ਤੁਸੀਂ ਪੜੇ-ਲਿਖੇ ਨੌਜਵਾਨ ਹੈ| ਭਾਰਤ ਜੀਵਨ ਬੀਮਾ ਨਿਗਮ ਨੂੰ ਆਪਣੀ ਯੋਗਤਾ ਦੱਸਦੇ ਹੋਏ ਬੀਮਾ ਏਜੰਟ ਬਣਨ ਲਈ ਪੱਤਰ ਲਿਖੋ।
ਪਿੰਡ ਤੇ ਡਾਕਖ਼ਾਨਾ ਭੈਣੀ ਮਹਿਰਾਜ,
ਜ਼ਿਲ੍ਹਾ : ਬਰਨਾਲਾ।
ਮਿਤੀ : 28-04-20…..
ਸੇਵਾ ਵਿਖੇ,
ਜਰਨਲ ਮੈਨੇਜਰ,
ਭਾਰਤ ਜੀਵਨ ਬੀਮਾ ਨਿਗਮ,
ਬਰਨਾਲਾ
ਵਿਸ਼ਾ : ਭਾਰਤ ਜੀਵਨ ਬੀਮਾ ਨਿਗਮ ‘ਚ ਬੀਮਾ ਏਜੰਟ ਬਣਨ ਸੰਬੰਧੀ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਮੈਂ ਸਾਲ 20…. ਵਿੱਚ 65% ਨੰਬਰ ਪ੍ਰਾਪਤ ਕਰਕੇ ਬੀ.ਏ. ਪਾਸ ਕੀਤੀ ਸੀ। ਇਸ ਉਪਰੰਤ ਮੈਂ ਆਪਣੇ ਪਿੰਡ ਵਿੱਚ ਹੀ ਖਾਦ ਤੇ ਕੀੜੇਮਾਰ ਦਵਾਈਆਂ ਦੀ ਦੁਕਾਨ ਖੋਲ੍ਹ ਲਈ ਸੀ। ਮੇਰੇ ਕੋਲ੍ਹ ਆਪਣੇ ਕੰਮਕਾਰ ਤੋਂ ਇਲਾਵਾ ਕਾਫ਼ੀ ਸਮਾਂ ਵਿਹਲਾ ਹੁੰਦਾ ਹੈ, ਕਦੇ-ਕਦੇ ਬਿਲਕੁਲ ਹੀ ਵਿਹਲੇ ਰਹਿਣਾ ਪੈਂਦਾ ਹੈ। ਕਿਉਂਕਿ ਇਹ ਕੰਮ ਖੇਤੀਬਾੜੀ ਨਾਲ ਜੁੜਿਆ ਹੋਣ ਕਾਰਨ ਮੇਰੇ ਇਲਾਕੇ ਦੇ ਕਿਸਾਨਾਂ ਤੇ ਹੋਰ ਲੋਕਾਂ ਨਾਲ ਨੇੜਲੇ ਸੰਬੰਧ ਹਨ। ਮੈਨੂੰ ਪਤਾ ਹੈ ਕਿ ਪਿੰਡਾਂ ਵਿੱਚ ਲੋਕਾਂ ਨੂੰ ਬੀਮਾ ਕਰਵਾਉਣ ਦੇ ਲਾਭਾਂ ਬਾਰੇ ਬਹੁਤਾ ਗਿਆਨ ਵੀ ਨਹੀਂ ਹੈ।
ਸੋ ਮੈਂ ਆਪ ਜੀ ਦੇ ਨਿਗਮ ਵਿੱਚ ਬਤੌਰ ਏਜੰਟ ਕੰਮ ਕਰਨਾ ਚਾਹੁੰਦਾ ਹਾਂ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਆਪਣਾ ਇਹ ਕੰਮ ਦਿਲ ਲਾ ਕੇ ਕਰਾਂਗਾ ਅਤੇ ਨਿਗਮ ਵੱਲੋਂ ਦਿੱਤੇ ਟੀਚਿਆਂ ਨੂੰ ਸਮੇਂ ਸਿਰ ਪੂਰਿਆਂ ਕਰਨ ਦਾ ਪੂਰਾ ਯਤਨ ਕਰਾਂਗਾ।
ਇਸ ਲਈ ਮੈਂ ਤੁਹਾਡਾ ਸ਼ੁਕਰਗੁਜ਼ਾਰ ਹੋਵਾਂਗਾ। ਸੋ ਕਿਰਪਾ ਕਰਕੇ ਮੈਨੂੰ ਏਜੰਟ ਬਣਨ ਲਈ ਲੋੜੀਂਦੀਆਂ ਸ਼ਰਤਾਂ ਤੇ ਹੋਰ ਨਿਯਮਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਜਾਵੇ।
ਧੰਨਵਾਦ ਸਹਿਤ,
ਤੁਹਾਡਾ ਵਿਸ਼ਵਾਸਪਾਤਰ,
ਹਰਭਜਨ ਸਿੰਘ।