ਮਦਾਰੀ ਦਾ ਤਮਾਸ਼ਾ
Madari da Tamasha
ਜਾਣ-ਪਛਾਣ : ‘ਮਦਾਰੀ ਉਸ ਨੂੰ ਕਹਿੰਦੇ ਹਨ, ਜੋ ਲੋਕਾਂ ਦੇ ਮਨੋਰੰਜਨ ਲਈ ਉਹਨਾਂ ਨੂੰ ਬਾਂਦਰ ਜਾਂ ਰਿੱਛ ਦਾ ਤਮਾਸ਼ਾ ਦਿਖਾਉਂਦਾ ਹੈ। ਮਦਾਰੀ ਦੇ ਤਮਾਸ਼ੇ ਦਾ ਸਾਡੇ ਸੰਸਕ੍ਰਿਤਕ ਜੀਵਨ ਵਿਚ ਬੜਾ ਮਹੱਤਵ ਹੈ। ਆਮ ਲੋਕਾਂ ਦੇ ਮਨੋਰੰਜਨ ਦੇ ਸਾਧਨਾਂ ਵਿਚ ਇਸ ਦਾ ਖਾਸ ਸਥਾਨ ਹੈ। ਮਦਾਰੀ ਆਪਣੀ ਖੇਡ ਪਿੰਡਾਂ ਅਤੇ ਸ਼ਹਿਰਾਂ ਦੇ ਗਲੀਆਂ ਮੁਹੱਲਿਆਂ ਵਿਚ ਦਿਖਾਉਂਦੇ ਹਨ ਅਤੇ ਲੋਕਾਂ ਨੂੰ ਆਪਣੇ ਤਮਾਸ਼ੇ ਵਿਚ ਕੀਲ ਕੇ ਰੱਖ ਲੈਂਦੇ ਹਨ। ਇਸ ਤਰ੍ਹਾਂ ਕੁਝ ਚਿਰ ਉਹਨਾਂ ਦਾ ਦਿਲ ਬਹਿਲਾ ਕੇ ਉਹ ਦਰਸ਼ਕਾਂ ਤੋਂ ਪੈਸੇ ਮੰਗਦੇ ਹਨ ਅਤੇ ਲਗਪਗ ਹਰ ਕੋਈ ਉਹਨਾਂ ਦੀ ਖੇਡ ਤੋਂ ਖੁਸ਼ ਹੋ ਕੇ ਉਹਨਾਂ ਨੂੰ ਕੁਝ ਨਾ ਕੁਝ ਪੈਸੇ ਦਿੰਦਾ ਹੈ।
ਸਾਡੀ ਗਲੀ ਵਿਚ ਮਦਾਰੀ ਆਉਣਾ : ਪਿਛਲੇ ਐਤਵਾਰ ਮੈਂ ਆਪਣੇ ਘਰ ਦੀ ਬੈਠਕ ਵਿਚ ਬੈਠਾ ਇਕ ਕਿਤਾਬ ਪੜ ਰਿਹਾ ਸਾਂ ਕਿ ਬਾਹਰ ਗਲੀ ਵਿਚ ਡੁਗਡੁਗੀ ਵੱਜਣ ਦੀ ਆਵਾਜ਼ ਸੁਣੀ। ਮੈਂ ਝੱਟਪੱਟ ਬਾਹਰ ਆਇਆ ਅਤੇ ਦੇਖਿਆ ਕਿ ਇਕ ਮੈਲੇ ਕੁਚੈਲੇ ਕੱਪੜਿਆਂ ਵਾਲਾ ਆਦਮੀ ਇਕ ਥੈਲਾ ਚੁੱਕੀ ਆ ਰਿਹਾ ਸੀ ਤੇ ਉਸ ਦੇ ਹੱਥ ਵਿਚ ਇਕ ਬਾਂਦਰ ਤੇ ਇਕ ਬਾਂਦਰੀ ਦੀਆਂ ਰੱਸੀਆਂ ਪਕੜੀਆਂ ਹੋਈਆਂ ਸਨ। ਬਾਂਦਰੀ ਦੇ ਲਾਲ ਝੱਗਾ ਪਾਇਆ ਹੋਇਆ ਸੀ ਅਤੇ ਉਸ ਦੇ ਪੈਰਾਂ ਨਾਲ ਘੁੰਗਰੂ ਬੰਨੇ ਹੋਏ ਸਨ। ਮਦਾਰੀ ਦੇ ਹੱਥ ਵਿਚ ਇਕ ਲੰਮਾ ਸੋਟਾ ਵੀ ਸੀ। ਉਸ ਦੇ ਮੋਢੇ ਉੱਪਰ ਇਕ ਖਿਡਾਉਣਾ ਗੱਡੀ ਵੀ ਰੱਖੀ ਹੋਈ ਸੀ।
ਬਾਂਦਰ ਅਤੇ ਬਾਂਦਰੀ ਦਾ ਤਮਾਸ਼ਾ : ਮਦਾਰੀ ਗਲੀ ਵਿਚ ਸਾਡੇ ਬੂਹੇ ਦੇ ਅੱਗੇ ਆ ਕੇ ਲੈ ਗਿਆ। ਉਸ ਨੇ ਮੋਢੇ ਉੱਪਰੋਂ ਥੈਲਾ ਅਤੇ ਗੱਡੀ ਲਾ ਕੇ ਜ਼ਮੀਨ ਤੇ ਰੱਖੀ ਅਤੇ ਡਗਡਗੀ ਜਾਣ ਲੱਗ ਪਿਆ। ਉਸ ਦੀ ਆਵਾਜ਼ ਉੱਤੇ ਬਾਂਦਰੀ ਨੱਚਣ ਲੱਗ ਪਈ। ਦੋ ਚਾਰ ਮਿੰਟਾਂ ਵਿਚ ਬਹੁਤ ਸਾਰੇ ਬੱਚੇ ਅਤੇ ਗਲੀ ਦੇ ਕੁਝ ਆਦਮੀ ਅਤੇ ਔਰਤਾਂ ਉਸ ਦੇ ਆਲੇ-ਦੁਆਲੇ ਜੜ ਗਏ। ਬੱਚੇ ਬਾਂਦਰ ਤੇ ਬਾਂਦਰੀ ਨੂੰ ਦੇਖ ਕੇ ਪ੍ਰਸੰਨ ਹੋ ਰਹੇ ਸਨ। ਮਦਾਰੀ ਨੇ ਆਪਣੀ ਡਗਡਗੀ ਵਜਾਉਣੀ ਬੰਦ ਕਰ ਕੇ ਬਾਂਦਰ ਨੂੰ ਪੁੱਛਿਆ ਕਿ ਉਸਨੇ ਲਾੜੀ ਲੈਣ ਜਾਣਾ ਹੈ ? ਬਾਂਦਰ ਨੇ ‘ਹਾਂ ਵਿਚ ਸਿਰ ਹਿਲਾਇਆ। ਬਾਂਦਰ ਸਹੁਰੇ ਜਾਣ ਲਈ ਤਿਆਰ ਹੋਣ ਲੱਗਾ। ਉਸ ਨੇ ਹੱਥ ਵਿਚ ਸ਼ੀਸ਼ਾ ਫੜਿਆ ਅਤੇ ਸਿਰ ਵਿਚ ਕੰਘੀ ਫੇਰੀ। ਮੂੰਹ ਨੂੰ ਸੰਵਾਰਨ ਮਗਰੋਂ ਉਹ ਗੱਡੀ ਫੜ ਕੇ ਉਸ ਨੂੰ ਰੋਦਾ ਹੋਇਆ ਤੁਰ ਪਿਆ।
ਮਦਾਰੀ ਨੇ ਡਗਡਗੀ ਵਜਾਈ ਅਤੇ ਬਾਂਦਰੀ ਨੂੰ ਪੁੱਛਿਆ ਕਿ ਕੀ ਉਹ ਬਾਂਦਰ ਨਾਲ ਸਹੁਰੇ ਜਾਣ ਲਈ ਤਿਆਰ ਹੈ ? ਬਾਂਦਰੀ ਨੇ ‘ਨਾਂਹ’ ਵਿਚ ਸਿਰ ਹਿਲਾਇਆ ਅਤੇ ਉਸ ਵੱਲ ਪਿੱਠ ਕਰ ਕੇ ਬੈਠ ਗਈ।
ਮਦਾਰੀ ਨੇ ਬਾਂਦਰੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਨਾਂਹ ਨਾ ਕਰੇ, ਕਿਉਂਕਿ ਬਾਂਦਰ ਇਕੱਲਾ ਬਹੁਤ ਮੁਸ਼ਕਲ ਵਿਚ ਹੈ, ਉਸ ਦੀ ਰੋਟੀ ਨਹੀਂ ਪੱਕਦੀ। ਬਾਂਦਰੀ ਨੇ ਫਿਰ ‘ਨਾਂਹ’ ਵਿਚ ਸਿਰ ਹਿਲਾ ਦਿੱਤਾ। ਫਿਰ ਮਦਾਰੀ ਨੇ ਡੁਗਡੁਗੀ ਵਜਾ ਕੇ ਬਾਂਦਰ ਨੂੰ ਦੱਸਿਆ ਕਿ ਬਾਂਦਰੀ ਨਹੀਂ ਮੰਨਦੀ। ਬਾਂਦਰ ਨੇ ਬੜਾ ਗੁੱਸਾ ਦਿਖਾਇਆ, ਪਰ ਨਾਲ ਹੀ ਬੇਪਰਵਾਹੀ ਵੀ। ਫਿਰ ਮਦਾਰੀ ਨੇ ਬਾਂਦਰੀ ਨੂੰ ਪੁੱਛਿਆ ਕਿ ਉਹ ਕੀ ਚਾਹੁੰਦੀ ਹੈ ? ਮਦਾਰੀ ਨੇ ਆਪ ਹੀ ਕਿਹਾ ਕਿ ਕੀ ਉਹ ਸੁਰਖੀ, ਪਾਉਡਰ ਤੇ ਲਿਪਸਟਿਕ ਚਾਹੁੰਦੀ ਹੈ ? ਬਾਂਦਰੀ ਨੇ ‘ਹਾਂ ਵਿਚ ਸਿਰ ਹਿਲਾ ਕੇ ਸ਼ਰਮ ਨਾਲ ਮੂੰਹ ਢੱਕ ਲਿਆ। ਸਾਰੇ ਲੋਕ ਇਹ ਰੌਚਕ ਅਤੇ ਰੁਮਾਂਟਿਕ ਗੱਲਬਾਤ ਸੁਣ ਕੇ ਖੁਸ਼ ਵੀ ਹੋ ਰਹੇ ਸਨ ਅਤੇ ਹੱਸ ਵੀ ਰਹੇ ਸਨ।
ਨਾਟਕੀ-ਅੰਦਾਜ਼ ਅਤੇ ਰੌਚਕਤਾ : ਸਾਰਾ ਤਮਾਸ਼ਾ ਨਾਟਕੀ-ਅੰਦਾਜ਼ ਅਤੇ ਰੌਚਕਤਾ ਨਾਲ ਭਰਪੂਰ ਸੀ। ਹੁਣ ਮਦਾਰੀ ਨੇ ਬਾਂਦਰ ਅਤੇ ਬਾਂਦਰੀ ਦੀਆਂ ਮੰਗਾਂ ਬਾਰੇ ਦੱਸਿਆ ਅਤੇ ਪੁੱਛਿਆ ਕਿ ਕੀ ਉਹ ਬਾਂਦਰੀ ਲਈ ਮੇਕਅੱਪ ਦਾ ਸਾਮਾਨ ਲਿਆਇਆ ਹੈ? ਬਾਂਦਰ ਨੇ ‘ਇਨਕਾਰ’ ਵਿਚ ਸਿਰ ਹਿਲਾਇਆ। ਮਦਾਰੀ ਨੇ ਪੁੱਛਿਆ ਕਿ ਕੀ ਉਹ ਉਸ ਲਈ ਸਾਮਾਨ ਲਿਆਉਣ ਲਈ ਰਾਜ਼ੀ ਹੈ ? ਬਾਂਦਰ ਨੇ ਰਤਾ ਪਰਵਾਹ ਨਾ ਕੀਤੀ ਤੇ ਨਾਂਹ ਵਿਚ ਸਿਰ ਹਿਲਾ ਦਿੱਤਾ। ਮਦਾਰੀ ਨੇ ਫੇਰ ਡੁਗਡੁਗੀ ਵਜਾਈ। ਬਾਂਦਰੀ ਦੇ ਵਤੀਰੇ ਕਾਰਨ ਕੁੱਧ ਨਾਲ ਭਰਿਆ ਬਾਂਦਰ ਮਦਾਰੀ ਦਾ ਸੋਟਾ ਚੁੱਕ ਕੇ ਬਾਂਦਰੀ ਨੂੰ ਮਾਰਨ ਦੌੜਿਆ। ਬਾਂਦਰੀ ਅੱਗੇ-ਅੱਗੇ ਦੌੜੀ ਅਤੇ ਬਾਂਦਰ ਦੀ ਮਾਰ ਤੋਂ ਬੱਚ ਗਈ। ਮਦਾਰੀ ਨੇ ਫਿਰ ਡੁਗਡੁਗੀ ਵਜਾ ਕੇ ਬਾਂਦਰੀ ਨੂੰ ਪੁੱਛਿਆ ਕਿ ਕੀ ਉਹ ਹੁਣ ਇਨਕਾਰ ਕਰੇਗੀ ਕਿ ਆਪਣੇ ਪਤੀ ਨਾਲ ਜਾਵੇਗੀ ? ਬਾਂਦਰੀ ਨੇ ਫਿਰ ਇਨਕਾਰ ਕਰ ਦਿੱਤਾ। ਆਖਰ ਮਦਾਰੀ ਦੇ ਸਮਝਾਉਣ ਤੇ ਬਾਂਦਰ ਨੇ ਮਦਾਰੀ ਦੀ ਬੋਲੀ ਵਿਚੋਂ ਬਾਂਦਰੀ ਲਈ ਸੁਰਖੀ ਪਾਊਡਰ ਅਤੇ ਲਿਪਸਟਿਕ ਕੱਢ ਕੇ ਦਿੱਤੀ। ਇਹ ਦੇਖ ਕੇ ਬਾਂਦਰੀ ਖੁਸ਼ੀ ਵਿਚ ਡਾਂਸ ਕਰਨ ਲੱਗ ਪਈ। ਮਦਾਰੀ ਵੀ ਪ੍ਰਸੰਨ ਹੋ ਕੇ ਡੁਗਡੁਗੀ ਵਜਾਉਣ ਲੱਗ ਪਿਆ। ਬਾਂਦਰ ਗੱਡੀ ਤਿਆਰ ਕਰ ਕੇ ਖੜਾ ਹੋ ਗਿਆ। ਬਾਂਦਰੀ ਘੁੰਡ ਕੱਢ ਕੇ ਉਸ ਵਿਚ ਬੈਠ ਗਈ ਅਤੇ ਬਾਂਦਰ ਉਸ ਨੂੰ ਲੈ ਕੇ ਚੱਲ ਪਿਆ। ਮਦਾਰੀ ਬਾਂਦਰ ਅਤੇ ਬਾਦਤ ਆਪਣੇ ਲੰਮੇ ਸੋਟੇ ਨਾਲ ਹਰ ਤਰਾਂ ਦਾ ਅਭਿਨੈ ਕਰਾ ਰਿਹਾ ਸੀ।
ਮਦਾਰੀ ਦਾ ਪੈਸੇ ਮੰਗਣਾ: ਇਸ ਪ੍ਰਕਾਰ ਮਦਾਰੀ ਨੇ ਆਪਣੇ ਖੇਡ-ਤਮਾਸ਼ੇ ਨਾਲ ਹਸਾਹਸਾ ਕੇ ਦਰਸ਼ਕਾਂ ਦੇ ਢਿੱਡੀ ਪੀੜਾਂ ਪਾ ਦਿੱਤੀਆਂ। ਤਮਾਸ਼ੇ ਦੇ ਖਤਮ ਹੋਣ ਮਗਰੋਂ ਮਦਾਰੀ ਨੇ ਆਪਣੀ ਥੈਲੀ ਵਿਚੋਂ ਸਿਲਵਰ ਦਾ ਇਕ ਕੌਲਾ ਕੱਢਿਆ ਅਤੇ ਬਾਂਦਰ ਦੇ ਹੱਥ ਵਿਚ ਫੜਾ ਕੇ ਦਰਸ਼ਕਾਂ ਤੋਂ ਪੈਸੇ ਮੰਗਣ ਲਈ ਭੇਜਿਆ। ਬਹੁਤ ਸਾਰੇ ਦਰਸ਼ਕਾਂ ਨੇ 10 ਪੈਸੋ, 25 ਪੈਸੇ ਜਾਂ 50 ਪੈਸੇ ਦੇ ਸਿੱਕੇ ਉਸ ਦੇ ਕੌਲੇ ਵਿਚ ਪਾਏ । ਦੋ ਤਿੰਨ ਦਰਸ਼ਕਾਂ ਨੇ ਇਕ-ਇਕ ਰੁਪਇਆ ਦੇ ਦਿੱਤਾ। ਮਦਾਰੀ ਨੇ ਪੈਸੇ ਸੰਭਾਲੇ ਅਤੇ ਸਾਰਾ ਸਾਮਾਨ ਇਕੱਠਾ ਕਰ ਕੇ ਬਾਂਦਰ ਅਤੇ ਬਾਂਦਰੀ ਨੂੰ ਨਾਲ ਲੈ ਕੇ ਡੁਗਡੁਗੀ ਵਜਾਉਂਦਾ ਹੋਇਆ ਅੱਗੇ ਤੁਰ ਪਿਆ।
ਹਾਸੇ ਦਾ ਸੋਤ : ਇਸ ਤਰ੍ਹਾਂ ਮਦਾਰੀ ਦਾ ਤਮਾਸ਼ਾ ਬੜੀ ਦਿਲਚਸਪੀ ਨਾਲ ਭਰਿਆ ਹੁੰਦਾ ਹੈ। ਇਹ ਸਾਡੇ ਜੀਵਨ ਵਿਚ ਖੁਸ਼ੀ ਅਤੇ ਹਾਸੇ ਦਾ ਪਸਾਰ ਕਰਦਾ ਹੈ। ਇਹ ਸਾਡੇ ਸੱਭਿਆਚਾਰਕ ਜੀਵਨ ਦਾ ਖਾਸ ਅੰਗ ਹੈ। ਬੇਸ਼ੱਕ ਅੱਜ ਦੇ ਸਮੇਂ ਵਿਚ ਰੇਡੀਓ, ਟੈਲੀਵਿਜ਼ਨ, ਸਿਨਮੇ, ਅਖਬਾਰਾਂ, ਰਸਾਲਿਆਂ ਅਤੇ ਮਨੋਰੰਜਨ ਦਿਲਚਸਪੀ ਦੇ ਹੋਰਨਾਂ ਸਾਧਨਾਂ ਦੇ ਵਿਕਾਸ ਨਾਲ ਅਤੇ ਲੋਕਾਂ ਕੋਲ ਖਾਲੀ ਸਮੇਂ ਦੀ ਕਮੀ ਆਉਣ ਕਰਕੇ ਲੋਕਾਂ ਦੀ ਮਦਾਰੀ ਦੇ ਤਮਾਸ਼ੇ ਵਿਚ ਦਿਲਚਸਪੀ ਘੱਟ ਰਹੀ ਹੈ, ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਸ ਦੇ ਤਮਾਸ਼ੇ ਤੋਂ ਸਾਨੂੰ ਬਹੁਤ ਖੁਸ਼ੀ, ਹਾਸਾ ਅਤੇ ਅਨੰਦ ਪ੍ਰਾਪਤ ਹੁੰਦਾ ਹੈ।