ਕੁਦਰਤ ਦੀ ਸੁੰਦਰਤਾ
Kudrat di Sundarta
ਜਾਣ-ਪਛਾਣ : ਕੁਦਰਤ ਦੀ ਸੁੰਦਰਤਾ ਨੁੱਖ ਨੂੰ ਸਦਾ ਆਪਣੇ ਵੱਲ ਖਿੱਚਦੀ ਹੈ।ਇਹ ਸੁੰਦਰਤਾ ਮਨੁੱਖ ਨੂੰ ਖੁਸ਼ੀ ਅਤੇ ਸ਼ਾਂਤੀ ਬਖਸ਼ਦੀ ਹੈ। ਜੇ ਕੋਈ ਬੰਦਾ ਸਵੇਰ ਵੇਲੇ ਚੜਦੇ ਸੂਰਜ ਦੀ ਸੁੰਦਰਤਾ ਨੂੰ ਵੇਖੇ ਤਾਂ ਉਸ ਦਾ ਦਿਲ ਸਾਰਾ ਦਿਨ ਖੁਸ਼ ਅਤੇ ਸ਼ਾਂਤ ਰਹਿੰਦਾ ਹੈ। ਇਸੇ ਤਰ੍ਹਾਂ ਜੇ ਕੋਈ ਮਨੁੱਖ ਲਹਿੰਦੇ ਸੂਰਜ ਦੀ ਲਾਲੀ ਦੀ ਸੁੰਦਰਤਾ ਨੂੰ ਮਾਣੇ ਤਾਂ ਉਸ ਨੂੰ ਰਾਤੀਂ ਬੜੀ ਸ਼ਾਂਤੀ ਭਰਪੂਰ ਨੀਂਦਰ ਆਉਂਦੀ ਹੈ।
ਭਾਰਤ ਕੁਦਰਤੀ ਅਸਥਾਨਾਂ ਨਾਲ ਭਰਪੁਰ : ਭਾਰਤ ਦੇਸ਼ ਕੁਦਰਤੀ ਸੁੰਦਰ ਅਸਥਾਨਾਂ ਨਾਲ ਭਰਪੂਰ ਹੈ। ਇਸ ਦੀਆਂ ਉੱਚੀਆਂ ਪਹਾੜੀ ਚੋਟੀਆਂ, ਸਾਫ ਪਾਣੀ ਦੀਆਂ ਝੀਲਾਂ, ਵੱਗਦੀਆਂ ਨਦੀਆਂ ਅਤੇ ਹਰੀਆਂ ਵਾਦੀਆਂ ਕੁਦਰਤੀ ਸੁੰਦਰਤਾ ਨਾਲ ਡੁੱਲ੍ਹ-ਡੁੱਲ੍ਹ ਪੈਂਦੀਆਂ ਹਨ। ਇਸ ਲਈ ਭਾਰਤ ਦੇ ਮਹਾਂ-ਪੁਰਸ਼ ਅਤੇ ਕਵੀ ਸਦਾ ਕੁਦਰਤੀ ਅਸਥਾਨਾਂ ਉੱਤੇ ਜਾ ਕੇ ਉਨ੍ਹਾਂ ਦੀ ਸੁੰਦਰਤਾ ਤੋਂ ਬਲਿਹਾਰ ਜਾਂਦੇ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੇ ਭਾਰਤ ਦਾ ਦੌਰਾ ਕੀਤਾ ਸੀ। ਉਨ੍ਹਾਂ ਨੇ ਦੇਸ਼ ਦੇ ਸਭ ਕੁਦਰਤੀ ਅਸਥਾਨਾਂ ਉੱਤੇ ਕੁਝ ਚਿਰ ਵਿਸ਼ਰਾਮ ਕਰਕੇ ਉਨ੍ਹਾਂ ਦੀ ਸੁੰਦਰਤਾ ਰੱਜ-ਰੱਜ ਕੇ ਮਾਣੀ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕੁਦਰਤ ਦੀ ਸੁੰਦਰਤਾ ਵਿਚੋਂ ਪ੍ਰਮਾਤਮਾ ਦੀ ਝਲਕ ਨਜ਼ਰ ਆਈ। ਇਸੇ ਲਈ ਆਪ ਜੀ ਨੇ ਇਹ ਮਹਾਂ-ਵਾਕ ਉਚਾਰਿਆ, “ਬਲਿਹਾਰੀ ਕੁਦਰਤ ਵਸਿਆ’’ ਗੁਰੂ ਜੀ ਕੁਦਰਤ ਦੀ ਸੁੰਦਰਤਾ ਵਿਚੋਂ ਪ੍ਰਮਾਤਮਾ ਨੂੰ ਵੇਖ ਕੇ ਇੰਨੇ ਮਗਨ ਹੋ ਜਾਂਦੇ ਸਨ ਕਿ ਆਪ ਕੁਦਰਤ ਨਾਲ ਇਕ-ਮਿੱਕ ਹੋਣਾ ਲੋਚਦੇ ਸਨ। ਕਈ ਵਾਰ ਆਪ ਇਹ ਇੱਛਾ ਪ੍ਰਗਟਾਉਂਦੇ ਸਨ ਕਿ ਮੈਂ ਹਿਰਨੀ ਹੋਵਾਂ ਅਤੇ ਜੰਗਲ ਦੇ ਘਾਹ-ਬੂਟੇ ਚੁਗ ਕੇ ਖਾਵਾਂ, ਕਦੀ ਇਹ ਚਾਹੁੰਦੇ ਸਨ ਕਿ ਮੈਂ ਕੋਇਲ ਹੋਵਾਂ ਅਤੇ ਅੰਬ ਦੇ ਰੁੱਖ ਉੱਤੇ ਬਹਿ ਕੇ ਪ੍ਰਮਾਤਮਾ ਦੇ ਗੁਣ ਗਾਵਾਂ। ਇਵੇਂ ਹੀ ਕਦੀ ਮੱਛੀ ਅਤੇ ਕਦੀ ਨਾਗਣ ਬਣ ਕੇ ਪ੍ਰਮਾਤਮਾ ਦਾ ਜੱਸ ਗਾਉਣ ਦੀ ਇੱਛਾ ਪ੍ਰਗਟਾਉਂਦੇ ਸਨ।
ਵੀਰ ਸਿੰਘ ਦਾ ਕੁਦਰਤ `ਚੋਂ ਪਰਮਾਤਮਾ ਦੀ ਝਲਕ ਵੇਖਣਾ : ਪੰਜਾਬ ਦੇ ਪ੍ਰਸਿੱਧ ਕਵੀ ਭਾਈ ਵੀਰ ਸਿੰਘ ਨੇ ਵੀ ਕੁਦਰਤੀ ਸੁੰਦਰਤਾ ਵਿਚੋਂ ਪ੍ਰਮਾਤਮਾ ਦੀ ਝਲਕ ਵੇਖੀ। ਆਪ ਕੁਦਰਤੀ ਨਜ਼ਾਰਿਆਂ ਦੀ ਸੁੰਦਰਤਾ ਮਾਨਣ ਲਈ ਹਰ ਸਾਲ ਗਰਮੀਆਂ ਵਿਚ ਕਸ਼ਮੀਰ ਦੇ ਸਨ। ਆਪ ਕਸ਼ਮੀਰ ਦੀ ਵਾਦੀ ਦੀਆਂ ਝੀਲਾਂ ਅਤੇ ਚਸ਼ਮੇ ਵੇਖ ਕੇ ਉਨ੍ਹਾਂ ਦੀ ਕੁਦਰਤੀ ਸੁੰਦਰਤਾ ਵਿਚ ਮਗਨ ਹੋ ਜਾਂਦੇ ਸਨ ਅਤੇ ਆਪਣੀ ਕਵਿਤਾ ਰਾਹੀਂ ਉਸ ਸੁੰਦਰਤਾ ਨੂੰ ਬਿਆਨ ਕਰਦੇ ਸਨ। ਆਪ ਹਰ ਸਮੇਂ ਕੁਦਰਤ ਦੀ ਸੁੰਦਰਤਾ ਵਿਚੋਂ ਪ੍ਰਮਾਤਮਾ ਦੀ ਝਲਕ ਵੇਖ ਕੇ ਉਸ ਮਾਲਕ ਅੱਗੇ ਸਿਰ ਨਿਵਾਉਂਦੇ ਸਨ। ਇਸ ਤਰਾਂ, ਆਪ ਹਰੇਕ ਕੁਦਰਤੀ ਸੁੰਦਰ ਚੀਜ਼ ਨੂੰ ਸਿਜਦਾ ਕਰਦਿਆਂ ਪ੍ਰਮਾਤਮਾ ਨੂੰ ਸਿਜਦਾ ਕਰਦੇ ਸਨ।
ਬੰਗਾਲ ਦੇ ਪਸਿੱਧ ਕਵੀ ਰਾਵਿੰਦਰ ਨਾਥ ਟੈਗੋਰ ਨੇ ਵੀ ਬੰਗਾਲ ਦੇ ਕੁਦਰਤੀ ਅਸਥਾਨਾਂ ਦੀ ਸੁੰਦਰਤਾ ਰੱਜ-ਰੱਜ ਕੇ ਮਾਣੀ ਅਤੇ ਕੁਦਰਤ ਵਿਚੋਂ ਪ੍ਰਮਾਤਮਾ ਦੀ ਝਲਕ ਵੇਖੀ। ਆਪ ਨੇ ‘ਗੀਤਾਂਜਲੀ ਪੁਸਤਕ ਵਿਚ ਕੁਦਰਤੀ ਸੁੰਦਰਤਾ ਵਿਚੋਂ ਪ੍ਰਮਾਤਮਾ ਦੀ ਝਲਕ ਵੇਖ ਕੇ ਉਸ ਦੀ ਪ੍ਰਸ਼ੰਸਾ ਵਿਚ ਗੀਤ ਲਿਖੇ ਹਨ। ਇਸ ਪੁਸਤਕ ਉੱਤੇ ਆਪ ਨੂੰ ਨੋਬਲ ਪ੍ਰਾਈਜ਼ ਮਿਲਿਆ ਸੀ।
ਪੱਛਮ ਦੇ ਕਵੀ ਵੀ ਕੁਦਰਤੀ ਨਜ਼ਾਰਿਆਂ ਦੀ ਸੁੰਦਰਤਾ ਨੂੰ ਰੱਜ-ਰੱਜ ਕੇ ਮਾਣਦੇ ਰਹੇ, ਪਰ ਉਹ ਉਸ ਸੁੰਦਰਤਾ ਵਿਚੋਂ ਪ੍ਰਮਾਤਮਾ ਦੀ ਝਲਕ ਵੇਖਣ ਦੀ ਥਾਂ ਉਸ ਵਿਚੋਂ ਕੇਵਲ ਦਿਲ ਦੀ ਖੁਸ਼ੀ ਪ੍ਰਾਪਤ ਕਰਦੇ ਸਨ।
ਇਸੇ ਤਰ੍ਹਾਂ ਅੰਗਰੇਜ਼ੀ ਦਾ ਇਕ ਹੋਰ ਪ੍ਰਸਿੱਧ ਕਵੀ ਸ਼ੈਲੇ ਵੀ ਕੁਦਰਤੀ ਨਜ਼ਾਰਿਆਂ ਦੀ ਸੁੰਦਰਤਾ ਨੂੰ ਖੁਸ਼ੀ ਦਾ ਸਦੀਵੀ ਸੋਮਾ ਸਮਝਦਾ ਹੈ।
ਕੁਦਰਤ ਦੀ ਸੁੰਦਰਤਾ ਲਾਹੇਵੰਦ : ਕੁਦਰਤ ਦੀ ਸੁੰਦਰਤਾ ਹਰ ਤਰ੍ਹਾਂ ਮਨੁੱਖ ਲਈ ਲਾਹੇਵੰਦ ਹੈ ਭਾਵੇਂ ਉਹ ਉਸ ਵਿਚੋਂ ਪ੍ਰਮਾਤਮਾ ਦੀ ਝਲਕ ਵੇਖੇ ਭਾਵੇਂ ਨਿਰੋਲ ਸੁੰਦਰਤਾ ਪ੍ਰਾਪਤ ਕਰੇ। ਇਹ ਮਨੁੱਖ ਦੇ ਸਰੀਰ ਦੇ ਸਾਰੇ ਅੰਗਾਂ ਵਿਚ ਖੁਸ਼ੀ ਭਰਪੂਰ ਕਰਦੀ ਹੈ ਅਤੇ ਉਸ ਦੇ ਮਨ ਨੂੰ ਸ਼ਾਂਤੀ ਪ੍ਰਦਾਨ ਕਰਦੀ ਹੈ। ਇਸ ਖੁਸ਼ੀ ਵਿਚ ਉਹ ਆਪਣੇ ਆਪ ਹੀ ਉਸ ਸੁੰਦਰਤਾ ਨੂੰ ਰਚਨ ਵਾਲੇ ਪ੍ਰਮਾਤਮਾ ਦਾ ਧੰਨਵਾਦ ਕਰਦਾ ਹੈ।
ਇਹ ਵੀ ਕਿਹਾ ਜਾ ਸਕਦਾ ਹੈ ਕਿ ਜਿਹੜਾ ਮਨੁੱਖ ਸਦਾ ਕੁਦਰਤੀ ਨਜ਼ਾਰਿਆਂ ਦੀ ਸੁੰਦਰਤਾ ਮਾਣਦਾ ਰਹੇ, ਉਹ ਬਿਨਾਂ ਕਿਸੇ ਕੋਸ਼ਿਸ਼ ਦੇ ਆਪਣੇ ਆਪ ਕਵੀ ਬਣ ਜਾਂਦਾ ਹੈ। ਜਦੋਂ ਕੁਦਰਤੀ ਨਜ਼ਾਰਿਆਂ ਦੀ ਸੁੰਦਰਤਾ ਵੇਖ ਕੇ ਮਨੁੱਖ ਦਾ ਦਿਲ ਖੁਸ਼ੀ ਨਾਲ ਉੱਛਲਦਾ ਹੈ ਤਾਂ ਉਸ ਦੇ ਦਿਲ ਦੀ ਖੁਸ਼ੀ ਕਵਿਤਾ ਰਾਹੀਂ ਪ੍ਰਗਟ ਹੁੰਦੀ ਹੈ। ਰੋਜ਼ ਰਾਤ ਨੂੰ ਚੰਨ ਦੀਆਂ ਰਿਸ਼ਆਂ ਦੀ ਸੁੰਦਰਤਾ ਵੇਖ-ਵੇਖ ਕੇ ਬਲਿਹਾਰ ਜਾਣ ਵਾਲੇ ਮਨੁੱਖ ਦੇ ਦਿਲ ਵਿਚ ਆਪ ਮੁਹਾਰੇ ਕਵਿਤਾ ਦੇ ਸੋਮੇ ਫੁੱਟ ਪੈਂਦੇ ਹਨ। ਕੁਦਰਤ ਦੀ ਸੁੰਦਰਤਾ ਹਰੇਕ ਮਨੁੱਖ ਲਈ ਪ੍ਰਮਾਤਮਾ ਦੀ ਸਭ ਤੋਂ ਵੱਡੀ ਦਾਤ ਹੈ।
ye acchhhi site hai