ਚਾਹ ਦਾ ਖੋਖਾ
Chah da khokha
ਚਾਹ ਅੱਜ ਦੇ ਮਨੁੱਖ ਦੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਅਸੀਂ ਕਿਸੇ ਦੇ ਘਰ ਜਾਈਏ ਜਾਂ ਸਾਡੇ ਘਰ ਵਿੱਚ ਕੋਈ ਆਵੇ, ਚਾਹ ਪੀਤੇ ਜਾਂ ਪਿਲਾਏ ਬਿਨਾਂ ਮਹਿਮਾਨ ਨਿਵਾਜ਼ੀ ਅਧੂਰੀ ਸਮਝੀ ਜਾਂਦੀ ਹੈ। ਅਸੀਂ ਸਕੂਲਾਂ-ਕਾਲਜਾਂ ਦੀਆਂ ਕੰਟੀਨਾਂ ਤੋਂ ਵੀ ਚਾਹ ਪੀਂਦੇ ਹਾਂ। ਉਹਨਾਂ ਦੀ ਪੇਸ਼ਕਸ਼ ਵੀ ਬਹੁਤ ਵਧੀਆ ਹੁੰਦੀ ਹੈ। ਉਸ ਵਿੱਚ ਉਹ ਸੁਆਦ ਨਹੀਂ ਹੁੰਦਾ ਜਿੰਨਾ ਚਾਹ ਦੇ ਖੋਖੇ ਤੇ ਚਾਹ ਪੀਣ ਦਾ ਸੁਆਦ ਆਉਂਦਾ ਹੈ। ਚਾਹ ਦਾ ਖੋਖਾ ਕਿਸੇ ਦਫ਼ਤਰ ਦੇ ਬਾਹਰ, ਕਾਰਖਾਨੇ। ਦੇ ਬਾਹਰ, ਵਿੱਦਿਅਕ ਸੰਸਥਾ ਦੇ ਬਾਹਰ ਜਾਂ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਦੇ ਬਾਹਰ ਆਮ ਹੀ ਦਿਖਾਈ ਦਿੰਦਾ ਹੈ। ਇਹ ਇੱਕ ਚਾਹ ਦੀ ਛੋਟੀ ਜਿਹੀ ਦੁਕਾਨ ਹੁੰਦੀ ਹੈ। ਅੱਠ-ਦੱਸ ਗਲਾਸੀਆਂ, ਸਟੋਵ ਜਾਂ ਚੁੱਲਾ, ਚਾਹ ਬਣਾਉਣ ਵਾਲਾ ਭਾਂਡਾ, ਚਾਰ-ਪੰਜ ਪਲਾਸਟਿਕ ਦੇ ਡੱਬੇ (ਚਾਹ-ਪੱਤੀ ਤੇ ਬਿਸਕੁਟ, ਮੱਠੀਆਂ ਲਈ ਰੱਖੇ ਹੁੰਦੇ ਹਨ। ਨੇੜੇ-ਤੇੜੇ ਦੇ ਦਫ਼ਤਰਾਂ, ਦੁਕਾਨਾਂ ਜਾਂ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਖੋਖੇ ਵਾਲੇ ਦੇ ਆਮ ਗਾਹਕ ਹੁੰਦੇ ਹਨ। ਉਹ ਆਪਣੀ ਛੁੱਟੀ ਦਾ ਸਮਾਂ ਇੱਥੇ ਗੁਜਾਰਦੇ ਹਨ। ਅੱਧਾ ਘੰਟਾ ਗੱਲਾਂ ਮਾਰਦੇ ਹਨ ਤੇ ਥਕੇਵਾਂ ਵੀ ਲਾਹੁੰਦੇ ਹਨ। ਖੋਖੇ ਤੇ ਕੋਈ ਕੁਰਸੀਆਂ, ਮੇਜਾਂ ਦਾ ਪ੍ਰਬੰਧ ਨਹੀਂ ਹੁੰਦਾ | ਅਕਸਰ ਲੋਕ ਖੜੇ ਹੋ ਕੇ ਹੀ ਚਾਹ ਪੀਂਦੇ ਹਨ। ਬੈਠਣ ਦਾ ਇੰਤਜ਼ਾਮ ਕੋਈ ਟੁੱਟੇ ਜਿਹੇ ਫੱਟੇ ਹੇਠਾਂ ਜਾਂ ਸੀਮਿੰਟ ਦੇ ਟੁੱਟੇ ਖੰਭੇ ਹੇਠ ਇੱਟਾਂ ਰੱਖ ਕੇ ਕੀਤਾ ਹੁੰਦਾ ਹੈ। ਚਾਹ ਪੀਣ ਵਾਲੇ ਗਾਹਕ ਕਈ ਤਰ੍ਹਾਂ ਦੀਆਂ ਫਰਮਾਇਸ਼ਾ ਕਰਦੇ ਹਨ। ਕੋਈ ਪੱਤੀ ਤੇਜ, ਕੋਈ ਪੱਤੀ ਘੱਟ, ਦੁੱਧ ਜ਼ਿਆਦਾ, ਕੋਈ ਮਲਾਈ ਮਾਰ ਕੇ ਅਤੇ ਕਈ ਕੜਕ ਜਿਹੀ ਚਾਹ ਬਣਾਉਣ ਲਈ ਕਹਿੰਦਾ ਹੈ। ਖੋਖੇ ਵਾਲਾ ਸਾਰਿਆਂ ਦੀ ਹਾਂ ਵਿੱਚ ਹਾਂ ਮਿਲਾ ਕੇ ਕਹਿੰਦਾ ਹੈ- ਜੀ ਬਾਉ ਜੀ! ਚੰਗਾ ਭਾਈ! ਠੀਕ ਹੈ ਸਰਦਾਰ ਜੀ! ਉਹ ਚਾਹ ਸਭ ਲਈ ਇੱਕੋ ਜਿਹੀ ਬਣਾਉਂਦਾ ਹੈ ਪਰ ਖੁਸ਼ ਸਭ ਨੂੰ ਕਰ ਦਿੰਦਾ ਹੈ। ਆਪਣੀਆਂ ਅੱਖਾਂ ਸਾਹਮਣੇ ਚਾਹ ਉਬਲਦੀ ਵੇਖ ਗਾਹਕਾਂ ਨੂੰ ਘਰ ਵਰਗਾ ਅਨੰਦ ਮਿਲਦਾ ਹੈ। ਖੋਖੇ ਵਾਲੇ ਨੇ ਇੱਕ ਛੋਟਾ ਜਿਹਾ ਮੁੰਡੂ ਵੀ ਰੱਖਿਆ ਹੁੰਦਾ ਹੈ ਜੋ ਚਾਹ ਦੀ ਕੇਤਲੀ ਤੇ ਗਲਾਸ ਲੈ ਕੇ ਚਾਹ ਵਰਤਾਉਂਦਾ ਹੈ। ਗਾਹਕ ਚਾਹ ਦੇ ਨਾਲ-ਨਾਲ ਨਿੱਕੀਆਂ-ਨਿੱਕੀਆਂ ਵਿਚਾਰ ਗੋਸ਼ਟੀਆਂ ਵੀ ਕਰਦੇ ਹਨ। ਗਰਮ ਚਾਹ ਦੇ ਨਾਲਨਾਲ ਗਰਮ ਖ਼ਬਰਾਂ ਵੀ ਉਡਦੀਆਂ ਹਨ। ਗਰਮ ਚਾਹ ਨਾਲ ਗੱਲਾਂ ਦਾ ਪ੍ਰਸਾਦ ਛੱਕ ਕੇ ਗਾਹਕ ਪ੍ਰਸੰਨ ਚਿੱਤ ਹੋ ਕੇ ਆਪਣੇ ਕੰਮਾਂ ਨੂੰ ਤੁਰ ਪੈਂਦੇ ਹਨ। ਉਹਨਾਂ ਨੂੰ ਜੋ ਤ੍ਰਿਪਤੀ ਇੱਥੇ ਮਿਲਦੀ ਹੈ, ਉਹ ਵੱਡੇ-ਵੱਡੇ ਹੋਟਲਾਂ ਵਿੱਚ ਵੀ ਨਹੀਂ ਮਿਲਦੀ।