ਬਰਸਾਤ ਦੇ ਇਕ ਦਿਨ ਦਾ ਅਨੁਭਵ
Barsat de ek Din da Anubhav
ਜਾਣ-ਪਛਾਣ: ਭਾਰਤ ਵਿਚ ਜੁਲਾਈ-ਅਗਸਤ ਦੇ ਮਹੀਨੇ ਬਰਸਾਤ ਦੇ ਮਹੀਨੇ ਹੁੰਦੇ ਹਨ। ਇਹਨਾਂ ਦਿਨਾਂ ਵਿਚ ਆਕਾਸ਼ ਉੱਤੇ ਬੱਦਲ ਆਮ ਤੌਰ ਤੇ ਘਿਰੇ ਹੀ ਰਹਿੰਦੇ ਹਨ ਤੇ ਕਿਸੇ ਵੇਲੇ ਵੀ ਕਿਤੇ ਨਾ ਕਿਤੇ ਇਨ੍ਹਾਂ ਬੱਦਲਾਂ ਨਾਲ ਘੜੀਆਂ-ਪਲਾਂ ਵਿਚ ਆਲਾ-ਦੁਆਲਾ ਪਾਣੀ ਨਾਲ ਭਰ ਜਾਂਦਾ ਹੈ, ਪਰ ਕਈ ਵਾਰ ਵਰਖਾ ਅਜਿਹੀ ਪੈਂਦੀ ਹੈ ਕਿ ਜਾਂ ਤਾਂ ਸਾਰਾ ਦਿਨ, ਜਾਂ ਕਈ ਦਿਨ ਲਗਾਤਾਰ ਪੈਂਦੀ ਰਹਿੰਦੀ ਹੈ। ਅਜਿਹੇ ਵਰਖਾ ਵਾਲੇ ਦਿਨ ਦਾ ਤਜ਼ਰਬਾ ਰੌਚਿਕਤਾ ਭਰਿਆ ਹੁੰਦਾ ਹੈ।
ਤੜਕਸਾਰ ਮੀਂਹ ਦਾ ਆਰੰਭ : ਜੁਲਾਈ ਦੀ ਇਕ ਰਾਤ ਅੱਤ ਦੀ ਗਰਮੀ ਕਰ ਕੇ ਮੈਨੂੰ ਅੱਧੀ ਕੁ ਰਾਤ ਨੂੰ ਨੀਂਦਰ ਪਈ। ਅਸੀਂ ਸਾਰੇ ਕੋਠੇ ਉੱਤੇ ਸੁੱਤੇ ਪਏ ਸੀ। ਤੜਕਸਾਰ ਅਚਾਨਕ ਹੀ ਕਿਣ-ਮਿਣ ਨਾਲ ਮੇਰੀ ਅੱਖ ਖੁੱਲ ਗਈ। ਮੈਂ ਅੱਖਾਂ ਮਲਦਾ ਉੱਠਿਆ। ਮੈਂ ਦੇਖਿਆ ਕਿ ਚਾਰੇ ਪਾਸੇ ਕੋਠਿਆਂ ਉੱਪਰ ਲੋਕ ਜਾਗ ਪਏ ਸਨ ਤੇ ਹਫੜਾ-ਦਫੜੀ ਜਿਹੀ ਮੱਚ ਗਈ ਸੀ। ਲੋਕ ਆਪਣੇ ਬਿਸਤਰੇ ਇਕੱਠੇ ਕਰਕੇ ਹੇਠਾਂ ਉੱਤਰ ਰਹੇ ਸਨ। ਇੰਨੇ ਨੂੰ ਬਿਜਲੀ ਚਮਕੀ ਤੇ ਗਰਜਦੇ ਬੱਦਲਾਂ ਵਿਚ ਇਕ ਜ਼ੋਰਦਾਰ ਪਟਾਕਾ ਜਿਹਾ ਚੱਲਿਆ, ਜਿਸ ਨਾਲ ਲੋਕਾਂ ਦੇ ਨਿਆਣੇ ਰੋਣ ਲੱਗ ਪਏ ਅਤੇ ਗਲੀਆਂ ਵਿਚ ਕੁੱਤੇ ਭੌਕਣ ਲੱਗ ਪਏ। ਮੈਂ ਕੋਠੇ ਤੋਂ ਹੇਠਾਂ ਬਿਸਤਰੇ ਅਤੇ ਮੰਜੇ ਆਪਣੇ ਪਿਤਾ ਜੀ ਨੂੰ ਫੜਾਏ। ਮੇਰੇ ਮਾਤਾ ਜੀ ਅੰਦਰ ਮੰਜੇ ਡਾਹ ਕੇ ਬਿਸਤਰੇ ਵਿਛਾਉਣ ਲੱਗੇ।
ਦਿਨ ਚੜਨਾ ਅਤੇ ਕਾਲਜ ਜਾਣਾ : ਥੱਲੇ ਉੱਤਰ ਕੇ ਅਸੀਂ ਸਾਰੇ ਮੁੜ ਮੰਜਿਆਂ ‘ਤੇ ਲੰਮੇ ਪੈ ਗਏ। ਬਿਜਲੀ ਬੰਦ ਹੋ ਜਾਣ ਨਾਲ ਅੰਦਰ ਹਨੇਰਾ ਹੀ ਹਨੇਰਾ ਸੀ ਅਤੇ ਸਾਨੂੰ ਮੱਛਰ ਲੜ · ਰਿਹਾ ਸੀ। ਲੱਤਾਂ, ਬਾਹਾਂ ਨੂੰ ਖੁਰਕਦਿਆਂ ਮੇਰੀ ਅਜੇ ਮਾੜੀ ਜਿਹੀ ਅੱਖ ਲੱਗੀ ਹੀ ਸੀ ਕਿ ਮੇਰੇ ਮਾਤਾ ਜੀ ਨੇ ਮੈਨੂੰ ਜਗਾ ਦਿੱਤਾ। ਹੁਣ ਦਿਨ ਚੜ੍ਹ ਚੁੱਕਾ ਸੀ, ਪਰੰਤੁ ਮੀਂਹ ਅਜੇ ਵੀ ਪੈ ਰਿਹਾ ਸੀ। ਮੈਂ ਕਾਲਜ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ। ਖਾਣਾ ਖਾ ਕੇ, ਕੱਪੜੇ ਬਦਲੇ ਅਤੇ ਛੱਤਰੀ ਲੈ ਕੇ ਮੈਂ ਕਾਲਜ ਵੱਲ ਚੱਲ ਪਿਆ। ਹਲਕੀ-ਹਲਕੀ ਬਾਰਸ਼ ਅਜੇ ਵੀ ਹੋ ਰਹੀ ਸੀ।
ਰਸਤੇ ਦਾ ਨਜ਼ਾਰਾ : ਰਸਤੇ ਵਿਚ ਕਈ ਆਦਮੀ ਸਾਈਕਲਾਂ ਉੱਤੇ ਸਵਾਰ ਹੋ ਕੇ ਆਪਣੇ ਕੰਮਾਂ ਵੱਲ ਜਾ ਰਹੇ ਸਨ। ਇਹਨਾਂ ਵਿਚੋਂ ਕਈਆਂ ਨੇ ਛੱਤਰੀਆਂ ਲਈਆਂ ਹੋਈਆਂ ਸਨ, ਕਈਆਂ ਨੇ ਬਰਸਾਤੀ ਕੋਟ ਪਾਏ ਹੋਏ ਸਨ ਅਤੇ ਕਈ ਉਂਝ ਹੀ ਭੱਜਦੇ ਹੋਏ ਜਾ ਰਹੇ ਸਨ।
ਕਾਲਜ ਵਿਚ : ਥੋੜੀ ਦੇਰ ਬਾਅਦ ਮੈਂ ਕਾਲਜ ਪੁੱਜਾ। ਬਹੁਤ ਸਾਰੇ ਵਿਦਿਆਰਥੀ ਭਿੱਜੇ ਹੋਏ ਆਏ ਸਨ। ਜਦੋਂ ਕਾਲਜ ਲੱਗਣ ਦੀ ਘੰਟੀ ਵੱਜੀ ਤਾਂ ਅਸੀਂ ਦੇਖਿਆ ਕਿ ਕਲਾਸਾਂ ਵਿਚ ਵਿਦਿਆਰਥੀਆਂ ਦੀ ਹਾਜ਼ਰੀ ਬਹੁਤ ਘੱਟ ਸੀ। ਬਾਹਰ ਬਰਸਾਤ ਹੋਰ ਤੇਜ਼ ਹੋ ਚੁੱਕੀ ਸੀ।
ਵਾਪਸੀ : ਦੁਪਹਿਰ ਤੋਂ ਪਿੱਛੋਂ ਮੀਂਹ ਬੰਦ ਹੋ ਗਿਆ ਅਤੇ ਉੱਧਰ ਮੇਰੇ ਪੀਰੀਅਡ ਵੀ ਮੁੱਕ ਗਏ। ਛੇਤੀ-ਛੇਤੀ ਕਾਲਜੋਂ ਬਾਹਰ ਆਉਂਦਿਆਂ ਮੇਰਾ ਮਿੱਤਰ ਜੁਗਿੰਦਰ ਇਕ ਥਾਂ ਤਿਲਕ ਕ ਡਿਗ ਪਿਆ। ਉਸ ਨੂੰ ਸੱਟ ਤਾਂ ਬਹੁਤ ਘੱਟ ਲੱਗੀ, ਪਰ ਉਸ ਦੇ ਕੱਪੜੇ ਚਿੱਕੜ ਨਾਲ ਲਿੱਬੜ ਗਏ। ਰਸਤੇ ਵਿਚ ਜਗਾ-ਜਗਾ ’ਤੇ ਪਾਣੀ ਖੜ੍ਹਾ ਸੀ। ਇਕ ਥਾਂ ਗੁਜ਼ਰਦਿਆਂ ਮੇਰੇ ਗੋਡਿਆਂ ਤੱਕ ਪਾਣੀ ਆ ਗਿਆ। ਮੇਰੀ ਪੈਂਟ ਬੁਰੀ ਤਰਾਂ ਭਿੱਜ ਗਈ। ਇੰਨੇ ਨੂੰ ਇਕ ਬੱਸ ਤੇਜ਼ੀ ਨਾਲ ਮੇਰੇ ਕੋਲੋਂ ਲੰਘੀ, ਜਿਸ ਨੇ ਗੰਦਾ ਪਾਣੀ ਸੁੱਟ ਕੇ ਮੈਨੂੰ ਬੁਰੀ ਤਰ੍ਹਾਂ ਭਿਉਂ ਦਿੱਤਾ। ਸਾਈਕਲ ਸਵਾਰ ਇਸ ਪਾਣੀ ਦੇ ਵਿਚ ਪੈਡਲ ਮਾਰਦੇ ਜਾ ਰਹੇ ਸਨ। ਬਹੁਤ ਸਾਰੇ ਲੋਕ ਆਪਣੇ ਕੋਠਿਆਂ ਉੱਪਰ ਚੜੇ ਮੋਰੀਆਂ ਆਦਿ ਬੰਦ ਕਰ ਰਹੇ ਸਨ। ਆਪਣੇ ਕਾਲਜ ਤੋਂ ਦੋ ਕੁ ਗਜ ਅੱਗੇ ਆ ਕੇ ਅਸੀਂ ਬਰਸਾਤ ਨਾਲ ਡਿੱਗੀ ਹੋਈ ਇਕ ਦੀਵਾਰ ਦੇਖੀ, ਜਿਸ ਦੀਆਂ ਇੱਟਾਂ ਤੇ ਮਿੱਟੀ ਨੇ ਸੜਕ ਨੂੰ ਜਾਮ ਕੀਤਾ ਹੋਇਆ ਸੀ।
ਮੀਹ ਦਾ ਫਿਰ ਸ਼ੁਰੂ ਹੋਣਾ : ਮੇਰੇ ਕਾਲਜ ਤੋਂ ਘਰ ਆਉਂਦਿਆਂ ਰਸਤੇ ਵਿਚ ਫਿਰ ਕਿਣਮਿਣ ਸ਼ੁਰੂ ਹੋ ਗਈ। ਘਰ ਪਹੁੰਚ ਕੇ ਮੈਂ ਆਪਣੇ ਕਿੱਜੇ ਕੱਪੜੇ ਉਤਾਰੇ ਅਤੇ ਸੁੱਕਣੇ ਪਾਏ। ਮੇਰੇ ਮਾਤਾ ਜੀ ਨੇ ਮੈਨੂੰ ਗਰਮ-ਗਰਮ ਚਾਹ ਪਿਲਾਈ।
ਸ਼ਾਮ ਵੇਲੇ ਦੁਬਾਰਾ ਸ਼ੁਰੂ ਹੋਇਆ ਮੀਂਹ ਦੇਰ ਰਾਤ ਤੱਕ ਪੈਂਦਾ ਰਿਹਾ ਅਤੇ ਬਾਹਰ ਨਾਲੀਆਂ ਭਰ ਜਾਣ ਨਾਲ ਸਾਡੇ ਵਿਹੜੇ ਵਿਚ ਪਾਣੀ ਜਮਾਂ ਹੋਣ ਲੱਗਾ। ਅੰਤ ਰਾਤੀਂ ਮੇਰੇ ਸੁੱਤਿਆਂ ਇਹ ਮੀਂਹ ਕਿਸੇ ਵੇਲੇ ਬੰਦ ਹੋ ਗਿਆ। ਮੈਨੂੰ ਪਤਾ ਹੀ ਨਾ ਲੱਗਾ।