ਗੁਲਾਮ ਸੁਫਨੇ ਸੁੱਖ ਨਾਹੀ
Gulam Sufne Sukh Nahi
ਜਾਣ-ਪਛਾਣ : ਮਨੁੱਖ ਤਾਂ ਕੀ ਹਰੇਕ ਪਸ਼ੂ ਪੰਛੀ ਉੱਤੇ ਵੀ ਇਹ ਅਟੱਲ ਸੱਚਾਈ ਲਾਗੂ ਹੁੰਦੀ ਹੈ ਕਿ ਗੁਲਾਮ ਰਹਿਣ ਦੀ ਹਾਲਤ ਵਿਚ ਜ਼ਰਾ ਜਿੰਨਾ ਸੁੱਖ ਵੀ ਪ੍ਰਾਪਤ ਨਹੀਂ ਹੋ ਸਕਦਾ। ਜੇ ਕਿਸੇ ਪੰਛੀ ਨੂੰ ਸੋਨੇ ਦੇ ਪਿੰਜਰੇ ਵਿਚ ਵੀ ਬੰਦ ਕਰ ਦਿਓ ਅਤੇ ਉਸ ਨੂੰ ਖਾਣ ਲਈ ਹਰ ਵੇਲੇ ਚੰਗੀਆਂ-ਚੰਗੀਆਂ ਚੀਜ਼ਾਂ ਦੇਂਦੇ ਰਹੋ, ਤਦ ਵੀ ਉਸਦਾ ਦਿਲ ਆਜ਼ਾਦ ਹੋ ਕੇ ਆਕਾਸ਼ ਵਿਚ ਖੁੱਲ੍ਹੀਆਂ ਉਡਾਰੀਆਂ ਲਾਉਣ ਨੂੰ ਕਰਦਾ ਰਹੇਗਾ।
ਮਨੁੱਖ ਨੂੰ ਵੀ ਸੁੱਖ ਨਹੀਂ : ਜੇ ਪਸ਼ੂ ਪੰਛੀ ਵੀ ਕੇਵਲ ਆਜ਼ਾਦ ਰਹਿ ਕੇ ਸੁੱਖ ਮਾਣ ਸਕਦੇ ਹਨ ਤਾਂ ਮਨੁੱਖ ਤਾਂ ਕਿਸੇ ਦੇ ਅਧੀਨ ਰਹਿ ਕੇ ਕਦੀ ਵੀ ਸੁੱਖ ਨਹੀਂ ਮਾਣ ਸਕਦਾ। ਇਸੇ ਲਈ ਤਾਂ ਗੰਗਾਧਰ ਤਿਲਕ ਨੇ ਕਿਹਾ ਸੀ, “ਸੁਤੰਤਰਤਾ ਸਾਡਾ ਜਮਾਂਦਰੂ ਅਧਿਕਾਰ ਹੈ। ਇਸ ਦਾ ਭਾਵ ਹੈ ਕਿ ਕੋਈ ਮਨੁੱਖ ਜਾਂ ਕੋਈ ਦੇਸ਼ ਭਾਵੇਂ ਕਿੰਨਾ ਤਾਕਤਵਰ ਹੋਵੇ ਉਹ ਕਿਸੇ ਹੋਰ ਮਨੁੱਖ ਜਾਂ ਦੇਸ਼ ਦਾ ਆਜ਼ਾਦ ਰਹਿਣ ਦਾ ਅਧਿਕਾਰ ਖੋਹ ਨਹੀਂ ਸਕਦਾ।
ਹਰ ਗੁਲਾਮ ਦੇਸ਼ ਨੇ ਲਈ ਆਜ਼ਾਦੀ : ਮਨੁੱਖੀ ਇਤਿਹਾਸ ਇਸ ਗੱਲ ਦੀ ਗਵਾਹੀ ਦੇਂਦਾ ਹੈ ਕਿ ਜੋ ਕਿਸੇ ਸ਼ਕਤੀਸ਼ਾਲੀ ਦੇਸ਼ ਨੇ ਕਿਸੇ ਹੋਰ ਦੇਸ਼ ਨੂੰ ਆਪਣੇ ਅਧੀਨ ਕਰਕੇ ਉਸ ਦੀ ਆਜ਼ਾਦੀ ਖੋਹ ਲਈ ਤਾਂ ਉਸ ਦੇਸ਼ ਦੇ ਵਾਸੀਆਂ ਨੇ ਬੜੇ ਕਸ਼ਟ ਸਹਿ ਕੇ ਅਤੇ ਬੜੀਆਂ ਕੁਰਬਾਨੀਆਂ ਦੇ ਕੇ ਆਪਣੀ ਖੋਹੀ ਹੋਈ ਸੁਤੰਤਰਤਾ ਵਾਪਸ ਲੈ ਕੇ ਹੀ ਛੱਡੀ। ਭਾਰਤ ਦੀ ਉਦਾਹਰਨ ਹੀ ਲੈ ਲਉ।ਜੇ ਅੰਗਰੇਜ਼ਾਂ ਨੇ ਭਾਰਤ ਦੀ ਆਜ਼ਾਦੀ ਖੋਹ ਲਈ ਤਾਂ ਭਾਰਤਵਾਸੀ ਕਦੀ ਆਰਾਮ ਨਾਲ ਨਹੀਂ ਸਨ ਬੈਠੇ।ਉਹ ਸਦਾ ਆਪਣੀ ਆਜ਼ਾਦੀ ਫਿਰ ਵਾਪਸ ਲੈਣ ਲਈ ਸੰਘਰਸ਼ ਕਰਦੇ ਰਹੇ। ਤਾਂਤੀਆ ਟੋਪੇ, ਮਹਾਰਾਨੀ ਸੀ, ਸੁਭਾਸ਼ ਚੰਦਰ ਬੋਸ, ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਅਨੇਕ ਦੇਸ਼ ਭਗਤ ਆਪਣੇ ਦੇਸ਼ ਨੂੰ ਅੰਗਰੇਜ਼ੀ ਸਾਮਰਾਜ ਤੋਂ ਆਜ਼ਾਦ ਕਰਵਾਉਣ ਲਈ ਆਪਣੀਆਂ ਜਾਨਾਂ ਵਾਰ ਗਏ। ਉਸ ਤੋਂ ਪਹਿਲੇ ਮੁਗਲ ਸਾਮਰਾਜ ਦੀ ਗੁਲਾਮੀ ਸਮੇਂ ਮਹਾਰਾਣਾ ਪ੍ਰਤਾਪ ਅਤੇ ਸ਼ਿਵਾ ਜੀ ਮਰਹੱਟਾ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣੇ ਸਭ ਸੁੱਖ ਆਰਾਮ ਤਿਆਗ ਦਿੱਤੇ ਸਨ। ਉਹ ਆਪਣੀ ਜਾਨ ਤਲੀ ਤੇ ਧਰ ਕੇ ਲੜਦੇ ਰਹੇ, ਪਰ ਮੁਗ਼ਲ ਹਾਕਮਾਂ ਦੀ ਗੁਲਾਮੀ ਸਵੀਕਾਰ ਨਾ ਕਰ ਸਕੇ। ਇਹੋ ਜਿਹੇ ਬਹਾਦੁਰ ਸੁਰਮੇ ਇਸ ਸਿਧਾਂਤ ਉੱਤੇ ਜੀਵਨ ਬਿਤਾਉਂਦੇ ਹਨ ਕਿ ਜਿਹੜਾ ਵੀ ਸਾਹ ਲੈਣਾ ਹੈ, ਉਹ ਆਜ਼ਾਦੀ ਵਿਚ ਲੈਣਾ ਹੈ, ਨਹੀਂ ਤਾਂ ਜੀਵਨ ਦਾ ਅੰਤ ਹੋ ਜਾਣਾ ਹੀ ਚੰਗਾ ਹੈ। ਇਹੋ ਜਿਹੇ ਵੀਰਾਂ ਦੇ ਸੰਘੋ ਰੋਟੀ ਤਦ ਹੀ ਲੰਘ ਸਕਦੀ ਹੈ ਜਦ ਉਹ ਆਪਣੇ ਦੇਸ਼ ਨੂੰ ਆਜ਼ਾਦ ਹੋਇਆਂ ਵੇਖ ਲੈਣ।
ਆਜ਼ਾਦੀ ਕਾਇਮ ਰੱਖਣ ਲਈ ਉਪਰਾਲੇ : ਅੰਗਰੇਜ਼ੀ ਸਾਮਰਾਜ ਤੋਂ ਆਜ਼ਾਦੀ ਪ੍ਰਾਪਤ ਕਰ ਕੇ ਭਾਰਤੀ ਲੋਕਾਂ ਨੇ ਆਪਣੀ ਸੁਤੰਤਰਤਾ ਕਾਇਮ ਰੱਖਣ ਲਈ ਬਹੁਤ ਕੁਝ ਕਰਕੇ ਵਿਖਾਇਆ ਹੈ। ਆਜ਼ਾਦੀ ਮਿਲਣ ਮਗਰੋਂ ਭਾਰਤ ਨੂੰ ਪਾਕਿਸਤਾਨ ਨਾਲ ਤਿੰਨ ਵਾਰ ਲੜਾਈ ਕਰਨੀ ਪਈ ਹੈ। ਹਰ ਵਾਰ ਭਾਰਤੀ ਸੈਨਾ ਨੇ ਪਾਕਿਸਤਾਨੀ ਸੈਨਾ ਨੂੰ ਪਛਾੜ ਕੇ ਵਿਖਾਇਆ ਹੈ। ਭਾਰਤ ਨੇ ਕਿਸੇ ਹੋਰ ਦੇਸ਼ ਨਾਲ ਯੁੱਧ ਕਰਨ ਦੀ ਪਹਿਲ ਨਹੀਂ ਕੀਤੀ, ਪਰ ਜਿਸ ਦੇਸ਼ ਨੇ ਵੀ ਭਾਰਤ ਦੀ ਆਜ਼ਾਦੀ ਉੱਤੇ ਹਮਲਾ ਕੀਤਾ, ਭਾਰਤੀ ਸੈਨਾ ਨੇ ਉਸ ਦਾ ਡੱਟ ਕੇ ਮੁਕਾਬਲਾ ਕਰਕੇ ਵਿਖਾਇਆ ਹੈ।
ਭਾਰਤ ਨੇ ਆਜ਼ਾਦੀ ਕਾਇਮ ਰੱਖਣ ਦਾ ਫ਼ਰਜ਼ ਨਿਭਾਇਆ : ਇਸ ਤੋਂ ਸਿੱਧ ਹੁੰਦਾ ਹੈ। ਕਿ ਭਾਰਤ ਨੇ ਆਜ਼ਾਦੀ ਪ੍ਰਾਪਤੀ ਮਗਰੋਂ ਆਪਣੀ ਸੁਤੰਤਰਤਾ ਕਾਇਮ ਰੱਖਣ ਲਈ ਆਪਣਾ ਫਰਜ਼ ਪੂਰੀ ਤਰ੍ਹਾਂ ਨਿਭਾਇਆ ਹੈ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਇਸ ਨੇ ਆਪਣੀ ਸੱਭਿਆਚਾਰਕ ਸੁਤੰਤਰਤਾ ਕਾਇਮ ਰੱਖਣ ਲਈ ਕੋਈ ਯਤਨ ਨਹੀਂ ਕੀਤਾ, ਸਗੋਂ ਅੰਗਰੇਜ਼ਾਂ ਦੇ ਇੱਥੋਂ ਚਲੇ ਜਾਣ ਮਗਰੋਂ ਅੰਗਰੇਜ਼ੀ ਸੰਸਕ੍ਰਿਤੀ ਨਾਲ ਚਮੜੇ ਰਹਿਣ ਦੀ ਭਾਵਨਾ ਵਿਖਾਈ ਹੈ। ਜਿਹੜਾ ਮਨੁੱਖ ਭਾਰਤੀ ਹੁੰਦਾ ਹੋਇਆ ਅਜੇ ਵੀ ਰਾਸ਼ਟਰੀ ਭਾਸ਼ਾ ਦੀ ਥਾਂ ਅੰਗਰੇਜ਼ੀ ਵਿਚ ਗੱਲਬਾਤ ਕਰਨਾ ਆਪਣੀ ਸ਼ਾਨ ਸਮਝਦਾ ਹੈ ਜਾਂ ਆਪਣੇ ਬੱਚਿਆਂ ਨੂੰ ਆਰੰਭ ਤੋਂ ਹੀ ਅਜਿਹੇ ਪਬਲਿਕ ਸਕੂਲ ਵਿਚ ਦਾਖਲ ਕਰਵਾਉਂਦਾ ਹੈ, ਜਿੱਥੇ ਅੰਗਰੇਜ਼ੀ ਰਾਹੀਂ ਸਿੱਖਿਆ ਦਿੱਤੀ ਜਾਂਦੀ ਹੈ, ਉਹ ਸੱਭਿਆਚਾਰਕ ਤੌਰ ਉੱਤੇ ਆਜ਼ਾਦ ਮਨੁੱਖ ਕਦੀ ਨਹੀਂ ਅਖਵਾ ਸਕਦਾ।
ਹਰ ਭਾਰਤੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਦੇਸ਼ ਦੀ ਭਾਸ਼ਾ, ਸੱਭਿਅਤਾ ਅਤੇ ਪਹਿਰਾਵੇ ਨਾਲ ਪੇਸ਼ ਕਰਨ ਵਿਚ ਆਪਣੀ ਸ਼ਾਨ ਸਮਝਣ, ਪਰ ਸਾਡੇ ਦੇਸ਼ ਵਿਚ ਅੱਜਕਲ੍ਹ ਅਜਿਹਾ ਨਹੀਂ ਹੋ ਰਿਹਾ। ਅਸੀਂ ਆਪਣਾ ਦੇਸੀ ਸਾਹਿਤ ਪੜਨ ਦੀ ਥਾਂ ਅਜੇ ਵੀ ਅੰਗਰੇਜ਼ੀ ਸਾਹਿਤ ਪੜ੍ਹਨ ਦਾ ਸ਼ੌਕ ਰੱਖਦੇ ਹਾਂ। ਦੋਸ਼ੀ ਕੱਪੜੇ ਪਾਉਣ ਦੀ ਥਾਂ ਅੰਗਰੇਜ਼ੀ ਕੱਪੜੇ ਪਾਉਣਾ ਜ਼ਿਆਦਾ ਪਸੰਦ ਕਰਦੇ ਹਾਂ। ਹੋਰ ਤਾਂ ਹੋਰ ਸਾਡੇ ਦੇਸ਼ ਦੀਆਂ ਕੁੜੀਆਂ ਵੀ ਅੰਗਰੇਜ਼ੀ ਫੈਸ਼ਨ ਵਾਲਾ ਪਹਿਰਾਵਾ ਪਾਉਣ ਲੱਗ ਪਈਆਂ ਹਨ। ਅੰਗਰੇਜ਼ਾਂ ਦੇ ਇੱਥੇ ਹੁੰਦਿਆਂ ਉਨ੍ਹਾਂ ਨੇ ਕਦੀ ਤੰਗ ਪੈਂਟਾਂ ਜਾਂ ਤੰਗ ‘ਜੀਨਾਂ ਨਹੀਂ ਸਨ ਪਾਈਆਂ, ਪਰ ਹੁਣ ਸਾਡੀਆਂ ਕਈ ਕੁੜੀਆਂ ਉਹ ਵੀ ਪਾਉਣ ਲੱਗ ਪਈਆਂ ਹਨ। ਇਸ ਦੇ ਨਾਲ ਹੀ ਉਹ ਅੰਗਰੇਜ਼ ਕੁੜੀਆਂ ਵਾਂਗ ਕੱਟੇ ਹੋਏ ਵਾਲ ਰੱਖਣ ਲੱਗ ਪਈਆਂ ਹਨ। ਇਉਂ ਸਮਝੋ, ਉਹ ਆਪਣੇ ਦੇਸ਼ ਦੀ ਸੱਭਿਆਚਾਰਕ ਆਜ਼ਾਦੀ ਨੂੰ ਗੁਆ ਬੈਠੀਆਂ ਹਨ।