ਜੇ ਮੈਂ ਕਰੋੜਪਤੀ ਹੁੰਦਾ
Je me Crorepati Hunda
ਜਾਂ
ਜੇ ਮੇਰੀ ਲਾਟਰੀ ਨਿਕਲ ਆਏ ਤਾਂ
Je Meri Lottery nikal aaye ta
ਮੇਰਾ ਲਾਟਰੀ ਨਿਕਲਣ ਦੇ ਸੁਪਨੇ ਲੈਣਾ : ਅਸੀਂ ਸਭ ਸੁੱਤੇ ਜਾਗਦੇ ਸੁਫ਼ਨੇ ਵੇਖਣ ਵਾਲੇ ਹਾਂ। ਸੁਫ਼ਨੇ ਦੇਖਣਾ ਮਾੜਾ ਨਹੀਂ। ਇਸ ਨਾਲ ਮਨੁੱਖ ਵਿਚ ਕਿਸੇ ਹੱਦ ਤੱਕ ਆਸ਼ਾਵਾਦ ਅਤੇ ਸਵੈ-ਭਰੋਸਾ ਪੈਦਾ ਹੁੰਦਾ ਹੈ, ਪਰ ਸਾਨੂੰ ਸੁਫ਼ਨਿਆਂ ਵਿਚ ਇਸ ਤਰ੍ਹਾਂ ਲੀਨ ਨਹੀਂ ਹੋਣਾ ਚਾਹੀਦਾ ਕਿ ਅਸੀਂ ਆਪਣੀ ਜ਼ਿੰਦਗੀ ਦੀਆਂ ਅਸਲ ਜ਼ਿੰਮੇਵਾਰੀਆਂ ਭੁੱਲ ਕੇ ਸਵਾਰਥੀ ਹੋ ਜਾਈਏ। ਮੈਂ ਵੀ ਹੋਰ ਬੰਦਿਆਂ ਵਾਂਗ ਆਮ ਤੌਰ ਤੇ ਸੁਫਨਿਆਂ ਵਾਲੇ ਸੰਸਾਰ ਵਿਚ ਗੁੰਮ ਹੋ ਜਾਂਦਾ ਹਾਂ। ਜਦੋਂ ਮੈਂ ਵਿਹਲਾ ਬੈਠਾ ਹੁੰਦਾ ਹਾਂ, ਤਾਂ ਮੈਂ ਸੁਫ਼ਨੇ ਦੇਖਣ ਤੋਂ ਬੱਚ ਹੀ ਨਹੀਂ ਸਕਦਾ। ਮੇਰਾ ਇਹ ਮਨ-ਪਸੰਦ ਸੁਫ਼ਨਾ ਹੈ ਕਿ ਮੇਰੀ ਇਕ ਵੱਡੀ ਲਾਟਰੀ ਨਿਕਲੇ ਅਤੇ ਮੈਂ ਕਰੋੜਪਤੀ ਹੋਵਾਂ। ਜੇਕਰ ਤਕਦੀਰ ਨੇ ਸਾਥ ਦਿੱਤਾ ਤਾਂ ਹੋ ਸਕਦਾ ਹੈ, ਕਦੇ ਮੇਰਾ ਇਹ ਸੁਫ਼ਨਾ ਸੱਚ ਹੋ ਜਾਵੇ ਅਤੇ ਮੈਂ ਕਰੋੜਪਤੀ ਬਣ ਜਾਵਾਂ। ਜੇਕਰ ਮੇਰੀ ਇਕ ਕਰੋੜ ਰੁਪਏ ਦੀ ਵੱਡੀ ਲਾਟਰੀ ਨਿਕਲ ਜਾਵੇ ਤਾਂ ਮੇਰੇ ਕੋਲ ਉਸ ਨੂੰ ਖ਼ਰਚ ਕਰਨ ਵਾਸਤੇ ਕਈ ਯੋਜਨਾਵਾਂ ਹਨ। ਮੈਂ ਇਸ ਰਾਸ਼ੀ ਨੂੰ ਕਿਸੇ ਬੇਕਾਰ ਜਾਂ ਫ਼ਜ਼ਲ ਚੀਜ਼ ਉੱਪਰ ਨਹੀਂ ਖਰਚ ਕਰਨਾ ਚਾਹੁੰਦਾ ਤੇ ਨਾ ਹੀ ਮੇਰਾ ਟੀਚਾ ਇਸ ਪੈਸੇ ਨੂੰ ਐਸ਼ਪ੍ਰਸਤੀ ਵਿਚ ਉਡਾਉਣਾ ਹੈ। ਮੈਂ ਇਹ ਵੀ ਜਾਣਦਾ ਹਾਂ ਕਿ ਪੈਸਾ ਮਨੁੱਖ ਨੂੰ ਬੁਰੀ ਤਰ੍ਹਾਂ ਖਰਾਬ ਵੀ ਕਰ ਸਕਦਾ ਹੈ। ਪਰ ਪੈਸਾ ਨਿਰੀ ਤਿਆਗ ਦੇਣ ਵਾਲੀ ਚੀਜ਼ ਵੀ ਨਹੀਂ। ਵਰਤਮਾਨ ਕਾਲ ਵਿਚ ਪੈਸੇ ਨਾਲ ਸਾਰੇ ਕੰਮ ਕੀਤੇ ਜਾ ਸਕਦੇ ਹਨ। ਗ਼ਰੀਬ ਆਦਮੀ ਭਾਵੇਂ ਕਿੰਨਾ ਯੋਗ ਅਤੇ ਈਮਾਨਦਾਰ ਕਿਉਂ ਨਾ ਹੋਵੇ, ਉਸ ਨੂੰ ਸਮਾਜ ਵੱਲੋਂ ਉਹ ਇੱਜ਼ਤ ਤੇ ਸਤਿਕਾਰ ਨਹੀਂ ਮਿਲਦਾ, ਜੋ ਇਕ ਅਮੀਰ ਆਦਮੀ ਨੂੰ ਪ੍ਰਾਪਤ ਹੁੰਦਾ ਹੈ।
ਨਿੱਜੀ ਮਕਾਨ ਦੀ ਉਸਾਰੀ : ਜਦੋਂ ਲਾਟਰੀ ਨਿਕਲਣ ਨਾਲ ਮੇਰੇ ਕੋਲ ਪੈਸਾ ਆ ਜਾਵੇਗਾ, ਤਾਂ ਸਭ ਤੋਂ ਪਹਿਲਾਂ ਮੈਂ ਆਪਣੀਆਂ ਨਿਜੀ ਜ਼ਰੂਰਤਾਂ ਨੂੰ ਪੂਰੀਆਂ ਕਰਾਂਗਾ। ਇਸ ਜ਼ਰੁਰਤ ਨਾਲ ਮੈਂ ਸ਼ਹਿਰ ਦੇ ਰੌਲੇ-ਰੱਪੇ ਤੇ ਗੰਦਗੀ ਤੋਂ ਬਾਹਰ ਇਕ ਚੰਗੀ ਕੋਠੀ ਬਣਾਵਾਂਗਾ, ਉਸ ਦੁਆਲੇ ਬਾਗ਼, ਬਗੀਚੇ ਲਾਵਾਂਗਾ, ਚੰਗੀ ਖੁਰਾਕ ਖਾਵਾਂਗਾ ਤੇ ਚੰਗੇ ਕੱਪੜੇ ਪਾਵਾਂਗਾ। ਮੈਂ ਇਸ ਪੈਸੇ ਵਿਚੋਂ ਕੁਝ ਆਪਣੇ ਸ਼ੌਕ ਨੂੰ ਸੰਤੁਸ਼ਟ ਕਰਨ ‘ਤੇ ਖਰਚ ਕਰਾਂਗਾ। ਮੈਂ ਆਪਣੇ ਘਰ ਵਿਚ ਜੀਵਨ ਨੂੰ ਸੁੱਖ ਦੇਣ ਵਾਲੀਆਂ ਹਰ ਤਰ੍ਹਾਂ ਦੀਆਂ ਵਰਤਮਾਨ ਸਹੂਲਤਾਂ ਰੱਖਾਂਗਾ।
ਮੁਫਤ ਵਿੱਦਿਆ ਲਈ ਸਕੂਲ ਦੀ ਸਥਾਪਨਾ : ਆਪਣੀਆਂ ਨਿੱਜੀ ਲੋੜਾਂ ਦੀ ਪੂਰਤੀ ਮਗਰੋਂ ਮੈਂ ਗਰੀਬ ਮਿੱਤਰਾਂ ਅਤੇ ਰਿਸ਼ਤੇਦਾਰਾਂ ਦੀ ਮੱਦਦ ਕਰਾਂਗਾ। ਮੈਂ ਗਰੀਬਾਂ ਨੂੰ ਖੁਰਾਕ, ਵਿੱਦਿਆ ਅਤੇ ਦਵਾਈਆਂ ਦੇਣ ਦਾ ਇੰਤਜ਼ਾਮ ਕਰਾਂਗਾ ਅਤੇ ਇਸ ਪ੍ਰਕਾਰ ਮੈਂ ਇਕ ਸਮਾਜ-ਸੇਵਕ ਅਤੇ ਦੇਸ਼ ਸੇਵਕ ਬਣਾਂਗਾ। ਇਸ ਪੈਸੇ ਨਾਲ ਮੈਂ ਇਕ ਸਕੂਲ ਕਾਇਮ ਕਰਾਂਗਾ, ਜਿਥੇ ਗਰੀਬ ਲੋਕਾਂ ਦੇ ਬੱਚੇ ਮੁਫ਼ਤ ਪੜਾਈ ਕਰ ਸਕਣ। ਮੈਂ ਦੇਖਦਾ ਹਾਂ ਕਿ ਅੱਜ ਕਲ੍ਹ ਜਿਹੜੇ ਸਕੂਲ ਖੁੱਲ੍ਹੇ ਹੋਏ ਹਨ, ਇਹ ਦੁਕਾਨਦਾਰੀਆਂ ਤੋਂ ਜ਼ਿਆਦਾ ਕੁਝ ਨਹੀਂ ਹਨ ਅਤੇ ਪ੍ਰਬੰਧਕਾਂ ਅਤੇ ਸੰਚਾਲਕਾਂ ਨੇ ਇਹਨਾਂ ਨੂੰ ਆਪਣੇ ਪੜਾਈ ਦੇ ਸਾਧਨ ਬਣਾਇਆ ਹੋਇਆ ਹੈ। ਇਹਨਾਂ ਸਕੂਲਾਂ ਵਿਚ ਅਧਿਆਪਕ ਵਰਗ ਨੂੰ ਵੀ ਆਪਣੇ ਲਾਭਾਂ ਅਤੇ ਲੁੱਟ-ਖਸੁੱਟ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਮੈਂ ਆਪਣੇ ਸਕੂਲ ਵਿਚ ਬਹੁਤ ਹੀ ਪੜ੍ਹੇ-ਲਿਖੇ ਅਤੇ ਤਜ਼ਰਬੇਕਾਰ ਅਧਿਆਪਕ ਰੱਖਾਂਗਾ ਅਤੇ ਉਹਨਾਂ ਨੂੰ ਪੂਰੀਆਂ ਤਨਖਾਹਾਂ ‘ਤੇ ਵੱਧ ਤੋਂ ਵੱਧ ਸਹੂਲਤਾਂ ਦਿਆਂਗਾ। ਮੈਂ ਕਹਾਂਗਾ ਕਿ ਉਹ ਸਾਰੇ ਆਦਰਸ਼ ਅਧਿਆਪਕ ਬਣ ਕੇ ਆਦਰਸ਼ ਵਿਦਿਆਰਥੀ ਪੈਦਾ ਕਰਨ, ਜੋ ਰਾਸ਼ਟਰ ਅਤੇ ਲੋਕਾਂ ਦੀ ਭਲਾਈ ਲਈ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣ। ਅਜਿਹਾ ਤਾਂ ਹੀ ਹੋ ਸਕਦਾ ਹੈ, ਜੇਕਰ ਅਧਿਆਪਕ ਬੜੇ ਵਿਦਵਾਨ, ਉੱਚੇ ਚਰਿੱਤਰ ਦੇ ਮਾਲਕ ਤੇ ਨਿਸ਼ਕਾਮ ਭਾਵਨਾ ਵਾਲੇ ਹੋਣ । ਮੈਂ ਆਪਣੇ ਸਕੂਲ ਲਈ ਐਸੇ ਅਧਿਆਪਕ ਲੱਭਣ ਲਈ ਬੁੱਧੀ ਅਤੇ ਪੈਸਾ ਲਾ ਦੇਵਾਂਗਾ।
ਰੋਗੀਆਂ ਦੀ ਮਦਦ ਦਾ ਪ੍ਰਬੰਧ : ਇਸ ਤੋਂ ਇਲਾਵਾ ਮੈਂ ਦੇਖਦਾ ਹਾਂ ਕਿ ਮੇਰੇ ਆਲੇਦੁਆਲੇ ਗਰੀਬ ਲੋਕ ਦਵਾਈਆਂ ਨਾ ਖਰੀਦ ਸਕਣ ਕਰਕੇ ਛੋਟੀਆਂ-ਮੋਟੀਆਂ ਬੀਮਾਰੀਆਂ ਨਾਲ ਕੀੜੇ-ਮਕੌੜਿਆਂ ਵਾਂਗ ਮਰ ਰਹੇ ਹਨ, ਮੈਂ ਅਜਿਹੇ ਗ਼ਰੀਬਾਂ ਦੀ ਮੱਦਦ ਕਰਨ ਲਈ ਇਕ ਮੁਫਤ ਹਸਪਤਾਲ ਖੋਲਾਂਗਾ। ਮੈਂ ਉੱਥੇ ਨਿਰਾ ਐਲੋਪੈਥਿਕ ਡਾਕਟਰ ਹੀ ਨਹੀਂ ਰੱਖਾਵਾਂਗਾ, ਸਗੋਂ ਹੋਮਿਓਪੈਥਿਕ, ਆਯੁਰਵੈਦਿਕ ਅਤੇ ਯੂਨਾਨੀ ਡਾਕਟਰਾਂ ਅਤੇ ਹਕੀਮਾਂ ਨੂੰ ਵੀ ਰੱਖਾਂਗਾ, ਤਾਂ ਜੋ ਜਿਸ ਢੰਗ ਨਾਲ ਵੀ ਕੋਈ ਬੀਮਾਰੀ ਦੂਰ ਹੋ ਸਕਦੀ ਹੋਵੇ, ਉਹ ਅੱਡੀ ਚੋਟੀ ਦਾ ਜ਼ੋਰ ਲਾ ਕੇ ਦੂਰ ਕੀਤੀ ਜਾ ਸਕੇ ਅਤੇ ਕਿਸੇ ਨੂੰ ਸਮੇਂ ਤੋਂ ਪਹਿਲਾਂ ਆਈ ਮੌਤ ਨਾ ਮਰਨ ਦਿੱਤਾ ਜਾਵੇ। ਇਹ ਡਾਕਟਰ ਵੀ ਬੜੀ ਖੋਜਬੀਨ ਕਰ ਕੇ ਹੀ ਚੁਣੇ ਜਾਣਗੇ। ਇਹ ਡਾਕਟਰ ਮਿਸ਼ਨਰੀ ਭਾਵਨਾ ਵਾਲੇ ਹੋਣਗੇ ਅਤੇ ਇਹਨਾਂ ਦੇ ਮਨ ਵਿਚ ਲਾ-ਇਲਾਜ ਬੀਮਾਰੀਆਂ ਦੀਆਂ ਦਵਾਈਆਂ ਬਾਰੇ ਖੋਜ ਕਰਨ ਦੀ ਰੁਚੀ ਹੋਵੇਗੀ। ਮੈਂ ਉਨ੍ਹਾਂ ਨੂੰ ਨਵੀਆਂ ਦਵਾਈਆਂ ਖੋਜਣ ਦੇ ਕੰਮ ਲਈ ਉਹਨਾਂ ਦੀ ਜ਼ਰੂਰਤ ਅਨੁਸਾਰ ਇਕ ਪ੍ਰਯੋਗਸ਼ਾਲਾ ਵੀ ਬਣਵਾ ਕੇ ਦੇਵਾਂਗਾ। ਮੈਂ ਆਪਣੇ ਹਸਪਤਾਲ ਵਿਚ ਡਾਕਟਰਾਂ ਨੂੰ ਕੰਮ ਅਤੇ ਤਨਖਾਹ ਨਾਲ ਬਹੁਤ ਖੁਸ਼ ਰੱਖਾਂਗਾ, ਤਾਂ ਜੋ ਉਹ ਤਨੋਂ-ਮਨੋਂ ਮਰੀਜ਼ਾਂ ਦੇ ਰੋਗ ਦੂਰ ਕਰਨ ਵੱਲ ਧਿਆਨ ਦੇਣ। ਕਦੇ-ਕਦੇ ਮੈਂ ਹਸਪਤਾਲ ਵਿਚ ਜਾ ਕੇ ਮਰੀਜ਼ਾਂ ਤੋਂ ਇਹਨਾਂ ਦੇ ਹੋ ਰਹੇ ਇਲਾਜ ਬਾਰੇ ਜਾਣਕਾਰੀ ਵੀ ਲਵਾਂਗਾ, ਤਾਂ ਜੋ ਹਸਪਤਾਲ ਦੇ ਕੰਮ ਵਿਚ ਕੋਈ ਲਾਪਰਵਾਹੀ ਜਾਂ ਕਮੀ ਨਾ ਆਵੇ।
ਲਾਇਬਰੇਰੀ ਦੀ ਸਥਾਪਨਾ : ਇਸ ਤੋਂ ਇਲਾਵਾ ਮੈਂ ਆਮ ਲੋਕਾਂ ਦੀ ਜਾਣਕਾਰੀ ਵਿਚ ਵਾਧਾ ਕਰਨ ਲਈ ਤੇ ਉਹਨਾਂ ਦੇ ਦਿਲ-ਪਰਚਾਵੇ ਲਈ ਇਕ ਛੋਟੀ ਜਿਹੀ ਲਾਇਬਰੇਰੀ ਵੀ ਕਾਇਮ ਕਰਾਂਗਾ, ਜਿੱਥੋਂ ਉਹਨਾਂ ਨੂੰ ਪੜ੍ਹਨ ਲਈ ਅਖਬਾਰਾਂ ਮਿਲ ਸਕਣ, ਜਿਸ ਨਾਲ ਉਹਨਾਂ ਦਾ ਗਿਆਨ ਹਰ ਰੋਜ਼ ਵੱਧਦਾ ਰਹੇ। ਇਸ ਤੋਂ ਬਿਨਾਂ ਉਹਨਾਂ ਨੂੰ ਮਨੋਰੰਜਨ ਲਈ ਨਾਵਲ, ਕਹਾਣੀਆਂ ਅਤੇ ਕਵਿਤਾਵਾਂ ਆਦਿ ਦੀਆਂ ਕਿਤਾਬਾਂ ਵੀ ਪ੍ਰਾਪਤ ਹੋਣਗੀਆਂ।
ਬੇਰੁਜ਼ਗਾਰਾਂ ਦੀ ਸਹਾਇਤਾ : ਮੈਂ ਬੇਰੁਜ਼ਗਾਰਾਂ ਦੀ ਮੱਦਦ ਕਰਨ ਲਈ ਕੁਝ ਯਤਨ ਕਰਾਂਗਾ। ਮੈਂ ਗਰੀਬ ਅਤੇ ਬੇਕਾਰ ਨੌਜਵਾਨਾਂ ਨੂੰ ਸਿਖਲਾਈ ਦੇਣ ਲਈ ਇਕ ਸਿਖਲਾਈ ਸਕਲ ਸ਼ੁਰੂ ਕਰਾਂਗਾ। ਇਸ ਨਾਲ ਮੈਂ ਨਾ ਸਿਰਫ ਨੌਜਵਾਨਾਂ ਨੂੰ ਕੋਈ ਨਾ ਕੋਈ ਕੰਮ ਕਰਨ ਦੇ ਯੋਗ ਬਣਾ ਸਕਾਂਗਾ, ਸਗੋਂ ਆਪਣੇ ਦੇਸ਼ ਵਿਚ ਤਕਨੀਕੀ ਮਾਹਿਰਾਂ ਦੀ ਕਮੀ ਵੀ ਦੂਰ ਕਰ ਸਕਾਂਗਾ। ਇਸ ਤਰ੍ਹਾਂ ਇਹ ਸਕੂਲ ਇਕ ਲਾਭਦਾਇਕ ਉਦੇਸ਼ ਹੱਲ ਕਰੇਗਾ।
ਇਸ ਪ੍ਰਕਾਰ ਲਾਟਰੀ ਨਿਕਲਣ ਮਗਰੋਂ ਕਰੋੜਪਤੀ ਬਣ ਕੇ ਮੈਂ ਰੁਪਏ ਦਾ ਚੰਗਾ ਅਤੇ ਸਮਾਜ ਲਈ ਲਾਹੇਵੰਦ ਇਸਤੇਮਾਲ ਕਰਾਂਗਾ। ਸਾਡੇ ਕੋਲ ਲੋੜੀਂਦਾ ਧਨ ਹੋਵੇ, ਤਾਂ ਅਸੀਂ ਸੰਸਾਰ ਵਿਚ ਅਦਭੁਤ ਅਤੇ ਨਾ ਭੁੱਲਣ ਵਾਲੇ ਕੰਮ ਕਰਕੇ ਵਿਖਾ ਸਕਦੇ ਹਾਂ। ਮੈਂ ਅਨਪੜ੍ਹ , ਦੱਖੀ ਅਤੇ ਗਰੀਬ ਵਿਅਕਤੀਆਂ ਦੀ ਸਹਾਇਤਾ ਕਰਨ ਲਈ ਪਰੀ-ਪੂਰੀ ਕੋਸ਼ਿਸ਼ ਕਰਾਂਗਾ। ਇਹ ਹੀ ਮੇਰਾ ਸੁਫ਼ਨਾ ਹੈ। ਜੇਕਰ ਇਹ ਸੱਚਾ ਹੋ ਗਿਆ ਤਾਂ ਮੈਂ ਆਪਣੇ ਆਪ ਨੂੰ ਬਹੁਤ ਹੀ ਕਿਸਮਤ ਵਾਲਾ ਸਮਝਾਂਗਾ।


