ਬਿਜਲੀ ਦੀ ਬੱਚਤ
Bijli di Bachat
ਰੂਪ-ਰੇਖਾ- ਜਾਣ-ਪਛਾਣ, ਬਿਜਲੀ ਦੀ ਮੰਗ ਤੇ ਇਸ ਦੀ ਥੁੜ, ਯੋਜਨਾਬੱਧ ਢੰਗ ਨਾਲ ਬਿਜਲੀ ਖ਼ਰਚ ਕਰਨ ਦੀ ਲੋੜ, ਬਿਜਲੀ ਦੀ ਵਰਤੋਂ ਲਈ ਸੰਜਮ ਦੀ ਜ਼ਰੂਰਤ, ਬਲਬਾਂ, ਟਿਊਬਾਂ ਤੇ ਪੱਖਿਆਂ ਦੀ ਵਰਤੋਂ, ਕੁਲਰ, ਹੀਟਰ, ਗੀਜ਼ਰ ਤੇ ਏਅਰ ਕੰਡੀਸ਼ਨ ਦੀ ਵਰਤੋਂ ਘੱਟ ਤੋਂ ਘੱਟ, ਖੁਸ਼ੀ ਦੇ ਮੌਕੇ ਤੇ ਸਜਾਵਟ, ਇਮਾਰਤਾਂ ਦੀ ਉਸਾਰੀ ਧਿਆਨ ਪੂਰਵਕ, ਬਿਜਲੀ ਦੀ ਬੱਚਤ ਦੇ ਨਿਯਮ, ਬੱਚਤ ਦੇ ਲਾਭ, ਸਾਰ ਅੰਸ਼ ।
ਜਾਣ-ਪਛਾਣ– ਵਿਗਿਆਨ ਦੀਆਂ ਕਾਢਾਂ ਵਿੱਚੋਂ ਬਿਜਲੀ ਵੀ ਇਸ ਦੀ ਕ ਮਹੱਤਵਪੂਰਨ ਕਾਢ ਹੈ। ਇਹ ਸਾਡੇ ਜੀਵਨ ਵਿੱਚ ਖਾਸ ਮਹੱਤਤਾ ਰੱਖਦੀ ਹੈ। ਬਿਜਲੀ ਤੋਂ ਬਿਨਾਂ ਅਜੋਕੀ ਜ਼ਿੰਦਗੀ ਨਹੀਂ ਚੱਲ ਸਕਦੀ। ਅਸੀਂ ਆਪਣੇ ਆਲੇ-ਦੁਆਲੇ ਨਜ਼ਰ ਮਾਰੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਬਹੁਤ ਸਾਰੀਆਂ ਚੀਜ਼ਾਂ ਬਿਜਲੀ ਨਾਲ ਹੀ ਚਲਦੀਆਂ ਹਨ ਤੇ ਬਹੁਤ ਸਾਰੀਆਂ ਚੀਜ਼ਾਂ ਬਿਜਲੀ ਦੀ ਸ਼ਕਤੀ ਨਾਲ ਚੱਲਣ ਵਾਲੇ ਕਾਰਖ਼ਾਨਿਆਂ ਵਿੱਚ ਬਣੀਆਂ ਹਨ। ਉਦਯੋਗ ਤੋਂ ਬਿਨਾਂ ਖੇਤੀਬਾੜੀ ਲਈ ਵੀ ਬਿਜਲੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਸਾਡੀ ਜ਼ਿੰਦਗੀ ਦੀ ਜ਼ਰੂਰੀ ਲੋੜ ਹੈ।
ਬਿਜਲੀ ਦੀ ਮੰਗ ਤੇ ਇਸ ਦੀ ਥੁੜ- ਭਾਰਤ ਦੇਸ਼ ਤਰੱਕੀ ਦੀ ਰਾਹ ਤੇ ਚੱਲ ਰਿਹਾ ਹੈ। ਇਸ ਵਿੱਚ ਰੋਜ਼ਾਨਾ ਨਵੇਂ ਨਿਰਮਾਣ ਦੀਆਂ ਯੋਜਨਾਵਾਂ ਬਣਦੀਆਂ ਹਨ। ਸਮੁੱਚੇ ਦੇਸ਼ ਦੀ ਉਸਾਰੀ ਦੇ ਕੰਮਾਂ ਵਿੱਚ ਬਿਜਲੀ ਦੀ ਮੰਗ ਦਿਨ-ਪ੍ਰਤੀਦਿਨ ਵੱਧਦੀ ਜਾ ਰਹੀ ਹੈ। ਇਸ ਮੰਗ ਦੇ ਕਾਰਨ ਬਿਜਲੀ ਦੀ ਸ਼ਕਤੀ ਦੀ ਥੁੜ ਹੋ ਰਹੀ ਹੈ। ਇਹ ਥੁੜ ਤਾਂ ਹੀ ਪੂਰੀ ਕੀਤੀ ਜਾ ਸਕਦੀ ਹੈ ਜੇ ਬਿਜਲੀ ਦੀ ਉਪਜ ਵਿੱਚ ਵਾਧਾ ਹੋਵੇ। ਇਸ ਲਈ ਕਰੋੜਾਂ ਰੁਪਏ, ਪਾਣੀ ਤੇ ਸਮੇਂ ਦੀ ਜ਼ਰੂਰਤ ਹੁੰਦੀ ਹੈ। ਸਾਡੇ ਦੇਸ਼ ਵਿੱਚ ਇਹ ਸਭ ਸਾਧਨ ਸੀਮਤ ਹਨ ਸੋ ਬਿਜਲੀ ਦੀ ਉਪਜ ਵਿੱਚ ਜਲਦੀ ਵਾਧਾ ਨਹੀਂ ਕੀਤਾ ਜਾ ਸਕਦਾ। ਇਸ ਲਈ ਸਾਨੂੰ ਚਾਹੀਦਾ ਹੈ ਕਿ ਬਿਜਲੀ ਦੀ ਸ਼ਕਤੀ ਜਿੰਨੀ ਸਾਡੇ ਕੋਲ ਹੈ, ਅਸੀਂ ਉਸ ਦੀ ਵਰਤੋਂ ਧਿਆਨ ਪੂਰਵਕ ਕਰੀਏ॥ ਜੇ ਅਸੀਂ ਸੰਜਮ ਨਾਲ ਇਸ ਦੀ ਵਰਤੋਂ ਕਰਾਂਗੇ ਤਾਂ ਕਾਰਖ਼ਾਨਿਆਂ ਤੇ ਖੇਤੀਬਾੜੀ ਲਈ ਬਿਜਲੀ ਜ਼ਿਆਦਾ ਪ੍ਰਾਪਤ ਹੋ ਸਕੇਗੀ। ਇਸ ਤਰ੍ਹਾਂ ਕਰਨ ਨਾਲ ਦੇਸ਼ ਦਾ ਵਿਕਾਸ ਹੋਵੇਗਾ ਤੇ ਸਾਡਾ ਜੀਵਨ ਪੱਧਰ ਵੀ ਉੱਚਾ ਹੋ ਸਕੇਗਾ।
ਯੋਜਨਾ-ਬੱਧ ਢੰਗ ਨਾਲ ਬਿਜਲੀ ਖ਼ਰਚ ਕਰਨ ਦੀ ਲੋੜ- ਜਿਵੇਂ ਅਸੀਂ ਆਪਣੀ ਮਹੀਨੇ ਦੀ ਕਮਾਈ ਨੂੰ ਯੋਜਨਾਬੱਧ ਤਰੀਕੇ ਨਾਲ ਖ਼ਰਚ ਕਰਦੇ ਹਾਂ, ਉਸੇ ਤਰ੍ਹਾਂ ਸਾਨੂੰ ਬਿਜਲੀ ਦਾ ਖ਼ਰਚ ਵੀ ਯੋਜਨਾ-ਬੱਧ ਢੰਗ ਨਾਲ ਕਰਨਾ ਚਾਹੀਦਾ ਹੈ। ਬਿਜਲੀ ਦੀ ਸ਼ਕਤੀ ਨਾਲ ਸੰਬੰਧ ਰੱਖਣ ਵਾਲੀਆਂ ਲੋੜਾਂ ਘਟਾਉਣੀਆਂ ਚਾਹੀਦੀਆਂ ਹਨ। ਬਿਜਲੀ ਦੀ ਵਰਤੋਂ ਸਮੇਂ ਸੰਜਮ ਨਾਲ ਕੰਮ ਲੈਣਾ ਚਾਹੀਦਾ ਹੈ। ਜੇ ਪੱਖੇ ਨਾਲ ਸਰਦਾ ਹੋਵੇ ਤਾਂ ਕੂਲਰ ਤੇ ਏਅਰ-ਕੰਡੀਸ਼ਨ ਦੀ ਵਰਤੋਂ ਤੋਂ ਸੰਕੋਚ ਕਰਨਾ ਚਾਹੀਦਾ ਹੈ। ਆਪਣੇ ਸਰੀਰ ਨੂੰ ਇਸ ਤਰ੍ਹਾਂ ਢਾਲਣਾ ਚਾਹੀਦਾ ਹੈ ਕਿ ਹੀਟਰ, ਕੁਲਰ ਤੇ ਏਅਰ ਕੰਡੀਸ਼ਨ ਆਦਿ ਦੀ ਲੋੜ ਨਾ ਮਹਿਸੂਸ ਹੋਵੇ। ਜੇ ਅਸੀਂ ਇਹਨਾਂ ਸਾਧਨਾਂ ਦੀ ਵਰਤੋਂ ਘਟਾ ਲਵਾਂਗੇ ਤਾਂ ਸਾਡੇ ਸਰੀਰ ਤੇ ਜ਼ਿਆਦਾ ਫ਼ਰਕ ਨਹੀਂ ਪਵੇਗਾ ਪਰ ਕੌਮੀ ਪੱਧਰ ਤੇ ਬਿਜਲੀ ਦੀ ਬੱਚਤ ਹੋ ਜਾਵੇਗੀ।
ਬਿਜਲੀ ਦੀ ਵਰਤੋਂ ਲਈ ਸੰਜਮ ਦੀ ਜ਼ਰੂਰਤ- ਬਿਜਲੀ ਵਿਭਾਗ ਦੇ ਅਧਿਕਾਰੀਆਂ ਦੇ ਅਨੁਸਾਰ ਜੇ ਖਪਤਕਾਰ ਇੱਕ ਯੂਨਿਟ ਦੀ ਬੱਚਤ ਕਰਦਾ ਹੈ ਤਾਂ ਉਹ ਕੌਮੀ ਪੱਧਰ ਤੇ ਪੈਦਾ ਕੀਤੇ ਜਾਣ ਵਾਲੇ 125 ਯੂਨਿਟ ਦੇ ਬਰਾਬਰ ਹੈ। ਇਸ ਤਰ੍ਹਾਂ ਬਚਾਈ ਗਈ ਬਿਜਲੀ ਨਾਲੋਂ ਜ਼ਿਆਦਾ ਹੁੰਦਾ ਹੈ। ਸਰਕਾਰੀ ਸੂਤਰਾਂ ਦੇ ਅਨੁਸਾਰ ਇਸ ਵੇਲੇ ਦੇਸ਼ ਵਿੱਚ 10% ਬਿਜਲੀ ਦੀ ਘਾਟ ਹੈ। ਕੌਮੀ ਪੱਧਰ ਤੇ ਬਿਜਲੀ ਦੀ ਸਪਲਾਈ ਦ ਘਾਟਾ ਪੂਰਨ ਕਰਨ ਲਈ ਬਿਜਲੀ ਨੂੰ ਸੰਜਮ ਨਾਲ ਵਰਤਣ ਦੀ ਜ਼ਰੂਰਤ ਹੈ। ਜੇ ਅਸੀਂ ਸਾਰੇ ਰਲ ਮਿਲ ਕੇ ਕੋਸ਼ਸ਼ ਕਰੀਏ ਤਾਂ ਅਸੀਂ ਬਿਜਲੀ ਦੀ ਇਸ ਘਾਟ ਨੂੰ ਪੂਰਾ ਕਰ ਸਕਦੇ ਹਾਂ।
ਬਲਬਾਂ, ਟਿਊਬਾਂ ਤੇ ਪੱਖਿਆਂ ਦੀ ਵਰਤੋਂ– ਸਾਨੂੰ ਬਿਜਲੀ ਦੀ ਆਮ ਵਰਤੋਂ ਸਮੇਂ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ। ਬਲਬਾਂ, ਟਿਊਬਾਂ ਤੇ ਪੱਖਿਆਂ ਦੀ ਵਰਤੋਂ ਉੱਨੀ ਦੇਰ ਹੀ ਕਰਨੀ ਚਾਹੀਦੀ ਹੈ, ਜਿੰਨੀ ਦੇਰ ਉਹਨਾਂ ਦੀ ਜ਼ਰੂਰਤ ਹੋਵੇ। ਕਈ ਵਾਰ ਘਰਾਂ ਵਿੱਚ ਅਸੀਂ ਇੱਕ ਕਮਰੇ ਵਿੱਚ ਬੈਠੇ ਹੁੰਦੇ ਹਾਂ ਪਰ ਬੱਤੀਆਂ ਸਾਰਿਆਂ ਕਮਰਿਆਂ ਵਿੱਚ ਜੱਗ ਰਹੀਆਂ ਹੁੰਦੀਆਂ ਹਨ। ਸਾਨੂੰ ਬਲਬ ਜਾਂ ਟਿਊਬ ਦਾ ਪ੍ਰਯੋਗ ਸੰਜਮ ਨਾਲ ਕਰਨਾ ਚਾਹੀਦਾ ਹੈ। ਜਿਸ ਕਮਰੇ ਵਿੱਚ ਬੈਠਣਾ ਹੋਵੇ ਉਸ ਕਮਰੇ ਵਿੱਚ ਹੀ ਪੱਖਾਂ ਜਾਂ ਟਿਉਬ ਆਦਿ ਚਲਾਉਣੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਅਸੀਂ ਬੇਲੋੜੀ ਬਿਜਲੀ ਨੂੰ ਜਾਇਆ ਹੋਣ ਤੋਂ ਬਚਾ ਸਕਦੇ ਹਾਂ। ਦੁਕਾਨਦਾਰਾਂ ਨੂੰ ਵੀ ਆਪਣੇ ਉੱਪਰ ਇਹ ਨੇਮ ਲਾਗੂ ਕਰਨਾ ਚਾਹੀਦਾ ਹੈ। ਜੇ ਅਸੀਂ ਸਾਰੇ ਇਸ ਤਰ੍ਹਾਂ ਕਰਨ ਦੀ ਆਦਤ ਬਣਾ ਲਈਏ ਤਾਂ ਕਦੀ ਮੁਸ਼ਕਲ ਪੇਸ਼ ਨਹੀਂ ਆਵੇਗੀ।
ਕੂਲਰ, ਹੀਟਰ, ਗੀਜ਼ਰ ਤੇ ਏਅਰ ਕੰਡੀਸ਼ਨ ਦੀ ਵਰਤੋਂ ਘੱਟ ਤੋਂ ਘੱਟ- ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਗਰਮੀਆਂ ਵਿੱਚ ਕੂਲਰ, ਏਅਰ ਕੰਡੀਸ਼ਨ ਤੇ ਸਰਦੀਆਂ ਵਿੱਚ ਗੀਜ਼ਰ ਦੀ ਵਰਤੋਂ ਘੱਟ ਤੋਂ ਘੱਟ ਕਰੀਏ। ਅਕਸਰ ਲੋਕ ਥੋੜੀ ਗਰਮੀ ਪੈਦਿਆਂ ਹੀ ਕੁਲਰ ਤੇ ਏਅਰ ਕੰਡੀਸ਼ਨ ਦਾ ਪ੍ਰਯੋਗ ਸ਼ੁਰੂ ਕਰ ਦਿੰਦੇ ਹਨ। ਜੇ ਅਸੀਂ ਆਪਣੀ ਸਹਿਣ ਸ਼ਕਤੀ ਨੂੰ ਵਧਾ ਲਈਏ ਤਾਂ ਪੱਖੇ ਨਾਲ ਵੀ ਗੁਜ਼ਾਰਾ ਹੋ ਜਾਂਦਾ ਹੈ। ਸਰਦੀ ਸ਼ੁਰੂ ਹੁੰਦਿਆਂ ਹੀ ਗੀਜ਼ਰ ਦਾ ਪ੍ਰਯੋਗ ਨਾ ਕੀਤਾ ਜਾਵੇ।ਕਈ ਵਾਰ ਅੱਤ ਦੀ ਸਰਦੀ ਪੈ ਜਾਂਦੀ ਹੈ ਤਾਂ ਗਰਮ ਪਾਣੀ ਨਾਲ ਨਹਾਉਣਾ ਮਜ਼ਬੂਰੀ ਹੁੰਦੀ ਹੈ। ਜੇ ਅਸੀਂ ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖੀਏ ਤਾਂ ਅਸੀਂ ਬਿਜਲੀ ਦੀ ਬੱਚਤ ਵਿੱਚ ਸਹਿਯੋਗ ਦੇ ਸਕਦੇ ਹਾਂ। ਸਰਦੀਆਂ ਵਿੱਚ ਮੋਟੇ ਕੰਬਲ ਰਜਾਈਆਂ ਦੀ ਵਰਤੋਂ ਕਰਕੇ ਹੀਟਰ ਦੇ ਯੋਗ ਤੋਂ ਬੱਚਿਆਂ ਜਾ ਸਕਦਾ ਹੈ।
ਖੁਸ਼ੀ ਦੇ ਮੌਕੇ ਤੇ ਸਜਾਵਟ- ਸਾਨੂੰ ਵਿਆਹਾਂ, ਸ਼ਾਦੀਆਂ, ਤਿਉਹਾਰਾਂ ਤੇ ਹੋਰ। – ਖੁਸ਼ੀ ਦੇ ਮੌਕਿਆ ਤੇ ਸਜਾਵਟ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਕਰਕੇ ਅਸੀਂ ਆਪਣਾ ਖ਼ਰਚਾ ਵੀ ਬਚਾ ਸਕਦੇ ਹਾਂ ਤੇ ਬਿਜਲੀ ਦੀ ਬੱਚਤ ਵਿੱਚ ਵੀ ਯੋਗਦਾਨ ਪਾ ਸਕਦੇ ਹਾਂ। ਦਿਵਾਲੀ ਤੇ ਸਭ ਦੇ ਘਰ ਬਲਬਾਂ ਨਾਲ ਜਗਮਗਜਗਮਗ ਕਰ ਰਹੇ ਹੁੰਦੇ ਹਨ। ਅਸੀਂ ਮੋਮਬੱਤੀਆਂ ਤੇ ਦੀਵੇ ਜਗਾ ਕੇ ਵੀ ਰੋਸ਼ਨੀ ਕਰ ਸਕਦੇ ਹਾਂ।
ਇਮਾਰਤਾਂ ਦੀ ਉਸਾਰੀ ਧਿਆਨ ਪੂਰਵਕ- ਵੱਡੀਆਂ-ਵੱਡੀਆਂ ਇਮਾਰਤਾਂ ਬਣਾਉਣ ਸਮੇਂ ਇਸ ਤਰ੍ਹਾਂ ਦਾ ਨਕਸ਼ਾ ਬਣਾਉਣਾ ਚਾਹੀਦਾ ਹੈ ਕਿ ਦਿਨ ਵੇਲੇ ਵੱਧ ਤੋਂ ਵੱਧ ਸੂਰਜ ਦੀ ਰੋਸ਼ਨੀ ਕਮਰਿਆਂ ਵਿੱਚ ਪਹੁੰਚੇ ਤਾਂ ਜੋ ਬਿਜਲੀ ਜਗਾਉਣ ਦੀ ਲੋੜ ਹੀ ਨਾ ਪਵੇ। ਬਿਜਲੀ ਦੀ ਫਿਟਿੰਗ ਇਸ ਢੰਗ ਨਾਲ ਕੀਤੀ ਜਾਵੇ ਕਿ ਇੱਕ ਬਲਬ ਜਾਂ ਟਿਊਬ ਨਾਲ ਵੱਧ ਤੋਂ ਵੱਧ ਰੋਸ਼ਨੀ ਹੋ ਸਕੇ।
ਬਿਜਲੀ ਦੀ ਬੱਚਤ ਦੇ ਨਿਯਮ- ਬਿਜਲੀ ਦੀ ਬੱਚਤ ਲਈ ਘਰ ਵਿੱਚ ਕੁਝ ਨਿਯਮ ਬਣਾਉਣੇ ਚਾਹੀਦੇ ਹਨ। ਘਰ ਦੇ ਸਾਰੇ ਜੀਅ ਵੱਖ-ਵੱਖ ਕਮਰਿਆਂ ਵਿੱਚ ਨਾ ਬੈਠ ਕੇ ਇਕੱਠੇ ਹੀ ਬੈਠਣ। ਫਰਿੱਜ ਦਾ ਦਰਵਾਜ਼ਾ ਘੱਟ ਤੋਂ ਘੱਟ ਖੋਲਿਆ ਜਾਵੇ। ਜੇ ਕੱਪੜੇ ਇਸਤਰੀ ਕਰਨੇ ਹੋਣ ਤਾਂ ਵਾਰ-ਵਾਰ ਇੱਕ ਦੋ ਕੱਪੜੇ ਨਾ ਇਸਤਰੀ ਕੀਤੇ ਜਾਣ, ਸਗੋਂ ਇੱਕ ਸਮੇਂ ਹੀ ਸਾਰੇ ਜੀਆਂ ਦੇ ਕੱਪੜੇ ਇਸਤਰੀ ਕਰ ਲਏ ਜਾਣ। ਘਰ ਵਿੱਚ ਬਿਜਲੀ ਦੇ ਉਪਕਰਨ ਚੰਗੀ ਕੁਆਲਟੀ ਦੇ ਵਰਤੇ ਜਾਣ ਤਾਂ ਜੋ ਬਿਜਲੀ ਦੀ ਖਪਤ ਘੱਟ ਤੋਂ ਘੱਟ ਹੋਵੇ।
ਬੱਚਤ ਦੇ ਲਾਭ- ਜੇ ਹਰ ਦੇਸ਼ ਵਾਸੀ ਬਿਜਲੀ ਦੇ ਪ੍ਰਯੋਗ ਸੰਬੰਧੀ ਸਾਵਧਾਨੀ ਵਰਤੇ ਤਾਂ ਅਸੀਂ ਕਿੰਨੀ ਬਿਜਲੀ ਬਚਾ ਸਕਦੇ ਹਾਂ। ਇਸ ਤਰ੍ਹਾਂ ਕਿਸੇ ਦਾ ਨੁਕਸਾਨ ਨਹੀਂ ਹੋਵੇਗਾ। ਸਗੋਂ ਅਸੀਂ ਲੱਖਾਂ ਯੂਨਿਟਾਂ ਦੀ ਬੱਚਤ ਕਰ ਲਵਾਂਗੇ। ਇਹ ਬਿਜਲੀ ਕਾਰਖ਼ਾਨਿਆਂ ਅਤੇ ਖੇਤੀਬਾੜੀ ਦੇ ਕੰਮ ਆਵੇਗੀ ਤੇ ਸਾਡਾ ਦੇਸ਼ ਵਿਕਾਸ ਕਰੇਗਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਨੂੰ ਵੀ ਬਿੱਲ ਘੱਟ ਭਰਨਾ ਪਵੇਗਾ ਤੇ ਅਸੀਂ ਵੀ ਕੁੱਝ ਪੈਸੇ ਬਚਾ ਕੇ ਖੁਸ਼ੀ ਪ੍ਰਾਪਤ ਕਰਾਂਗੇ।
ਸਾਰ-ਅੰਸ਼- ਉਪਰੋਕਤ ਵਿਚਾਰ ਤੋਂ ਬਾਅਦ ਅਸੀਂ ਇਹ ਸਿੱਟੇ ਤੇ ਪਹੁੰਚਦੇ ਹਾਂ ਕਿ ਬਿਜਲੀ ਦੀ ਬੱਚਤ ਹਰ ਵਿਅਕਤੀ ਦੇ ਉਦਮ ਨਾਲ ਹੀ ਸੰਭਵ ਹੈ। ਸਾਨੂੰ ਬਾਰਿਆਂ ਨੂੰ ਇਸ ਦੀ ਵਰਤੋਂ ਪ੍ਰਤੀ ਸੁਚੇਤ ਰਹਿਣਾ ਪਵੇਗਾ। ਘਰ ਵਿਚ ਹੈ। ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਸਾਡਾ ਸਭ ਦਾ ਇਹ ਰਵੱਈਆ ਦੇਸ਼ ਲਈ। ਬਹੁਤ ਲਾਹੇਵੰਦ ਹੋਵੇਗਾ।