ਏਕਤਾ ਵਿਚ ਤਾਕਤ ਹੈ
Ekta Vich Takat Hai
ਇੱਕ ਕਿਸਾਨ ਦੇ ਚਾਰ ਪੁੱਤਰ ਸਨ । ਚਾਰੇ ਵਿਆਹੇ-ਵਰੇ ਤੇ ਹੱਟੇ-ਕੱਟੇ ਸਨ । ਉਹ ਆਪ-ਆਪਣੇ ਕਮਰੇ ਵਿਚ ਵੱਖਵੱਖ ਰਹਿੰਦੇ ਸਨ। ਵਾਹੀ ਦਾ ਕੰਮ ਕਿਸਾਨ ਆਪ ਹੀ ਦਿਹਾੜੀਦਾਰ ਲਾ ਕੇ ਜਿਵੇਂ-ਤਿਵੇਂ ਨਿਭਾਈ ਜਾਂਦਾ ਸੀ। ਉਹ ਰੀਸ-ਪਰਿਸੀ ਘੱਟ ਤੋਂ ਘੱਟ ਬਾਪੂ ਦਾ ਹੱਥ ਵਟਾਉਂਦੇ। ਉਹ ਆਏ ਦਿਨ ਕਿਸੇ-ਨਾ-ਕਿਸੇ ਬਹਾਨੇ ਆਪਸ ਵਿਚ ਲੜਦੇ-ਝਗੜਦੇ ਰਹਿੰਦੇ। ਬਾਪੂ ਉਨ੍ਹਾਂ ਦੇ ਝਗੜੇ ਹੀ ਨਿਬੇੜਦਾ ਰਹਿੰਦਾ ਤੇ ਇਕਮੁੱਠ ਹੋਣ ਦਾ ਪ੍ਰਚਾਰ ਕਰਦਾ ਰਹਿੰਦਾ ਪਰ ਉਨ੍ਹਾਂ ‘ਤੇ ਕੋਈ ਅਸਰ ਨਾ ਹੁੰਦਾ।
ਕਿਸਾਨ ਦੀ ਜ਼ਮੀਨ ਚੋਖੀ ਤੋਂ ਅਤੇ ਉਪਜਾਉ ਸੀ। ਫ਼ਸਲ ਵੀ ਭਰਵੀਂ ਹੁੰਦੀ। ਘਰ ਵਿਚ ਪੰਸ ਦੀ ਕੋਈ ਥੁੜ ਨਹੀਂ ਸੀ ਪਰ ਅਮਨ-ਸ਼ਾਂਤੀ ਦਾ ਨਾਂ-ਨਿਸ਼ਾਨ ਨਹੀਂ ਸੀ; ਹਰ ਵਲ ਕਿਸੇ-ਨਾ-ਕਿਸੇ ਗੱਲੋਂ ਕਲਸ਼ ਪਿਆ ਰਹਿੰਦਾ। ਕਈ ਵਾਰੀ ਭਰਾ ਆਪਸ ਵਿਚ ਪਤਨੀਆਂ ਦੇ ਚੁੱਕ-ਚੁਕਾਏ ਡਾਂਗ-ਡਾਂਗੀ ਵੀ ਹੋ ਜਾਂਦੇ। ਪੰਚਾਇਤ ਸੁਲਾਹ ਕਰਵਾ ਛਡਦੀ। ਸਰਪੰਚ ਕਹਿੰਦਾ–ਇਸ ਘਰ ਵਿਚ ਛੁੱਟ ਏਕੇ ਦੇ ਕਿਸੇ ਗੱਲ ਦੀ ਥੁੜ ਨਹੀਂ, ਅਖੇ :
ਕਲਾ ਕਲੰਦਰ ਵੱਸੇ, ਘੜਿਓ ਪਾਣੀ ਨੱਸੋ।
ਇਨ੍ਹਾਂ ਦੀ ਆਪਸੀ ਫੁੱਟ ਨੂੰ ਵੇਖ ਕੇ ਨਾ ਪੰਚਾਇਤ ਤੇ ਨਾ ਹੀ ਪਿੰਡ ਦੇ ਲੋਕਾਂ ਵਿਚ ਇਨ੍ਹਾਂ ਦੀ ਕੋਈ ਕਦਰ ਸੀ। ਇਹ ਘਰ ਨਿਦਿਆ ਦੇ ਪਾਤਰ ਬਣ ਗਏ । ਬੁੱਢੇ ਹੋ ਰਹੇ ਕਿਸਾਨ ਨੂੰ ਇਨ੍ਹਾਂ ਦੀ ਫੁੱਟ ਸਿਉਂਕ ਵਾਂਗ ਚੱਟ ਰਹੀ ਸੀ। ਉਹ ਸੋਚਦਾ ਕਿ ਮੇਰੇ ਜਿਉਂਦਿਆਂ ਹੀ ਇਨ੍ਹਾਂ ਦਾ ਇਹ ਹਾਲ ਹੈ, ਬਾਅਦ ਵਿਚ ਕੀ ਬਣੇਗਾ; ਪੈਸਾ-ਧੇਲਾ ਕਚਹਿਰੀਆਂ ਵਿਚ ਲੱਗ ਜਾਵੇਗਾ ਅਤੇ ਖ਼ਾਨਦਾਨ ਦੀ ਇੱਜ਼ਤ ਘੱਟੇ ਰੁਲ ਜਾਵੇਗੀ। ਇਸ ਚਿੰਤਾ ਵਿਚ ਉਹ ਦਿਨ-ਦਿਨ ਨਿਘਰਦਾ ਜਾ ਰਿਹਾ ਸੀ। ਉਸ ਘਾਣਾ-ਪੀਣਾ ਵੀ ਘੱਟ ਕਰ ਦਿੱਤਾ।
ਅਚਨਚੇਤ ਉਸ ਨੂੰ ਇੱਕ ਤਰਤੀਬ ਸੁੱਝੀ। ਉਸ ਸੂਤ ਦੀ ਇੱਕ ਅੱਟੀ ਮੰਗਵਾ ਲਈ। ਉਸ ਚਾਰੇ ਪੁੱਤਰਾਂ ਨੂੰ ਬੁਲਾਇਆ ॥ ਉਸ ਹਰ ਇੱਕ ਨੂੰ ਅੱਟੀ ਤੋੜਨ ਲਈ ਆਖਿਆ। ਤੋੜਨ ਵਾਲੇ ਨੂੰ ਜਾਇਦਾਦ ਦਾ ਆਪਣਾ ਹਿੱਸਾ ਦੇਣ ਦਾ ਵਾਅਦਾ ਕੀਤਾ। ਸਾਰਿਆਂ, ਵਿਸ਼ੇਸ਼ ਕਰ ਕੇ ਸਭ ਤੋਂ ਵੱਡੇ ਨੇ ਤਾਂ ਪੂਰਾ ਜ਼ੋਰ ਲਾਇਆ। ਕੋਈ ਵੀ ਨਾ ਤੋੜ ਸਕਿਆ । ਸਭ ਸ਼ਰਮਿੰਦੇ ਹੋਏ । ਉਪਰੰਤ ਉਸ ਨੇ ਇੱਕ-ਇੱਕ ਧਾਗਾ ਹਰ ਇੱਕ ਨੂੰ ਤੋੜਨ ਲਈ ਕਿਹਾ। ਸਾਰਿਆਂ ਨੇ ਇਕਦਮ ਤੋੜ ਦਿੱਤਾ ਤੇ ਬਹੁਤ ਖ਼ੁਸ਼ ਹੋਏ ।
ਕਿਸਾਨ ਨੇ ਸਮਝਾਉਂਦਿਆਂ ਹੋਇਆਂ ਕਿਹਾ ਕਿ ਮੈਂ ਤਾਂ ਕੁਝ ਦਿਨਾਂ ਦਾ ਪਾਹੁਣਾ ਹਾਂ, ਕਿਸੇ ਦਿਨ ਵੀ ਮੇਰੀ ਫੂਕ ਨਿਕਲ ਸਕਦੀ ਹੈ। ਜੇ ਤੁਸੀਂ ਅੱਟੀ ਵਾਂਗ ਏਕੋ ਵਿਚ ਰਹੋ ਤਾਂ ਕੋਈ ਵੀ ਤੁਹਾਨੂੰ ਮਾਰ-ਕੁੱਟ ਨਹੀਂ ਸਕੇਗਾ, ਸਭ ਤੁਹਾਡਾ ਆਦਰਮਾਣ ਕਰਨਗੇ, ਖ਼ਾਨਦਾਨ ਚੜ੍ਹਦੀ ਕਲਾ ਵਿਚ ਜਾਵੇਗਾ। ਜੋ ਫੁੱਟੇ ਰਹੇ ਤਾਂ ਕਚਹਿਰੀਆਂ ਵਿਚ ਰੁਲਣ ਜੋਗ ਹੋ ਜਾਓਗੇ।
ਸਾਰਿਆਂ ਨੇ ਬਾਪੂ ਦੇ ਪੈਰ ਪਕੜੇ ਤੇ ਏਕੇ ਵਿਚ ਰਹਿਣ ਦਾ ਪ੍ਰਣ ਕੀਤਾ। ਕਿਸਾਨ ਵੀ ਠੀਕ-ਠੀਕ ਲੱਗਣ ਲੱਗ ਪਿਆ, ਮਾਨੇ ਉਸ ਨੂੰ ਪੁੱਤਰਾਂ ਵਿਚਲੀ ਫੁੱਟ ਦੀ ਬੀਮਾਰੀ ਲੱਗੀ ਹੋਏ ।