ਕਰਤਾਰ ਸਿੰਘ ਦੁੱਗਲ
Kartar Singh Duggal
ਜਾਣ-ਪਛਾਣ : ਕਰਤਾਰ ਸਿੰਘ ਦੁੱਗਲ ਅੰਗਰੇਜ਼ੀ ਭਾਸ਼ਾ ਦਾ ਪ੍ਰੋਫੈਸਰ ਹੋ ਕੇ ਪੰਜਾਬੀ ਵਿਚ ਲਿਖਦਾ ਹੈ। ਇਸ ਅਜੀਬ ਗੱਲ ਨੇ ਦੋ ਗੱਲਾਂ ਪੈਦਾ ਕੀਤੀਆਂ। ਇਕ ਤਾਂ ਇਹ ਕਿ ਪੰਜਾਬੀ ਹੋਣ ਕਾਰਣ ਉਸ ਨੇ ਮਾਂ ਬੋਲੀ ਵਿਚ ਲਿਖਿਆ ਤੇ ਦੂਜਾ ਅੰਗਰੇਜ਼ੀ ਸਾਹਿਤ ਤੋਂ ਡੂੰਘੀ ਤਰ੍ਹਾਂ ਵਾਕਫ ਹੋਣ ਕਰ ਕੇ ਸ਼ਾਨਦਾਰ ਅਤੇ ਬਹੁਤ ਹੀ ਸ਼ਾਨਦਾਰ ਰਚਨਾਵਾਂ ਕੀਤੀਆਂ। ਦੁੱਗਲ ਨੇ ਨਾਟਕ, ਨਾਵਲ, ਕਵਿਤਾ, ਕਹਾਣੀ ਤੇ ਲੇਖ ਲਿਖੇ ਹਨ ਪਰ ਦੁੱਗਲ ਕਹਾਣੀਕਾਰ ਕਰਕੇ ਹੀ ਮਹਾਨ ਅਤੇ ਚੰਗੀ ਤਰਾਂ ਜਾਣਿਆ ਜਾਂਦਾ ਹੈ। ਉਸ ਨੇ ਪੱਛਮੀ ਸਾਹਿਤ ਦਾ ਚੰਗਾ ਅਧਿਐਨ ਕੀਤਾ ਸੀ। ਉਸ ਨੇ ਅੰਗਰੇਜ਼ੀ ਦੀਆਂ ਬਹੁਤ ਕਹਾਣੀਆਂ ਪੜ੍ਹੀਆਂ ਸਨ, ਇਸ ਲਈ ਉਸ ਨੇ ਅੰਗਰੇਜ਼ੀ ਅਸਰ ਥੱਲੇ ਪੰਜਾਬੀ ਕਹਾਣੀਆਂ ਆਪਣੇ ਪਾਤਰਾਂ ਨੂੰ ਲੈ ਕੇ ਲਿਖੀਆਂ ਤੇ ਲੋਕਾਂ ਵੱਲੋਂ ਬਹੁਤ ਪਸੰਦ ਕੀਤੀਆਂ ਗਈਆਂ।
ਪੱਛਮੀ ਪ੍ਰਭਾਵ ਵਾਲੇ ਨਾਵਲ : ਦੁੱਗਲ ਨੇ ਕਹਾਣੀਆਂ ਜਾਂ ਨਾਵਲ ਸਾਰੇ ਹੀ ਪੱਛਮੀ ਅਸਰ ਥੱਲੇ ਲਿਖੇ ਹਨ। ਉਹ ਫਰਾਇਡ , ਜੁੰਗ ਅਤੇ ਮੋਪਾਸਾ ਤੋਂ ਬੜਾ ਅਸਰ ਅੰਦਾਜ਼ ਸੀ। ਉਸ ਨੇ ਮਨੋਵਿਗਿਆਨਕ ਕਹਾਣੀਆਂ ਲਿਖਣ ਵਿਚ ਤਾਂ ਹੱਦ ਹੀ ਮੁਕਾ ਦਿੱਤੀ। ਉਹ ਲਿੰਗ ਸੰਬੰਧੀ ਕਹਾਣੀਆਂ ਲਿਖਣ ਵਾਲਾ ਪੰਜਾਬੀ ਦਾ ਪਹਿਲਾ ਲੇਖਕ ਹੈ। ਉਸ ਦੀਆਂ ਕਹਾਣੀਆਂ ਵਿਚ ਕਹਾਣੀ ਰਸ ਇੰਨਾ ਜ਼ੋਰਦਾਰ ਅਤੇ ਅਸਰ ਪਾਉ ਹੁੰਦਾ ਹੈ ਕਿ ਉਸ ਦੀ ਰਚਨਾ ਪੜਨੀ ਸ਼ੁਰੂ ਕਰ ਕੇ ਕੋਈ ਉਸ ਦੇ ਮੁੱਕਣ ਤੱਕ ਛੱਡ ਹੀ ਨਹੀਂ ਸਕਦਾ। ਉਸ ਨੇ ਅਨੇਕ ਪ੍ਰਭਾਵਾਂ ਥੱਲੇ ਕਈ ਕਹਾਣੀਆਂ ਲਿਖੀਆਂ ਹਨ। ਦੁੱਗਲ ਅੰਦਰ ਇਨਸਾਨੀ ਸੋਚ, ਤਜ਼ਰਬਾ ਅਤੇ ਪਾਠਕਾਂ ਦੀ ਰੁਚੀ ਪਛਾਨਣ ਦੀ ਵੱਡੀ ਕਾਬਲੀਅਤ ਹੈ। ਆਪਣੀਆਂ ਰਚਨਾਵਾਂ ਕਰ ਕੇ ਉਸ ਨੂੰ ਚੰਗੇ ਇਨਾਮ ਵੀ ਮਿਲੇ ਤੇ ਉਸ ਦਾ ਚੰਗਾ ਮਾਨ-ਸਨਮਾਨ ਕੀਤਾ ਗਿਆ। ਉਸ ਨੂੰ ਭਾਸ਼ਾ ਵਿਭਾਗ ਨੇ ਸਨਮਾਨਿਤ ਕੀਤਾ। ਸੰਨ 1965 ਵਿਚ ਉਸ ਦੀ ਪੁਸਤਕ ‘ਇਕ ਛਿੱਟ ਚਾਨਣ ਦੀ ਉੱਤੇ ਉਸ ਨੂੰ ਸਾਹਿਤ ਅਕਾਦਮੀ ਦਾ ਪੰਜ ਹਜ਼ਾਰ ਰੁਪਏ ਦਾ ਇਨਾਮ ਮਿਲਿਆ। ਇਸ ਤੋਂ ਇਲਾਵਾ ਵੀ ਉਸ ਨੂੰ ਹੋਰ ਕਈ ਸੰਸਥਾਵਾਂ ਨੇ ਸਨਮਾਨਿਆ ਹੈ।
ਲਿਖਣ ਪੜਨ ਦੀ ਲਗਨ : ਉਸ ਨੂੰ ਕਵਿਤਾ ਲਿਖਣ ਤੇ ਪੜਨ ਦੀ ਲਗਨ ਬਚਪਨ ਤੋਂ ਹੀ ਸੀ। ਫਿਰ ਕੁਝ ਸਾਹਿਤਕ ਮਾਹੌਲ ਮਿਲਣ ਨਾਲ ਉਸ ਦੀ ਕਲਪਨਾ ਸ਼ਕਤੀ ਵਧਦੀ ਗਈ। ਉਹ 12 ਸਾਲ ਦਾ ਹੀ ਸੀ ਕਿ ਉਸ ਦੀਆਂ ਰਚਨਾਵਾਂ ਵੱਖ-ਵੱਖ ਮੈਗਜ਼ੀਨਾਂ ਵਿਚ ਛਪਣ ਲੱਗ ਪਈਆਂ ਹਨ। ਸ਼ਰ ਵਿਚ ਦੁੱਗਲ ਅੰਦਰ ਧਾਰਮਿਕ ਪਵਿਰਤੀ ਬਹੁਤ ਸੀ ਕਿਉਂਕਿ ਘਰ ਦਾ ਮਾਹੌਲ ਵੀ ਜ਼ਿਆਦਾਤਰ ਧਾਰਮਿਕ ਸੀ। ਦੱਗਲ ਬੜਾ ਮਿਹਨਤੀ ਲੇਖਕ ਹੈ। ਉਹ ਮਿਹਨਤ ਕਰਨੋਂ ਕਦੇ ਵੀ ਨਹੀਂ ਸੀ ਘਬਰਾਉਂਦਾ, ਇਸੇ ਕਰਕੇ ਉਹ ਹੁਣ ਵੀ ਇਸ ਉਮਰੇ ਆਪਣੀਆਂ ਰਚਨਾਵਾਂ ਰਚੀ, ਜਾਂਦਾ ਹੈ।
ਵਿਆਪਕ ਘੁੰਮਣਾ : ਸਰਕਾਰੀ ਨੌਕਰੀ ਵਿਚ ਬਦਲੀਆਂ ਹੋਣ ਸਦਕਾ ਉਸ ਨੇ ਭਾਰਤ ਦੇ ਖੂਬ ਦੌਰੇ ਕੀਤੇ ਹਨ। ਇਸ ਨਾਲ ਉਹਨਾਂ ਦੇ ਗਿਆਨ, ਤਜ਼ਰਬੇ ਅਤੇ ਆਮ ਜਾਣਕਾਰੀ ਵਿਚ ਚੰਗਾ ਵਾਧਾ ਹੋਇਆ ਹੈ। ਵੱਖ-ਵੱਖ ਲੋਕਾਂ, ਪਾਂਤਾਂ, ਬੋਲੀਆਂ, ਰਹਿਣ-ਸਹਿਣ ਅਤੇ ਖਾਣ-ਪੀਣ ਦੇ ਵਿਚਾਰਾਂ ਨਾਲ ਉਸ ਦਾ ਸੰਬੰਧ ਬਣਿਆ। ਉਸ ਦੀਆਂ ਰਚਨਾਵਾਂ ਵਿਚ ਸਿਰਫ ਪੰਜਾਬੀਅਤ ਹੀ ਨਹੀਂ, ਸਗੋਂ ਹੋਰ ਸੁਭਾਵਾਂ ਅਤੇ ਵਿਚਾਰਾਂ ਅਤੇ ਸੱਭਿਆਚਾਰਾਂ ਸੰਸਕ੍ਰਿਤੀਆਂ ਦਾ ਵੀ ਪ੍ਰਭਾਵ ਹੈ।
ਰਚਨਾਵਾਂ : ਦੁੱਗਲ ਨੇ ਲਗਭਗ 22 ਕਹਾਣੀ ਸੰਗ੍ਰਹਿ ਛਪਵਾਏ ਹਨ। ਇਹਨਾਂ ਵਿਚ ਕੁਝ ਬਹੁਤ ਪ੍ਰਸਿੱਧ ਇਹ ਹਨ-ਸਵੇਰ ਸਾਰ’, ‘ਕੁੜੀ ਕਹਾਣੀ ਕਰਦੀ ਗਈ, “ਕੱਚਾ ਦੁੱਧ, ‘ਪਾਰੇ ਮੈਰੇ’, ‘ਫੁੱਲ ਤੋੜਨਾ ਮਨਾ ਹੈ’, ‘ਇਕ ਛਿੱਟ ਚਾਨਣ ਦੀ’, ‘ਸਭੇ ਸਾਂਝੀਵਾਲ ਸਦਾਇਨ, ਤੇ ਇਕਰਾਰਾਂ ਵਾਲੀ ਰਾਤ। ਦੁੱਗਲ ਦੀਆਂ ਕੁਝ ਕਹਾਣੀਆਂ ਰੇਡੀਓ ਰੂਪਕ ਵੀ ਬਣੇ ਹਨ। ਉਸ ਦੇ ਨਾਵਲਾਂ ਵਿਚ ‘ਆਂਦਰਾਂ’ ਅਤੇ ‘ਇਕ ਦਿਲ ਵਿਕਾਊ ਹੈ ਬਹੁਤ ਮਸ਼ਹੂਰ ਹਨ। ਉਸ ਦੇ ਇਕਾਂਗੀ ਸੰਗ੍ਰਹਿ “ਔਹ ਗਏ ਸਾਜਨ ਔਹ ਗਏ’ ਤੇ ‘ਇਕ ਸਿਫਰ ਸਿਫਰ’ ਪ੍ਰਸਿੱਧ ਹਨ। ਉਸ ਨੇ ਕਵਿਤਾ, ਜੀਵਨੀ, ਪੂਰੇ ਨਾਟਕ ਅਤੇ ਪੜਚੋਲ ਸਾਹਿਤ ਵੀ ਰਚਿਆ ਹੈ। ਆਪਣੇ ਸਾਰੇ ਸਾਹਿਤਕ ਜੀਵਨ ਵਿਚ ਉਸ ਨੇ ਕਹਾਣੀਆਂ ਨੂੰ ਵਿਸ਼ੇਸ਼ ਸਿਧਾਂਤ ਅਤੇ ਰਚੀਆਂ ਨਾਲ ਰਚਿਆ ਹੈ। ਉਸ ਦੀਆਂ ਕਹਾਣੀਆਂ ਘਟਨਾ ਅਤੇ ਅਸਰ ਤੋਂ ਪ੍ਰਭਾਵਿਤ ਹਨ। ਇਕ ਚੰਗੇ ਅਤੇ ਸੁਲਝੇ ਹੋਏ ਕਹਾਣੀਕਾਰ ਦੀ ਤਰ੍ਹਾਂ ਉਸ ਨੇ ਕਹਾਣੀਆਂ ਦੁਆਰਾ ਅਨੇਕਾਂ ਅਸਰ ਛੱਡੇ ਹਨ। ਉਸ ਦੇ ਲੋਕਪ੍ਰਿਯ ਹੋਣ ਦਾ ਇਕ ਕਾਰਨ ਇਹ ਵੀ ਹੈ ਕਿ ਰਸ ਭਰਪੂਰ ਕਹਾਣੀਆਂ ਹੋਣ ਦੇ ਨਾਲ-ਨਾਲ ਉਹ ਖਾਸ ਉਦੇਸ਼ ਨੂੰ ਵੀ ਨਾਲ ਲਈ ਫਿਰਦੀਆਂ ਹਨ। ਦੁੱਗਲ ਨੇ ਸਮੇਂ ਦੇ ਨਾਲ-ਨਾਲ ਕਹਾਣੀ ਅਤੇ ਹੋਰ ਸਾਹਿਤਕ ਰਚਨਾ ਵਿਚ ਕਈ ਮੋੜ ਦਿੱਤੇ ਹਨ।
ਮਨਭਾਉਂਦੇ ਵਿਸ਼ੇ : ਦੇਸ਼ ਦੀ ਵੰਡ, ਦੇਸ਼ ਵਿਚ ਫਿਰਕੂ ਤਨਾਓ ਅਤੇ ਕਾਮਕਾਮ ਦੀ ਸਭਾਵਿਕ ਲੋੜ ਉੱਪਰ ਵੀ ਉਸ ਨੇ ਕਈ ਕਹਾਣੀਆਂ ਲਿਖੀਆਂ ਹਨ। ਉਸ ਨੇ ਆਪਣੇ ਸਾਹਿਤ ਨੂੰ ਮਾਨਵਤਾ ਦੇ ਪੱਖੋਂ ਵੀ ਗੰਭੀਰਤਾ ਨਾਲ ਲਿਆ ਹੈ। ਉਸ ਨੇ ਕਹਾਣੀ ਅੰਦਰ ਯਥਾਰਥਵਾਦ ਲਿਆਂਦਾ। ਉਸ ਨੇ ਪਹਿਲੀ ਵੇਰਾਂ ਪੰਜਾਬੀ ਵਿਚ ਮਨੋਵਿਗਿਆਨਕ ਕਹਾਣੀਆਂ ਵੀ ਲਿਖੀਆਂ।ਉਹ ਪਾਤਰ ਦੇ ਅੰਦਰੁਨੀ ਵਿਚਾਰਧਾਰਾ ਨੂੰ ਬਾਹਰਲੇ ਸਰਪ ਨਾਲ ਵੀ ਜੋੜਦਾ ਹੈ। ਉਸ ਦੀ ਕਹਾਣੀ ਕਲਾ ਬਾਰੇ ਪ੍ਰੋ. ਅਮੋਲ ਨੇ ਕਿਹਾ ਹੈ ਕਿ ਉਹ ਸਫਲ ਮਨੋਵਿਗਿਆਨਕ ਕਹਾਣੀ ਲੇਖਕ ਹੈ ਜਿਸ ਵਿਚ ਇਕ ਵੀ ਅਜਿਹਾ ਵਿਚਾਰ ਜਾਂ ਪੱਖ ਨਹੀਂ ਮਿਲਦਾ, ਜਿਸ ਨੂੰ ਮਨੋਵਿਗਿਆਨਕ ਦ੍ਰਿਸ਼ਟੀਕੋਣ ਤੋਂ ਨਾਮੁਮਕਣ ਆਖਿਆ ਜਾ ਸਕੇ। ਦੀ ਕਹਾਣੀ ਰਚਨਾ ਦੀ ਇਹ ਵੀ ਖੂਬੀ ਹੈ ਕਿ ਉਹ ਪਾਠਕਾਂ ਅੱਗੇ ਜੋ ਵੀ ਧਰਦਾ ਹੈ ਉਸ ਬਾਰੇ ਉਹਨਾਂ ਨੂੰ ਕਿੰਤੂ ਪਰੰਤੂ ਨਹੀਂ ਕਰਨ ਦਿੰਦਾ। ਉਸ ਦੀਆਂ ਰਚਨਾਵਾਂ ਪੜ ਕੇ ਸ਼ੱਕ ਨਹੀਂ ਜਾਗਦਾ, ਇਹ ਉਸ ਦੀ ਇਕ ਬਹੁਤ ਵੱਡੀ ਸਫਲਤਾ ਹੈ।
ਕਹਾਣੀਆਂ ਵਿਚ ਵੰਨਗੀ : ਦੁੱਗਲ ਨੇ ਆਪ ਕਹਾਣੀਆਂ ਵਿਚ ਵੰਨ-ਸੁਵੰਨਤਾ ਪੈਦਾ ਕੀਤੀ ਅਤੇ ਹੋਰ ਲੇਖਕਾਂ ਨੂੰ ਪ੍ਰਭਾਵਿਤ ਵੀ ਕੀਤਾ। ਸਆਦਤ ਹਸਨ ਮੰਟੋ ਅਤੇ ਕ੍ਰਿਸ਼ਨ ਚੰਦਰ ਇਸ ਦੀ ਮਿਸਾਲ ਹਨ। ਮੰਟੋ ਦੀ ਕਹਾਣੀ ‘ਗਰਮ ਗੋਸ਼ਤ’ ਨੂੰ ਪੜ ਕੇ ਲੱਗਦਾ ਹੈ ਕਿ ਲੇਖਕ ਦਾ ਗਲਤੀ ਨਾਲ ਨਾਂ ਬਦਲ ਗਿਆ ਹੈ। ਇਹ ਤਾਂ ਅਸਲ ਵਿਚ ਦੁੱਗਲ ਹੀ ਹੈ, ਅਸੀਂ ਇਸ ਨੂੰ ਉਸਦੀ ਮਹਾਨ ਸਫਲਤਾ ਕਰਾਰ ਦਿੰਦੇ ਹਾਂ।
ਦੁੱਗਲ ਦਾ ਮਨ ਕੋਮਲ ਅਤੇ ਨਿਰਮਲ ਹੈ, ਉਸ ਅੰਦਰ ਕਾਵਕ ਅੰਸ਼ ਬਹੁਤ ਜ਼ਿਆਦਾ ਹੈ। ਉਸ ਦੀਆਂ ਕਹਾਣੀਆਂ ਅਤੇ ਨਾਵਲਾਂ ਵਿਚ ਆਇਆ ਕਹਾਣੀ ਰਸ ਪਾਠਕਾਂ ਨੂੰ ਸਾਰੀ ਰਚਨਾ ਪੜਨ ਤੇ ਮਜ਼ਬੂਰ ਕਰਦਾ ਹੈ। ਕਿੱਧਰੇ ਵੀ ਉਕਾਈ ਜਾਂ ਬੇਸੁਆਦੀ ਨਹੀਂ ਆਉਂਦੀ। ਕਿਸੇ ਵੀ ਸਾਹਿਤਕਾਰ ਦੀ ਸਫਲਤਾ ਦਾ ਇਹ ਇਕ ਵੱਡਾ ਰਹੱਸ ਹੈ ਤੇ ਦੁੱਗਲ ਇਸ ਪੱਖ ਤੋਂ ਸੇਰ ਹੀ ਨਹੀਂ, ਸਵਾ ਸੇਰ ਹੈ।