ਮਹਾਨ ਨਾਵਲਕਾਰ ਨਾਨਕ ਸਿੰਘ
Mahan Novelkar Nanak Singh
ਜਾਣ-ਪਛਾਣ : ਚੰਗਾ ਸਾਹਿਤਕਾਰ ਉਹ ਹੁੰਦਾ ਹੈ ਜੋ ਸਮਾਜ ਦੀ ਨਬਜ਼ ਪਛਾਣੇ ਅਤੇ ਉਸ ਨੂੰ ਉਹੀ ਕੁਝ ਦੇਵੇ, ਜੋ ਉਸ ਸਮਾਜ ਨੂੰ ਚਾਹੀਦਾ ਹੋਵੇ। ਚੰਗਾ ਸਾਹਿਤਕਾਰ ਉਹ ਹੈ ਜੋ ਆਪਣੇ ਵੇਲੇ ਦੇ ਸਮਾਜ ਦੀ ਪ੍ਰਤੀਕਿਰਿਆ ਪ੍ਰਗਟ ਕਰੇ। ਇਸ ਗੱਲ ਨੂੰ ਤਸਦੀਕ ਕਰਨ ਲਈ | ਅਸੀਂ ਪੰਜਾਬੀ ਸਾਹਿਤ ਦੇ ਅਮਰ ਨਾਵਲਕਾਰ ਨਾਨਕ ਸਿੰਘ ਨੂੰ ਪੇਸ਼ ਕਰ ਸਕਦੇ ਹਾਂ। ਉਸ ਨੇ ਆਪਣੇ ਵੇਲੇ ਦੇ ਸਮਾਜ ਨੂੰ ਇੰਨ-ਬਿੰਨ ਉਸੇ ਤਰਾਂ ਬਿਆਨ ਕੀਤਾ, ਜਿਸ ਤਰ੍ਹਾਂ ਦਾ ਉਹ ਸੀ। ਨਾਨਕ ਸਿੰਘ ਨੇ ਪੰਜਾਬੀ ਵਿਚ ਸਭ ਤੋਂ ਜ਼ਿਆਦਾ ਨਾਵਲ ਲਿਖੇ। ਇਸ ਮਹਾਨ ਸਾਹਿਤਕਾਰ ਦਾ ਜਨਮ 4 ਜੁਲਾਈ, ਸੰਨ 1897 ਨੂੰ ਚੱਕ ਹਮੀਦ ਜ਼ਿਲ੍ਹਾ ਜੇਹਲਮ (ਪਾਕਿਸਤਾਨ) ਵਿਖੇ ਹੋਇਆ। ਆਪ ਦੇ ਬਚਪਨ ਦਾ ਨਾਂ ਹੰਸਰਾਜ ਸੀ। ਆਪ ਦੇ ਪਿਤਾ ਬਹਾਦਰ ਚੰਦ ਦਾ ਸਵਰਗਵਾਸ ਬੜੀ ਛੇਤੀ ਹੋ ਗਿਆ, ਇਸੇ ਕਰਕੇ ਉਹ ਚੰਗੀ ਵਿੱਦਿਆ ਪ੍ਰਾਪਤ ਨਾ ਕਰ ਸਕੇ।ਉਹਨਾਂ ਦਾ ਬਚਪਨ ਬੜੀ ਗਰੀਬੀ ਅਤੇ ਤੰਗਹਾਲੀ ਵਿਚ ਬੀਤਿਆ। ਉਹਨਾਂ ਨੇ ਹਲਵਾਈਆਂ ਦੀਆਂ ਦੁਕਾਨਾਂ ਤੇ ਭਾਂਡੇ ਮਾਂਜੇ ਅਤੇ ਮੇਲੇ ਵਿਚ ਕੁਲਫੀਆਂ ਵੇਚੀਆਂ। ਮਾਤਾ-ਪਿਤਾ ਦਾ ਸਾਇਆ ਸਿਰ ਤੋਂ ਉੱਠ ਜਾਣ ਸਦਕਾ ਹੰਸਰਾਜ ਬੁਰੀ ਸੰਗਤ ਵਿਚ ਪੈ ਗਿਆ। ਪਰ ਛੇਤੀ ਹੀ ਉਹ ਗੁਰਦੁਆਰੇ ਦੇ ਭਾਈ ਗਿਆਨੀ ਬਾਗ ਸਿੰਘ ਦੇ ਪ੍ਰਭਾਵ ਥੱਲੇ ਆ ਗਿਆ। ਉਸ ਨੇ ਅੰਮ੍ਰਿਤ ਛੱਕ ਲਿਆ, ਅਤੇ ਇੰਜ ਹੰਸਰਾਜ ਤੋਂ ਨਾਨਕ ਸਿੰਘ ਬਣ ਗਿਆ।
ਪਹਿਲਾ ਕਾਵਿ-ਸੰਗ੍ਰਹਿ : ਸੰਨ 1910-11 ਵਿਚ ਉਸਨੇ ‘ਸੀਹਰਫੀ ਹੰਸਰਾਜ ਨਾਂ ਦਾ ਇਕ ਕਾਵਿ ਸੰਗ੍ਰਹਿ ਪੇਸ਼ ਕੀਤਾ। ਲੋਕਾਂ ਨੇ ਇਸ ਨੂੰ ਬਹੁਤ ਸਲਾਹਿਆ। ਇਸ ਨਾਲ ਉਸ ਨੂੰ ਕੁਝ ਹੋਰ ਲਿਖਣ ਦੀ ਹਿੰਮਤ ਮਿਲੀ। ਸਿੰਘ ਸੱਜਣ ਉਪਰੰਤ ਉਸ ਨੇ ਸਤਿਗੁਰ ਮਹਿਮਾ’ ਵਿਚ ਧਾਰਮਿਕ ਗੀਤ ਲਿਖੇ ਜੋ ਬਹੁਤ ਪਸੰਦ ਕੀਤੇ ਗਏ। ਲੋਕਾਂ ਵਲੋਂ ਮਿਲੇ ਉਤਸ਼ਾਹ ਤੋਂ ਪ੍ਰੇਰਿਤ ਹੋ ਕੇ ਉਸਨੇ ਆਪਣਾ ਪ੍ਰੈੱਸ ਸਥਾਪਿਤ ਕੀਤਾ ਤਾਂ ਜੋ ਆਪਣੀਆਂ ਲਿਖਤਾਂ ਆਪ ਛਾਪ ਸਕੇ, ਪਰ ਕੁਝ ਕਾਰਨਾਂ ਸਦਕਾ ਉਸ ਨੂੰ ਪ੍ਰੈੱਸ ਬੰਦ ਕਰਨਾ ਪਿਆ।
ਜੇਲ ਵਿਚ ਸਾਹਿਤ ਰਚਨਾ : ਸੰਨ 1922 ਵਿਚ ਨਾਨਕ ਸਿੰਘ ਨੂੰ ‘ਗੁਰੂ ਕੇ ਬਾਗ’ ਦੇ ਮੋਰਚੇ ਵਿਚ ਭਾਗ ਲੈਣ ਬਦਲੇ ਜੇਲ ਹੋ ਗਈ। ਉਸ ਨੂੰ ਬੋਰਸਟਲ ਜੇਲ ਲਾਹੌਰ ਵਿਚ ਰੱਖਿਆ ਗਿਆ। ਇੱਥੇ ਉਸ ਨੇ ਅਮਰ ਕਥਾਕਾਰ ਮੁਨਸ਼ੀ ਪ੍ਰੇਮਚੰਦ ਦੇ ਨਾਵਲ ਪੜੇ।ਜਿਉਂ-ਜਿਉਂ ਉਹ ਨਾਵਲ ਪੜਦਾ ਗਿਆ ਤਿਉਂ-ਤਿਉਂ ਹੀ ਉਸ ਅੰਦਰ ਬੈਠਾ ਸਾਹਿਤ ਜਾਗਣ ਲੱਗ ਪਿਆ। ਨਾਨਕ ਸਿੰਘ ਨੇ ਜੇਲ੍ਹ ਵਿਚ ਹੀ ਇਕ ਨਾਵਲ ‘ਅੱਧ ਖਿੜੀ ਕਲੀ’ ਲਿਖਿਆ। ਉਸ ਦਾ ਨਾਵਲ ਜੇਲ੍ਹ ਅਧਿਕਾਰੀਆਂ ਨੇ ਖੋਹ ਲਿਆ ਅਤੇ ਉਸ ਨੂੰ ਵਾਪਸ ਨਾ ਕੀਤਾ। ਬੜੇ ਚਿਰ ਬਾਅਦ ਇਹੀ “ਅੱਧ ਖਿੜੀ ਕਲੀ’, ‘ਅੱਧ ਖਿੜਿਆ ਫੁੱਲ’ ਦੇ ਨਾਂ ਹੇਠ ਛਪਿਆ ਸੀ। ਇਸ ਉਪਰੰਤ ਆਪ ਨੇ ਮਤਰੇਈ ਮਾਂ’, ‘ਕਾਲ ਚੱਕਰ’ ਅਤੇ ‘ਪ੍ਰੇਮ ਸੰਗੀਤ ਆਦਿ ਕਈ ਨਾਵਲ ਲਿਖੇ ਅਤੇ ਛਪਵਾਏ। ਸੰਨ 1924 ਵਿਚ ਰਾਜ ਕੌਰ ਨਾਲ ਨਾਨਕ ਸਿੰਘ ਦਾ ਵਿਆਹ ਹੋਇਆ।
ਚਿੱਟਾ ਲਹੂ ਦੀ ਨਿਵੇਕਲੀ ਥਾਂ : ਨਾਵਲਕਾਰ ਦੇ ਤੌਰ ਤੇ ਨਾਨਕ ਸਿੰਘ ਦੀ ਪਛਾਣ ਸੰਨ 1932 ਵਿਚ ਲਿਖੇ ‘ਚਿੱਟਾ ਲਹੂ’ ਨਾਵਲ ਤੋਂ ਬਣੀ। ‘ਚਿੱਟਾ ਲਹੂ’ ਨਾਵਲ ਪੰਜਾਬੀ ਸਾਹਿਤ ਵਿਚ ਆਪਣੀ ਵੱਖਰੀ ਥਾਂ ਰੱਖਦਾ ਹੈ। ਇਸ ਨਾਵਲ ਨੂੰ ਕਈ ਲੋਕ ਨਾਨਕ ਸਿੰਘ ਦਾ ਸ਼ਾਹਕਾਰ ਕਹਿੰਦੇ ਹਨ ਭਾਵੇਂ ਕਿ ਕੁਝ ਲੋਕਾਂ ਦੀ ਨਿਗਾਹ ਵਿਚ ਉਸ ਦਾ ‘ਪਵਿੱਤਰ ਪਾਪੀ ਸ਼ਾਹਕਾਰ ਹੈ। ‘ਚਿੱਟਾ ਲਹੂ` ਨਾਵਲ ਟੈਲੀਵਿਜ਼ਨ ਤੇ ਵੀ ਪ੍ਰਸਾਰਿਤ ਕੀਤਾ ਗਿਆ ਅਤੇ ‘ਪਵਿੱਤਰ ਪਾਪੀ ਤੇ ਹਿੰਦੀ ਵਿਚ ਫ਼ਿਲਮ ਵੀ ਬਣ ਚੁੱਕੀ ਹੈ। ਇਸ ਪਿੱਛੋਂ ਉਹਨਾਂ ਨੇ “ਗਰੀਬ ਕੀ ਦੁਨੀਆਂ, ਜੀਵਨ ਸੰਗਰਾਮ’ ਆਦਿ ਨਾਵਲ ਲਿਖੇ। ਨਾਨਕ ਸਿੰਘ ਦੇ ਹਰ ਇਕ ਨਾਵਲ ਨੂੰ ਲੋਕਾਂ ਨੇ ਪਿਆਰ ਅਤੇ ਸਨਮਾਨ ਨਾਲ ਪੜਿਆ ਹੈ। ਨਾਨਕ ਸਿੰਘ ਨੂੰ ਪੰਜਾਬੀ ਨਾਵਲ ਦਾ ਬਾਬਾ ਬੋਹੜ ਆਖਿਆ ਜਾਂਦਾ ਹੈ।
ਪ੍ਰਸਿੱਧ ਕਹਾਣੀਆਂ ਅਤੇ ਹੋਰ ਰਚਨਾਵਾਂ : ਨਾਨਕ ਸਿੰਘ ਨੇ ਨਾਵਲ ਅਤੇ ਕਵਿਤਾ ਤੋਂ ਇਲਾਵਾ ਕਹਾਣੀਆਂ ਵੀ ਲਿਖੀਆਂ ਹਨ। ਇਹਨਾਂ ਦੇ ਕਹਾਣੀ ਸੰਗ੍ਰਹਿ ਵਿਚ ‘ਹੰਝੂਆਂ ਦੇ ਹਾਰ, ਮਿੱਧੇ ਹੋਏ ਫੁੱਲ, ਠੰਡੀਆਂ ਛਾਵਾਂ, “ਸਧਰਾਂ ਦੇ ਹਾਰ ਅਤੇ ਸੁਨਹਿਰੀ ਜਿਲਦ ਮਸ਼ਹੂਰ ਹਨ। ਨਾਨਕ ਸਿੰਘ ਦੀਆਂ ਕਹਾਣੀਆਂ ਵਿਆਖਿਆਨ ਸ਼ੈਲੀ ਵਿਚ ਲਿਖੀਆਂ ਹੋਈਆਂ ਹਨ। ਇਸ ਤੋਂ ਇਲਾਵਾ ਉਹਨਾਂ ਦੇ ਕੁਝ ਲੇਖ ਵੀ ਬੜੇ ਮਸ਼ਹੂਰ ਹਨ। ‘ਬੀ.ਏ. ਪਾਸ ਨਾਟਕ ਅਤੇ ਇਕਾਂਗੀ ‘ਪਾਪ ਦਾ ਫਲ ਵੀ ਮਸ਼ਹੂਰ ਹੈ। ਮੁਲ ਲਿਖਤਾਂ ਤੋਂ ਇਲਾਵਾ ਨਾਨਕ ਸਿੰਘ ਨੇ ਮਾਤਰੀ ਭਾਸ਼ਾ ਪੰਜਾਬੀ ਨੂੰ ਅਨੁਵਾਦਾਂ ਰਾਹੀਂ ਵੀ ਬੜਾ ਅਮੀਰ ਸਾਹਿਤ ਦਿੱਤਾ ਹੈ। ਉਹਨਾਂ ਨੇ ਹਿੰਦੀ ਅਤੇ ਉਰਦੂ ਤੋਂ ਕੁਝ ਬੜੇ ਅਹਿਮ ਅਨੁਵਾਦ ਕੀਤੇ ਹਨ ਜਿਵੇਂ ਫਰਾਂਸ ਦਾ ਡਾਕੂ, ਪੱਥਰ ਕਾਂਬਾ, ਰਜਨੀ, ਪਾਸ਼ਚਿਤ ਤੇ ਪਾਪ ਦੀ ਖੱਟੀ ਆਦਿ। ਨਾਨਕ ਸਿੰਘ ਅਸਲ ਵਿਚ ਸਮਾਜਿਕ ਨਾਵਲਕਾਰ ਸੀ ਜਿਸਨੇ ਆਪਣੇ ਤਜ਼ਰਬਿਆਂ ਆਦਿ ਨਾਲ ਉਸ ਵੇਲੇ ਦੇ ਸਮਾਜ ਦੀ ਸੁੰਗੜਦੀ ਜਾਂਦੀ ਅਵਸਥਾ ਨੂੰ ਪਛਾਣਿਆ, ਉਸ ਨੂੰ ਚਿੱਤਰਿਆ ਅਤੇ ਆਪਣੇ ਵੱਲੋਂ ਹੱਲ ਵੀ ਦੱਸੇ। ਉਸ ਨੇ ਨਾਵਲਾਂ ਵਿਚ ਮੁੱਖ ਰੂਪ ਵਿਚ ਸ਼ਰਾਬਖੋਰੀ, ਛੂਆ-ਛਾਤ, ਵੇਸਵਾ ਸਮੱਸਿਆ, ਬੇਰੁਜ਼ਗਾਰੀ, ਔਰਤ ਜਾਤੀ ਦਾ ਸੁਧਾਰ, ਧਰਮ ਦੇ ਨਾਂ ਤੇ ਪਖੰਡ ਵਰਗੇ ਵਿਸ਼ਿਆਂ ਨੂੰ ਲਿਆ ਹੈ।
ਜਾਗਰੂਕ ਕਲਾਕਾਰ : ਨਾਨਕ ਸਿੰਘ ਇਕ ਜਾਗਰੂਕ ਲੇਖਕ ਸੀ। ਸੰਨ 1947 ਦੀ ਦੇਸ਼ ਵੰਡ ਅਤੇ ਉਸ ਤੋਂ ਬਾਅਦ ਵਾਪਰੀਆਂ ਗੈਰ ਇਨਸਾਨੀ ਘਟਨਾਵਾਂ ਨੇ ਉਸ ਨੂੰ ਅੰਦਰ ਤੱਕ ਝੰਝੋੜ ਕੇ ਰੱਖ ਦਿੱਤਾ ਸੀ। ਵੰਡ ਦੇ ਦਰਦ ਤੋਂ ਪੈਦਾ ਹੋਏ “ਅੱਗ ਦੀ ਖੇਡ, “ਖੂਨ ਦੇ ਸੋਹਲੇ ਅਤੇ ਮੰਝਧਾਰ’ ਨਾਵਲ ਉਸ ਵੇਲੇ ਦੀ ਸਭ ਤੋਂ ਵੱਧ ਵਿਸ਼ਵਾਸਯੋਗ ਲੇਖਕ ਜਾਣਕਾਰੀ ਦੇਣ ਵਾਲੇ ਨਾਵਲ ਹਨ। ਨਾਨਕ ਸਿੰਘ ਨੇ ਆਪਣੇ ਸਮਾਜ ਵਿਚ ਵਾਪਰਦੀ ਹਰ ਘਟਨਾ ਨੂੰ ਸ਼ਾਨਦਾਰ ਢੰਗ ਨਾਲ ਬਿਆਨਿਆ।
ਪੰਜਾਬੀ ਸਾਹਿਤ ਨੂੰ ਅਮੀਰ ਕਰਨਾ : ਨਾਨਕ ਸਿੰਘ ਨੇ ਪੰਜਾਬੀ ਅਤੇ ਕਥਾ ਕਹਾਣੀ। ਨੂੰ ਧਾਰਮਿਕ ਤਾਣੇ-ਬਾਣੇ ਵਿਚੋਂ ਕੱਢ ਕੇ ਉਸ ਨੂੰ ਸਮਾਜ ਅਤੇ ਸਮਾਜਿਕ ਜੀਵਨ ਦੇ ਨੇੜੇ ਲਿਆਂਦਾ। ਉਸ ਨੇ ਆਪਣੇ ਨਾਵਲਾਂ ਅਤੇ ਕਹਾਣੀਆਂ ਦੇ ਅਜਿਹੇ ਵਿਸ਼ੇ ਛੋਹੇ, ਜਿਸ ਨਾਲ ਆਦਮੀ ਨੂੰ ਆਪਣੇ ਆਸੇ-ਪਾਸੇ ਵੇਖਣ ਅਤੇ ਵੇਖ ਕੇ ਕੁਝ ਸੋਚਣ ਲਈ ਪ੍ਰੇਰਨਾ ਦਿੱਤੀ। ਨਾਨਕ ਸਿੰਘ ਅਜਿਹਾ ਲਿਖਦਾ ਹੈ ਕਿ ਪਾਠਕ ਉਸ ਦੀ ਰਚਨਾ ਨਾਲ ਬੱਝਿਆ ਰਹਿੰਦਾ ਹੈ। ਇਕ ਵਾਰ ਉਸਦੀ ਕੋਈ ਰਚਨਾ ਪੜਨੀ ਸ਼ੁਰੂ ਕਰ ਦਿਉ , ਜਦ ਤੱਕ ਉਹ ਮੁਕਦੀ ਨਹੀਂ, ਤਦ ਤੱਕ ਉਸ ਨੂੰ ਛੱਡਣ ਨੂੰ ਚਿੱਤ ਨਹੀਂ ਕਰਦਾ। ਅਸਲ ਵਿਚ ਉਸ ਦੇ ਸਾਰੇ ਨਾਵਲਾਂ ਉੱਤੇ ਕਹਾਣੀ ਰਸ ਭਾਰ ਹੈ! ਉਹ ਇਕ ਸਿਰੜੀ ਕਹਾਣੀਕਾਰ ਸੀ । ਨਾਨਕ ਸਿੰਘ ਆਪਣੇ ਜੀਵਨ ਦੇ ਅੰਤ ਤੱਕ ਲਿਖਦਾ ਰਿਹਾ। ਉਸ ਦੀ ਇਕੋ ਹੀ ਆਸ਼ਾ ਸੀ ਕਿ ਪੰਜਾਬੀ ਮਾਂ ਬੋਲੀ ਦੇ ਸਾਹਿਤ ਨੂੰ ਹੋਰ ਅਮੀਰ ਕੀਤਾ ਜਾਵੇ। ਨਾਨਕ ਸਿੰਘ ਇਸ ਦ੍ਰਿਸ਼ਟੀਕੋਣ ਤੋਂ ਸਦਾ ਯਾਦ ਰੱਖਿਆ ਜਾਂਦਾ ਰਹੇਗਾ ਕਿ ਉਸ ਨੇ ਪੰਜਾਬੀ ਸਾਹਿਤ ਦੀ ਸੇਵਾ ਕਰਦਿਆਂ ਹੀ ਸਾਹ ਪੂਰੇ ਕੀਤੇ ਸਨ। ਸਾਨੂੰ ਇਸ ਮਹਾਨ ਕਥਾਕਾਰ ’ਤੇ ਸਦਾ ਗਰਵ ਰਹੇਗਾ।
ਨਾਨਕ ਸਿੰਘ ਨਾਵਲਕਾਰ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ। ਆਪ ਜੀ ਦਾ ਧੰਨਵਾਦ ਜੀ।ਮ