ਮੇਰਾ ਪਿਆਰਾ ਪੰਜਾਬ
“ਭਾਰਤ ਵਰਸ਼ ਦੀ ਰਾਤ ਦਿਨ ਕਰੇ ਰਾਖੀ, ਤਾਂ ਹੀ ਆਖਦੇ ਨੇ ਪਹਿਰੇਦਾਰ ਇਸਨੂੰ।
ਰੋਜੀ ਭੇਜਦਾ ਦੇਸ ਵਿਦੇਸ ਅੰਦਰ, ਕਹਿਣਾ ਫਬਦਾ ਠੀਕ ਦਾਤਾਰ ਇਸਨੂੰ।
ਭੂਮਿਕਾ- ਅਸੀਂ ਸਾਰੇ ਭਾਰਤ ਵਾਸੀ ਹਾਂ। ਸਾਨੂੰ ਭਾਰਤ ਤੇ ਮਾਣ ਹੈ। ਭਾਰਤ ਕਈ ਰਾਜਾਂ ਨਾਲ ਮਿਲ ਕੇ ਬਣਿਆ ਹੈ। ਭਾਰਤ ਦਾ ਹਰੇਕ ਰਾਜ ਆਪੋ-ਆਪਣੀ ਥਾਂ ਤੇ ਇਕ ਆਦਰਯੋਗ ਸਥਾਨ ਰੱਖਦਾ ਹੈ ਅਤੇ ਹਰੇਕ ਵਿਚ ਕੋਈ ਨਾ ਕੋਈ ਅਨੋਖੀ ਵਿਸ਼ੇਸ਼ਤਾ ਹੈ।ਕਿਸੇ ਵਿਚ ਕੋਮਲ ਕਲਾਵਾਂ ਸੰਗੀਤ ਤੇ ਨਾਚ ਨੇ ਵਰਨਣ ਯੋਗ ਉੱਨਤੀ ਕੀਤੀ ਹੈ ਤੇ ਕਿਸੇ ਨੇ ਹੱਥੀਂ ਬਣਾਉਣ ਵਾਲੀਆਂ ਵਸਤਾਂ ਵਿਚ ਕਮਾਲ ਕਰ ਦਿਖਾਇਆ ਹੈ।ਕੋਈ ਆਪਣੇ ਸੁੰਦਰ ਕੁਦਰਤੀ ਨਜ਼ਾਰਿਆਂ ਕਰਕੇ ਮਸ਼ਹੂਰ ਹੈ ਤੇ ਕੋਈ ਆਪਣੇ ਦੀਪ, ਸ਼ਹਿਰਾਂ ਤੇ ਵੱਡੀਆਂ-ਵੱਡੀਆਂ ਸਨਅਤਾਂ ਵਿਚ ਬਾਜ਼ੀ ਲੈ ਗਿਆ ਹੈ।ਪਰ ਇਨ੍ਹਾਂ ਸਭ ਦੇ ਟਾਕਰੇ ਵਿਚ ਪੰਜਾਬ ਦੀ ਆਪਣੀ ਨਿਰਾਲੀ ਸ਼ਾਨ ਹੈ। ਇਸ ਲਈ ਫਰੋਜ਼ਦੀਨ ‘ਸ਼ਰਫ਼’ ਨੇ ਆਖਿਆ ਹੈ—
“ਸੋਹਣੇ ਫੁੱਲਾਂ ਵਿਚੋਂ ਫੁੱਲ ਗੁਲਾਬ ਨੀ ਸਈਓ।
ਸੋਹਣੇ ਦੇਸਾਂ ਵਿਚੋਂ ਦੇਸ ਪੰਜਾਬ ਨੀ ਸਈਓ।“
ਪੰਜਾਬ ਦਾ ਇਤਿਹਾਸ—ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ— ਪੰਜ+ਆਬ। ਇਸਦਾ ਅਰਥ ਹੈ ਪੰਜ ਪਾਣੀਆਂ ਦੀ ਧਰਤੀ। ਪਹਿਲਾ ਅਣ-ਵੰਡੇ ਪੰਜਾਬ ਵਿਚ ਪੰਜ ਨਦੀਆਂ ਸਤਲੁਜ, ਬਿਆਸ, ਰਾਵੀ, ਜੇਹਲਮ ਅਤੇ ਚਿਨਾਬ ਵਗਦੀਆਂ ਸਨ। ਪਾਕਿਸਤਾਨ ਬਣਨ ਤੇ ਜੇਹਲਮ ਅਤੇ ਚਿਨਾਬ ਤਾਂ ਪਾਕਿਸਤਾਨ ਵਿਚ ਰਹਿ ਗਈਆਂ ਅਤੇ ਭਾਰਤੀ ਪ੍ਰਦੇਸ ਪੰਜਾਬ ਵਿਚ ਤਿੰਨ ਨਦੀਆਂ ਸਤਲੁਜ, ਬਿਆਸ ਅਤੇ ਰਾਵੀ ਇਸ ਦੀ ਧਰਤੀ ਨੂੰ ਸਿਜਦੀਆਂ ਹਨ। ਪਾਕਿਸਤਾਨ ਬਣਨ ਤੋਂ ਪਹਿਲਾਂ ਪੰਜਾਬ ਦੀ ਸਰਹੱਦ ਬਹੁਤ ਦੂਰ-ਦੂਰ ਤੱਕ ਫ਼ੈਲੀ ਹੋਈ ਸੀ। ਪਾਕਿਸਤਾਨ ਬਣਨ ਤੇ ਪੰਜਾਬ ਦੇ ਹਿੱਸੇ ਤਾਂ 13-14 ਜ਼ਿਲ੍ਹੇ ਹੀ ਆਏ। 18 ਜਾਂ 19 ਜ਼ਿਲ੍ਹੇ ਪਾਕਿਸਤਾਨ ਵਿਚ ਰਹਿ ਗਏ। ਇਸ ਦੇ ਪਿੱਛੋਂ 1966 ਵਿਚ ਭਾਰਤ ਦੇ ਪੰਜਾਬ ਦੀ ਮੁੜ ਵੰਡ ਹੋਈ। ਕੁੱਝ ਇਲਾਕਾ ਹਿਮਾਚਲ ਨੂੰ ਮਿਲਿਆ, ਕੁੱਝ ਹਰਿਆਣਾ ਨੂੰ। ਬਾਕੀ ਪੰਜਾਬ ਵਿਚ ਰਹਿ ਗਿਆ। ਇਸ ਵੰਡ ਦੇ ਪਿੱਛੋਂ ਪੰਜਾਬ ਵਿਚ ਲਗਭਗ 12 ਜ਼ਿਲ੍ਹੇ ਰਹਿ ਗਏ ਸਨ ਅਤੇ ਇਸਦਾ ਖੇਤਰਫਲ ਲਗਭਗ 5028 ਹੈਕਟੇਅਰ ਰਹਿ ਗਿਆ ਹੈ। ਪੰਜਾਬ ਦਾ ਇਤਿਹਾਸ ਗੌਰਵ ਭਰਪੂਰ ਇਤਿਹਾਸ ਹੈ। ਇੱਥੇ ਵੇਦ ਰਚੇ ਗਏ, ਇਹ ਗੁਰੂਆਂ, ਪੀਰਾਂ ਅਤੇ ਰਿਸ਼ੀਆਂ ਦੀ ਪਵਿੱਤਰ ਧਰਤੀ ਹੈ।
ਭਾਰਤ ਦਾ ਪਹਿਰੇਦਾਰ-ਪੰਜਾਬ ਭਾਰਤ ਦੀ ਉੱਤਰ-ਪੱਛਮੀ ਸਰਹੱਦ ਤੇ ਆਦਿ ਕਾਲ ਤੋਂ ਪਹਿਰੇਦਾਰ ਦੀ ਭੂਮਿਕਾ ਨਿਭਾਉਂਦਾ ਆ ਰਿਹਾ ਹੈ। ਇਸੇ ਲਈ ਪੰਜਾਬ ਨੂੰ ‘ਭਾਰਤ ਦੀ ਖੜਗ ਭੁਜਾ’ ਆਖ ਕੇ ਸਤਿਕਾਰਿਆ ਜਾਂਦਾ ਹੈ। ਪੰਜਾਬ ਦਾ ਇਤਿਹਾਸ ਯੁੱਧਾਂ-ਜੰਗਾਂ, ਕੁਰਬਾਨੀਆਂ ਤੇ ਸ਼ਹੀਦੀਆਂ ਦਾ ਇਤਿਹਾਸ ਹੈ।‘ਪੰਜਾਬ ਦੇ ਜੰਮਦਿਆਂ ਨੂੰ ਨਿੱਤ ਮੁਹਿੰਮਾ’ ਕਿਸੇ ਨੇ ਐਵੇਂ ਨਹੀਂ ਆਖਿਆ।
ਪੰਜਾਬ ਦੀਆਂ ਵਿਸ਼ੇਸ਼ਤਾਵਾਂ—ਪੰਜਾਬ ਵੀਰਾਂ ਦੀ ਭੂਮੀ ਹੈ, ਇਤਿਹਾਸ ਇਸ ਦਾ ਗੁਆਹ ਹੈ। ਜਦੋਂ ਸੰਸਾਰ ਜੇਤੂ ਸਿਕੰਦਤ ਭਾਰਤ ਦੀ ਛਾਤੀ ਤੇ ਚੜ੍ਹ ਆਇਆ ਤਾਂ ਉਸਦਾ ਮੁਕਾਬਲਾ ਪੋਰਸ ਨਾਲ ਹੋਇਆ। ਪੋਰਸ ਨੇ ਸਿਕੰਦਰ ਦੀ ਫ਼ੌਜ ਨੂੰ ਤਲਵਾਰਾਂ ਦਾ ਅਜਿਹਾ ਪਾਣੀ ਪਿਲਾਇਆ ਕਿ ਸਿਕੰਦਰ ਦੀ ਫ਼ੌਜ ਦੇ ਛੱਕੇ ਛੁੱਟ ਗਏ। ਪੰਜਾਬੀ ਬੜੇ ਸਿਦਕੀ ਅਤੇ ਅਣਖੀ ਸੂਰਬੀਰ ਹਨ। ਪੰਜਾਬ ਗੁਰੂਆਂ, ਅਵਤਾਰਾਂ, ਪੀਰਾਂ-ਫਕੀਰਾਂ, ਯੋਧਿਆਂ ਅਤੇ ਸ਼ਹੀਦਾਂ ਦੀ ਧਰਤੀ ਹੈ। ਇੱਥੇ ਦੇ ਅਣਗਿਣਤ ਸੂਰਬੀਰਾਂ, ਸ਼ਹੀਦਾਂ ਅਤੇ ਆਪਾ-ਵਾਰਨ ਵਾਲਿਆਂ ਦਾ ਸ਼ਾਇਦ ਹੀ ਕੋਈ ਮੁਕਾਬਲਾ ਕਰ ਸਕਦਾ ਹੋਵੇ।ਭਾਰਤ ਦੀ ਸੁਤੰਤਰਤਾ ਪ੍ਰਾਪਤੀ ਲਈ 121 ਦੇਸ-ਭਗਤਾਂ ਨੂੰ ਫਾਂਸੀ ਲਟਕਾਇਆ ਗਿਆ ਸੀ, ਜਿਨ੍ਹਾਂ ਵਿਚੋਂ 91 ਪੰਜਾਬੀ ਸਨ। 2945 ਨੂੰ ਕਾਲੇ ਪਾਣੀ ਦੀ ਸਜ਼ਾ ਮਿਲੀ। ਜਿਨ੍ਹਾਂ ਵਿਚੋਂ 2147 ਪੰਜਾਬੀ ਮਾਂਵਾਂ ਦੇ ਪੁੱਤਰ ਸਨ। ਪੰਜਾਬ ਦੇ ਲੋਕਾਂ ਦਾ ਰੰਗਲਾ ਸੱਭਿਆਚਾਰ ਅਨੋਖਾ ਹੀ ਹੈ।ਇਹ ਬੜੇ ਹੀ ਖੁਲ੍ਹੇ-ਡੁੱਲ੍ਹੇ ਤੇ ਅਲਬੇਲੇ ਸੁਭਾਅ ਦੇ ਮਾਲਕ ਹਨ।ਤਾਂ ਹੀ ਕਿਸੇ ਦੀ ਟੈਂ ਨਾ ਮੰਨਣ ਵਾਲੇ ਇਹਨਾਂ ਲੋਕਾਂ ਬਾਰੇ ਕਵੀ ਪੂਰਨ ਸਿੰਘ ਲਿਖਦਾ ਹੈ—
“ਇਹ ਬੇਪਰਵਾਹ ਪੰਜਾਬ ਦੇ, ਮੌਤ ਨੂੰ ਮਖੌਲਾਂ ਕਰਨ,
ਮਰਨ ਥੀਂ ਨਹੀਂ ਡਰਦੇ, ਪਰ ਟੈਂ ਨਾ ਮੰਨਣ ਕਿਸੇ ਦੀ,
ਖਲੋ ਜਾਣ ਡਾਂਗਾਂ ਮੁੱਢੇ ਤੇ ਉਲਾਰ ਕੇ।“
ਖੇਤੀ ਵਿਚ ਉੱਨਤੀ— ਪੰਜਾਬ ਦੇ ਵਸਨੀਕ ਬੜੇ ਉਦਮੀ, ਹਿੰਮਤੀ ਅਤੇ ਉਤਸ਼ਾਹੀ ਹਨ। ਉਹਨਾਂ ਨੇ ਕੁਦਰਤ ਦੀ ਵਰੋਸਾਈ ਹੋਈ ਸੁੰਦਰ ਧਰਤੀ ਨੂੰ ਹੋਰ ਦਿਲ-ਖਿੱਚਵੀਂ ਅਤੇ ਉੱਨਤ ਬਣਾਉਣ ਲਈ ਭਰਪੂਰ ਯਤਨ ਕੀਤਾ ਹੈ। ਦੇਸ ਦੀ ਵੰਡ ਵੇਲੇ ਪੰਜਾਬ ਦੇ ਬਹੁਤ ਸਾਰੇ ਉਪਜਾਊ ਇਲਾਕੇ ਪਾਕਿਸਤਾਨ ਵਿਚ ਰਹਿ ਗਏ ਸਨ ਅਤੇ ਸਾਨੂੰ ਆਪਣੀਆਂ ਅੰਨ ਦੀਆਂ ਲੋੜਾਂ ਪੂਰੀਆਂ ਕਰਨ ਲਈ ਲੱਖਾਂ ਟਨ ਅਨਾਜ ਬਾਹਰੋਂ ਮੰਗਵਾਉਣਾ ਪੈਂਦਾ ਸੀ, ਪਰ ਥੋੜ੍ਹੇ ਜਿਹੇ ਸਾਲਾਂ ਦੀ ਮਿਹਨਤ ਨਾਲ ਹੀ ਪੰਜਾਬ ਦੇ ਹਿਮੰਤੀ ਅਤੇ ਮਿਹਨਤੀ ਕਿਸਾਨਾਂ ਨੇ ਫ਼ਸਲਾਂ ਦੀ ਉਪਜ ਕਈ ਗੁਣਾਂ ਵਧਾ ਲਈ ਹੈ।
ਪੰਜਾਬ ਵਿਕਾਸ ਦੀ ਰਾਹ ਤੇ— ਭਾਰਤ ਦਾ ਸਭ ਤੋਂ ਖੁਸ਼ਹਾਲ ਪ੍ਰਾਂਤ ਪੰਜਾਬ ਹੈ। ਇੱਥੇ ਫ਼ਸਲਾਂ ਦੀ ਉਪਜ ਸਭ ਤੋਂ ਵੱਧ ਹੁੰਦੀ ਹੈ। ਇਹ ਭਾਰਤ ਦਾ ਅੰਨ-ਭੰਡਾਰ ਹੈ। ਪੰਜਾਬ ਦੇ ਵਸਨੀਕ ਭਾਰਤ ਦੇ ਸਾਰੇ ਰਾਜਾਂ ਨਾਲੋਂ ਵਧੇਰੇ ਨਰੋਏ, ਖੁਸ਼ਹਾਲ ਅਤੇ ਉੱਨਤ ਹਨ।ਪੰਜਾਬ ਦੀ ਪ੍ਰਤੀ ਜੀਆ ਆਮਦਨ ਲੱਗਭਗ 1800 ਰੁਪਏ ਸਲਾਨਾ ਹੈ, ਜੋ ਸਮੁੱਚੇ ਭਾਰਤ ਦੀ ਔਸਤ ਨਾਲੋਂ ਦੁੱਗਣੀ ਹੈ।ਦੇਸ ਦੀ 52 ਸਾਲ ਔਸਤ ਉਮਰ ਦੇ ਟਾਕਰੇ ਵਿਚ ਪੰਜਾਬੀਆਂ ਦੀ ਔਸਤ ਉਮਰ 65 ਸਾਲ ਹੈ ਅਤੇ ਮੌਤ ਦੀ ਦਰ 15 ਪ੍ਰਤੀ ਹਜ਼ਾਰ ਦੇ ਮੁਕਾਬਲੇ ਵਿਚ 8 ਪ੍ਤੀ ਹਜ਼ਾਰ ਹੈ। ਪੰਜਾਬ ਦੇ ਲੋਕ ਜਿੱਥੇ ਖੁਸ਼ ਰਹਿਣ ਵਾਲੇ ਅਤੇ ਚੜ੍ਹਦੀਆਂ ਕਲਾਂ ਵਿਚ ਰਹਿਣ ਵਾਲੇ ਹਨ ਉੱਥੇ ਮਿਲਾਪੜੇ ਅਤੇ ਚੰਗੇ ਪ੍ਰਾਹੁਣਾਚਾਰੀ ਵੀ ਹਨ।ਪੰਜਾਬ ਦੇ ਭਲਵਾਨ ਕਰਤਾਰ ਸਿੰਘ ਕੁਸ਼ਤੀ ਵਿਚ, ਉਡਾਰੂ ਸਿੱਖ ਮਿਲਖਾ ਸਿੰਘ ਨੇ ਦੌੜ ਵਿਚ ਅਤੇ ਪਰਵੀਨ ਕੁਮਾਰ ਨੇ ਹੈਮਰ ਥਰੋ ਵਿਚ ਭਾਰਤ ਦਾ ਰਿਕਾਰਡ ਤੋੜਿਆ ਹੈ ਅਤੇ ਅੰਤਰਰਾਸ਼ਟਰੀ ਪਿੜ ਵਿਚ ਪ੍ਰਸਿੱਧੀ ਪ੍ਰਾਪਤ ਕੀਤੀ ਹੈ।
ਸਾਰਾਂਸ਼—ਹੁਣ ਪੰਜਾਬ ਅੱਜ ਉੱਨਤੀ ਦੀ ਰਾਹ ਤੇ ਅੱਗੇ ਤੋਂ ਅੱਗੇ ਪੁਲਾਂਘਾ ਪੁੱਟ ਰਿਹਾ ਹੈ। ਉਹ ਦਿਨ ਦੂਰ ਨਹੀਂ ਜਦੋਂ ਇਹ ਰਾਜ ਸਾਰੇ ਭਾਰਤ ਵਿਚ ਇਕ ਮਾਡਲ ਰਾਜ ਬਣ ਕੇ ਭਾਰਤ ਦੀ ਸ਼ਾਨ ਨੂੰ ਚਾਰ ਚੰਦ ਲਾਵੇਗਾ ਅਤੇ ਸੂਰਜ ਵਾਂਗ ਗਗਨ ਮੰਡਲਾਂ ਵਿਚ ਚਮਕੇਗਾ।