ਭਾਰਤ ਦੀਆਂ ਵੇਖਣ ਵਾਲੀਆਂ ਪ੍ਰਮੁੱਖ ਥਾਵਾਂ
Bharat diya vekhan valiya Pramukh Thava
ਜਾਣ-ਪਛਾਣ : ਭਾਰਤ ਸੰਸਾਰ ਦੇ ਬਹੁਤ ਖੂਬਸੂਰਤ ਦੇਸ਼ਾਂ ਵਿਚੋਂ ਇਕ ਹੈ। ਇਸ ਨੂੰ ਦੇਵ ਭੂਮੀ ਅਤੇ ਕਰਮ ਭੁਮੀ ਵੀ ਕਿਹਾ ਜਾਂਦਾ ਹੈ। ਇਹ ਉਹੀ ਧਰਤੀ ਹੈ ਜਿੱਥੇ ਦੇਵਰੇ ਵੀ ਜਨਮ ਲੈਣ ਨੂੰ ਤਰਸਦੇ ਹਨ। ਇਸ ਮਹਾਨ ਭਾਰਤ ਵਿਚ ਹੀ ਭਗਵਾਨ ਰਾਮ, ਭਗਵਾਨ ਸ੍ਰੀ ਕ੍ਰਿਸ਼ਨ, ਗੁਰੂ ਨਾਨਕ, ਮਹਾਤਮਾ ਬੁੱਧ ਅਤੇ ਮਹਾਤਮਾ ਗਾਂਧੀ ਵਰਗੇ ਲੋਕ ਪੈਦਾ ਹੋਏ ਹਨ। ਸਾਡੇ ਦੇਸ਼ ਵਿਚ ਵੱਖ-ਵੱਖ ਧਰਮਾਂ, ਜਾਤਾਂ, ਰਿਵਾਜ਼ਾਂ, ਭਾਸ਼ਾਵਾਂ ਅਤੇ ਸੱਭਿਆਚਾਰਾਂ ਦੇ ਲੋਕ ਰਹਿੰਦੇ ਹਨ। ਸਾਡਾ ਦੇਸ਼ ਸਦੀਆਂ ਪੁਰਾਣਾ ਦੇਸ਼ ਹੈ। ਇਸ ਨੂੰ ਘੁੰਮ ਫਿਰ ਕੇ ਵੇਖਿਆ ਜਾਵੇ ਤਾਂ ਸਾਨੂੰ ਇਸਦੀ ਮਹਾਨਤਾ ਬਾਰੇ ਪਤਾ ਲੱਗਦਾ ਹੈ।
ਵੱਖ-ਵੱਖ ਰੱਤਾਂ ਅਤੇ ਮੌਸਮ : ਸਾਡਾ ਦੇਸ਼ ਹੀ ਸੰਸਾਰ ਦਾ ਇਕ ਅਜਿਹਾ ਦੇਸ਼ ਹੈ ਜਿੱਥੇ ਵੱਖ-ਵੱਖ ਮੌਸਮ ਵੱਖ-ਵੱਖ ਸਮੇਂ ‘ਤੇ ਆ ਕੇ ਆਪਣਾ ਰੰਗ ਵਿਖਾਂਦੇ ਹਨ। ਇੱਥੇ ਗਰਮੀ ਖੂਬ ਪੈਂਦੀ ਹੈ ਅਤੇ ਜੇ ਠੰਡ ਪੈਂਦੀ ਹੈ ਤਾਂ ਉਹ ਵੀ ਨਾਨੀ ਚੇਤੇ ਕਰਵਾ ਦਿੰਦੀ ਹੈ। ਅਕਤੂਬਰ ਤੋਂ ਲੈ ਕੇ ਮਾਰਚ ਦੇ ਅੰਤ ਤਕ ਸਾਡੇ ਦੇਸ਼ ਵਿਚ ਰੰਗ ਬਿਰੰਗੇ ਫੁੱਲਾਂ, ਫਲਾਂ ਅਤੇ ਮੌਸਮਾਂ ਦੀ ਬਹਾਰ ਹੋਵੇਗੀ! ਦੁਸਹਿਰਾ, ਦੀਵਾਲੀ, ਹੋਲੀ, ਲੋਹੜੀ, ਵਿਸਾਖੀ ਅਤੇ ਨਾ ਜਾਣੇ ਹੋਰ ਕਿੰਨੇ ਰੰਗ ਬਿਰੰਗੇ ਅਤੇ ਮਸਤੀ ਭਰੇ ਤਿਉਹਾਰ ਮਨਾਏ ਜਾਂਦੇ ਹਨ।
ਵੇਖਣ ਵਾਲੀਆਂ ਕਈ ਚੀਜ਼ਾਂ ਹਨ : ਭਾਰਤ ਵਿਚ ਵੇਖਣ ਵਾਲੀਆਂ ਇਕ ਨਹੀਂ, ਲੱਖਾਂ ਵਸਤਾਂ ਹਨ। ਹਰ ਚੀਜ਼ ਇਕ ਦੂਜੇ ਤੋਂ ਵੱਖਰੀ ਅਤੇ ਨਿਰਾਲੀ ਹੁੰਦੀ ਹੈ। ਕਸ਼ਮੀਰ ਦੇ ਨਿਸ਼ਾਤ ਬਾਗ ਹੋਰ ਕਿੱਧਰੇ ਨਹੀਂ ਦਿੱਸਦੇ। ਫੁੱਲਾਂ ਨਾਲ ਲੱਦੀ ਕਸ਼ਮੀਰ ਵਾਦੀ ਆਪਣੀ ਮਿਸਾਲ ਆਪ ਹੈ। ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਵਿਚ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਇਕ ਗੌਰਵਮਈ ਗੱਲ ਹੈ। ਇੱਥੇ ਦਿਨ-ਰਾਤ ਇਲਾਹੀ ਬਾਣੀ ਦਾ ਕੀਰਤਨ ਹੁੰਦਾ ਰਹਿੰਦਾ ਹੈ। ਇੱਥੇ ਆਉਂਦਿਆਂ ਹੀ ਮਨ ਵਿਚ ਅਨੇਕਾਂ ਚੰਗੇ ਵਿਚਾਰ ਜਨਮ ਲੈ ਲੈਂਦੇ ਹਨ। ਦਰਬਾਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਕਿੱਧਰੇ ਹੋਰ ਜਾਣ ਨੂੰ ਜੀਅ ਹੀ ਨਹੀਂ ਕਰਦਾ। ਲੁਧਿਆਣੇ ਦੀ ਖੇਤੀਬਾੜੀ ਯੂਨੀਵਰਸਿਟੀ ਭਾਰਤ ਦੀ ਹੀ ਨਹੀਂ, ਸਗੋਂ ਸੰਸਾਰ ਦੀ ਇਕ ਬੜੀ ਮਸ਼ਹੂਰ ਬਾਹਰ ਨਿਕਲਦਾ ਹੈ।
ਸੰਸਾਰ ਪ੍ਰਸਿੱਧ ਇਮਾਰਤਾਂ : ਸੰਸਾਰ ਪ੍ਰਸਿੱਧ ਤਾਜ ਮਹੱਲ ਆਪਣੀ ਮਿਸਾਲ ਆਪ ਹੈ। ਇਸ ਦੀ ਕਲਾ ਅਤੇ ਕਾਰੀਗਰੀ ਤਾਂ ਬੇਜੋੜ ਹੈ। ਆਗਰੇ ਵਿਚ ਹੀ ਤਾਜ, ਸਿਕੰਦਰਾ, ਫਤਹਿਪੁਰ ਸੀਕਰੀ, ਮਥਰਾ, ਬਿੰਦਾਵਨ ਆਦਿ ਦੇ ਦਰਸ਼ਨ ਕੌਣ ਨਹੀਂ ਕਰਨਾ ਚਾਹੇਗਾ? ਫਤਹਿਪੁਰ ਸੀਕਰੀ ਅਕਬਰ ਦੇ ਰਾਜ ਵੇਲੇ ਆਪਣੀ ਸ਼ਾਨੋ ਸ਼ੌਕਤ ਨਾਲ ਭਰਪੂਰ ਸੀ। ਹੋਰ ਅੱਗੇ ਵਧੇ ਤਾਂ ਵਾਰਾਨਸੀ ਅਤੇ ਸਾਰਨਾਥ ਵਿਚ ਸੰਸਾਰ ਪ੍ਰਸਿੱਧ ਮੰਦਰ ਹਨ। ਸਾਰਨਾਥ ਦਾ ਸਿੱਧਾ ਸੰਬੰਧ ਮਹਾਤਮਾ ਬੁੱਧ ਨਾਲ ਹੈ, ਜਿਨਾਂ ਦੇ ਸ਼ਾਂਤੀ ਅਤੇ ਪਿਆਰ ਦੇ ਸੁਨੇਹੇ ਨੇ ਇਕ ਵਾਰੀ ਤਾਂ ਅੱਧੀ ਦੁਨੀਆਂ ਤੇ ਕਬਜ਼ਾ ਕਰ ਲਿਆ ਸੀ। ਗੰਗਾ, ਜਮਨਾ ਅਤੇ ਸਰਸਵਤੀ ਦਾ ਮੇਲ ਇਲਾਹਾਬਾਦ ਵਿਖੇ ਹਰ ਇਕ ਨੂੰ ਖ਼ੁਸ਼ੀ ਅਤੇ ਅਨੰਦ ਪ੍ਰਦਾਨ ਕਰਦਾ ਹੈ। ਮਹਾਰਾਣਾ ਪ੍ਰਤਾਪ, ਮਹਾਰਾਣਾ ਸਾਂਗਾ ਦੀ ਮਹਾਨ ਵੀਰਤਾ, ਪਦਮਨੀ ਦੀ ਬੇਜੋੜ ਸੁੰਦਰਤਾ, ਗੋਰਾ ਬਾਦਲ ਦੀ ਕਰਮ ਅਤੇ ਬਲੀਦਾਨ ਧਰਤੀ ਤੇ ਉਦੈਪੁਰ, ਜੈਪੁਰ, ਚਿਤੌੜਗੜ, ਮਾਉਂਟ ਆਬੂ ਆਦਿ ਨੂੰ ਵੇਖ ਕੇ ਅੱਖਾਂ ਖੁਲੀਆਂ ਹੀ ਰਹਿ ਜਾਂਦੀਆਂ ਹਨ।
ਪੱਛਮੀ ਖੇਤਰ ਦੀਆਂ ਇਮਾਰਤਾਂ : ਭਾਰਤ ਦੇ ਪੱਛਮੀ ਖੇਤਰ ਵਿਚ ਅਜੰਤਾ ਅਤੇ ਅਲੋਰਾ ਦੀਆਂ ਗੁਫਾਵਾਂ ਹਨ, ਮਾਇਆ ਨਗਰੀ ਬੰਬਈ ਹੈ, ਜਿਸ ਨੂੰ ਹਰ ਬੰਦਾ ਵੇਖਣਾ ਚਾਹੁੰਦਾ ਹੈ। ਛਤਰਪਤੀ ਸ਼ਿਵਾ ਜੀ ਮਹਾਰਾਜ ਦੀ ਕਰਮ ਭੂਮੀ ਪੂਨਾ, ਸੁੰਦਰ ਗੋਆ ਆਦਿ ਵੇਖਣ ਵਾਲੀਆਂ ਥਾਵਾਂ ਹਨ। ਇੱਥੇ ਹੀ ਠਾਠਾਂ ਮਾਰਦੇ ਬੇਅੰਤ ਸਮੁੰਦਰ ਨੂੰ ਵੇਖਣਾ, ਸੰਸਾਰ ਸਿੱਧ ਦਵਾਰਕਾ ਨਗਰੀ, ਸਾਂਚੀ, ਖਜੁਰਾਹੋ ਦੇ ਮੰਦਰ, ਉਜੈਨ, ਪੰਚਮੜੀ, ਮਾਂਡੂ ਅਤੇ ਭਾਰਤ ਦੀ ਆਜ਼ਾਦੀ ਦਾ ਪ੍ਰਤੀਕ ਗਵਾਲੀਅਰ ਨੂੰ ਵੇਖਣਾ ਬਹੁਤ ਹੀ ਆਨੰਦ ਦੇਣ ਵਾਲਾ ਨਜ਼ਾਰਾ ਹੈ।
ਪੂਰਬੀ ਖੇਤਰ ਦੀਆਂ ਇਮਾਰਤਾਂ : ਭਾਰਤ ਦੇ ਪੂਰਬੀ ਹਿੱਸੇ ਵੱਲ ਨਿਕਲ ਤਰੋ ਤਾਂ ਆਸਾਮ ਤੋਂ ਲੈ ਕੇ ਉੜੀਸਾ ਦੇ ਧੁਰ ਥੱਲੇ ਤਕ ਹਰੇ ਭਰੇ ਖੇਤ ਮਨ ਨੂੰ ਅਤਿ ਚੰਗੇ ਲੱਗਦੇ ਹਨ। ਇੱਥੇ ਚਾਹ, ਜੂਟ ਅਤੇ ਚੌਲਾਂ ਦੇ ਖੇਤਾਂ ਨੂੰ ਵੇਖਣਾ ਬੜਾ ਚੰਗਾ ਲੱਗਦਾ ਹੈ। ਇਹ ਹੀ ਧਰਤੀ ਅਸ਼ੋਕ, ਮਹਾਤਮਾ ਬੁੱਧ, ਮਹਾਂਵੀਰ ਸਵਾਮੀ, ਰਾਮ ਕ੍ਰਿਸ਼ਨ ਪਰਮਹੰਸ ਅਤੇ ਵਿਸ਼ਵ ਕਵੀ ਰਾਬਿੰਦਰ ਨਾਥ ਦੀ ਪਵਿੱਤਰ ਧਰਤੀ ਹੈ। ਦੇਸ਼ ਦੇ ਦੱਖਣੀ ਖਿੱਤੇ ਵਿਚ ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕੇਰਲ ਅਤੇ ਮੈਸੂਰ ਦੀ ਖੂਬਸੂਰਤੀ ਆਪਣੇ ਬਿਆਨ ਤੋਂ ਬਾਹਰ ਹੈ। ਇੱਥੇ ਵੇਖਣਯੋਗ ਥਾਵਾਂ ਵਿਚ ਹੈਦਰਾਬਾਦ, ਮਦਰਾਸ, ਮਦੁਰਾਈ, ਮਹਾਬਲੀ ਪਰਮ ਅਤੇ ਕੰਨਿਆਕੁਮਾਰੀ ਹਨ। ਬੰਗਲੌਰ ਤੇ ਤੰਜਾਵੁਰ ਧਾਰਮਿਕ ਨਗਰ ਹਨ। ਕੰਨਿਆਕੁਮਾਰੀ ਤੋਂ ਅੱਗੇ ਵਿਵੇਕਾਨੰਦ ਸ਼ਿਲਾ ਹੈ ਜੋ ਭਾਰਤ ਦੇ ਉਸ ਮਹਾਨ ਸਪੂਤ ਦੀ ਕਾਰਗੁਜ਼ਾਰੀ ਨੂੰ ਦਰਸਾਉਂਦੀ ਹੈ ਜਿਸਨੇ ਵਿਦੇਸ਼ੀ ਧਰਤੀ ਤੇ ਜਾ ਕੇ ਭਾਰਤ ਦੀ ਧਾਰਮਿਕ ਅਤੇ ਸਮਾਜਿਕ ਮਹਾਨਤਾ ਦਾ ਝੰਡਾ ਲਹਿਰਾਇਆ ਸੀ। ਇੱਥੇ ਹੀ ਆਦਿ ਸ਼ੰਕਰਾਚਾਰੀਆ ਦਾ ਨਿਵਾਸ ਸੀ ਜਿਸਨੇ ਬੜੀ ਛੋਟੀ ਉਮਰ ਵਿੱਚ ਬਹੁਤ ਵੱਡਾ ਕੰਮ ਕਰ ਕੇ ਵਿਖਾਇਆ ਸੀ। ਕੇਰਲ ਵਿਚ ਮੀਲਾਂ ਤਕ ਫੈਲੇ ਨਾਰੀਅਲ ਦੇ ਦਰੱਖ਼ਤ ਇਕ ਅਨੋਖਾ ਨਜ਼ਾਰਾ ਪੇਸ਼ ਕਰਦੇ ਹਨ। ਇੱਥੇ ਠਾਨਾਂ ਮਾਰਦਾ ਸਮੁੰਦਰ ਭਾਰਤ ਮਾਤਾ ਦੇ ਚਰਨ ਧੋਂਦਾ ਹੈ। ਰਾਮੇਸ਼ਵਰਮ ਉਹ ਥਾਂ ਹੈ ਜਿੱਥੇ ਭਗਵਾਨ ਰਾਮ ਲੰਕਾ ਦੇ ਰਾਜਾ ਰਾਵਣ ਤੇ ਚੜਾਈ ਕਰਨ ਲਈ ਗਏ ਸਨ।
ਸਾਡੇ ਦੇਸ਼ ਵਰਗਾ ਰੰਗ ਬਿਰੰਗਾ ਅਤੇ ਸ਼ਾਨਦਾਰ ਦੇਸ਼ ਇਸ ਧਰਤੀ ਤੇ ਹੋਰ ਕੋਈ ਨਹੀਂ ਹੈ। ਜਦੋਂ ਅਸੀਂ ਭਾਰਤ ਦੀ ਸੈਰ ਕਰਦੇ ਹਾਂ ਤਾਂ ਸਾਨੂੰ ਬੜਾ ਮਾਣ ਹੈ। ਅਸੀਂ ਬੜੇ ਹੀ ਭਾਗਾਂ ਵਾਲੇ ਹਾਂ ਕਿ ਅਜਿਹੇ ਪਵਿੱਤਰ ਅਤੇ ਮਹਾਨ ਦੇਸ਼ ਵਿਚ ਪੈਦਾ ਹੋਏ ਹਾਂ।