ਅੱਖੀਂ ਡਿੱਠੀ ਰੇਲ ਦੁਰਘਟਨਾ
Aanko Dekhi Rail Durghatna
ਮਨੁੱਖੀ ਜੀਵਨ ਮਨੋਰੰਜਕ ਅਤੇ ਦੁੱਖਦਾਈ : ਮਨੁੱਖ ਦੇ ਜੀਵਨ ਵਿਚ ਮਨੋਰੰਜਕ ਅਤੇ ਦੁਖਾਂਤਕ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਮੇਰੇ ਜੀਵਨ ਦੀ ਸਭ ਤੋਂ ਦੁੱਖਦਾਈ ਘਟਨਾ ਇਕ ਰੇਲ ਦੁਰਘਟਨਾ ਹੈ, ਜਿਸ ਨੇ ਮੇਰਾ ਛੋਟਾ ਭਰਾ ਸਾਡੇ ਕੋਲੋਂ ਸਦਾ ਲਈ ਖੋਹ ਲਿਆ। ਮਸ਼ੀਨੀ ਯੁੱਗ ਵਿਚ ਦੁਰਘਟਨਾਵਾਂ ਦਾ ਹੋਣਾ ਅੱਜ ਕਲ ਇਕ ਆਮ ਜਿਹੀ ਗੱਲ ਹੋ ਗਈ ਹੈ ਅਤੇ ਬਹੁਤੀਆਂ ਦੁਰਘਟਨਾਵਾਂ ਬੱਸਾਂ, ਟਰੱਕਾਂ, ਕਾਰਾਂ, ਸਾਈਕਲਾਂ, ਰਿਕਸ਼ਿਆਂ, ਮੋਟਰ ਸਾਈਕਲਾਂ, ਰੇਲ ਗੱਡੀਆਂ ਅਤੇ ਹਵਾਈ ਜਹਾਜ਼ਾਂ ਭਾਵ ਸਫ਼ਰ ਦੇ ਸਾਧਨਾਂ ਵਿਚ ਹੁੰਦੀਆਂ ਹਨ। ਰੇਲਗੱਡੀ ਦਾ ਸਫ਼ਰ ਬਾਕੀ ਦੇ ਸਾਰੇ ਸਾਧਨਾਂ ਨਾਲੋਂ ਕੁਝ ਸੁਰੱਖਿਅਤ ਸਮਝਿਆ ਜਾਂਦਾ ਹੈ ਅਤੇ ਮੈਂ ਆਮ ਤੌਰ ਤੇ ਰੇਲ ਦਾ ਸਫ਼ਰ ਹੀ ਪਸੰਦ ਕਰਦਾ ਹਾਂ।
ਮੇਰਾ ਕਸ਼ਮੀਰ ਮੇਲ ਵਿਚ ਸਵਾਰ ਹੋਣਾ : ਪਿਛਲੇ ਸਾਲ 16 ਮਈ ਨੂੰ ਮੈਂ ਤੇ ਮੇਰਾ ਛੋਟਾ ਭਰਾ ਹਰਮੀਤ ਆਪਣੇ ਪਿਤਾ ਜੀ ਨਾਲ ਦਿੱਲੀ ਜਾਣ ਲਈ ਜਲੰਧਰ ਰੇਲਵੇ ਸਟੇਸ਼ਨ ਤੋਂ ਕਸ਼ਮੀਰ ਮੇਲ ਵਿਚ ਬੈਠੇ। ਗੱਡੀ ਵਿਚ ਬੜੀ ਭੀੜ ਸੀ ਪਰ ਫਿਰ ਵੀ ਸਾਨੂੰ ਬੈਠਣ ਲਈ ਥਾਂ ਮਿਲ ਗਈ। ਸਾਡਾ ਡੱਬਾ ਗੱਡੀ ਦੇ ਵਿਚਕਾਰ ਸੀ ਤੇ ਅੱਗੇ ਪਿੱਛੇ ਫਸਟ ਕਲਾਸ ਦੇ ਡੱਬੇ ਲੱਗੇ ਹੋਏ ਸਨ। ਅਸੀਂ ਬੜੇ ਖੁਸ਼ ਸਾਂ ਕਿ ਸਾਨੂੰ ਬੈਠਣ ਲਈ ਚੰਗੀ ਜਗਾ ਮਿਲ ਗਈ ਹੈ। ਜਲਦੀ ਹੀ ਗੱਡੀ ਚੱਲ ਪਈ ਅਤੇ ਉਸ ਨੇ ਫਗਵਾੜੇ ਤੋਂ ਪਹਿਲਾਂ ਕਿਸੇ ਸਟੇਸ਼ਨ ਤੇ ਨਹੀਂ ਸੀ ਰੁੱਕਣਾ। ਕੁਝ ਮਿੰਟਾਂ ਵਿਚ ਹੀ ਗੱਡੀ ਜਲੰਧਰ ਛਾਉਣੀ ਨੂੰ ਪਾਰ ਕਰ ਗਈ ਅਤੇ ਫਗਵਾੜੇ ਵੱਲ ਵੱਧਣ ਲੱਗੀ।
ਚਹੇੜ ਸਟੇਸ਼ਨ ਤੇ ਦੁਰਘਟਨਾ : ਗੱਡੀ ਆਪਣੀ ਪੂਰੀ ਰਫਤਾਰ ਨਾਲ ਜਾ ਰਹੀ ਸੀ ਅਤੇ ਮੇਰੇ ਪਿਤਾ ਜੀ ਮੈਨੂੰ ਦੱਸ ਰਹੇ ਸਨ ਕਿ ਚਹੇੜੂ ਸਟੇਸ਼ਨ ਦਾ ਬਾਹਰੀ ਸਿਗਨਲ ਗੱਡੀ ਨੇ ਪਾਰ ਕਰ ਲਿਆ ਹੈ।ਉਹਨਾਂ ਮੇਰਾ ਧਿਆਨ ਚਹੇੜ ਸਟੇਸ਼ਨ ਦੀ ਕੈਬਨ ਵੱਲ ਦੁਆਇਆ ਹੀ ਸੀ ਕਿ ਇੰਨੇ ਨੂੰ ਸਾਨੂੰ ਬੜਾ ਤੱਕੜਾ ਧੱਕਾ ਵੱਜਾ ਅਤੇ ਨਾਲ ਹੀ ਬੜੇ ਜ਼ੋਰ ਦੀ ਆਵਾਜ਼ ਹੋਈ। ਗੱਡੀ ਦੀਆਂ ਬੱਤੀਆਂ ਇਕਦਮ ਬੰਦ ਹੋ ਗਈਆਂ ਅਤੇ ਘੁੱਪ ਹਨੇਰਾ ਹੋਣ ਦੇ ਨਾਲ ਹੀ ਅਸੀਂ ਮੂੰਹ ਭਾਰ ਅੱਗੇ ਨੂੰ ਡਿੱਗ ਪਏ। ਬਹੁਤ ਸਾਰੀਆਂ ਖੜੀਆਂ ਸਵਾਰੀਆਂ ਡਿੱਗ ਪਈਆਂ ਅਤੇ ਉੱਪਰ ਰੱਖੇ ਟਰੰਕ ਅਤੇ ਬਿਸਤਰੇ ਸਾਡੇ ਉੱਤੇ ਡਿੱਗ ਪਏ। ਗੱਡੀ ਇਕਦਮ ਰੁੱਕ ਗਈ। ਇਕ ਟਰੰਕ ਵੱਜਣ ਨਾਲ ਮੇਰੇ ਮੱਥੇ ਉੱਪਰ ਬੜੀ ਸੱਟ ਲੱਗੀ ਤੇ ਖੂਨ ਵੱਗਣ ਲੱਗਾ। ਲੋਕਾਂ ਵਿਚ ਹਾਹਾਕਾਰ ਮਚ ਗਈ। ਬਹੁਤ ਸਾਰੇ ਜ਼ਖਮੀ ਆਦਮੀ, ਔਰਤਾਂ ਅਤੇ ਬੱਚੇ ਉੱਚੀ-ਉੱਚੀ ਚੀਕਾਂ ਮਾਰ ਰਹੇ ਸਨ। ਮੇਰੇ ਪਿਤਾ ਜੀ ਨੇ ਮੈਨੂੰ ਦੱਸਿਆ ਕਿ ਗੱਡੀ ਦੀ ਕਿਸੇ ਚੀਜ਼ ਨਾਲ ਟੱਕਰ ਹੋ ਗਈ ਹੈ। ਮੈਂ ਅਤੇ ਮੇਰੇ ਪਿਤਾ ਜੀ ਹਰਮੀਤ ਨੂੰ ਆਵਾਜ਼ਾਂ ਮਾਰ ਰਹੇ ਸਨ, ਜੋ ਕਿ ਸਾਡੇ ਸਾਹਮਣੇ ਬੈਠਾ ਹੋਇਆ ਸੀ, ਪਰ ਉਹ ਕੋਈ ਹੁੰਗਾਰਾ ਨਹੀਂ ਸੀ ਭਰ ਰਿਹਾ। ਅਸੀਂ ਬੜੀ ਮੁਸ਼ਕਲ ਨਾਲ ਹਨੇਰੇ ਵਿਚ ਰਸਤਾ ਬਣਾ ਕੇ ਰੇਲ ਦੇ ਡੱਬੇ ‘ਚੋਂ ਬਾਹਰ ਆਏ। ਮੇਰੇ ਪਿਤਾ ਜੀ ਸੱਟ ਲੱਗਣ ਤੋਂ ਵਾਲ-ਵਾਲ ਬੱਚ ਗਏ ਸਨ।
ਟੱਕਰ ਦਾ ਦਿਸ਼ : ਅਸੀਂ ਇੱਧਰ-ਉੱਧਰ ਦੇਖ ਰਹੇ ਸਾਂ ਕਿ ਹਰਮੀਤ ਕਿਤੇ ਬਾਹਰ ਹੀ ਰ ਨਿਕਲ ਆਇਆ ਹੋਵੇ, ਪਰ ਉਹ ਕਿੱਧਰੇ ਨਾ ਦਿੱਸਿਆ। ਮੈਂ ਗੱਡੀ ਦੇ ਡੱਬੇ ਦੀ ਤਾਕੀ ਵਿਚੋਂ ਆਵਾਜ਼ਾਂ ਦਿੱਤੀਆਂ, ਪਰ ਕੋਈ ਜਵਾਬ ਨਾ ਮਿਲਿਆ। ਫਿਰ ਅਸੀਂ ਉਸ ਨੂੰ ,ਟਫਾਰਮ ਤੇ ਲੱਭਣ ਲੱਗ। ਅਸੀਂ ਦੇਖਿਆ ਕਿ ਸਾਡਾ ਡੱਬਾ ਤੇ ਅਗਲੇ ਸਾਰੇ ਡੱਬੇ ਪਟੜੀ ਜਾਂ ਉੱਤਰੇ ਹੋਏ ਸਨ। ਸਾਡੀ ਗੱਡੀ ਇਕ ਖਲੋਤੀ ਮਾਲਗੱਡੀ ਦੇ ਪਿਛਲੇ ਡੱਬਿਆਂ ਨਾਲ ਟਕਰਾ ਗਈ ਹੈ। ਮਾਲਗੱਡੀ ਦਾ ਪਿਛਲਾ ਡੱਬਾ ਸਾਡੀ ਗੱਡੀ ਦੇ ਇੰਜਣ ਵਿਚ ਬੁਰੀ ਤਰਾਂ ਫਸ ਗਿਆ ਜੀ। ਸਾਡੀ ਗੱਡੀ ਦਾ ਇੰਜਣ ਅਤੇ ਇਕ ਡੱਬਾ ਬੁਰੀ ਤਰ੍ਹਾਂ ਤਬਾਹ ਹੋ ਗਏ ਸਨ। ਇੰਜਣ ਦਾ ਡਰਾਈਵਰ, ਫਾਇਰਮੈਨ ਅਤੇ ਅਗਲੇ ਡੱਬੇ ਦੀਆਂ ਕੁਝ ਸਵਾਰੀਆਂ ਦੀ ਥਾਂ `ਤੇ ਹੀ ਮੌਤ ਹੋ ਗਈ ਸੀ। ਮਾਲ ਗੱਡੀ ਦੇ ਪੰਜ ਛੇ ਪਿਛਲੇ ਡੱਬੇ ਪਟੜੀ ਤੋਂ ਲਹਿ ਗਏ ਸਨ ਤੇ ਇਕ ਡੱਬਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ।
ਛੋਟੇ ਭਰਾ ਦੀ ਮੌਤ : ਇੰਨੇ ਨੂੰ ਮੈਨੂੰ ਇਕ ਬੈਟਰੀ ਵਾਲਾ ਆਦਮੀ ਦਿੱਸਿਆ। ਉਸ ਆਦਮੀ ਤੋਂ ਬੈਟਰੀ ਲੈ ਕੇ ਪਿਤਾ ਜੀ ਨੇ ਬਾਰੀਆਂ ਵਿਚੋਂ ਅੰਦਰ ਦੇਖਿਆ ਤਾਂ ਹਰਮੀਤ ਡੱਬੇ ਦੇ ਫਰਸ਼ ਉੱਤੇ ਲਹੂ ਨਾਲ ਲਥਪਥ ਅਤੇ ਬੇਹੋਸ਼ ਪਿਆ ਸੀ। ਅਸੀਂ ਉਸ ਨੂੰ ਚੁੱਕ ਕੇ ਬਾਹਰ ਕੱਢਿਆ। ਉਸ ਦੇ ਸਿਰ ਵਿਚ ਤਕੜੀ ਸੱਟ ਲੱਗੀ ਸੀ ਅਤੇ ਨਾਲ ਹੀ ਉਹ ਲੋਕਾਂ ਦੇ ਪੈਰਾਂ ਹੇਠ ਲਤਾੜਿਆ ਗਿਆ ਸੀ। ਉਹ ਅਜੇ ਘੁਟਵੇਂ ਸਾਹ ਲੈ ਰਿਹਾ ਸੀ ਪਰ ਪੁਰਾ ਇਕ ਘੰਟਾ ਉਸ ਨੂੰ ਕੋਈ ਡਾਕਟਰੀ ਸਹਾਇਤਾ ਨਾ ਮਿਲ ਸਕੀ ਅਤੇ ਉਸ ਦੀ ਹਾਲਤ ਖਰਾਬ ਹੋ ਗਈ। ਬਾਅਦ ਵਿਚ ਮੈਂ ਅਤੇ ਮੇਰੇ ਪਿਤਾ ਜੀ ਉਸ ਦੇ ਕੋਲ ਬੈਠੇ ਰੋ ਰਹੇ ਸਾਂ।
ਰੀਲੀਫ਼ ਟਰੇਨ ਦਾ ਆਉਣਾ ਅਤੇ ਜ਼ਖਮੀਆਂ ਦੀ ਸੰਭਾਲ : ਕੋਈ ਡੇਢ ਘੰਟੇ ਬਾਅਦ ਰੇਲਵੇ ਦੀ ‘ਰੀਲੀਫ਼ ਟਰੇਨ’ ਆਈ ਅਤੇ ਜ਼ਖਮੀਆਂ ਦੀ ਮੁੱਢਲੀ ਦਵਾਈ ਕਰ ਕੇ ਉਹਨਾਂ ਨੂੰ ਹਸਪਤਾਲ ਲਿਜਾਉਣ ਦਾ ਇੰਤਜ਼ਾਮ ਹੋਣ ਲੱਗਾ। ਹਰਮੀਤ ਨੂੰ ਵੀ ਹਸਪਤਾਲ ਲਿਜਾਇਆ ਗਿਆ, ਪਰ ਕਈ ਟੀਕੇ, ਆਕਸੀਜਨ ਅਤੇ ਖੂਨ ਦੇਣ ਦੇ ਬਾਵਜੂਦ ਉਹ ਬੱਚ ਨਾ ਸਕਿਆ। ਹਸਪਤਾਲ ਪੁੱਜਣ ਤੋਂ ਕੋਈ ਦੋ ਘੰਟੇ ਮਗਰੋਂ ਉਹ ਸਾਨੂੰ ਰੋਂਦਿਆਂ ਨੂੰ ਛੱਡ ਕੇ ਸਾਡੇ ਕੋਲੋਂ ਵਿਛੜ ਗਿਆ। ਸਾਡੇ ਫੱਟਾਂ ਦੀ ਮਲਮ ਪੱਟੀ ਹੋਈ। ਬਹੁਤ ਸਾਰੀਆਂ ਲਾਸ਼ਾਂ ਕੋਲ ਬੈਠੇ ਉਹਨਾਂ ਦੇ ਰਿਸ਼ਤੇਦਾਰ ਰੋ ਰਹੇ ਸਨ। ਦੂਜੇ ਦਿਨ ਅਸੀਂ ਹਰਮੀਤ ਦੀ ਲਾਸ਼ ਲੈ ਕੇ ਘਰ ਪੁੱਜੇ।ਜਿਸ ਘਰ ਵਿਚੋਂ ਕਲ੍ਹ ਅਸੀਂ ਹੱਸਦੇ ਖੇਡਦੇ ਗਏ ਸਾਂ, ਅੱਜ ਉੱਥੇ ਕੁਰਲਾਹਟ ਮਚਿਆ ਹੋਇਆ ਸੀ।
ਦੁਰਘਟਨਾ ਦੀ ਜਾਂਚ : ਅਗਲੇ ਦਿਨ ਅਸੀਂ ਅਖ਼ਬਾਰਾਂ ਵਿਚ ਇਸ ਰੇਲ ਦੁਰਘਟਨਾ ਦਾ ਹਾਲ ਪੜਿਆ| ਸਾਨੂੰ ਪਤਾ ਲੱਗਾ ਕਿ ਇਸ ਦੁਰਘਟਨਾ ਵਿਚ ਗਲਤੀ ਕਾਂਟੇ ਵਾਲੇ ਦੀ ਸੀ, ਜਿਸ ਨੇ ਕਾਂਟਾ ਠੀਕ ਨਹੀਂ ਸੀ ਬਦਲਿਆ। ਦਿੱਲੀ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਤੋਂ ਪੁੱਜੇ ਰੇਲਵੇ ਦੇ ਉੱਚ-ਅਧਿਕਾਰੀਆਂ ਨੇ ਮੌਕੇ ਨੂੰ ਦੇਖਿਆ ਅਤੇ ਕਾਂਟੇ ਵਾਲੇ ਨੂੰ ਮੁਅੱਤਲ ਕਰ ਕੇ ਸਾਰੀ ਘਟਨਾ ਦੀ ਜਾਂਚ ਦਾ ਹੁਕਮ ਦਿੱਤਾ ਗਿਆ। ਕੇਂਦਰੀ ਸਰਕਾਰ ਨੇ ਹਰ ਜ਼ਖਮੀ ਲਈ ਇਕ ਹਜ਼ਾਰ ਰੁਪਇਆ ਅਤੇ ਹਰ ਮਰਨ ਵਾਲੇ ਦੇ ਪਰਿਵਾਰ ਨੂੰ 10 ਹਜ਼ਾਰ ਰੁਪਏ ਸਹਾਇਤਾ ਦੇਣ ਦਾ ਐਲਾਨ ਕੀਤਾ। ਅਖ਼ਬਾਰ ਵਿਚ ਲਿਖਿਆ ਸੀ ਕਿ ਦੁਰਘਟਨਾ ਸਥਾਨ ਉੱਤੇ ਨਾਂ ਦੀ ਮਦਦ ਨਾਲ ਰੇਲਵੇ ਲਾਈਨ ਨੂੰ ਸਾਫ ਕਰ ਦਿੱਤਾ ਗਿਆ ਅਤੇ ਟਰੈਫਿਕ ਮੁੜ ਆਮ ਵਾਂਗ ਹੋ ਗਿਆ।
ਜੀਵਨ ਦੀ ਕੌੜੀ ਯਾਦ : ਭਾਵੇਂ ਇਸ ਦੁਰਘਟਨਾ ਨੂੰ ਵਾਪਰਿਆਂ ਅੱਜ ਇਕ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ, ਪਰੰਤ ਮੇਰੇ ਜੀਵਨ ਦੀ ਇਹ ਸਭ ਤੋਂ ਕੌੜੀ ਯਾਦ ਹੈ। ਇਹ ਉਹ ਮਨਹੂਸ ਦਿਨ ਸੀ ਜਿਸ ਦਿਨ ਮੇਰਾ ਛੋਟਾ ਭਰਾ ਮੈਥੋਂ ਸਦਾ ਲਈ ਵਿਛੜ ਗਿਆ ਸੀ।