ਵਿਸਾਖੀ ਦਾ ਮੇਲਾ
“ਮੇਲੇ ਦੇ ਤ੍ਰੈ ਕੰਮ ਪੱਕੇ ਧੂੜ, ਧੁੱਪ, ਨਿਕੰਮੇ-ਧੱਕੇ।”
ਭੂਮਿਕਾ– ‘ਮੇਲਾ’ ਸ਼ਬਦ ਦੀ ਉਤਪਤੀ ‘ਮੇਲ’ ਧਾਤੂ ਅਤੇ ‘ਮਿਲਣ’ ਕਿਰਿਆ ਤੋਂ ਹੋਈ ਜਾਪਦੀ ਹੈ। ਉਸ ਸਥਾਨ ਨੂੰ ਮੇਲੇ ਦਾ ਨਾਂ ਦਿੱਤਾ ਜਾਂਦਾ ਹੈ, ਜਿੱਥੇ ਇਕ ਦੂਜੇ ਦੇ ਦਿਲਾਂ ਨੂੰ ਜਾਣਨ ਵਾਲੇ ਮਹਿਰਮ, ਹਾਣੀ, ਸੰਬੰਧੀ, ਬੇਲੀ ਆਦਿ ਸਾਰੇ ਇਕੱਠੇ ਹੋ ਕੇ ਇਕ ਦੂਜੇ ਨਾਲ ਆਪਣਾ ਦਿਲ ਫਰੋਲਦੇ ਅਤੇ ਦਿਲ ਦੀ ਨੱਪੀ-ਘੁੱਟੀ ਹਵਾੜ ਕੱਢ ਕੇ ਖੁਸ਼ੀਆਂ ਮਨਾਉਂਦੇ ਹਨ। ਅਜਿਹੇ ਖੁਸ਼ੀਆਂ ਦੇ ਵਾਤਾਵਰਨ ਵਿਚ ਸਾਰੇ ਲੋਕ ਫਿਕਰਾਂ ਅਤੇ ਝੋਰਿਆਂ ਨੂੰ ਛਿੱਕੇ ਤੇ ਟੰਗ ਕੇ ਖੁਸ਼ੀਆਂ ਅਤੇ ਖੇੜਿਆਂ ਵਿਚ ਖੀਵੇ ਅਤੇ ਮਸਤ ਹੋ ਕੇ ਆਪਾ ਭੁੱਲ ਜਾਂਦੇ ਹਨ।
ਵਿਸਾਖੀ ਦਾ ਮੇਲਾ- ਵਿਸਾਖੀ ਦਾ ਮੇਲਾ ਵਿਸਾਖ ਦੀ ਪਹਿਲੀ ਤਰੀਕ ਭਾਵ 13 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਇਸ ਮੇਲ ਨੂੰ ਕਿਸਾਨਾਂ ਦਾ ਮੇਲਾ ਵੀ ਆਖਦੇ ਹਨ। ਇਸ ਦਿਨ ਕਿਸਾਨ ਰੱਜ ਕੇ ਮੌਜ-ਮੇਲਾ ਕਰਦੇ ਹਨ। ਇਸ ਤੋਂ ਪਿੱਛੇ ਉਹ ਹਾੜੀ ਦੀ ਫਸਲ ਸਾਂਭਣ ਵਿਚ ਜੁੱਟ ਜਾਂਦੇ ਹਨ। ਇਸ ਮੌਕੇ ਕਿਸਾਨਾਂ ਦੀਆਂ ਕਣਕਾਂ ਫ਼ਸਲਾਂ ਪੱਕ ਜਾਂਦੀਆਂ ਹਨ।ਪੱਕੀਆਂ ਫ਼ਸਲਾਂ ਨੂੰ ਦੇਖ ਕੇ ਕਿਸਾਨ ਖੁਸ਼ੀ ਵਿਚ ਝੂਮ ਉੱਠਦਾ ਹੈ, ਉਸ ਦੀਆਂ ਖੁਸ਼ੀਆਂ ਨੱਚ ਉੱਠਦੀਆਂ ਹਨ।
ਇਤਿਹਾਸਕ ਮਹਾਨਤਾ- ਇਸੇ ਦਿਨ 13 ਅਪ੍ਰੈਲ, 1699 ਈ: ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਨੀਂਹ ਰੱਖੀ ਸੀ। ਇਹ ਦਿਨ ਭਾਰਤ ਦੀ ਸੁਤੰਰਤਾ ਦੇ ਇਤਿਹਾਸ ਵਿਚ ਮਹੱਤਵਪੂਰਨ ਦਿਨ ਹੈ। ਇਸ ਦਿਨ 13 ਅਪ੍ਰੈਲ, 1919 ਈ: ਨੂੰ ਅੰਮ੍ਰਿਤਸਰ ਦੇ ਜਲ੍ਹਿਆਂ ਵਾਲ ਬਾਗ਼ ਵਿਚ ਅੰਗਰੇਜ਼ਾਂ ਦੇ ਵਿਰੁੱਧ ਰੋਸ ਪ੍ਰਗਟ ਕਰਨ ਲਈ ਇਕੱਠੇ ਹੋਏ ਸਨ, ਜਿਹਨਾਂ ਨੂੰ ਜਨਰਲ ਡਾਇਰ ਨੇ ਗੋਲੀਆਂ ਨਾਲ ਭੁੰਨ ਸੁੱਟਿਆ ਸੀ। ਪੁਰਾਤਨ ਧਾਰਮਿਕ ਗ੍ਰੰਥਾਂ ਅਨੁਸਾਰ ਇਸ ਦਿਨ ਗੰਗਾ, ਹਰਦੁਆਰ ਅਤੇ ਹੋਰ ਭਾਰਤੀ ਨਦੀਆਂ ਵਿਚ ਇਸ਼ਨਾਨ ਕਰਨ ਦਾ ਬਹੁਤ ਮਹੱਤਵ ਹੈ। ਹਰ ਬਾਰਾਂ ਸਾਲ ਪਿੱਛੇ ਇਸੇ ਦਿਨ ਕੁੰਭ ਦਾ ਮੇਲਾ ਆਉਂਦਾ ਹੈ।
ਪੱਕੀਆਂ ਫ਼ਸਲਾਂ ਨੂੰ ਦੇਖ ਕੇ ਕਿਸਾਨਾਂ ਦਾ ਝੂਮਣਾ- ਕਣਕ ਦੀ ਫ਼ਸਲ ਇਸ ਮੌਕੇ ਤੇ ਪੱਕ ਜਾਂਦੀ ਹੈ। ਜੱਟ ਆਪਣੀ ਪੱਕੀ ਹੋਈ ਫ਼ਸਲ ਨੂੰ ਦੇਖ ਕੇ ਖੇੜੇ ਅਤੇ ਖੁਸ਼ੀ ਵਿਚ ਝੂਮ ਉਠਦਾ ਹੈ। ਛਣ- ਛਣ ਕਰਦੀਆਂ ਬੱਲੀਆਂ ਦੀ ਕਨਸੋ, ਉਸਦੇ ਜੀਵਨ ਵਿਚ ਇਕ ਨਵਾਂ ਉਤਸਾਹ, ਉਮੰਗ ਅਤੇ ਚਾਅ ਭਰ ਦਿੰਦੀ ਹੈ। ਉਸ ਦਾ ਦਿਲ ਭੰਗੜੇ ਪਾਉਣ ਲਈ ਮਚਲ ਉੱਠਦਾ ਹੈ।
ਮੇਲੇ ਨੂੰ ਜਾ ਰਹੇ ਜੱਟ ਦਾ ਦ੍ਰਿਸ਼— ਜਦੋਂ ਹਾੜ੍ਹੀ ਦੀ ਫ਼ਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਤਾਂ ਪੰਜਾਬ ਦੇ ਬਾਂਕੇ ਛੈਲ-ਛਬੀਲੇ ਗੱਭਰੂ ਪੱਕੀ ਫ਼ਸਲ ਦੀ ਵਾਢੀ ਲਈ ਤਿਆਰ ਹੋ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ, ਢੋਲ-ਢਮਾਕਿਆਂ ਦੇ ਸ਼ੋਰ ਵਿਚ ਨੱਚਦੇ-ਟੱਪਦੇ ਅਤੇ ਭੰਗੜੇ ਪਾਉਂਦੇ ਮੇਲੇ ਵੱਲ ਤੁਰ ਜਾਂਦੇ ਹਨ।
ਮੇਲੇ ਦਾ ਦ੍ਰਿਸ਼— ਇਸ ਦਿਨ ਕਰਤਾਰਪੁਰ, ਬਿਆਸ, ਅੰਮ੍ਰਿਤਸਰ ਅਤੇ ਅਨੰਦਪੁਰ ਸਾਹਿਬ ਵਿਚ ਵਿਸਾਖੀ ਦੇ ਮੇਲੇ ਦੀਆਂ ਖਾਸ ਰੌਣਕਾਂ ਹੁੰਦੀਆਂ ਹਨ। ਇਹਨਾਂ ਥਾਂਵਾਂ ਤੇ ਮੇਲੇ ਵਿਚ ਇੰਨੀ ਭੀੜ ਹੁੰਦੀ ਹੈ ਕਿ ਤਿਲ ਸੁੱਟਣ ਦੀ ਵੀ ਥਾਂ ਨਹੀਂ ਹੁੰਦੀ। ਮੇਲੇ ਵਿਚ ਭਾਂਤ-ਭਾਂਤ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਹੁੰਦੀਆਂ ਹਨ। ਧਨੀ ਰਾਮ ਚਾਤ੍ਰਿਕ ਵਿਸਾਖੀ ਦੇ ਮੇਲੇ ਦਾ ਦ੍ਰਿਸ਼ ਹੇਠ ਲਿਖੀਆਂ ਸਤਰਾਂ ਵਿਚ ਪੇਸ਼ ਕਰਦੇ ਹਨ—
“ਬਾਲ, ਬੁੱਢੇ, ਗੱਭਰੂ ਮੇਲੇ ਵਿਚ ਆਏ ਨੇ, ਟੁੰਬ ਟੁੰਬ ਰੀਝਾਂ ਨੇ ਸਾਰੇ ਜਗਾਏ ਨੇ।
ਟੋਲ ਰਹੇ ਆਪੋ ਆਪਣਾ ਖਿਆਲ ਨੇ। ਮੇਲੇ ਦੀ ਬਹਾਰ ਤਰਕਾਲਾਂ ਤੀਕ ਏ
ਸੌਦਾ ਲੈ ਵਿਹਾਝ ਜਿਹਦੀ ਜੋ ਤੌਫੀਕ ਏ।ਪਲੋ ਪਲੀ ਵਿਚ ਹੋਣੀ ਚਲੋ-ਚਲੀ ਏਂ।
ਚਲ ਨੀ ਪ੍ਰੇਮੀਏ ਵਿਸਾਖੀ ਚੱਲੀਏ।“
ਸਾਰਾਂਸ਼— ਕੁਝ ਵੀ ਹੋਵੇ ਕਿਤੇ ਧਾਰਮਿਕ ਵਿਚਾਰਾਂ ਅਨੁਸਾਰ, ਕਿਸੇ ਮੇਲੇ ਦੀ ਸ਼ਕਲ ਵਿਚ ਇਸ ਦਿਨ ਤੇ ਪੰਜਾਬ ਦੇ ਕੋਨੇ-ਕੋਨੇ ਵਿਚ ਰੌਣਕਾਂ ਅਤੇ ਮੌਜ-ਮੇਲੇ ਹੁੰਦੇ ਹਨ। ਵਿਸਾਖੀ’ ਸ਼ਬਦ ਇੰਨਾ ਹਰਮਨ-ਪਿਆਰਾ ਹੋ ਗਿਆ ਹੈ ਕਿ ਇਸ ਉੱਤੇ ਕਈ ਕਵੀਆਂ ਨੇ ਕਵਿਤਾਵਾਂ ਲਿਖੀਆਂ ਹਨ –
“ਵਿਸਾਖੀ ਤਿਉਹਾਰ ਪੁਕਾਰੇ, ਸੂਲੀ ਉੱਤੇ ਲਓ ਹੁਲਾਰੇ,
ਬੰਦਾ ਉਹ ਜੋ ਬੰਦ-ਬੰਦ ਹੋਵੇ, ਪਰ ਜੋ ਸਿਦਕ ਕਦੇ ਨਾ ਹਾਰੇ।”
ਇਹ ਲੋਕ-ਗੀਤ ਵੀ ਪ੍ਰਸਿੱਧ ਹੈ-
“ਓ ਜੱਟਾ ਆਈ ਵਿਸਾਖੀ, ਕਣਕਾਂ ਦੀ ਮੁੱਕ ਗਈ ਰਾਖੀ।‘