ਭੱਖਵੀਂ ਗਰਮੀ ਦਾ ਇਕ ਦਿਨ
Garmi da Ek Din
ਜਾਣ-ਪਛਾਣ : ਪੰਜਾਬ ਵਿਚ ਜੁਨ ਅਤੇ ਜੁਲਾਈ ਬੜੀ ਗਰਮੀ ਦੇ ਮਹੀਨੇ ਹਨ। ਉਂਝ ਤਾਂ ਇਹ ਦੋਵੇਂ ਮਹੀਨੇ ਖੂਬ ਤੱਪਦੇ ਹਨ, ਪਰ ਕਿਸੇ-ਕਿਸੇ ਦਿਨ ਤਾਂ ਗਰਮੀ ਦੀ ਅੱਤ ਹੀ ਹੋ ਜਾਂਦੀ ਹੈ। ਇਹੋ ਜਿਹਾ ਅੱਤ ਗਰਮੀ ਦਾ ਦਿਨ ਬੀਤੇ ਸਾਲ 25 ਜੂਨ ਦਾ ਸੀ।
ਸਵੇਰੇ-ਸਵੇਰੇ ਹੀ ਗਰਮੀ : ਇਸ ਦਿਨ ਐਤਵਾਰ ਸੀ। ਜਦੋਂ ਮੈਂ ਸਵੇਰੇ ਪੰਜ ਵਜੇ ਉੱਠਿਆ ਤਾਂ ਬੜਾ ਵੱਟ ਸੀ। ਮੈਂ ਕੁਝ ਸਮਾਂ ਪੱਖਾ ਲਾ ਕੇ ਬੈਠਾ ਰਿਹਾ। ਇੰਨੇ ਨੂੰ ਅਖਬਾਰ ਆ ਗਈ। ਉਸ ਵਿਚ ਪਹਿਲੇ ਸਫੇ ਉੱਤੇ ਹੀ ਉੱਤਰੀ ਭਾਰਤ ਵਿਚ ਦਿਨੋ-ਦਿਨ ਵੱਧ ਰਹੀ ਗਰਮੀ ਦੀ ਖਬਰ ਛਪੀ ਹੋਈ ਸੀ।
ਠੰਢੇ ਪਾਣੀ ਨਾਲ ਇਸ਼ਨਾਨ ਅਤੇ ਪੱਖੇ ਦੀ ਹਵਾ : ਇੰਨੇ ਚਿਰ ਨੂੰ ਬਿਜਲੀ ਬੰਦ ਹੋਣ ਨਾਲ ਪੱਖਾ ਬੰਦ ਹੋ ਗਿਆ ਤਾਂ ਮੈਂ ਪਸੀਨੇ ਨਾਲ ਭਿੱਜਣ ਲੱਗਾ। ਮੈਂ ਠੰਢੇ ਪਾਣੀ ਦੀਆਂ ਦੋ ਬਾਲਟੀਆਂ ਭਰੀਆਂ ਅਤੇ ਨਹਾ ਕੇ ਆਪਣੇ ਸਰੀਰ ਨੂੰ ਕੁਝ ਠੰਢਾ ਕੀਤਾ। ਇੰਨੇ ਨੂੰ ਬਿਜਲੀ ਆ ਗਈ ਤੇ ਪੱਖਾ ਚੱਲ ਪਿਆ। ਮੈਂ ਪੱਖੇ ਹੇਠਾਂ ਬੈਠ ਕੇ ਨਾਸ਼ਤਾ ਕੀਤਾ ਤੇ ਫਿਰ ਇਕ ਕਿਤਾਬ ਫੜ ਕੇ ਪੜ੍ਹਨ ਲੱਗ ਪਿਆ। ਮੇਰੇ ਮਾਤਾ ਜੀ ਅਤੇ ਛੋਟੀ ਭੈਣ ਮੇਰੇ ਕੋਲ ਪੱਖੇ ਅੱਗੇ ਆ ਬੈਠੇ। ਮੇਰੇ ਮਾਤਾ ਜੀ ਅੰਗੀਠੀ ਕੋਲੋਂ ਰੋਟੀ ਆਦਿ ਪਕਾ ਕੇ ਉੱਠੇ ਸਨ ਅਤੇ ਉਹ ਪਸੀਨੇ ਨਾਲ ਭਿੱਜੇ ਹੋਏ ਸਨ। ਉਹਨਾਂ ਨੂੰ ਪੱਖੇ ਦੀ ਹਵਾ ਨਾਲ ਕੁਝ ਸੁੱਖ ਦਾ ਸਾਹ ਮਿਲਿਆ।
ਦੁਪਹਿਰ ਦਾ ਚੜਨਾ ਅਤੇ ਗਰਮੀ ਦੀ ਤੇਜ਼ੀ : ਹੁਣ ਧੁੱਪ ਚੜ੍ਹ ਗਈ ਅਤੇ 11 ਕੁ ਵਜੇ ਨਾਲ ਗਰਮੀ ਕਾਫ਼ੀ ਤੇਜ਼ ਹੋ ਗਈ। ਕਮਰਿਆਂ ਦਾ ਅੰਦਰ ਬਾਹਰ , ਮੰਜੇ ਅਤੇ ਬਿਸਤਰੇ , ਸਭ ਕੁਝ ਤੱਪਣਾ ਸ਼ੁਰੂ ਹੋ ਗਿਆ। ਬਾਹਰ ਕੜਕਦੀ ਧੁੱਪ ਪੈ ਰਹੀ ਸੀ ਅਤੇ ਲੋਕਾਂ ਦਾ ਸੜਕਾਂ ‘ਤੇ ਆਉਣਾ-ਜਾਣਾ ਕਾਫੀ ਘੱਟ ਹੋ ਗਿਆ ਸੀ। ਗਲੀਆਂ ਵਿਚ ਕੁਲਫੀਆਂ ਤੇ ਆਈਸ ਕਰੀਮ ਵੇਚਣ ਵਾਲੇ ਆਵਾਜ਼ਾਂ ਦੇ ਰਹੇ ਸਨ। ਕਦੇ-ਕਦੇ ਸੜਕ ਤੋਂ ਕੋਈ ਸ਼ਕੰਜਵੀ ਜਾਂ ਸੋਡਾ ਵੇਚਣ ਵਾਲਾ ਆਵਾਜ਼ਾਂ ਦਿੰਦਾ ਹੋਇਆ ਗੁਜ਼ਰਦਾ ਸੀ। ਬਹੁਤ ਸਾਰੇ ਬੱਚੇ ਅਤੇ ਆਦਮੀ-ਔਰਤਾਂਇਹਨਾਂ ਠੰਢੀਆਂ ਚੀਜ਼ਾਂ ਨੂੰ ਖਰੀਦ-ਖਰੀਦ ਕੇ ਖਾ ਰਹੇ ਸਨ। ਮੈਨੂੰ ਵੀ ਪਿਆਸ ਲੱਗ ਰਹੀ ਸੀ ਪਰ ਉਹ ਕਈ ਵਾਰੀ ਪਾਣੀ ਪੀ ਕੇ ਵੀ ਨਹੀਂ ਸੀ ਬੁੱਝਦੀ।
ਸਿਖਰ ਦੁਪਹਿਰੇ ਪੱਖੇ ਦਾ ਬੰਦ ਹੋਣਾ : ਸਾਢੇ ਕੁ ਬਾਰਾਂ ਵਜੇ ਗਰਮੀ ਵਿਚ ਹੋਰ ਵੀ ਤੇਜ਼ੀ ਆਉਣ ਲੱਗਦੀ ਅਤੇ ਰਹਿੰਦੀ ਕਸਰ ਬਿਜਲੀ ਦੇ ਬੰਦ ਹੋਣ ਨੇ ਪੂਰੀ ਕਰ ਦਿੱਤੀ। ਬਿਜਲੀ ਬੰਦ ਹੋਣ ਨਾਲ ਪੱਖਾ ਬੰਦ ਹੋ ਗਿਆ। ਬੱਸ ਫਿਰ ਕੀ ਸੀ ? ਗਰਮੀ ਨਾਲ ਸਾਡੀਆਂ ਜਾਨਾਂ ਨਿਕਲਣ ਲੱਗੀਆਂ। ਅਸੀਂ ਕਦੇ ਅੱਖੀਆਂ ਨਾਲ ਹਵਾ ਕਰਦੇ ਸੀ ਅਤੇ ਕਦੇ ਗੱਤਿਆਂ ਨਾਲ। ਸਾਡੇ ਪਸੀਨੇ ਦੇ ਹੜ ਵੱਗ ਰਹੇ ਸਨ। ਕੋਈ ਕੱਪੜਾ ਪਿੰਡੇ ਨਾਲ ਲਾਉਣ ਨੂੰ ਚਿੱਤ ਨਹੀਂ ਸੀ ਕਰਦਾ ਅਤੇ ਨਾ ਹੀ ਕੋਈ ਕੰਮ ਕਰਨ ਨੂੰ ਜੀਅ ਕਰਦਾ ਸੀ। ਲੋਕ ਹਾਲ-ਹਾਲ ਕਰ ਰਹੇ ਸਨ। ਛੋਟੇ ਬੱਚੇ ਰੋ ਰਹੇ ਸਨ। ਚਿੜੀਆਂ ਘਰਾਂ ਦੀਆਂ ਛੱਤਾਂ ਵਿਚ ਦੁਬਕੀਆਂ ਹੋਈਆਂ ਸਨ। ਦੁਪਹਿਰ ਦੀ ਰੋਟੀ ਖਾ ਕੇ ਅੱਖਾਂ ਵਿਚ ਨੀਂਦਰ ਚੜਨ ਲੱਗੀ ਪਰ ਮੜਕੇ ਅਤੇ ਗਰਮੀ ਵਿਚ ਨੀਂਦ ਕਿੱਥੋਂ ? ਮੰਜਾ ਵੀ ਗਰਮ ਲੱਗਦਾ ਸੀ। ਅੰਤ ਹਾਰ ਕੇ ਹੇਠਾਂ ਜ਼ਮੀਨ ’ਤੇ ਚਟਾਈ ਵਿਛਾਈ ਜੋ ਕਿ ਕੁਝ ਠੰਦਾ ਸੀ ਤੇ ਉਸ ਉੱਪਰ ਘੜੀ ਕ ਸਾਡੀ ਅੱਖ ਲੱਗੀ। ਸਾਢੇ ਕੁ ਤਿੰਨ ਵਜੇ ਬਿਜਲੀ ਆ ਗਈ ਤੇ ਪੱਖਾ ਚੱਲਣ ਲੱਗਾ, ਜਿਸ ਨਾਲ ਸਾਡੀ ਜਾਨ ਵਿਚ ਜਾਨ ਪਈ।
ਸ਼ਾਮ ਦਾ ਸਮਾਂ : ਪੰਜ ਕੁ ਵਜੇ ਭਾਵੇਂ ਧੁੱਪ ਤਾਂ ਮੱਠੀ ਪੈ ਗਈ ਸੀ, ਪਰ ਵੱਟ ਉਸੇ ਤਰਾਂ ਹੀ ਸੀ। ਉਂਝ ਧੁੱਪ ਘਟਣ ਨਾਲ ਲੋਕ ਸੜਕਾਂ ਵਿਚ ਆਪੋ-ਆਪਣੇ ਕੰਮਾਂ ਲਈ ਨਿਕਲ ਪਏ ਸਨ}।
ਰਾਤ : ਰਾਤ ਨੂੰ ਜਦੋਂ ਅਸੀਂ ਮੰਜਿਆਂ ਤੇ ਲੰਮੇ ਪਏ ਤਾਂ ਠੰਢੀ-ਠੰਢੀ ਹਵਾ ਚੱਲਣ ਲੱਗੀ, ਜਿਸ ਨਾਲ ਅਸੀਂ ਆਰਾਮ ਨਾਲ ਸੁੱਤੇ। ਅਗਲੇ ਦਿਨ ਮੈਂ ਸਵੇਰੇ ਉੱਠ ਕੇ ਅਖ਼ਬਾਰ ਪੜੀ, ਤਾਂ ਉਸ ਵਿਚ ਪਿਛਲੇ ਦਿਨ ਦੀ ਗਰਮੀ ਦੀ ਖਬਰ ਬਾਰੇ ਸੁਰਖੀ ਵਿਚ ਲਿਖਿਆ ਸੀ ਕਿ ਇਸ ਦਿਨ ਦਾ ਤਾਪਮਾਨ 47.6° ਰਿਹਾ ਅਤੇ ਐਸੀ ਗਰਮੀ ਪਿਛਲੇ ਤੀਹ ਸਾਲਾਂ ਵਿਚ ਕਦੇ ਨਹੀਂ ਪਈ।
it help me a lot. Thank you so much for these paragraph.