ਬਸੰਤ ਰੁੱਤ
Basant Ritu
ਜਾਣ-ਪਛਾਣ : ਭਾਰਤ ਰੁੱਤਾਂ ਦਾ ਦੇਸ਼ ਹੈ। ਇੱਥੇ ਆਪੋ-ਆਪਣੀ ਵਾਰੀ ਨਾਲ ਛੇ ਰੁੱਤਾਂ ਆਉਂਦੀਆਂ ਹਨ। ਇਹਨਾਂ ਸਾਰੀਆਂ ਰੁੱਤਾਂ ਵਿਚੋਂ ਬਸੰਤ ਰੁੱਤ ਸਭ ਤੋਂ ਲੋਕਪ੍ਰਿਯ ਹੈ। ਜਦੋਂ ਸਾਰੇ ਲੋਕ ਠੰਡ ਨਾਲ ਕੰਬ ਰਹੇ ਹੁੰਦੇ ਹਨ, ਤਾਂ ਉਹਨਾਂ ਦੀਆਂ ਅੱਖਾਂ ਬਸੰਤ ’ਤੇ ਲੱਗੀਆਂ ਹੁੰਦੀਆਂ ਹਨ। ਬਸੰਤ ਰੁੱਤ ਆਉਣ ਤੇ ਲੋਕ ਬੜੇ ਖੁਸ਼ ਹੁੰਦੇ ਹਨ। ਹਰ ਕੋਈ ਸਮਝਦਾ ਹੈ ਕਿ ਹੁਣ ਖੁਲਾ ਮੌਸਮ ਆਇਆ ਹੈ ਅਤੇ ਹਰ ਇਕ ਨੂੰ ਨਵਾਂ ਰੂਪ ਦੇਣ ਵਾਲਾ ਮੌਸਮ ਆ ਗਿਆ ਹੈ।
ਖ਼ੁਸ਼ੀਆਂ ਦਾ ਪ੍ਰਗਟਾਵਾ: ਬਸੰਤ ਪੰਚਮੀਂ ਦਾ ਸਵਾਗਤ ਕਰਨ ਲਈ ਥਾਂ-ਥਾਂ ਤੇ ਵਿਸ਼ੇਸ਼ ਸਮਾਗਮ ਹੁੰਦੇ ਹਨ। ਇਸ ਦਿਨ ਥਾਂ-ਥਾਂ ਮੇਲੇ ਲੱਗਦੇ ਹਨ। ਖਿਡਾਉਣਿਆਂ ਤੇ ਮਿਠਾਈਆਂ ਦੀਆਂ ਦੁਕਾਨਾਂ ਲੱਗਦੀਆਂ ਹਨ। ਲੋਕ ਬਸੰਤੀ ਰੰਗ ਦੇ ਕੱਪੜੇ ਪਾਉਂਦੇ ਹਨ। ਘਰ-ਘਰ ਪੀਲਾ ਹਲਵਾ, ਚਾਵਲ ਅਤੇ ਕੇਸਰੀ ਰੰਗ ਦੀ ਖੀਰ ਬਣਾਈ ਜਾਂਦੀ ਹੈ। ਬੱਚੇ ਅਤੇ ਜਵਾਨ ਪੀਲੇ ਰੰਗ ਦੀਆਂ ਪਤੰਗਾਂ ਨੂੰ ਰੰਗ-ਬਰੰਗੀਆਂ ਡੋਰਾਂ ਨਾਲ ਆਕਾਸ਼ ਵਿਚ ਉਡਾ ਕੇ ਪਤੰਗਬਾਜ਼ੀ ਕਰਦੇ ਹਨ। ਮੇਲਿਆਂ ਵਿਚ ਪਹਿਲਵਾਨਾਂ ਦੀਆਂ ਕੁਸ਼ਤੀਆਂ ਅਤੇ ਹੋਰ ਖੇਡਤਮਾਸ਼ਿਆਂ ਦਾ ਇੰਤਜ਼ਾਮ ਕੀਤਾ ਜਾਂਦਾ ਹੈ। ਬੱਚੇ ਅਤੇ ਕੁੜੀਆਂ ਬੂਟੇ ਝੂਟਦੇ ਹਨ।
ਇਤਿਹਾਸਕ ਮਹੱਤਵ : ਇਸ ਦਿਨ ਦਾ ਸੰਬੰਧ ਹਕੀਕਤ ਰਾਏ ਧਰਮੀ ਦੀ ਸ਼ਹੀਦੀ ਨਾਲ ਵੀ ਹੈ। ਇਸ ਦਿਨ ਉਸ ਨੂੰ ਆਪਣੇ ਧਰਮ ਵਿਚ ਦਿੜ ਰਹਿਣ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਸ ਦਿਨ ਉਸ ਦੀ ਯਾਦ ਵਿਚ ਕਵੀ ਦਰਬਾਰ ਹੁੰਦੇ ਹਨ।
ਸੋਹਣੀ ਰੁੱਤ : ਇਸ ਰੁੱਤ ਵਿਚ ਨਾ ਠੰਡ ਦਾ ਪਾਲਾ ਪੈਂਦਾ ਹੈ ਤੇ ਨਾ ਗਰਮੀ, ਸਗੋਂ ਇਹ ਨਿੱਘੀ ਤੇ ਸੋਹਣੀ ਰੁੱਤ ਹੁੰਦੀ ਹੈ। ਜੀਵ ਜੰਤੂਆਂ ਅਤੇ ਪੌਦਿਆਂ ਵਿਚ ਨਵੇਂ ਜੀਵਨ ਦਾ ਪ੍ਰਵੇਸ਼ ਹੁੰਦਾ ਹੈ। ਦਰੱਖਤਾਂ ਤੇ ਛੋਟੇ ਬੂਟਿਆਂ ਦੇ ਪੱਤੇ ਜੋ ਕਿ ਸਰਦੀ ਨੇ ਵਾਵਰੋਲਿਆਂ ਨੇ ਝਾੜ ਦਿੱਤੇ ਹੁੰਦੇ ਹਨ, ਉਹ ਫੇਰ ਹਰੇ-ਭਰੇ ਹੋਣ ਲੱਗਦੇ ਹਨ। ਟਹਿਣੀਆਂ ਵਿਚੋਂ ਨਿੱਕੇ-ਨਿੱਕੇ ਪੱਤੇ ਉੱਗ ਪੈਂਦੇ ਹਨ।
ਸੱਜੀ ਪ੍ਰਕ੍ਰਿਤੀ : ਸੱਚਮੁੱਚ ਹੀ ਬਸੰਤ ਰੁੱਤ ਵਿਚ ਕੁਦਰਤ ਇਕ ਸਜ-ਵਿਆਹੀ ਮੁਟਿਆਰ ਵਾਂਗ ਫੱਬਦੀ ਹੈ। ਦਰੱਖਤਾਂ ਅਤੇ ਪੌਦਿਆਂ ਦੇ ਨਵੇਂ ਪੱਤੇ ਅਤੇ ਫੁੱਲਦਾਰ ਬੂਟਿਆਂ ਦੇ ਰੰਗ-ਬਰੰਗੇ ਫੁੱਲ ਇਕ ਵਾਰ ਤਾਂ ਮਨ ਨੂੰ ਪ੍ਰਫੁੱਲਤ ਕਰ ਦਿੰਦੇ ਹਨ। ਸਰੋਂ ਦੇ ਬਸੰਤੀ ਰੰਗ ਦੇ ਫੁੱਲਾਂ ਨਾਲ ਭਰਿਆ ਹੋਇਆ ਆਲਾ-ਦੁਆਲਾ ਇਸ ਤਰ੍ਹਾਂ ਲੱਗਦਾ ਹੈ, ਜਿਵੇਂ ਕੁਦਰਤ ਪੀਲੇ ਗਹਿਣੇ ਪਾ ਬਸੰਤ ਦਾ ਤਿਉਹਾਰ ਮਨਾ ਰਹੀ ਹੋਵੇ। ਸ਼ਹਿਦ ਦੀਆਂ ਮੱਖੀਆਂ ਅਤੇ ਤਿਤਲੀਆਂ ਫੁੱਲਾਂ ਉੱਤੇ ਉਡਾਰੀਆਂ ਮਾਰਦੀਆਂ ਹਨ ਤੇ ਭੌਰੇ ਖੁਸ਼ੀ ਵਿਚ ਗੁਜਾਰ ਕਰਦੇ ਹਨ। ਇਹਨਾਂ ਦਿਨਾਂ ਵਿਚ ਅੰਬਾਂ ਉੱਤੇ ਬੂਰ ਪੈ ਜਾਂਦਾ ਹੈ ਅਤੇ ਨਿੱਕੀਆਂ-ਨਿੱਕੀਆਂ ਅੰਬੀਆਂ ਉੱਗ ਪੈਂਦੀਆਂ ਹਨ। ਕੋਇਲ ਦੀ ਮਿੱਠੀ ਆਵਾਜ਼ ਸੁਣ ਕੇ ਹਰ ਇਕ ਦੇ ਮਨ ਵਿਚ ਮਸਤੀ ਉੱਠਦੀ ਹੈ। ਇਸ ਸਮੇਂ ਵਿਚ ਹਾੜੀ ਦੀ ਫਸਲ ਉੱਗ ਰਹੀ ਹੁੰਦੀ ਹੈ ਤੇ ਹਰ ਪਾਸਾ ਹਰਾ-ਭਰਾ ਅਤੇ ਫੁੱਲਾਂ ਨਾਲ ਲੱਦਿਆ ਦਿਖਾਈ ਦਿੰਦਾ ਹੈ। ਹਰ ਕਿਸੇ ਦਾ ਮਨ ਕਰਦਾ ਹੈ ਕਿ ਉਹ ਇਸ ਖੁਸ਼ਬੂਦਾਰ ਆਲੇ-ਦੁਆਲੇ ਵਿਚ ਬਾਹਰ ਜਾ ਕੇ ਕੁਦਰਤੀ ਆਲੇ-ਦੁਆਲੇ ਵਿਚ ਆਪਣਾ ਮਨ ਖੁਸ਼ ਕਰੇ।
ਬਸੰਤ ਅਤੇ ਕਵਿਤਾ : ਭਾਰਤ ਦੀ ਕੋਈ ਹੀ ਭਾਸ਼ਾ ਅਜਿਹੀ ਹੋਵੇਗੀ, ਜਿਸ ਦੇ ਕਵੀਆਂ ਨੇ ਬਸੰਤ ਰੁੱਤ ਦੀ ਮਹਿਮਾ ਵਿਚ ਕਵਿਤਾ ਨਾ ਲਿਖੀ ਹੋਵੇ। ਇਹ ਰੁੱਤ ਮਨੁੱਖ ਦੀ ਸਿਹਤ ਨੂੰ ਬਣਾਉਣ ਤੇ ਉਭਾਰਨ ਲਈ ਬੜੀ ਢੁਕਵੀਂ ਹੈ। ਇਸ ਵਿਚ ਸਾਨੂੰ ਹਰ ਰੋਜ਼ ਸਵੇਰੇ ਸੈਰ ਅਤੇ ਕਸਰਤ ਕਰਨੀ ਚਾਹੀਦੀ ਹੈ ਅਤੇ ਸਿਹਤ ਵਧਾਉਣ ਵਾਲਾ ਭੋਜਨ ਕਰਨਾ ਚਾਹੀਦਾ ਹੈ।