ਜੇ ਮੈਂ ਭਾਰਤ ਦਾ ਸਿੱਖਿਆ ਮੰਤਰੀ ਹੁੰਦਾ
Je me Bharat da Sikhiya Mantri Hunda
ਜਾਣ-ਪਛਾਣ : ਜੇ ਮੈਂ ਭਾਰਤ ਦਾ ਸਿੱਖਿਆ ਮੰਤਰੀ ਹੁੰਦਾ ਤਾਂ ਦੇਸ਼ ਭਰ ਵਿਚ ਸਿੱਖਿਆ-ਪ੍ਰਣਾਲੀ ਨੂੰ ਬਦਲ ਕੇ ਰੱਖ ਦੇਂਦਾ ਅਤੇ ਦੇਸ਼ ਦੀ ਸਿੱਖਿਆ ਨੂੰ ਠੀਕ ਅਰਥਾਂ ਵਿਚ ਨੌਜਵਾਨ ਦੀ ਅਗਵਾਈਕਾਰ ਬਣਾ ਦੇਂਦਾ।
ਚੁੱਕੇ ਜਾਣ ਵਾਲੇ ਕਦਮ : ਜੇ ਮੈਂ ਦੇਸ਼ ਦਾ ਸਿੱਖਿਆ ਮੰਤਰੀ ਹੁੰਦਾ ਤਾਂ ਸਭ ਤੋਂ ਪਹਿਲਾ ਕਦਮ ਤਾਂ ਇਹ ਚੁਕਦਾ ਕਿ ਦੇਸ਼ ਭਰ ਦੇ ਸਭ ਸਕੂਲਾਂ ਅਤੇ ਕਾਲਜਾਂ ਦਾ ਰਾਸ਼ਟਰੀਕਰਣ ਕਰ ਦੇਂਦਾ। ਮੈਨੂੰ ਇਹ ਵੇਖਕੇ ਬੜਾ ਦੁੱਖ ਹੁੰਦਾ ਹੈ ਕਿ ਵੱਖ-ਵੱਖ ਮਜ਼ਬਾਂ ਜਾਂ ਰਾਜਸੀ ਪਾਰਟੀਆਂ ਦੇ ਨਾਂ ਉੱਤੇ ਚਾਲੂ ਕੀਤੇ ਸਕੂਲ ਅਤੇ ਕਾਲਜ ਦੇਸ਼ ਦੇ ਨੌਜਵਾਨਾਂ ਨੂੰ ਵੱਖਵਾਦ ਅਤੇ ਵਿਰਕੂਪੁਣੇ ਦੀ ਗ਼ਲਤ ਸਿੱਖਿਆ ਦੇ ਰਹੇ ਹਨ। ਜਦ ਦੇਸ਼ ਦੇ ਸਭ ਸਕੂਲਾਂ ਅਤੇ ਕਾਲਜਾਂ ਦਾ ਰਾਸ਼ਟਰੀਕਰਣ ਹੋ ਗਿਆ ਤਾਂ ਇਹ ਵਿੱਦਿਅਕ ਸੰਸਥਾਵਾਂ ਨੌਜਵਾਨਾਂ ਨੂੰ ਦੇਸ਼ ਪ੍ਰੇਮ ਅਤੇ ਲੋਕ-ਕਲਿਆਣ ਦੀ ਠੀਕ ਸਿੱਖਿਆ ਦੇਣਗੇ।
ਨਵੀਂ ਸਿੱਖਿਆ ਪ੍ਰਣਾਲੀ ਲਾਗੂ ਕਰਨਾ : ਜੇ ਮੈਂ ਦੇਸ਼ ਦਾ ਸਿੱਖਿਆ ਮੰਤਰੀ ਹੁੰਦਾ ਤਾਂ ਸਾਰੇ ਦੇਸ਼ ਵਿਚ ਇਕਸਾਰ ,ਨਵੀਨ ਵਿੱਦਿਆ ਪ੍ਰਣਾਲੀ ਲਾਗੂ ਕਰ ਦੇਂਦਾ। ਇਸ ਸਿੱਖਿਆ ਪ੍ਰਣਾਲੀ ਵਿਚ ਬੱਚਿਆਂ ਨੂੰ ਰੱਟ-ਤੋਤੇ ਬਨਾਉਣ ਦੀ ਥਾਂ ਹੁਸ਼ਿਆਰ ਖੋਜੀ ਬਨਾਉਣ ਉੱਤੇ ਜ਼ੋਰ ਦਿੰਦਾ। ਉਨ੍ਹਾਂ ਨੂੰ ਬਹੁਤੀਆਂ ਪੁਸਤਕਾਂ ਪੜ੍ਹਨ ਅਤੇ ਕਿਤਾਬੀ ਗੱਲਾਂ ਯਾਦ ਰੱਖਣ ਦੀ ਥਾਂ ਆਪਣੇ ਹੱਥਾਂ ਨਾਲ ਨਵੀਆਂ ਚੀਜ਼ਾਂ ਬਨਾਉਣ ਦਾ ਢੰਗ ਸਿਖਾਇਆ ਜਾਂਦਾ। ਇਸ ਤਰਾਂ ਸਾਡੇ ਦੇਸ਼ ਦੇ ਬੱਚੇ ਵੱਡੇ ਹੋ ਕੇ ਇੰਜੀਨੀਅਰ ਅਤੇ ਕਲਾਕਾਰ ਬਣਨ ਵਿਚ ਸਫ਼ਲ ਹੁੰਦੇ।ਸਕ ਵਿਕਾਸਸ਼ੀਲ ਦੇਸ਼ਾਂ ਵਿਚ ਬੱਚਿਆਂ ਨੂੰ ਸ਼ੁਰੂ ਤੋਂ ਹੀ ਇਹੋ ਜਿਹੀ ਸਿੱਖਿਆ ਦਿੱਤੀ ਜਾਂਦੀ ਹੈ ਤਾਂ ਜੋ ਉਹ ਆਪਣੇ ਹੱਥਾਂ ਨਾਲ ਨਵੀਆਂ ਚੀਜ਼ਾਂ ਬਨਾਉਣ ਵਿਚ ਨਿਪੁੰਨ ਬਣ ਕੇ ਵਿਖਾਉਣ।
ਸਿੱਖਿਆ ਦਾ ਕਿੱਤੇ ਨਾਲ ਮੇਲ : ਇਸ ਦੇ ਨਾਲ ਹੀ ਮੈਂ ਦੇਸ਼ ਭਰ ਵਿਚ ਸਿੱਖਿਆ ਦਾ ਕਿਸੇ ਵਿਸ਼ੇਸ਼ ਪੇਸ਼ੇ ਨਾਲ ਮੇਲ ਕਰ ਦੇਂਦਾ। ਸਾਡੇ ਦੇਸ਼ ਦੇ ਨੌਜਵਾਨ ਬੀ.ਏ. ਜਾਂ ਐਮ ਏ , ਕਰ ਕੇ ਬੇਕਾਰਾਂ ਦੀ ਗਿਣਤੀ ਵਿਚ ਹੋਰ ਵਾਧਾ ਕਰਦੇ ਜਾਂਦੇ ਹਨ। ਜੇ ਕਿਸੇ ਸਰਕਾਰੀ ਵਿਚ ਇਕ ਚਪੜਾਸੀ ਦੀ ਨੌਕਰੀ ਖਾਲੀ ਹੋਵੇ ਤਾਂ ਉਸ ਲਈ ਸੈਂਕੜੇ ਬੀ.ਏ. ਜਾਂ ਐਲ ਦੇ ਪਾਸ ਨੌਜਵਾਨਾਂ ਦੀਆਂ ਅਰਜ਼ੀਆਂ ਆ ਜਾਂਦੀਆਂ ਹਨ। ਇਸ ਦੇ ਨਾਲ ਹੀ ਉਹ ਵੱਡੇ-ਵੱਡੇ ਅਫਸਰਾਂ ਅਤੇ ਨੇਤਾਵਾਂ ਦੀਆਂ ਸਿਫ਼ਾਰਸ਼ਾਂ ਵੀ ਲਿਆਉਂਦੇ ਹਨ। ਇਸ ਤੋਂ ਵੱਡੀ ਸ਼ਰਮਨਾਕ ਗੱਲ ਹੋਰ ਕੀ ਹੋ ਸਕਦੀ ਹੈ, ਪਰ ਮੈਂ ਦੇਸ਼ ਦਾ ਸਿੱਖਿਆ ਮੰਤਰੀ ਬਣ ਕੇ ਇਸ ਸ਼ਰਮਨਾਕ ਹਾਲਤ ਦਾ ਖਾਤਮਾ ਕਰ ਦੇਂਦਾ। ਪੜ੍ਹੇ ਲਿਖੇ ਨੌਜਵਾਨ ਮਾਮੂਲੀ ਨੌਕਰੀਆਂ ਪਿੱਛੇ ਭੱਜਣਾ ਦੇਂਦੇ। ਮੈਂ ਦੇਸ਼ ਭਰ ਵਿਚ ਅਜਿਹੀ ਸਿੱਖਿਆ ਪ੍ਰਣਾਲੀ ਲਾਗੂ ਕਰਦਾ ਜਿਸ ਵਿਚ ਸਕੂਲ ਦੀਆਂ ਕਲਾਸਾਂ ਤੋਂ ਹੀ ਵਿਦਿਆਰਥੀਆਂ ਨੂੰ ਕਿਸੇ ਪੇਸ਼ੇ ਦੀ ਲਾਜ਼ਮੀ ਸਿੱਖਿਆ ਦਿੱਤੀ ਜਾਏ, ਤਾਂ ਜੋ ਉਹ ਸਕਲ ਪੱਧਰ ਵਿਚੋਂ ਗੁਜ਼ਰਣ ਤੋਂ ਬਾਅਦ ਆਪਣੀ ਰੋਜ਼ੀ ਆਪ ਕਮਾ ਸਕਣ ਦੇ ਕਾਬਲ ਬਣ ਜਾਣ। ਇਸ ਤੋਂ ਉਪਰੰਤ ਮੈਂ ਸਿੱਖਿਆ ਸੰਸਥਾਵਾਂ ਦਾ ਵੱਖ-ਵੱਖ ਉਦਯੋਗਾਂ ਨਾਲ ਸਿੱਧਾ ਸੰਬੰਧ ਕਾਇਮ ਕਰ ਦੇਂਦਾ ਤਾਂ ਜੋ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਦੇਸ਼ ਦੇ ਕਾਰਖਾਨਿਆਂ ਵਿਚ ਕੰਮ ਕਰਨ ਦੀ ਸਿਖਲਾਈ ਪ੍ਰਾਪਤ ਕਰ ਸਕਣ। ਸਾਡੀ ਅਜੋਕੀ ਸਿੱਖਿਆ ਪ੍ਰਣਾਲੀ ਦਾ ਦੇਸ਼ ਦੇ ਉਦਯੋਗਾਂ ਨਾਲ ਕੋਈ ਸੰਪਰਕ ਨਹੀਂ ਹੈ, ਪਰ ਸਭ ਪੱਛਮੀ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਆਪਣੇ ਦੇਸ਼ ਦੇ ਕਾਰਖ਼ਾਨਿਆਂ ਅਤੇ ਫੈਕਟਰੀਆਂ ਵਿਚ ਕੰਮ ਸਿੱਖਣ ਅਤੇ ਕੰਮ ਕਰਨ ਦੇ ਮੌਕੇ ਦਿੱਤੇ ਜਾਂਦੇ ਹਨ। ਮੈਂ ਸਿੱਖਿਆ ਮੰਤਰੀ ਬਣ ਕੇ ਦੇਸ਼ ਦੇ ਨੌਜਵਾਨਾਂ ਨੂੰ ਇਹੋ-ਜਿਹੇ ਖੁੱਲ੍ਹੇ ਮੌਕੇ ਪ੍ਰਦਾਨ ਕਰਨ ਦਾ ਪੂਰਾ ਪ੍ਰਬੰਧ ਕਰਦਾ। ਇਸ ਪ੍ਰਬੰਧ ਨਾਲ ਜਿੱਥੇ ਦੇਸ਼ ਦੇ ਨੌਜਵਾਨਾਂ ਨੂੰ ਜ਼ਰੂਰੀ ਉਦਯੋਗਿਕ ਸਿਖਲਾਈ ਪ੍ਰਾਪਤ ਹੁੰਦੀ ਹੈ ਉੱਥੇ ਦੇਸ਼ ਦੇ ਉਦਯੋਗ ਵਿਚ ਪ੍ਰਤੀ ਵੀ ਹੁੰਦੀ ਹੈ।
ਪ੍ਰੀਖਿਆ ਪ੍ਰਣਾਲੀ ਵਿਚ ਸੁਧਾਰ : ਮੈਂ ਦੇਸ਼ ਦਾ ਸਿੱਖਿਆ ਮੰਤਰੀ ਬਣ ਕੇ ਦੇਸ਼ ਭਰ ਦੀ ਪ੍ਰੀਖਿਆ ਪ੍ਰਣਾਲੀ ਦਾ ਪੂਰਾ ਸੁਧਾਰ ਕਰਦਾ। ਇਸ ਵੇਲੇ ਦੇਸ਼ ਵਿਚ ਜਿਹੜੀ ਪ੍ਰੀਖਿਆ ਪ੍ਰਣਾਲੀ ਚਾਲੂ ਹੈ ਉਸ ਨਾਲ ਵਿਦਿਆਰਥੀਆਂ ਦੀ ਯੋਗਤਾ ਦੀ ਕੋਈ ਜਾਂਚ ਨਹੀਂ ਹੋ ਸਕਦੀ। ਇਹ ਪ੍ਰੀਖਿਆ ਪ੍ਰਣਾਲੀ ਤਾਂ ਵਿਦਿਆਰਥੀਆਂ ਦੀ ਕੇਵਲ ਰੱਟਾ-ਸ਼ਕਤੀ ਦੀ ਹੀ ਜਾਂਚ ਕਰਦੀ ਹੈ। ਇਸ ਤੋਂ ਉਪਰੰਤ ਇਹ ਵਿਦਿਆਰਥੀਆਂ ਨੂੰ ਨਕਲ ਕਰਨ ਲਈ ਉਤਸ਼ਾਹਿਤ ਕਰਦੀ ਹੈ। ਮੈਂ ਸਿੱਖਿਆ ਮੰਤਰੀ ਬਣ ਕੇ ਦੇਸ਼ ਭਰ ਵਿਚ ਅਜਿਹੀ ਪ੍ਰੀਖਿਆ-ਪ੍ਰਣਾਲੀ ਚਾਲੂ ਕਰਾਂਗਾ, ਜਿਸ ਨਾਲ ਵਿਦਿਆਰਥੀਆਂ ਨੂੰ ਨਕਲ ਮਾਰਨ ਦੀ ਲੋੜ ਹੀ ਨਹੀਂ ਰਹੇਗੀ। ਇਸ ਤੋਂ ਉਪਰੰਤ ਮੈਂ ਇਹ ਵੀ ਇੰਤਜ਼ਾਮ ਕਰਾਂਗਾ ਕਿ ਸਕੂਲਾਂ ਅਤੇ ਕਾਲਜਾਂ ਦੀ ਸਾਲਾਨਾ ਪ੍ਰੀਖਿਆ ਵਿਚ ਅਧਿਆਪਕਾਂ ਅਤੇ ਪ੍ਰੋਫੈਸਰਾਂ ਵੱਲੋਂ ਵੱਖ-ਵੱਖ ਸਮਿਆਂ ਉੱਤੇ ਲਏ ਟੈਸਟਾਂ ਦੇ ਨੰਬਰਾਂ ਨੂੰ ਵੀ ਸ਼ਾਮਲ ਕੀਤਾ ਜਾਏ। ਇਸ ਤਰ੍ਹਾਂ ਵਿਦਿਆਰਥੀਆਂ ਦੀ ਅਸਲ ਯੋਗਤਾ ਪਤਾ ਲੱਗ ਸਕੇਗਾ।
ਮੈਂ ਦੇਸ਼ ਦਾ ਸਿੱਖਿਆ ਮੰਤਰੀ ਬਣ ਕੇ ਦੇਸ਼ ਦੇ ਸਭ ਅਧਿਆਪਕਾਂ ਅਤੇ ਪ੍ਰੋਫੈਸਰਾਂ ਦੀ ਮਾਲੀ ਹਾਲਤ ਸੁਧਾਰਣ ਦਾ ਜ਼ਰੂਰੀ ਕੰਮ ਵੀ ਕਰਾਂਗਾ। ਜਦ ਤੱਕ ਸਿੱਖਿਆ ਪ੍ਰਦਾਨ ਕਰਨ ਵਾਲੇ ਅਧਿਆਪਕਾਂ ਦੀਆਂ ਤਨਖਾਹਾਂ ਬਹੁਤ ਚੰਗੀਆਂ ਨਹੀਂ ਬਣਾਈਆਂ ਜਾਂਦੀਆਂ, ਉਦੋਂ ਤੱਕ ਦੇਸ਼ ਵਿਚ ਸਿੱਖਿਆ ਦਾ ਪੱਧਰ ਉੱਚਾ ਨਹੀਂ ਚੁੱਕਿਆ ਜਾ ਸਕਦਾ। ਮੈਂ ਸਿੱਖਿਆ ਮੰਤਰੀ ਬਣ ਕੇ ਹਰ ਸੰਭਵ ਯਤਨ ਕਰਾਂਗਾ ਕਿ ਦੇਸ਼ ਭਰ ਵਿਚ ਸਿੱਖਿਆ ਦਾ ਪੱਧਰ ਉੱਚਾ ਉਠਾਇਆ ਜਾਏ।