ਭਾਸ਼ਨ ਕਲਾ
Bhashan di Kala
ਭਾਸ਼ਨ ਦੇਣ ਲਈ ਹਰ ਮਨੁੱਖ ਤਿਆਰ ਰਹਿੰਦਾ ਹੈ ਪਰ ਚੰਗਾ ਭਾਸ਼ਨ ਦੇਣਾ ਹਰ ਇੱਕ ਲਈ ਸੌਖਾ ਨਹੀਂ ਹੁੰਦਾ। ਚੰਗਾ ਭਾਸ਼ਨ ਦੇਣਾ ਵੀ ਇੱਕ ਕਲਾ ਹੈ। ਅਜੋਕੀ ਜ਼ਿੰਦਗੀ ਵਿੱਚ ਭਾਸ਼ਨ ਕਲਾ ਦਾ ਮਹੱਤਵਪੂਰਨ ਸਥਾਨ ਹੈ। ਚੋਣਾਂ ਦੇ । ਦਿਨਾਂ ਵਿੱਚ ਅਕਸਰ ਨੇਤਾ ਭਾਸ਼ਨ ਰਾਹੀਂ ਮਿੱਠੀਆਂ-ਮਿੱਠੀਆਂ ਗੱਲਾਂ ਕਰਦੇ ਹਨ। ਤੇ ਲੋਕਾਂ ਨੂੰ ਮੋਹ ਲੈਂਦੇ ਹਨ, ਭਾਵੇਂ ਉਹਨਾਂ ਨੇ ਕਰਨਾ ਕੁੱਝ ਨਹੀਂ ਹੁੰਦਾ। ਭਾਸ਼ਨ ਕਲਾ ਨੇਤਾ ਨੂੰ ਨੇਤਾਗਿਰੀ ਦੀ ਕਤਾਰ ਵਿੱਚ ਖੜ੍ਹਾ ਕਰਨ ਲਈ ਇੱਕ ਵੱਡਾ ਸਾਧਨ ਸਿੱਧ ਹੁੰਦੀ ਹੈ। ਆਮ ਮਨੁੱਖ ਲਈ ਵੀ ਭਾਸ਼ਨ ਕਲਾ ਵਿੱਚ ਨਿਪੁੰਨ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੇ ਜ਼ਮਾਨੇ ਵਿੱਚ ਤਾਂ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਭਾਸ਼ਨ ਜ਼ਰੂਰੀ ਅੰਗ ਬਣ ਗਿਆ ਹੈ। ਕਿਸੇ ਕੋਰਸ ਵਿੱਚ ਦਾਖਲਾ ਲੈਣਾ ਹੋਵੇ, ਨੋਕਰੀ ਲਈ ਇੰਟਰਵਿਊ ਦੇਣੀ ਹੋਵੇ ਜਾਂ ਕਿਸੇ ਨੂੰ ਪਹਿਲੀ ਵਾਰ ਮਿਲਣਾ ਹੋਵੇ, ਭਾਸ਼ਨ ਕਲਾ ਵਿੱਚ ਨਿਪੁੰਨਤਾ ਦਾ ਗੁਣ ਬਹੁਤ ਜ਼ਰੂਰੀ ਹੈ। ਜੋ ਮਨੁੱਖ ਪ੍ਰਭਾਵਸ਼ਾਲੀ ਤਰੀਕੇ ਨਾਲ ਵਿਚਾਰ ਪ੍ਰਗਟ ਕਰਦਾ ਹੈ, ਉਹ ਘਰ ਬਹੁਤ ਸਭ ਥਾਂ ਤੇ ਖਾਸ ਸਥਾਨ ਰੱਖਦਾ ਹੈ। ਜਦੋਂ ਸਰੋਤਿਆਂ ਸਾਹਮਣੇ ਖੜੇ ਹੋ ਕੇ ਵਿਚਾਰ ਪ੍ਰਗਟ ਕੀਤੇ ਜਾਂਦੇ ਹਨ ਉਹ ਭਾਸ਼ਨ ਅਖਵਾਉਂਦਾ ਹੈ। ਭਾਸ਼ਨ ਕਲਾ ਕੋਈ ਦੈਵੀਗੁਣ ਨਹੀਂ, ਇਸ ਲਈ ਅਭਿਆਸ, ਗਿਆਨ, ਸਮਝ ਤੇ ਵਿਸ਼ਵਾਸ ਦੀ ਲੋੜ ਹੁੰਦੀ ਹੈ। ਦੋ ਜਾਂ ਚਾਰ ਮਨੁੱਖਾਂ ਦੇ ਵਿਚਕਾਰ ਤਾਂ ਹਰ ਕੋਈ ਬੋਲ ਲੈਂਦਾ ਹੈ ਪਰ ਸਟੇਜ ਤੇ ਖੜ੍ਹੇ ਹੋਣਾ ਤੇ ਚੰਗਾ ਭਾਸ਼ਨ ਦੇਣਾ ਹਰ ਇੱਕ ਦੇ ਵਸ ਦਾ ਰੋਗ ਨਹੀਂ ਹੈ। ਹਰ ਇੱਕ ਵਿਅਕਤੀ ਨੂੰ ਭਾਸ਼ਨ ਕਲਾ ਦੇ ਵਿਕਾਸ ਦਾ ਮੌਕਾ ਨਹੀਂ ਮਿਲਦਾ। ਕਈ ਵਿਦਿਆਰਥੀ ਸਕੂਲਾਂ ਵਿੱਚ ਹੀ ਇਸ ਕਲਾ ਵਿੱਚ ਨਿਪੁੰਨਤਾ ਹਾਸਲ ਕਰ ਲੈਂਦੇ ਹਨ। ਜੇ ਵਿਦਿਆਰਥੀਆਂ ਨੂੰ ਅਧਿਆਪਕਾਂ ਵੱਲੋਂ ਅਗਵਾਈ ਦਿੱਤੀ ਜਾਵੇ ਤੇ ਉਤਸ਼ਾਹਿਤ ਕੀਤਾ ਜਾਵੇ ਤਾਂ ਉਹਨਾਂ ਦਾ ਝਾਕਾ ਖੋਲਿਆ ਜਾ ਸਕਦਾ ਹੈ। ਭਾਸ਼ਨ ਦੇਣ ਵਾਲੇ ਨੂੰ ਪੂਰਾ ਗਿਆਨ ਹੋਣਾ ਚਾਹੀਦਾ ਹੈ। ਉਸ ਦੀ ਗੱਲ ਵਿਉਂਤਮਈ ਹੋਣੀ ਚਾਹੀਦੀ ਹੈ ਤਾਂ ਜੋ ਉਹ ਸਰੋਤਿਆਂ ਨੂੰ ਆਪਣੀ ਗੱਲ ਸਮਝਾ ਸਕੇ। ਇਹੋ ਹੀ ਭਾਸ਼ਨ-ਕਲਾ ਵਿੱਚ ਨਿਪੁੰਨਤਾ ਪ੍ਰਾਪਤ ਕਰਨ ਦਾ ਅਧਾਰ ਹੈ।