ਇੱਕ ਪੰਸਾਰੀ ਦੀ ਦੁਕਾਨ ਦਾ ਦ੍ਰਿਸ਼
Ek Pansari di Dukan da Drish
ਪੰਸਾਰੀ ਉਸ ਨੂੰ ਕਿਹਾ ਜਾਂਦਾ ਹੈ, ਜਿਸ ਦੀ ਦੁਕਾਨ ਤੋਂ ਲੋਕਾਂ ਨੂੰ ਆਮ ਜ਼ਰੂਰਤ ਦੀਆਂ ਚੀਜ਼ਾਂ ਜਿਵੇਂ- ਆਟਾ, ਦਾਲਾਂ, ਘਿਉ, ਖੰਡ, ਗੁੜ, ਚਾਹ-ਪੱਤੀ, ਲੂਣ, ਤੇਲ, ਮਸਾਲੇ, ਸਾਬਣ ਆਦਿ ਪ੍ਰਾਪਤ ਹੁੰਦੇ ਹਨ। ਇਸ ਦੀ ਦੁਕਾਨ ਤੇ ਗਾਹਕਾਂ ਦੀ ਭੀੜ ਲੱਗੀ ਰਹਿੰਦੀ ਹੈ। ਪੰਸਾਰੀ ਦੀ ਦੁਕਾਨ ਤੇ ਚੀਜ਼ਾਂ ਬੋਰੀਆਂ ਵਿੱਚ ਪਾ ਕੇ ਰੱਖੀਆਂ ਹੁੰਦੀਆਂ ਹਨ। ਕੁਝ ਬੋਰੀਆਂ ਦੁਕਾਨ ਦੇ ਅੰਦਰ ਪਈਆਂ ਹੁੰਦੀਆਂ ਹਨ ਤੇ ਕੁਝ ਬਾਹਰ। ਪੰਸਾਰੀ ਆਮ ਕਰਕੇ ਦੁਕਾਨ ਦੇ ਬੂਹੇ ਕੋਲ ਬੈਠਾ ਹੁੰਦਾ ਹੈ। ਉਸ ਦੇ ਕੋਲ ਹੀ ਪੈਸੇ ਪਾਉਣ ਲਈ ਸੰਦੂਕੜੀ ਰੱਖੀ ਹੁੰਦੀ ਹੈ। ਉਸ ਨੇ ਆਪਣੀ ਦੁਕਾਨ ਤੇ ਕੁਝ ਕਾਮੇ ਵੀ ਰੱਖੇ ਹੁੰਦੇ ਹਨ। ਜਦੋਂ ਕੋਈ ਗਾਹਕ ਆਉਂਦਾ ਹੈ ਤਾਂ ਉਹ ਕਾਮਿਆਂ ਨੂੰ ਸੌਦਾ ਦੇਣ ਲਈ ਕਹਿੰਦਾ ਹੈ। ਕਾਮੇ ਉਸ ਨੂੰ ਜਿਹੜੀ ਵੀ ਚੀਜ਼ ਦਿੰਦੇ ਹਨ ਉਸ ਦੇ ਪੈਸੇ ਉਹ ਆਪਣੇ ਹੱਥੀਂ ਲੈਂਦਾ ਹੈ ! ਕਈ ਗਾਹਕ ਉਸ ਕੋਲੋਂ ਉਧਾਰ ਵੀ ਲੈਂਦੇ ਹਨ। ਉਸ ਨੇ ਉਹਨਾਂ ਦਾ ਹਿਸਾਬ-ਕਿਤਾਬ ਰੱਖਣ ਲਈ ਇੱਕ ਵਹੀ ਰੱਖੀ ਹੁੰਦੀ ਹੈ। ਉਸ ਵਿੱਚ ਉਹ ਵੇਰਵੇ ਸਹਿਤ ਉਹਨਾਂ ਦਾ ਹਿਸਾਬ ਲਿਖਦਾ ਹੈ। ਕਈ ਗਾਹਕ ਉਸ ਨੂੰ ਪਿਛਲੇ ਪੈਸੇ ਦਿੰਦੇ ਹਨ ਤੇ ਹੋਰ ਸਮਾਨ ਲੈ ਜਾਂਦੇ ਹਨ। ਇਸ ਤਰ੍ਹਾਂ ਉਸ ਦਾ ਸਿਲਸਿਲਾ ਚਲਦਾ ਰਹਿੰਦਾ ਹੈ। ਉਸ ਦੀ ਦੁਕਾਨ ਤੇ ਆਵਾਜਾਈ ਲੱਗੀ ਰਹਿੰਦੀ ਹੈ। ਉਹ ਸਾਰਾ ਦਿਨ ਕਿਸੇ-ਨਾ-ਕਿਸੇ ਕੰਮ ਵਿੱਚ ਰੁੱਝਿਆ ਰਹਿੰਦਾ ਹੈ। ਉਸ ਕੋਲ ਮਾਲ-ਸਪਲਾਈ ਕਰਨ ਵਾਲੇ ਲੋਕ ਵੀ ਆਉਂਦੇ ਰਹਿੰਦੇ ਹਨ। ਉਹ ਕਈਆਂ ਕੋਲੋਂ ਮਾਲ ਲੈਂਦਾਹੈ ਤੇ ਕਈਆਂ ਨੂੰ ਨਵੇਂ ਸਮਾਨ ਲਈ ਆਰਡਰ ਵੀ ਦਿੰਦਾ ਹੈ। ਉਹ ਵੀ ਤਕਰੀਬਨ ਆਪਣਾ ਸਮਾਨ ਉਧਾਰ ਵਿੱਚ ਹੀ ਲੈਂਦਾ ਹੈ ਤੇ ਪਿਛਲਾ ਹਿਸਾਬ ਨਾਲ-ਨਾਲ ਚੁਕਾਉਂਦਾ ਰਹਿੰਦਾ ਹੈ। ਕਈ ਵਾਰ ਉਸ ਨੂੰ ਗਾਹਕਾਂ ਨਾਲ ਪੈਸੇ ਨਾ ਦੇਣ ਕਰਕੇ ਲੜਦਿਆਂ ਵੀ। ਦੇਖਿਆ ਜਾ ਸਕਦਾ ਹੈ। ਜੇ ਮਾਲ ਸਪਲਾਈ ਕਰਨ ਵਾਲ ਕੋਈ ਚੀਜ਼ ਗਲਤ ਦੇ ਦਿੰਦਾ ਹੈ ਤਾਂ ਉਹ ਉਸ ਨਾਲ ਵੀ ਲੜਦਾ ਹੈ। ਇਸ ਤਰ੍ਹਾਂ ਪੰਸਾਰੀ ਸਵੇਰੇ ਤੋਂ ਸ਼ਾਮ ਤੱਕ ਕੰਮ ਲੱਗਾ ਹੀ ਰਹਿੰਦਾ ਹੈ। ਇਸ ਪ੍ਰਕਾਰ ਪੰਸਾਰੀ ਦੀ ਦੁਕਾਨ ਵਪਾਰ ਦੀ ਇੱਕ ਮੁੱਢਲੀ ਇਕਾਈ ਹੈ।