ਗਰਮੀਆਂ ਵਿਚ ਰੇਲ ਦੀ ਯਾਤਰਾ
Garmiyo me Rail ki Yatra
ਜੁਲਾਈ ਮਹੀਨਾ : ਬੀਤੇ ਜੁਲਾਈ ਦੇ ਮਹੀਨੇ ਵਿਚ ਮੈਂ ਜਲੰਧਰ ਤੋਂ ਦਿੱਲੀ ਤੱਕ ਰੇਲ ਦਾ ਸਫ਼ਰ ਕੀਤਾ। ਇਸ ਦਿਨ ਬੜੀ ਸਖ਼ਤ ਗਰਮੀ ਸੀ ਅਤੇ ਦੂਜੇ ਦਰਜੇ ਦੇ ਭੀੜ ਨਾਲ ਭਰੇ ਡੱਬੇ ਵਿਚ ਯਾਤਰਾ ਕਰਨ ਨਾਲ ਮੈਨੂੰ ਜੋ ਤਜ਼ਰਬੇ ਹੋਏ, ਉਹਨਾਂ ਕਾਰਨ ਮੇਰਾ ਇਹ ਸਫ਼ਰ ਦੱਸਣਯੋਗ ਹੈ।
ਹੁੰਮਸ ਵਾਲਾ ਦਿਨ : ਇਹ ਜੁਲਾਈ ਦੀ ਤਿੰਨ ਤਾਰੀਖ ਦਾ ਦਿਨ ਸੀ। ਅਜੇ ਵਰਖਾ ਦਾ ਮੌਸਮ ਸ਼ੁਰੂ ਨਹੀਂ ਸੀ ਹੋਇਆ। ਹਾਂ ਦੋ ਤਿੰਨ ਦਿਨ ਪਹਿਲਾਂ ਪੂਰਵ-ਬਰਸਾਤੀ ਬੱਦਲ ਕੁਝ ਵਰਖਾ ਜ਼ਰੂਰ ਕਰ ਗਏ ਸਨ, ਜਿਸ ਦੀ ਸਿੱਲ ਕਾਰਨ ਮੌਸਮ ਵਿਚ ਕਾਫੀ ਹੁੰਮਸ ਸੀ। ਅਸਮਾਨ ਵਿਚ ਵੱਡੇ-ਵੱਡੇ ਆਕਾਰ ਦੇ ਬੱਦਲ ਘੁੰਮ ਰਹੇ ਸਨ, ਪਰ ਝੜੀ ਲਾ ਕੇ ਮੀਂਹ ਪੈਣਾ ਆਰੰਭ ਨਹੀਂ ਸੀ ਹੋਇਆ। ਮੈਂ ਆਪਣੇ ਇਕ ਮਿੱਤਰ ਦੇ ਵਿਆਹ ਵਿਚ ਸ਼ਾਮਿਲ ਹੋਣ ਲਈ ਦਿੱਲੀ ਪੁੱਜਣਾ ਸੀ। ਇਸ ਕਰਕੇ ਮੈਂ ਦੁਪਹਿਰੇ ਦੋ ਵਜੇ ਫ਼ਲਾਇੰਗ ਮੇਲ ਵਿਚ ਸਫ਼ਰ ਕਰਨ ਦਾ ਪ੍ਰੋਗਰਾਮ ਬਣਾਇਆ।
ਪਲੇਟਫਾਰਮ ਦਾ ਨਜ਼ਾਰਾ : ਮੈਂ ਆਪਣੇ ਘਰ ਤੋਂ ਅਟੈਚੀਕੇਸ ਚੁੱਕ ਕੇ ਤੱਪਦੇ ਰਿਕਸ਼ੇ ਵਿਚ ਬੈਠ ਕੇ ਜਲੰਧਰ ਰੇਲਵੇ ਸਟੇਸ਼ਨ ‘ਤੇ ਪਹੁੰਚਿਆ। ਗੱਡੀ ਆਉਣ ਵਿਚ 10 ਕੁ ਮਿੰਟ ਪਏ ਸਨ। ਮੈਂ ਟਿਕਟ ਲੈ ਕੇ ਪਲੇਟਫਾਰਮ ਉੱਤੇ ਜਾ ਪੁੱਜਾ। ਪਲੇਟਫਾਰਮ ਉੱਤੇ ਬਹੁਤ ਜ਼ਿਆਦਾ ਭੀੜ ਸੀ। ਕੁਝ ਲੋਕ ਪੱਖਿਆਂ ਹੇਠਾਂ ਬੈਠੇ ਸਨ। ਕੁਝ ਪੱਖੀਆਂ ਅਤੇ ਅਖਬਾਰਾਂ ਝੱਲ ਰਹੇ ਸਨ, ਕੁਝ ਪਸੀਨੇ ਪੁੰਝ ਰਹੇ ਸਨ। ਕੁਝ ਕੁਲਰ ਤੋਂ ਠੰਡਾ ਪਾਣੀ ਪੀ ਰਹੇ ਸਨ। ਕਈਆਂ ਨੇ ਪਾਣੀ ਦੀਆਂ ਬੋਤਲਾਂ ਭਰ ਕੇ ਫੜੀਆਂ ਹੋਈਆਂ ਸਨ। ਸੋਡਾ ਅਤੇ ਸ਼ਕੰਜਵੀ ਵੇਚਣ ਵਾਲੇ ਬੇਸਬਰੀ ਨਾਲ ਗੱਡੀ ਦੀ ਉਡੀਕ ਕਰ ਰਹੇ ਸਨ।
ਗੱਡੀ ਵਿਚ ਸਵਾਰ ਹੋਣਾ : ਮੈਂ ਸਿਗਨਲ ਵੱਲ ਦੇਖਿਆ ਤਾਂ ਉਹ ਨੀਵਾਂ ਸੀ। ਇੰਨੇ ਨੂੰ ਮੈਨੂੰ ਗੱਡੀ ਆਉਂਦੀ ਦਿੱਸ ਪਈ। ਮੈਂ ਚੁਕੰਨਾ ਹੋ ਗਿਆ। ਅੱਖ ਦੇ ਫੋਰ ਵਿਚ ਗੱਡੀ ਪਲੇਟਫਾਰਮ ਉੱਤੇ ਆ ਖੜੀ ਹੋਈ। ਬੱਸ ਫਿਰ ਕੀ ਸੀ। ਚੜ੍ਹਨ ਵਾਲਿਆਂ ਨੇ ਗੱਡੀ ਦੀਆਂ ਬਾਰੀਆਂ ਅੱਗੇ ਘੇਰਾ ਪਾ ਲਿਆ। ਅੰਦਰ ਵਾਲੇ ਬਾਹਰ ਨਿਕਲਣ ਲਈ ਘੇਰਾ ਕਰ ਰਹੇ ਸਨ ਅਤੇ ਬਾਹਰ ਵਾਲੇ ਅੰਦਰ ਦਾਖਲ ਹੋਣ ਲਈ ਧੱਕੇ ਦੇਈ ਜਾ ਰਹੇ ਸਨ। ਮੈਂ ਗੱਡੀ ਦੇ ਇਕ ਡੱਬੇ ਵਿਚ ਭੀੜ ਨੂੰ ਚੀਰਦਾ ਹੋਇਆ ਜਾ ਵੜਿਆ। ਮੈਨੂੰ ਗੱਡੀ ਦੇ ਡੱਬੇ ਵਿਚ ਬੜੀ ਗਰਮੀ ਮਹਿਸੂਸ ਹੋਈ। ਐਨੇ ਇਕ ਬਾਰੀ ਦੇ ਕੋਲ ਬੈਠਣ ਲਈ ਜਗ੍ਹਾ ਮਿਲ ਗਈ। ਮੇਰੇ ਸਿਰ ਤੋਂ ਉੱਪਰ ਵਾਲਾ ਪੱਖਾ ਨਹੀਂ ਸੀ ਚੱਲ ਰਿਹਾ। ਮੈਨੂੰ ਚੱਲਦੇ ਪੱਖਿਆਂ ਹੇਠ ਕਿਤੇ ਵੀ ਸੀਟ ਖਾਲੀ ਨਾ ਦਿਸੀ। ਮੈਂ ਅਖਬਾਰ ਨਾਲ ਆਪਣੇ-ਆਪ ਨੂੰ ਹਵਾ ਝੱਲਣ ਲੱਗਾ। ਬਹੁਤ ਸਾਰੀਆਂ ਸਵਾਰੀਆਂ ਸੋਡਾ ਅਤੇ ਸ਼ਕੰਜਵੀ ਪੀ ਰਹੀਆਂ ਸਨ। ਰੇਲਵੇ ਦੇ ਮੁਲਾਜ਼ਮ ਪਾਣੀ ਦੀਆਂ ਬਾਲਟੀਆਂ ਫੜੀ ਗੜਵੀਆਂ ਨਾਲ ਪਾਣੀ ਪਿਲਾ ਰਹੇ ਸਨ। ਪਰਿਵਾਰਾਂ ਸਹਿਤ ਸਫਰ ਕਰ ਰਹੇ ਬਹੁਤ ਸਾਰੇ ਲੋਕ ਪਾਣੀ ਦੀਆਂ ਸੁਰਾਹੀਆਂ ਅਤੇ ਬੋਤਲਾਂ ਭਰ ਲਿਆਏ।
ਸਫ਼ਰ ਦੀ ਹਾਲਤ : ਜਲਦੀ ਹੀ ਗੱਡੀ ਤੁਰ ਪਈ ਅਤੇ ਮੈਨੂੰ ਬਾਰੀ ਥਾਣੀ ਹਵਾ ਲੱਗਣ ਲੱਗ ਪਈ। ਨਾਲ ਹੀ ਮੈਨੂੰ ਨੀਂਦ ਵੀ ਆ ਗਈ। ਹੁਣ ਜਿੱਥੇ ਗੱਡੀ ਖੜੀ ਹੁੰਦੀ, ਉੱਥੇ ਹੀ ਗਰਮੀ ਨਾਲ ਮੇਰੀ ਨੀਂਦ ਖੁੱਦੀ ਅਤੇ ਗੱਡੀ ਚੱਲਣ ਨਾਲ ਮੈਨੂੰ ਫਿਰ ਨੀਂਦ ਆ ਜਾਂਦੀ। ਅੰਬਾਲੇ ਤੱਕ ਇਹ ਸਿਲਸਿਲਾ ਚੱਲਦਾ ਰਿਹਾ। ਅੰਬਾਲੇ ਸਟੇਸ਼ਨ ਉੱਤੇ ਉੱਤਰ ਕੇ ਮੈਂ ਪਾਣੀ ਪੀਤਾ। ਇਸ ਪਿੱਛੋਂ ਮੈਨੂੰ ਘੜੀ-ਮੁੜੀ ਪਿਆਸ ਲੱਗਣ ਲੱਗ ਪਈ, ਜਿਹੜੀ ਕਿ ਮੈਂ ਗੱਡੀ ਵਿਚ ਚਾਹ ਪੀ ਕੇ ਮਿਟਾਈ। ਮੈਂ ਦੇਖਿਆ ਕਿ ਕੁਝ ਬੱਚੇ ਗਰਮੀ ਕਾਰਨ ਹੋ ਰਹੇ ਸਨ। ਉਹਨਾਂ ਦੀਆਂ ਮਾਵਾਂ ਉਹਨਾਂ ਨੂੰ ਪੱਖੀਆਂ ਝੱਲ ਰਹੀਆਂ ਸਨ। ਹਰ ਸਟੇਸ਼ਨ ਉੱਪਰ, ਲੋਕ ਪਾਣੀ ਪੀਣ, ਬੋਤਲਾਂ ਅਤੇ ਸੁਰਾਹੀਆਂ ਭਰਨ ਅਤੇ ਪੱਖੀਆਂ ਖਰੀਦਣ ਵਿਚ ਲੱਗ ਜਾਂਦੇ।
ਸਫ਼ਰ ਦਾ ਅੰਤ : ਅਖੀਰ ਨਵੀਂ ਦਿੱਲੀ ਦਾ ਸਟੇਸ਼ਨ ਆ ਗਿਆ। ਮੈਂ ਛੇਤੀ-ਛੇਤੀ , ਆਪਣਾ ਅਟੈਚੀਕੇਸ ਚੁੱਕ ਕੇ ਭੀੜ ਨੂੰ ਚੀਰਦਾ ਹੋਇਆ ਉਤਰਿਆ। ਮੇਰੇ ਨਾਲ ਇਕ ਪਸੀਨੇ ਨਾਲ ਭਿੱਜੇ ਆਦਮੀ ਦੇ ਲੱਗ ਜਾਣ ਨਾਲ ਮੇਰੀ ਕਮੀਜ਼ ਖਰਾਬ ਹੋ ਗਈ। ਪਰ ਮੈਂ ਕੀ ਕਰ ਸਕਦਾ ਸੀ ? ਗੇਟ ਉੱਤੇ ਆਪਣੀ ਟਿਕਟ ਦਿਖਾ ਕੇ ਮੈਂ ਰੇਲਵੇ ਸਟੇਸ਼ਨ ਤੋਂ ਬਾਹਰ ਆ ਗਿਆ।