ ਹਿੱਸਾ ਦੇ ਛੱਡਦੇ ਹਨ ਤੇ ਬਾਕੀ ਪੈਸੇ ਆਪ ਬਟੋਰ ਲੈਂਦੇ ਹਨ। ਇੰਜ ਉਨਾਂ ਦਾ ਜਿਨਸੀ ਤੇ ਆਰਥਕ ਸ਼ੋਸ਼ਣ ਕਰਕੇ ਆਪਣੀਆਂ ਤਿਜੋਰੀਆਂ ਭਰਦੇ ਹਨ।
ਮੰਗਣ ਦੀ ਨਿਦਿਆ : ਅਜਿਹੇ ਮੰਗਣ ਵਾਲਿਆਂ ਦੀ ਜਿੰਨੀ ਨਿਖੇਧੀ ਕੀਤੀ ਜਾਵੇ, ਓਨੀ ਥੋੜੀ ਹੈ। ਬਾਬਾ ਫ਼ਰੀਦ ਜੀ ਅਜਿਹੇ ਮੰਗਣ। ਨਾਲੋਂ ਜਾਂ ਮੰਗ ਕੇ ਖਾਣ ਨਾਲੋਂ ‘ਮਰਨਾ ਬਿਹਤਰ ਸਮਝਦੇ ਹਨ :
ਬਾਰਿ ਪਰਾਇ ਬੈਸਣਾ ਸਾਈਂ ਮੁਝੈ ਨ ਦੇਹਿ ॥
ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ॥
ਨਾਥਾਂ-ਜੋਗੀਆਂ ਨੇ ਘਰ-ਹਿਸਥੀ ਦਾ ਤਿਆਗ ਕੀਤਾ ਅਤੇ ਪੇਟ ਭਰਨ ਲਈ ਉਨ੍ਹਾਂ ਹਿਸਥੀਆਂ ਤੋਂ ਹੀ ਮੰਗ ਕੇ ਖਾਣ ਨੂੰ ਸਾਧਨ ਬਣਾਇਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋਗੀਆਂ ਦੇ ਇਨ੍ਹਾਂ ਦੋਵਾਂ ਵਿਚਾਰਾਂ ਦੀ ਨਿੰਦਿਆ ਕੀਤੀ ਤੇ ਵਿਰੋਧ ਕੀਤਾ।
ਮੰਗਤਿਆਂ ਦੀਆਂ ਹੋਰ ਕਿਸਮਾਂ : ਇਨ੍ਹਾਂ ਵਿਚੋਂ ਇਕ ਪ੍ਰਮੁੱਖ ਹੈ-ਦਾਜ ਮੰਗਣ ਵਾਲੇ ਮੰਗਤੇ। ਦਾਜ ਦੇ ਲੋਭੀ ਆਪਣਾ ਦੀਨ-ਈਮਾਨ ਸਭ ਛਿੱਕੇ ਟੰਗ ਕੇ ਲੜਕੀ ਵਾਲਿਆਂ ਤੋਂ ਮੂੰਹ ਅੱਡ ਕੇ ਦਾਜ ਮੰਗਦੇ ਹਨ। ਅੱਜ-ਕੱਲ੍ਹ ਲੜਕੀ ਜਾਂ ਲੜਕੀ ਦੇ ਗੁਣਾਂ ਨਾਲ ਨਹੀਂ ਬਲਕਿ ਦਾਜ ਤੇ ਬੈਂਕ ਬੈਲੈਂਸ ਨਾਲ ਵਿਆਹ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਰਿਸ਼ਵਤ ਮੰਗਣੀ, ਨੇਤਾਗਿਰੀ, ਚਮਚਾਗਿਰੀ, ਝੋਲੀ-ਚੁੱਕ, ਖੁਸ਼ਾਮਦਾਂ ਕਰਨ ਵਾਲੇ ਚਾਪਲੂਸ ਵੀ ਤਾਂ ਮੰਗਤੇ ਹੀ ਹੁੰਦੇ ਹਨ ਕਿਉਂਕਿ ਇਹ ਆਪਣੇ ਨੇਤਾ ਦੀ ਰਹਿਮ ਦੀ ਖੈਰ ਦਾ ਇੰਤਜ਼ਾਰ ਕਰਦੇ ਹਨ।
ਮੰਗਣ ਵਾਲਿਆਂ ਨਾਲ ਸਮਾਜਕ ਬੁਰਾਈਆਂ ਦਾ ਜਨਮ : ਇਨ੍ਹਾਂ ਮੰਗਤਿਆਂ ਕਾਰਨ ਕਈ ਹੋਰ ਸਮਾਜਕ ਬੁਰਾਈਆਂ ਜਨਮ ਲੈਂਦੀਆਂ ਹਨ, ਜਿਵੇਂ, ਜੇਬ-ਕਤਰੇ, ਚੋਰੀ, ਡਾਕੇ, ਕਤਲ, ਲੁੱਟਾਂ-ਖੋਹਾਂ ਆਦਿ। ਇਨ੍ਹਾਂ ਦੀ ਦਹਿਸ਼ਤ ਨਾਲ ਲੋਕਾਂ ਵਿਚ ਅਸੁਰੱਖਿਆ ਦੀ ਭਾਵਨਾ ਵਧ ਰਹੀ ਹੈ । ਬਜ਼ਾਰਾਂ ਵਿਚ ਵੀ ਇਹ ਲੋਕਾਂ ਨੂੰ ਲੁੱਟਣ ਦੇ ਕਈ ਢੰਗ-ਤਰੀਕੇ ਅਪਣਾਉਂਦੇ ਹਨ। ਦੁਕਾਨਦਾਰਾਂ ਨੂੰ ਵੀ ਅੱਖ ਦੇ ਫੋਰ ਵਿਚ ਚਕਮਾ ਦੇ ਜਾਂਦੇ ਹਨ। ਘਰਾਂ ਵਿਚ ਵੀ ਬਹੁ-ਰੂਪੀਏ ਬਣ ਕੇ ਮੰਗਦੇ ਹਨ ਤੇ ਕਈ ਘਰਾਂ ਦਾ ਭੇਤ ਲੈ ਜਾਂਦੇ ਹਨ ਤੇ ਮੌਕਾ ਮਿਲਣ ‘ਤੇ ਚੋਰੀ ਕਰ ਲੈਂਦੇ ਹਨ।
ਸੁਝਾਅ : ਇਹ ਗੱਲ ਠੀਕ ਹੈ ਕਿ ਸਰੀਰਕ ਪੱਖੋਂ ਅਪਾਹਜ ਵਿਅਕਤੀ ਮੰਗਣ ਲਈ ਮਜਬੂਰ ਹੁੰਦਾ ਹੈ ਪਰ ਕਈ ਸਮਾਜ-ਸੇਵੀ ਸੰਸਥਾਵਾਂ ਨੇ ਇਨ੍ਹਾਂ ਦੇ ਸੁਧਾਰ ਲਈ ਤੇ ਇਨ੍ਹਾਂ ਨੂੰ ਕਿਸੇ ਕਾਬਲ ਬਣਾਉਣ ਲਈ ਉਪਰਾਲੇ ਕੀਤੇ ਹਨ ਤੇ ਕਈ ਅਪਾਹਜ ਵਿਅਕਤੀ ਅਜਿਹੇ ਵੀ ਹਨ ਜਿਨ੍ਹਾਂ ਦੀ ਮਾਨਸਕ ਸੋਚ ਬੁਲੰਦ ਹੈ। ਉਹ ਕਿਸੇ ਤੇ ਬੋਝ ਨਹੀਂ ਬਣਨਾ ਚਾਹੁੰਦੇ ਤੇ ਉਹ ਸਰੀਰ ਦੇ ਬਾਕੀ ਅੰਗਾਂ ਨਾਲ ਕਈ ਕਲਾ-ਕਿਰਤਾਂ ਰਚਦੇ ਹਨ, ਪੜਾਈ ਵੀ ਕਰਦੇ ਹਨ, ਹੱਥਾਂ ਤੋਂ ਅਪਾਹਜ ਵਿਅਕਤੀ ਪੈਰਾਂ ਨਾਲ ਲਿਖਦੇ ਹਨ, ਅੰਨੇ ਵਿਅਕਤੀ ਵੀ ਅੱਜ-ਕੱਲ ਵਿਸ਼ੇਸ਼ ਪੜਾਈ ਕਰਕੇ ਵਿਸ਼ੇਸ਼ ਸਿਖਲਾਈ ਪ੍ਰਾਪਤ ਕਰ ਰਹੇ ਹਨ ਤੇ ਹੁਨਰਮੰਦ ਹਨ। ਇਸ ਲਈ ਸਰਕਾਰ ਤੇ ਅਜਿਹੀਆਂ ਹੋਰ ਸਮਾਜ-ਸੇਵੀ ਸੰਸਥਾਵਾਂ ਨੂੰ ਅਜਿਹੇ ਹੋਰ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਅਪਾਹਜ ਵਿਅਕਤੀਆਂ ਦੀ ਜ਼ਿੰਦਗੀ ਅਪਾਹਜ ਨਾ ਬਣ ਸਕੇ। ਉਹ ਸਵੈ-ਨਿਰਭਰ ਹੋ ਸਕਣ, ਧਾਰਮਕ ਤੇ ਸਮਾਜਕ ਭਲਾਈ (ਰਜਿ:) ਸੰਸਥਾਵਾਂ ਅਤੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਹੱਟੇ-ਕੱਟੇ ਪਖੰਡੀਆਂ ਨੂੰ ਕਿਸੇ ਵੀ ਕਿਸਮ ਦੀ ਕੋਈ ਉਗਰਾਹੀ ਨਾ ਦੇਣ। ਅਖ਼ਬਾਰਾਂ ਵਿਚ ਵੀ ਧਾਰਮਕ ਸੰਸਥਾਵਾਂ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਲੋਕ ਇਨ੍ਹਾਂ ਪਖੰਡੀਆਂ, ਵਿਹਲੜਾਂ ਨੂੰ ਸਬਕ ਸਿਖਾਉਣ। ਅਨਾਥ ਆਸ਼ਰਮ ਤੇ ਪਿੰਗਲਵਾੜਾ ਸੁਸਾਇਟੀਆਂ ਵਰਗੇ ਉਪਰਾਲੇ ਵੱਧ ਤੋਂ ਵੱਧ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਸਰਕਾਰੀ ਜਾਂ ਗੈਰਸਰਕਾਰੀ ਜਾਂ ਪੰਚਾਇਤੀ ਪੱਧਰ ਤੇ ਖੁਸਰਿਆਂ ਤੇ ਹੋਰ ਲਾਗੀਆਂ ਦੇ ਲਾਗ ਨਿਸਚਿਤ ਕਰਕੇ ਸਾਂਝੇ ਨੋਟਿਸ ਬੋਰਡਾਂ ‘ਤੇ ਲਾਉਣੇ ਚਾਹੀਦੇ ਹਨ ਤੇ ਜੋ ਕੋਈ ਨਿਸਚਿਤ ਲਾਗਾਂ ਤੋਂ ਵੱਧ ਲਾਗ ਦਿੰਦਾ ਹੈ ਤਾਂ ਉਸ ਵਾਸਤੇ ਵੀ ਜੁਰਮਾਨਾ ਹੋਣਾ ਚਾਹੀਦਾ ਹੈ, ਨਹੀਂ ਤਾਂ ਇਹ ਲਾਗੀ ਨਿਰੀ ਸਿਰਦਰਦੀ । ਤੇ ਜਬਰੀ ਲੁੱਟ ਹੈ। ਇਨ੍ਹਾਂ ਹੱਥੋਂ ਲੋਕਾਂ ਦੀ ਹੋ ਰਹੀ ਲੁੱਟ ਨੂੰ ਬਚਾਉਣ ਲਈ ਹਰ ਇਲਾਕੇ ਵਿਚ ਸਖ਼ਤੀ ਨਾਲ ਨਿਯਮ ਲਾਗੂ ਹੋਣੇ ਚਾਹੀਦੇ ਹਨ। ਜਿੱਥੇ ਇਹ ਨਿਯਮ ਲਾਗੂ ਹਨ, ਉੱਥੇ ਸ਼ਾਂਤੀ ਹੈ।
ਸਾਰੰਸ਼ : ਇਹ ਹੈ ਕਿ ਪੇਟ ਭਰਨ ਲਈ ਰਿਸ਼ਟ-ਪੁਸ਼ਟ ਹੁੰਦਿਆਂ ਹੋਇਆਂ ਮੰਗਣਾ ਜਾਂ ਮੰਗ ਕੇ ਖਾਣਾ ਨਿੰਦਣਯੋਗ ਕਰਮ ਹੈ। ਇਸ ਨਾਲ ਨਾ । ਤਾਂ ਮੰਗਣ ਵਾਲੇ ਦਾ ਹੀ ਕੋਈ ਆਦਰ-ਸਤਿਕਾਰ ਰਹਿੰਦਾ ਹੈ ਤੇ ਨਾ ਹੀ ਦੇਸ ਦਾ ਮਾਣ-ਸਤਿਕਾਰ ਵਧਦਾ ਹੈ । ਮਜਬੂਰ ਵਿਅਕਤੀਆਂ ਲਈ ਅਜਿਹੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਜਿਸ ਨਾਲ ਉਹ ਵੀ ਸਤਿਕਾਰ-ਯੋਗ ਬਣ ਸਕਣ ਤੇ ਵਿਹਲੜਾਂ ਵਿਰੁੱਧ ਲੋਕਾਂ ਤੇ ਸਰਕਾਰ ਨੂੰ ਲਾਮਬੰਦ ਹੋ ਜਾਣਾ ਚਾਹੀਦਾ ਹੈ।