ਕਰਤਾਰ ਸਿੰਘ ਸਰਾਭਾ
Kartar Singh Sarabha
ਲੇਖ ਨੰਬਰ: ੦੧
ਜਾਣ-ਪਛਾਣ : ਭਾਰਤ ਦਾ ਇਤਿਹਾਸ ਦੇਸ਼-ਭਗਤਾਂ ਦੀ ਮਿਹਨਤ ਤੇ ਸੰਘਰਸ਼ ਨਾਲ ਭਰਪੂਰ ਹੈ। ਭਾਰਤ ਦੀ ਸੁਤੰਤਰਤਾ ਦਾ ਇਤਿਹਾਸ ਸ਼ਹੀਦਾਂ ਦਾ ਇਤਿਹਾਸ ਹੈ। ਭਾਰਤ ਨੂੰ ਅੰਗਰੇਜ਼ੀ ਰਾਜ ਦੇ ਜੂਲੇ ਤੋਂ ਸੁਤੰਤਰ ਕਰਾਉਣ ਲਈ ਸੈਂਕੜੇ-ਹਜ਼ਾਰਾਂ ਭਾਰਤਵਾਸੀਆਂ ਨੂੰ ਕੁਰਬਾਨੀਆਂ ਦੇਣੀਆਂ ਪਈਆਂ। ਹਜ਼ਾਰਾਂ ਭਾਰਤੀਆਂ ਨੇ ਆਜ਼ਾਦੀ ਪ੍ਰਾਪਤੀ ਲਈ ਆਪਣਾ ਬਲੀਦਾਨ ਦਿੱਤਾ। ਕਈ ਤਾਂ ਚੜ੍ਹਦੀ ਜਵਾਨੀ ਵਿਚ ਹੀ ਆਪਣੀਆਂ ਜਾਨਾਂ ਕੁਰਬਾਨ ਕਰ ਗਏ। ਇਹਨਾਂ ਦੀ ਕਤਾਰ ਵਿਚ ਕਰਤਾਰ ਸਿੰਘ ਸਰਾਭਾ ਵੀ ਐਸਾ ਹੀ ਦੇਸ਼ ਭਗਤ ਸੀ।
ਜਨਮ : ਕਰਤਾਰ ਸਿੰਘ ਸਰਾਭਾ ਦਾ ਜਨਮ ਸੰਨ 1896 ਵਿਚ ਲੁਧਿਆਣੇ ਜ਼ਿਲੇ ਦੇ ਇਕ ਪਿੰਡ ਸਰਾਭਾ ਵਿਚ ਸ. ਮੰਗੱਲ ਸਿੰਘ ਦੇ ਘਰ ਹੋਇਆ। ਇਸ ਪਿੰਡ ਦੇ ਨਾਂ ਕਾਰਣ ਹੀ ਕਰਤਾਰ ਸਿੰਘ ਦੇ ਨਾਂ ਨਾਲ ਸਰਾਭਾ ਸ਼ਬਦ ਜੁੜ ਗਿਆ। ਛੋਟੀ ਉਮਰ ਵਿਚ ਹੀ ਇਹਨਾਂ ਦੇ ਸਿਰੋਂ ਪਿਤਾ ਦਾ ਸਾਇਆ ਉਠ ਗਿਆ, ਇਸ ਲਈ ਆਪ ਦੀ ਪਾਲਣਾ ਆਪ ਦੇ ਦਾਦਾ ਜੀ ਨੇ ਕੀਤੀ।
ਵਿੱਦਿਆ ਪ੍ਰਾਪਤੀ : ਆਪ ਨੇ ਆਰੰਭਿਕ ਵਿੱਦਿਆ ਆਪਣੇ ਪਿੰਡ ਦੇ ਸਕੂਲ ਵਿਚ ਹੀ ਪ੍ਰਾਪਤ ਕੀਤੀ। ਅੱਠਵੀਂ ਕਲਾਸ ਖਾਲਸਾ ਹਾਈ ਸਕੂਲ ਤੋਂ ਪ੍ਰਾਪਤ ਕੀਤੀ ਤੇ ਦਸਵੀਂ ਮਿਸ਼ਨ ਹਾਈ ਸਕੂਲ ਤੋਂ ਪਾਸ ਕੀਤੀ। ਉੱਚ ਸਿੱਖਿਆ ਪ੍ਰਾਪਤ ਕਰਨ ਲਈ ਸੰਨ 1910 ਵਿਚ ਆਪ ਸਾਨਫਰਾਂਸਿਸਕੋ (ਅਮਰੀਕਾ) ਚਲੇ ਗਏ।
ਗਦਰ ਪਾਰਟੀ ਵਿਚ ਭਰਤੀ ਹੋਣਾ : ਹਿੰਦੁਸਤਾਨ ਨੂੰ ਸੁਤੰਤਰ ਕਰਾਉਣ ਲਈ ਸਾਨਫਰਾਂਸਿਸਕੋ ਵਿਚ ਵੱਸਦੇ ਭਾਰਤੀਆਂ ਨੇ ਗ਼ਦਰ ਪਾਰਟੀ ਸਥਾਪਿਤ ਕੀਤੀ। ਇਸ ਪਾਰਟੀ ਦੇ ਪ੍ਰਧਾਨ ਬਾਬਾ ਸੋਹਨ ਸਿੰਘ ਭਕਨਾ ਅਤੇ ਸਕੱਤਰ ਲਾਲਾ ਹਰਦਿਆਲ ਜੀ ਸਨ। ਕਰਤਾਰ ਸਿੰਘ ਵੀ ਇਸ ਗਦਰ ਪਾਰਟੀ ਵਿਚ ਸ਼ਾਮਲ ਹੋ ਗਿਆ। ਇਸ ਪਾਰਟੀ ਨੇ “ਗਦਰ” ਨਾਂ ਦਾ ਇਕ ਅਖਬਾਰ ਵੀ ਪ੍ਰਕਾਸ਼ਿਤ ਕੀਤਾ।
ਭਾਰਤ ਵਾਪਸ ਆਉਣਾ : ਪਾਰਟੀ ਦਾ ਹੁਕਮ ਮੰਨ ਕੇ ਕਰਤਾਰ ਸਿੰਘ ਸਰਾਭਾ ਨੇ ਆਪਣੀਆਂ ਮੁਹਾਰਾਂ ਭਾਰਤ ਨੂੰ ਮੋੜ ਲਈਆਂ। ਆਪ ਬੰਗਾਲ ਦੇ ਨੇਤਾ ਰਾਸ ਬਿਹਾਰੀ ਬੋਸ ਨੂੰ ਵੀ ਮਿਲੇ ਅਤੇ ਆਪਣਾ ਉਦੇਸ਼ ਉਸ ਦੇ ਅੱਗੇ ਰੱਖਿਆ। ਉਸ ਨੇ ਆਪ ਨੂੰ ਪੂਰੀ-ਪੂਰੀ ਮਦਦ ਦੇਣ ਦਾ ਭਰੋਸਾ ਦਿੱਤਾ।
ਪੰਜਾਬ ਵਿਚ ਆ ਕੇ ਕਰਤਾਰ ਸਿੰਘ ਨੇ ਪਹਿਲਾਂ ਅੰਮ੍ਰਿਤਸਰ ਅਤੇ ਫਿਰ ਲਾਹੌਰ ਵਿਚ ਗਦਰ ਪਾਰਟੀ ਦੇ ਅੱਡੇ ਸਥਾਪਿਤ ਕੀਤੇ। ਇਸ ਕੰਮ ਵਿਚ ਭੈਣ ਸਤਿਆਵਤੀ ਅਤੇ ਮਾਈ ਗੁਲਾਬ ਕੌਰ ਨੇ ਇਹਨਾਂ ਦੀ ਬੜੀ ਮੱਦਦ ਕੀਤੀ।
ਇਨਕਲਾਬ ਦਾ ਪ੍ਰੋਗਰਾਮ ਨਾਕਾਮ ਰਹਿਣਾ : ਸਰਾਭਾ ਨੇ ਬੰਗਾਲੀ ਕ੍ਰਾਂਤੀਕਾਰੀ ਰਾਸ ਬਿਹਾਰੀ ਬੋਸ ਨੂੰ ਆਪਣੀ ਸਹਾਇਤਾ ਲਈ ਬੁਲਾ ਲਿਆ। ਪੰਜਾਬ ਵਿਚ ਗਦਰ ਪਾਰਟੀ ਦਾ ਮੁੱਖ ਪ੍ਰੋਗਰਾਮ ਛਾਉਣੀਆਂ ਵਿਚ ਫੌਜੀਆਂ ਨੂੰ ਇਨਕਲਾਬ ਲਈ ਤਿਆਰ ਕਰਨਾ ਸੀ, ਪਰ ਕਾਂਤੀ ਦੀ ਸਕੀਮ ਪਾਰਟੀ ਵਿਚ ਆ ਵੜੇ ਇਕ ਪੁਲਿਸ ਮੁਖਬਰ ਕਿਰਪਾਲ ਸਿੰਘ ਕਾਰਨ ਫੇਲ ਹੋ ਗਈ। ਫੜੋ ਫੜੀ ਸ਼ੁਰੂ ਹੋਣ ਤੇ ਬੋਸ ਆਪਣਾ ਭੇਸ ਵਟਾ ਕੇ ਬੰਗਾਲ ਪਰਤ ਗਿਆ। ਕਰਤਾਰ ਸਿੰਘ ਸਰਾਭਾ ਆਪਣੇ ਸਾਥੀਆਂ ਹਰਨਾਮ ਸਿੰਘ ਟੁੰਡੀਲਾਟ ਅਤੇ ਜਗਤ ਸਿੰਘ ਨਾਲ ਲਾਇਲਪੁਰ ਪੁੱਜ ਗਿਆ। ਇੱਥੋਂ ਉਹ ਪੇਸ਼ਾਵਰ ਹੁੰਦੇ ਹੋਏ ਸਰਹੱਦੀ ਸਥਾਨ ਮਿਦਨੀ ਪਹੁੰਚ ਗਏ।
ਗਿਫ਼ਤਾਰੀ ਅਤੇ ਫਾਂਸੀ : ਆਪ ਦੇ ਮਨ ਵਿਚ ਖਿਆਲ ਆਇਆ ਕਿ ਅਸੀਂ ਅਮਰੀਕਾ ਵਿਚੋਂ ਭਾਰਤ ਨੂੰ ਆਜ਼ਾਦ ਕਰਾਉਣ ਲਈ ਆਏ ਸਾਂ ਪਰ ਅਸੀਂ ਆਪ ਇੱਥੇ ਲੁਕਦੇ ਫਿਰਦੇ ਹਾਂ। ਉਹਨਾਂ ਦੇ ਮਨ ਵਿਚ ਆਪਣੇ ਇਕ ਦੋਸਤ ਰਾਜਿੰਦਰ ਸਿੰਘ ਕੋਲੋਂ ਸਰਗੋਧੇ ਜਾ ਕੇ ਹਥਿਆਰ ਲੈਣ ਦਾ ਫੁਰਨਾ ਫੁਰਿਆ। ਇਸ ਉਦੇਸ਼ ਦੀ ਪ੍ਰਾਪਤੀ ਲਈ ਉਹ ਚੱਕ 25 ਸਰਗੋਧਾ ਵਿਚ ਰਾਜਿੰਦਰ ਸਿੰਘ ਕੋਲ ਅਪੜੇ। ਉਸ ਨੇ ਧੋਖੇ ਨਾਲ ਰਸਾਲਦਾਰ ਗੰਡਾ ਸਿੰਘ ਦੀ ਸਹਾਇਤਾ ਨਾਲ ਇਹਨਾਂ ਤਿੰਨਾਂ ਸੂਰਮਿਆਂ ਨੂੰ ਪੁਲਿਸ ਨੂੰ ਸੌਂਪ ਦਿੱਤਾ। ਇਹਨਾਂ ਤਿੰਨਾਂ ਦੋਸ਼ ਭਗਤਾਂ ਉੱਤੇ ਮੁਕੱਦਮਾ ਚਲਾਇਆ ਗਿਆ। ਹੋਰ ਵੀ ਕਈ ਦੇਸ਼ ਭਗਤਾਂ ਸਮੇਤ ਆਪ ਨੂੰ 10 ਨਵੰਬਰ, ਸੰਨ 1915 ਨੂੰ ਫਾਂਸੀ ਦੇ ਦਿੱਤੀ ਗਈ।
ਨਤੀਜਾ : ਕਰਤਾਰ ਸਿੰਘ ਸਰਾਭਾ ਭਾਰਤ ਮਾਤਾ ਦਾ ਇਕ ਸੱਚਾ-ਸੁੱਚਾ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ਨੌਜਵਾਨ ਸੀ ਜਿਸ ਨੇ ਭਾਰਤ ਨੂੰ ਆਜ਼ਾਦ ਕਰਾਉਣ ਲਈ ਦੇਸ਼ ਤੋਂ ਆਪਣਾ ਸਰਬੰਸ ਵਾਰ ਦਿੱਤਾ। ਉਹ ਪੱਕੇ ਇਰਾਦੇ ਵਾਲਾ ਸੀ। ਅਜਿਹੇ ਸਰਬੀਰ, ਬੇਖੌਫ ਅਤੇ ਸਿਰਲੱਥ ਸੂਰਮੇ ਕਾਰਨ ਹੀ ਅੰਗਰੇਜ਼ਾਂ ਨੇ 15 ਅਗਸਤ, ਸੰਨ 1947 ਨੂੰ ਆਪਣਾ ਬੋਰੀਆ ਬਿਸਤਰਾ ਗੋਲ ਕਰਕੇ ਹਿੰਦੁਸਤਾਨ ਨੂੰ ਸੁਤੰਤਰ ਕਰ ਦਿੱਤਾ।
ਲੇਖ ਨੰਬਰ: ੦੨
ਕਰਤਾਰ ਸਿੰਘ ਸਰਾਭਾ
“ਹਿੰਦ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਦਿਲਾਂ ਚੋਂ ਨਾਂ ਭੁਲਾ ਜਾਣਾ।
ਖਾਤਰ ਵਤਨ ਦੀ, ਲੱਗੇ ਹਾਂ ਚੜ੍ਹਨ ਫ਼ਾਂਸੀ ਸਾਨੂੰ ਦੇਖ ਕੇ, ਨਹੀਂ ਘਬਰਾ ਜਾਣਾ।
ਸਾਡੀ ਮੌਤ ਨੇ, ਵਤਨ ਦੇ ਵਾਸੀਆਂ ਦੇ ਦਿਲੀ ਵਤਨ ਦਾ ਇਸ਼ਕ ਜਗਾ ਜਾਣਾ।” —(ਕਰਤਾਰ ਸਿੰਘ ਸਰਾਭਾ)
ਭੂਮਿਕਾ— ਭਾਰਤ ਦਾ ਇਤਿਹਾਸ ਦੇਸ-ਭਗਤਾਂ ਦੀਆਂ ਘਾਲਣਾਂ ਅਤੇ ਘਟਨਾਵਾਂ ਨਾਲ ਭਰਪੂਰ ਹੈ। ਭਾਰਤ ਦੀ ਅਜ਼ਾਦੀ ਦਾ ਇਤਿਹਾਸ ਸ਼ਹੀਦਾਂ ਦਾ ਇਤਿਹਾਸ ਹੈ। ਭਾਰਤ ਨੂੰ ਅਣਗਿਣਤ ਕੁਰਬਾਨੀਆਂ ਦੇਣੀਆਂ ਪਈਆਂ। ਅਣਗਿਣਤ ਭਾਰਤੀਆਂ ਨੇ ਅਜ਼ਾਦੀ ਪ੍ਰਾਪਤੀ ਲਈ ਆਪਣੀਆਂ ਜਾਨਾਂ ਦੀ ਅਹੂਤੀ ਦਿੱਤੀ ਅਤੇ ਹੋਰਨਾਂ ਨੂੰ ਇੰਝ ਕਰਨ ਨੂੰ ਪ੍ਰੇਰਨਾ ਦਿੰਦੇ ਰਹੇ। ਜਿਵੇਂ—
“ਜੇਲ੍ਹਾਂ ਹੋਣ ਕਾਲਜ ਵਤਨ ਸੇਵਕਾਂ ਦੇ, ਦਾਖਲ ਹੋਇ ਕੇ ਡਿਗਰੀਆਂ ਪਾ ਜਾਣਾ।
ਹੁੰਦੇ ਫ਼ੇਲ ਬਹੁਤੇ ਅਤੇ ਪਾਸ ਥੋੜ੍ਹੇ, ਵਤਨ ਵਾਸੀਓ ਦਿਲ ਨਾ ਢਾਹ ਜਾਣਾ।
ਪਿਆਰੇ ਵੀਰਨੋ ਚੱਲੇ ਹਾਂ ਅਸੀਂ ਜਿੱਥੇ, ਏਸੇ ਰਸਤਿਓਂ ਤੁਸੀਂ ਵੀ ਆ ਜਾਣਾ।”
ਕਈ ਤਾਂ ਚੜ੍ਹਦੀ ਜਵਾਨੀ ਵਿਚ ਪੈਰ ਧਰਦੇ ਹੀ ਆਪਣੀਆਂ ਜਾਨਾਂ ਵਾਰ ਗਏ। ਇਹਨਾਂ ਦੇਸ ਭਗਤਾਂ ਦੀ ਕਤਾਰ ਵਿਚ ਕਰਤਾਰ ਸਿੰਘ ਸਰਾਭਾ ਵੀ ਅਜਿਹਾ ਹੀ ਦੇਸ ਭਗਤ ਸੀ ਜਿਸ ਬਾਰੇ ਕਿਸੇ ਕਵੀ ਨੇ ਠੀਕ ਹੀ ਆਖਿਆ ਹੈ—
ਫੁਲ ਤੋਂ ਦੋ ਦਿਨ ਬਹਾਰੇ ਚਮਨ ਦਿਖਲਾ ਕੇ ਮੁਰਝਾ ਗਏ,
ਹਸਰਤ ਉਨ ਗੁਨਚੋਂ ਕੀ ਹੈ ਜੋ ਬਿਨ ਖਿਲੇ ਮੁਰਝਾ ਗਏ।”
ਜੀਵਨ ਬਾਰੇ ਜਾਣਕਾਰੀ— ਕਰਤਾਰ ਸਿੰਘ ਸਰਾਭਾ ਦਾ ਜਨਮ 1896 ਈ: ਵਿਚ ਲੁਧਿਆਣਾ ਜ਼ਿਲ੍ਹੇ ਦੇ ਇਕ ਪਿੰਡ ਸਰਾਭਾ ਵਿਚ ਸ੍ਰ: ਮੰਗਲ ਸਿੰਘ ਦੇ ਘਰ ਹੋਇਆ। ਇਸ ਪਿੰਡ ਦੇ ਨਾਂ ਕਾਰਨ ਹੀ ਕਰਤਾਰ ਸਿੰਘ ਦੇ ਨਾਂ ਨਾਲ ਸਰਾਭਾ ਸ਼ਬਦ ਜੁੜ ਗਿਆ।ਆਪ ਜੀ ਦੇ ਪਿਤਾ ਆਪ ਜੀ ਨੂੰ ਛੋਟੀ ਉਮਰ ਵਿਚ ਹੀ ਸਦੀਵੀ ਵਿਛੋੜਾ ਦੇ ਗਏ। ਇਸ ਲਈ ਆਪ ਜੀ ਦਾ ਪਾਲਣ-ਪੋਸ਼ਣ ਆਪ ਜੀ ਦੇ ਦਾਦਾ ਜੀ ਨੇ ਕੀਤਾ।
ਵਿੱਦਿਆ- ਆਪ ਜੀ ਨੇ ਮੁੱਢਲੀ ਵਿਦਿਆ ਆਪਣੇ ਪਿੰਡ ਦੇ ਸਕੂਲ ਵਿਚ ਪ੍ਰਾਪਤ ਕੀਤੀ। ਅੱਠਵੀਂ ਜਮਾਤ ਖਾਲਸਾ ਹਾਈ ਸਕੂਲ ਤੋਂ ਪ੍ਰਾਪਤ ਕਰਕੇ ਦਸਵੀਂ ਮਿਸ਼ਨ ਹਾਈ ਸਕੂਲ ਤੋਂ ਪਾਸ ਕੀਤੀ। ਉੱਚ ਸਿੱਖਿਆ ਪ੍ਰਾਪਤ ਕਰਨ ਲਈ ਆਪ 1910 ਈ. ਸਾਨ ਫਰਾਂਸਿਸਕੋ (ਅਮਰੀਕਾ) ਚਲੇ ਗਏ।
ਗਦਰ ਪਾਰਟੀ ਵਿਚ ਸ਼ਾਮਲ ਹੋਣਾ—ਭਾਰਤ ਨੂੰ ਅਜ਼ਾਦ ਕਰਾਉਣ ਲਈ ਸਾਨ ਫਰਾਂਸਿਸਕ ਵਿਚ ਵੱਸਦੇ ਭਾਰਤੀਆਂ ਨੇ ਗਦਰ ਪਾਰਟੀ ਬਣਾਈ। ਇਸ ਪਾਰਟੀ ਦੇ ਪ੍ਰਧਾਨ ਬਾਬਾ ਸੋਹਨ ਸਿੰਘ ਭਕਨਾ ਅਤੇ ਸਕੱਤਰ ਲਾਲਾ ਹਰਦਿਆਲ ਜੀ ਸਨ।ਕਰਤਾਰ ਸਿੰਘ ਵੀ ਇਸ ਗਦਰ ਪਾਰਟੀ ਵਿਚ ਸ਼ਾਮਲ ਹੋ ਗਿਆ।ਆਪ ਜੀ ਨੇ ‘ਗਦਰ’ ਨਾਂ ਦਾ ਇਕ ਅਖ਼ਬਾਰ ਵੀ ਕੱਢਿਆ।
ਪੰਜਾਬ ਵਿਚ ਸਰਗਰਮੀਆਂ— ਪਾਰਟੀ ਦਾ ਹੁਕਮ ਮੰਨ ਕੇ ਕਰਤਾਰ ਸਿੰਘ ਸਰਾਭਾ ਨੇ ਆਪਣੀਆਂ ਮੁਹਾਰਾਂ ਭਾਰਤ ਵੱਲ ਮੋੜ ਲਈਆਂ। ਆਪ ਭਾਰਤ ਵਿਚ ਆ ਕੇ ਬੰਗਾਲ ਦੇ ਕ੍ਰਾਂਤੀਕਾਰੀ ਨੇਤਾ ਰਾਸ ਬਿਹਾਰੀ ਬੋਸ ਨੂੰ ਵੀ ਮਿਲੇ ਅਤੇ ਆਪਣਾ ਉਦੇਸ ਉਸ ਦੇ ਅੱਗੇ ਪ੍ਰਗਟ ਕੀਤਾ। ਉਸ ਨੇ ਆਪ ਜੀ ਨੂੰ ਪੂਰੀ-ਪੂਰੀ ਸਹਾਇਤਾ ਦੇਣ ਦਾ ਵਿਸ਼ਵਾਸ ਦਿੱਤਾ। ਪੰਜਾਬ ਵਿਚ ਆ ਕੇ ਕਰਤਾਰ ਸਿੰਘ ਨੇ ਪਹਿਲਾਂ ਅੰਮ੍ਰਿਤਸਰ ਅਤੇ ਫਿਰ ਲਾਹੌਰ ਵਿਚ ਗਦਰ ਪਾਰਟੀ ਦੇ ਅੱਡੇ ਕਾਇਮ ਕੀਤੇ ।ਇਸ ਕੰਮ ਵਿਚ ਭੈਣ ਸਤਿਆਵਤੀ ਅਤੇ ਮਾਈ ਗੁਲਾਬ ਕੌਰ ਨੇ ਇਨ੍ਹਾਂ ਦੀ ਬਹੁਤ ਸਹਾਇਤਾ ਕੀਤੀ।
ਕ੍ਰਾਂਤੀ ਦਾ ਪ੍ਰੋਗਰਾਮ ਬਣਾਉਣਾ— ਸਰਾਭਾ ਨੇ ਬੰਗਾਲੀ ਕ੍ਰਾਂਤੀਕਾਰੀ ਰਾਮ ਬਿਹਾਰੀ ਬੋਸ ਨੂੰ ਆਪਣੀ ਮਦਦ ਲਈ ਬੁਲਾ ਲਿਆ।ਪੰਜਾਬ ਵਿਚ ਗਦਰ ਪਾਰਟੀ ਦਾ ਮੁੱਖ ਪ੍ਰੋਗਰਾਮ ਛਾਉਣੀਆਂ ਵਿਚ ਫ਼ੌਜੀਆਂ ਨੂੰ ਕ੍ਰਾਂਤੀ ਲਈ ਤਿਆਰ ਕਰਨਾ ਸੀ, ਪਰ ਕ੍ਰਾਂਤੀ ਦੀ ਯੋਜਨਾ ਪਾਰਟੀ ਵਿਚ ਆ ਵੜੇ ਕਿ ਪੁਲਿਸ ਮੁਖਬਰ ਕ੍ਰਿਪਾਲ ਸਿੰਘ ਕਾਰਨ ਫੇਲ੍ਹ ਹੋ ਗਈ। ਫੜੋ-ਫੜੀ ਸ਼ੁਰੂ ਹੋਣ ਤੇ ਬੋਸ ਆਪਣਾ ਬੋਰੀਆ ਬਿਸਤਰਾ ਗੋਲ ਕਰ ਕੇ ਭੇਸ ਬਦਲ ਕੇ ਬੰਗਾਲ ਵਾਪਸ ਪਰਤ ਗਿਆ। ਕਰਤਾਰ ਸਿੰਘ ਸਰਾਭਾ ਆਪਣੇ ਸਾਥੀਆਂ ਹਰਨਾਮ ਸਿੰਘ ਟੁੰਡੀਲਾਟ ਅਤੇ ਜਗਤ ਸਿੰਘ ਨਾਲ ਲਾਇਲਪੁਰ ਪੁੱਜ ਗਿਆ। ਇੱਥੋਂ ਉਹ ਪਿਸ਼ਾਵਰ ਤੋਂ ਹੁੰਦੇ ਹੋਏ ਸਰਹੱਦੀ ਸਥਾਨ ਮਿਦਨੀ ਅੱਪੜ ਗਏ।
ਗ੍ਰਿਫਤਾਰੀ ਤੇ ਫ਼ਾਂਸੀ— ਆਪ ਜੀ ਦੇ ਮਨ ਵਿਚ ਖਿਆਲ ਆਇਆ ਕਿ ਅਮਰੀਕਾ ਵਿਚੋਂ ਭਾਰਤ ਨੂੰ ਅਜ਼ਾਦ ਕਰਾਉਣ ਲਈ ਆਏ ਸਾਂ, ਪਰ ਅਸੀਂ ਆਪ ਇੱਥੇ ਲੁਕਦੇ ਫਿਰਦੇ ਹਾਂ। ਉਹਨਾਂ ਦੇ ਮਨ ਵਿਚ ਆਪਣੇ ਇਕ ਮਿੱਤਰ ਰਜਿੰਦਰ ਸਿੰਘ ਕੋਲੋਂ ਸਰਗੋਧੇ ਜਾ ਕੇ ਹਥਿਆਰ ਪ੍ਰਾਪਤ ਕਰਨ ਦਾ ਫੁਰਨਾ ਫੁਰਿਆ। ਇਸ ਮਨੋਰਥ ਦੀ ਪ੍ਰਾਪਤੀ ਲਈ ਉਹ ਚੱਕ 25 ਸਰਗੋਧਾ ਵਿਚ ਰਜਿੰਦਰ ਸਿੰਘ ਕੋਲ ਅੱਪੜੇ। ਉਸ ਨੇ ਧੋਖੇ ਨਾਲ ਹਵਾਲਦਾਰ ਗੰਡਾ ਸਿੰਘ ਦੀ ਸਹਾਇਤਾ ਨਾਲ ਇਹਨਾਂ ਤਿੰਨਾਂ ਸ਼ੇਰਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਇਨ੍ਹਾਂ ਤਿੰਨਾਂ ਦੇਸ ਭਗਤ ਸੂਰਮਿਆਂ ਉੱਤੇ ਮੁਕੱਦਮਾ ਚਲਾਇਆ ਗਿਆ। ਹੋਰ ਵੀ ਕਈ ਦੇਸ ਭਗਤਾਂ ਸਮੇਤ ਆਪ ਜੀ ਨੂੰ 10 ਨਵੰਬਰ, 1915 ਨੂੰ ਫ਼ਾਂਸੀ ਦੇ ਦਿੱਤੀ ਗਈ।
ਸਾਰਾਂਸ਼- ਕਰਤਾਰ ਸਿੰਘ ਸਰਾਭਾ ਭਾਰਤ ਮਾਤਾ ਦਾ ਇਕ ਸੱਚਾ-ਸੁੱਚਾ ਅਤੇ ਦੇਸ ਭਗਤੀ ਨਾਲ ਭਰਪੂਰ ਨੌਜਵਾਨ ਸੀ, ਜਿਸ ਨੇ ਭਾਰਤ ਨੂੰ ਅਜ਼ਾਦ ਕਰਾਉਣ ਲਈ ਦੇਸ ਤੋਂ ਆਪਣਾ ਵਾਰ ਦਿੱਤਾ। ਉਹ ਪੱਕੇ ਅਤੇ ਦ੍ਰਿੜ੍ਹ ਇਰਾਦੇ ਵਾਲੇ ਸਨ। ਅਜਿਹੇ ਸੂਰਬੀਰ, ਨਿਧੜਕ ਅਤੇ ਸਿਰਲੱਥ ਯੋਧਿਆਂ ਕਾਰਨ ਹੀ ਅੰਗਰੇਜ਼ਾਂ 15 ਅਗਸਤ 1947 ਨੂੰ ਆਪਣਾ ਬੋਰੀਆ ਬਿਸਤਰਾ ਗੋਲ ਕਰਕੇ ਭਾਰਤ ਨੂੰ ਅਜ਼ਾਦ ਕਰ ਦਿੱਤਾ। ਭਾਰਤ ਮਾਤਾ ਆਪ ਦੀ ਸਦਾ ਰਿਣੀ ਰਹੇਗੀ।