Punjabi Essay on “Dr. Manmohan Singh”, “ਡਾ: ਮਨਮੋਹਨ ਸਿੰਘ”, Punjabi Essay for Class 10, Class 12 ,B.A Students and Competitive Examinations.

ਡਾ: ਮਨਮੋਹਨ ਸਿੰਘ

Dr. Manmohan Singh

 

ਨੂੰ ਰੂਪ-ਰੇਖਾ- ਭੂਮਿਕਾ, ਪਹਿਲੇ ਸਿੱਖ ਪ੍ਰਧਾਨ ਮੰਤਰੀ, ਬਚਪਨ ਤੇ ਵਿੱਦਿਆ, ਵਿਆਹ ਤੇ ਸੰਤਾਨ, ਕੈਰੀਅਰ, ਸੁਭਾਅ, ਪ੍ਰਧਾਨ ਮੰਤਰੀ ਬਣਨਾ, ਸਾਰ-ਅੰਸ਼ |

ਭੁਮਿਕਾ- 79 ਸਾਲਾਂ ਦੇ ਅਰਥ-ਸ਼ਾਸਤਰੀ ਤੋਂ ਸਿਆਸਤਦਾਨ ਬਣੇ ਡਾ: ਮਨਮੋਹਨ ਸਿੰਘ ਕਿਸੇ ਜਾਣ-ਪਹਿਚਾਣ ਦੇ ਮੁਹਤਾਜ ਨਹੀਂ ਹਨ। ਉਹ ਇੱਕ ਪ੍ਰਸਿੱਧ ਅਰਥ-ਸ਼ਾਸਤਰੀ ਹਨ।ਨਰਸਿਮਹਾ ਰਾਓ ਦੀ ਸਰਕਾਰ ਵਿੱਚ ਵਿੱਤ ਮੰਤਰੀ ਦੇ ਅਹੁਦੇ ਤੇ ਰਹਿੰਦਿਆਂ ਉਹਨਾਂ ਦੁਆਰਾ ਕੀਤੇ ਗਏ ਆਰਥਿਕ ਸੁਧਾਰ, ਉਹਨਾਂ ਦੀ ਵਿਦਵਤਾ ਦਾ ਸਬੂਤ ਹਨ। ਆਪਣੀ ਵਿਦਵਤਾ ਲਈ ਉਹ ਹਰ ਪਾਸੇ ਤੋਂ ਸਤਿਕਾਰੇ ਜਾਂਦੇ ਹਨ। ਉਹ ਆਸਾਮ ਤੋਂ ਤਿੰਨ ਵਾਰ 1991, 1995, 2001 ਵਿੱਚ ਰਾਜ ਸਭਾ ਲਈ ਚੁਣੇ ਗਏ। ਮੌਜੂਦਾ ਸਾਂਝੇ ਅਗਾਂਹਵਧੂ ਗਠਜੋੜ ਲਈ ਘੱਟੋ-ਘੱਟ ਸਾਂਝਾ ਪ੍ਰੋਗਰਾਮ ਵੀ ਉਹਨਾਂ ਦਾ ਹੀ ਤਿਆਰ ਕੀਤਾ ਹੋਇਆ ਹੈ।

ਪਹਿਲੇ ਸਿੱਖ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਭਾਰਤ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਹਨ। ਆਪ ਦੇ ਪ੍ਰਧਾਨ ਮੰਤਰੀ ਬਣਨ ਦੀ ਘੋਸ਼ਣਾ ਦੇ ਨਾਲ ਹਰ ਵਰਗ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਸਿੱਖ ਵਰਗ ਨੇ ਦੇਸ਼ ਦੀ ਘੱਟ ਗਿਣਤੀ ਕੌਮ ਦੇ ਵਿਅਕਤੀ ਦੇ ਪ੍ਰਧਾਨ ਮੰਤਰੀ ਬਣਨ ਤੇ ਦੇਸ਼ ਦੀ ਧਰਮ ਨਿਰਪੇਖਤਾ ਵਿੱਚ ਵਿਸ਼ਵਾਸ ਦ੍ਰਿੜਾਇਆ ਤੇ ਭਰਪੂਰ ਖੁਸ਼ੀ ਦਾ ਇਜ਼ਹਾਰ ਕੀਤਾ।

ਬਚਪਨ ਤੇ ਵਿੱਦਿਆ- ਡਾ: ਮਨਮੋਹਨ ਸਿੰਘ ਦਾ ਜਨਮ 26 ਸਤੰਬਰ, 1932 ਨੂੰ ਪੱਛਮੀ ਪੰਜਾਬ (ਪਾਕਿਸਤਾਨ) ਵਿੱਚ ਗਾਹ ਵਿਖੇ ਇੱਕ ਸਧਾਰਨ ਪਰਿਵਾਰ ਵਿੱਚ ਹੋਇਆ। ਆਪ ਦੀ ਮਾਤਾ ਦਾ ਨਾਂ ਕਿਸ਼ਨ ਕੌਰ ਅਤੇ ਪਿਤਾ ਦਾ ਨਾਂ ਸ: ਗੁਰਬਖਸ਼ ਸਿੰਘ ਸੀ। ਆਪ ਪਾਕਿਸਤਾਨ ਦੇ ਰਾਵਲਪਿੰਡੀ ਦੇ ਪਿੰਡ ਚਕਵਾਲ ਦੇ ਰਹਿਣ ਵਾਲੇ ਸਨ। ਵੰਡ ਮਗਰੋਂ ਆਪ ਦਾ ਪਰਿਵਾਰ ਅੰਮ੍ਰਿਤਸਰ ਆ ਗਿਆ। ਆਪ ਦਾ ਬਚਪਨ ਤੇ ਜਵਾਨੀ ਅੰਮ੍ਰਿਤਸਰ ਵਿੱਚ ਬੀਤੀ। ਆਪ ਨੇ ਆਪਣੀ ਮੁੱਢਲੀ ਵਿੱਦਿਆ ਅੰਮ੍ਰਿਤਸਰ ਵਿੱਚ ਗਿਆਨ ਆਸ਼ਰਮ ਸਕੂਲ ਵਿੱਚ ਅਤੇ ਹਿੰਦੂ ਸਭਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਪਾਪਤ ਕੀਤੀ। ਇਸ ਤੋਂ। | ਬਾਅਦ ਹਿੰਦੂ ਸਭਾ ਕਾਲਜ ਵਿੱਚ ਗਰੈਜੂਏਸ਼ਨ ਕੀਤੀ। 1954 ਵਿੱਚ ਡਾ. ਮਨਮੋਹਨ ਸਿੰਘ ਨੇ ਐਮ. ਏ. ਅਰਥ ਸ਼ਾਸਤਰ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ। ਆਪ ਨੇ ਉੱਚ ਵਿੱਦਿਆ (ਪੀ. ਐਚ. ਡੀ.) ਵੀ ਪਾਪਤ ਕੀਤੀ।

ਵਿਆਹ ਤੇ ਸੰਤਾਨ- ਡਾ: ਮਨਮੋਹਨ ਸਿੰਘ ਦਾ ਵਿਆਹ 14 ਸਤੰਬਰ 1958 ਵਿੱਚ ਅੰਮ੍ਰਿਤਸਰ ਦੀ ਗੁਰਸ਼ਰਨ ਕੌਰ ਨਾਲ ਹੋਇਆ। ਆਪ ਦੇ ਘਰ ਤਿੰਨ ਪੁੱਤਰੀਆਂ ਨੇ ਜਨਮ ਲਿਆ।

ਕੈਰੀਅਰ ਆਪ ਨੇ ਆਪਣਾ ਕੈਰੀਅਰ ਅਰਥ ਸ਼ਾਸਤਰ ਦੇ ਅਧਿਆਪਕ ਵਜੋਂ ਸ਼ੁਰੂ ਕੀਤਾ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਸੀਨੀਅਰ ਲੈਕਚਰਾਰ ਤੋਂ ਰੀਡਰ ਅਤੇ ਫਿਰ ਪ੍ਰੋਫ਼ੈਸਰ ਦੇ ਅਹੁਦੇ ਤੱਕ ਪੁੱਜੇ। ਚੰਡੀਗੜ੍ਹ ਤੋਂ ਇਲਾਵਾ ਆਪ ਦੇਸ਼-ਵਿਦੇਸ਼ ਦੀਆਂ ਕਈ ਪ੍ਰਸਿੱਧ ਸੰਸਥਾਵਾਂ ਵਿੱਚ ਪ੍ਰੋਫੈਸਰ, ਫੈਲੋ, ਨੈਸ਼ਨਲ-ਫੈਲੋ ਜਾਂ ਇਕਨਾਮਿਕ ਸਲਾਹਕਾਰ ਆਦਿ ਨਿਯੁਕਤ ਹੁੰਦੇ ਰਹੇ। ਆਪ ਕਈ ਵੱਖ-ਵੱਖ ਅਦਾਰਿਆਂ ਦੇ ਪ੍ਰਧਾਨ ਜਾਂ ਉੱਚ ਅਹੁਦਿਆਂ ਲਈ ਵੀ ਚੁਣੇ ਗਏ ਜਾਂ ਨਿਯੁਕਤ ਕੀਤੇ ਗਏ ਜਿਵੇਂ ਪ੍ਰਧਾਨ ਇੰਡੀਅਨ ਇਕਨਾਮਿਕ ਐਸੋਸੀਏਸ਼ਨ, ਚੇਅਰਮੈਨ ਯੂ . ਜੀ. ਸੀ., ਡਿਪਟੀ ਚੇਅਰਮੈਨ ਪਲੈਨਿੰਗ ਕਮਿਸ਼ਨ, ਗਵਰਨਰ ਰਿਜ਼ਰਵ ਬੈਂਕ ਆਫ਼ ਇੰਡੀਆ।

ਆਪ ਨੇ ਅਰਥ ਸ਼ਾਸਤਰ ਨਾਲ ਸੰਬੰਧਿਤ ਅਨੇਕਾਂ ਲੇਖ ਲਿਖੇ ਜੋ ਦੁਨੀਆਂ ਦੇ ਅਰਥ-ਸ਼ਾਸਤਰ ਨਾਲ ਸੰਬੰਧਿਤ ਮੈਗਜ਼ੀਨਾਂ ਵਿੱਚ ਛਪਦੇ ਰਹੇ। ਆਪ ਨੇ “ਇੰਡੀਆ ਐਕਸਪੋਰਟ ਟੈਂਡਜ਼ ਐਂਡ ਪਾਸਪੈਕਟਸ ਫਾਰ ਸੈਲਫ-ਸਸਟੇਨਡ ਗੋ’ ਨਾਂ ਦੀ ਪੁਸਤਕ ਲਿਖੀ। ਆਪ ਨੂੰ ਆਰਥਿਕ ਸੁਧਾਰਾਂ ਦਾ ਨਿਰਮਾਤਾ ਮੰਨਿਆ ਜਾਂਦਾ ਹੈ। 1990 ਵਿੱਚ ਜਦੋਂ ਦੇਸ਼ ਆਰਥਿਕ ਸੰਕਟ ਵਿੱਚ ਸੀ ਤਾਂ ਆਪ ਨੇ ਹੀ ਇਸ ਸਭ ਤੋਂ ਵੱਡੇ ਆਰਥਿਕ ਸੰਕਟ ਵਿੱਚੋਂ ਕੱਢਿਆ ਸੀ। ਆਪ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਅਤੇ ਏਸ਼ੀਆ ਦੇ ਸਭ ਤੋਂ ਵੱਧ ਤੇਜ਼ੀ ਨਾਲ ਵਿਕਸਿਤ ਹੋ ਰਹੇ ਅਰਥਚਾਰੇ ਦੀ ਕਿਸਮਤ ਦੇ ਨਿਰਮਾਤਾ ਕਹੇ ਜਾਂਦੇ ਹਨ।

ਸੁਭਾਅ- ਡਾ: ਮਨਮੋਹਨ ਸਿੰਘ ਦਾ ਰਹਿਣ-ਸਹਿਣ ਬਹੁਤ ਸਾਦਾ ਹੈ। ਆਪ ਪਰਮਾਤਮਾ ਤੋਂ ਡਰਨ ਵਾਲੇ ਮਨੁੱਖ ਹਨ। ਆਪ ਦਾ ਸੁਭਾਅ ਮਿੱਠ ਬੋਲੜਾ ਤੇ ਲੋਕ ਭਲਾਈ ਵਾਲਾ ਹੈ। ਆਪ ਇਮਾਨਦਾਰ ਤੇ ਮਿਹਨਤੀ ਮਨੁੱਖ ਹਨ। ਆਪ ਨੇ ਆਪਣੇ ਜੀਵਨ ਵਿੱਚ ਬਹੁਤ ਮਿਹਨਤ ਕੀਤੀ ਹੈ। ਜਦੋਂ ਆਪ ਦੇ ਪਿਤਾ ਪਾਕਿਸਤਾਨ ਤੋਂ ਅੰਮ੍ਰਿਤਸਰ ਆਏ ਤਾਂ ਉਹਨਾਂ ਨੇ ਡਰਾਈਫਰੂਟ ਦੀ ਦੁਕਾਨ ਕੀਤੀ। ਡਾ: ਮਨਮੋਹਨ ਸਿੰਘ ਆਪਣੇ ਪਿਤਾ ਦਾ ਹੱਥ ਵਟਾਉਣ ਲਈ ਟਿਊਸ਼ਨ ਵੀ ਕਰਦੇ ਰਹੇ।

ਪ੍ਰਧਾਨ ਮੰਤਰੀ ਬਣਨਾ ਡਾ: ਮਨਮੋਹਨ ਸਿੰਘ ਨੇ 22 ਮਈ 2004 ਨੂੰ ਸ਼ਾਮ ਨੂੰ ਸਾਢੇ ਪੰਜ ਵਜੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸਹੁੰ ਚੁੱਕੀ। ਆਪ ਭਾਰਤ ਦੇਸ਼ ਦੇ ਚੋਦਵੇਂ ਪ੍ਰਧਾਨ ਮੰਤਰੀ ਬਣੇ। ਉਸ ਤੋਂ ਬਾਅਦ 2009 ਵਿੱਚ ਆਪ ਦੁਬਾਰਾ ਪ੍ਰਧਾਨ ਮੰਤਰੀ ਚੁਣੇ ਗਏ।

ਸਾਰ-ਅੰਸ਼- ਦੇਸ਼ ਵਾਸੀਆਂ ਨੂੰ ਆਪ ਤੋਂ ਬਹੁਤ ਆਸਾਂ ਹਨ।ਉਮੀਦ ਕੀਤੀ ਜਾਂਦੀ ਹੈ ਕਿ ਆਪ ਦੇਸ਼ ਨੂੰ ਨਵੀਆਂ ਲੀਹਾਂ ਤੇ ਪਾਉਣਗੇ। ਆਪ ਦੇਸ਼ ਨੂੰ ਦੁਨੀਆਂ ਦਾ ਨੰਬਰ ਇੱਕ ਦੇਸ਼ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

One Response

  1. Neeraj September 12, 2019

Leave a Reply