ਸਿਹਤ ਵਿਭਾਗ ਦੇ ਡਾਇਰੈਕਟਰ ਨੂੰ ਡਿਸਪੈਂਸਰੀ ਜਾਂ ਮੁੱਢਲਾ ਸਿਹਤ ਕੇਂਦਰ ਖੋਲ੍ਹਣ ਲਈ ਪੱਤਰ ਲਿਖੋ ।
ਮਿਤੀ ..
ਸੇਵਾ ਵਿਖੇ,
ਮਾਨ ਨਿਰਦੇਸ਼ਕ (ਡਾਇਰੈਕਟਰ) ਜੀ
ਸਿਹਤ ਵਿਭਾਗ ਪੰਜਾਬ
ਚੰਡੀਗੜ੍ਹ।
ਸ੍ਰੀਮਾਨ ਜੀ,
ਵਿਸ਼ਾ– ਮੁੱਢਲਾ ਸਿਹਤ ਕੇਂਦਰ ਖੋਲ੍ਹਣ ਦੇ ਬਾਰੇ ਵਿੱਚ
ਨਿਮਰਤਾ ਸਹਿਤ ਬੇਨਤੀ ਇਹ ਹੈ ਕਿ ਮੈਂ ਪਿੰਡ ਮੌਲੀ, ਜ਼ਿਲ੍ਹਾ ਮੋਹਾਲੀ (ਐਸ. ਏ. ਐਸ. ਨਗਰ) ਦਾ ਨਿਵਾਸੀ ਹਾਂ। ਸਾਡੇ ਪਿੰਡ ਦੇ ਨੇੜੇ-ਨੇੜੇ ਲਗਭਗ 15 ਕਿਲੋਮੀਟਰ ਦੇ ਘੇਰੇ ਵਿੱਚ ਕੋਈ ਮੁੱਢਲਾ ਸਿਹਤ ਕੇਂਦਰ ਨਹੀਂ ਹੈ। ਜੇ ਰੱਬ ਨਾ ਕਰੇ ਸਾਡੇ ਵਿੱਚੋਂ ਕਿਸੇ ਨੂੰ ਵੀ ਰਾਤ ਨੂੰ ਮੁਸ਼ਕਲ ਆ ਜਾਵੇ ਤਾਂ ਸਾਨੂੰ 6 ਫੇਜ਼ ਮੋਹਾਲੀ ਦੇ ਹਸਪਤਾਲ ਭੱਜਣਾ ਪੈਂਦਾ ਹੈ। ਕਈ ਵਾਰੀ ਤਾਂ ਰਾਤ ਨੂੰ ਕਾਰ ਦਾ ਇੰਤਜ਼ਾਮ ਨਾ ਹੋਣ ਕਰਕੇ ਰੋਗੀ ਦਮ ਵੀ ਤੋੜ ਦਿੰਦੇ ਹਨ। ਪਿੰਡ ਦੇ ਸਭ ਲੋਕਾਂ ਕੋਲ ਕਾਰਾਂ ਗੱਡੀਆਂ ਨਹੀਂ ਹਨ ਜਦੋਂ ਤੱਕ ਉਹ ਕਿਸੇ ਦੇ ਘਰ ਜਾ ਕੇ ਮਰੀਜ਼ ਨੂੰ ਕਾਰ ਤੇ ਲੈ ਕੇ ਜਾਣ
ਲਈ ਕਹਿੰਦੇ ਹਨ ਤਾਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਤੇ ਤੁਸੀ ਜਾਣਦੇ ਹੀ ਹੋ ਰਾਤ ਨੂੰ ਆਵਾਜਾਈ ਦੀਆਂ ਕੋਈ ਸਹੂਲਤਾਂ ਨਹੀਂ ਹੁੰਦੀਆਂ। ਕਈ ਵਾਰ ਇੱਧਰ-ਉੱਧਰ ਹੱਥ-ਪੈਰ ਮਾਰਦੇ ਰਹਿਣ ਕਰਕੇ ਰੋਗੀ ਰਸਤੇ ਵਿੱਚ ਹੀ ਸਾਹ ਪੂਰੇ ਕਰ ਲੈਂਦਾ ਹੈ।
ਜਦੋਂ ਕਦੀ ਕੋਈ ਛੂਤ ਦੀ ਬੀਮਾਰੀ ਫੈਲ ਜਾਂਦੀ ਹੈ ਤਾਂ ਗਰੀਬ ਪੇਂਡੂਆਂ ਦੀ | ਹਾਲਤ ਤਰਸਯੋਗ ਹੋ ਜਾਂਦੀ ਹੈ। ਉਹ ਇੰਨੀ ਦੂਰ ਜਾਣ ਲਈ ਪੈਸੇ ਖ਼ਰਚ ਨਹੀਂ ਕਰ ਸਕਦੇ ਤੇ ਨੇੜੇ ਹਕੀਮਾਂ ਕੋਲ ਹੀ ਦਵਾਈਆਂ ਲੈ ਲੈਂਦੇ ਹਨ। ਨਤੀਜੇ ਵਜੋਂ ਜਲਦੀ ਹੀ ਮੌਤ ਉਹਨਾਂ ਨੂੰ ਆ ਘੇਰਦੀ ਹੈ।
ਸਾਡੇ ਪਿੰਡ ਦੇ ਆਲੇ-ਦੁਆਲੇ ਦੇ 10-12 ਸੱਜਣ, ਜੋ ਸਰਦੇ-ਪੁੱਜਦੇ ਹਨ, ਧਨ ਅਤੇ ਜ਼ਮੀਨ ਰਾਹੀਂ ਸਹਾਇਤਾ ਕਰ ਕੇ ਇਮਾਰਤ ਬਣਾਉਣ ਲਈ ਵੀ ਤਿਆਰ ਹਨ। ਹੁਣ ਤੁਹਾਡੇ ਸਹਿਯੋਗ ਦੀ ਲੋੜ ਹੈ। ਜੇ ਸਿਹਤ ਵਿਭਾਗ ਇਸ ਕੰਮ ਲਈ ਲੋਂੜੀਦੇ ਕਦਮ ਚੁੱਕੇ ਤਾਂ ਪਿੰਡ ਵਾਸੀਆਂ ਦਾ
ਭਲਾ ਹੋ ਸਕਦਾ ਹੈ। ਮੈਨੂੰ ਪੂਰੀ ਆਸ ਹੈ ਕਿ ਤੁਸੀਂ ਇਸ ਜ਼ਾਇਜ਼ ਮੰਗ ਨੂੰ ਸਵੀਕਾਰ ਕਰੋਗੇ ਤੇ ਪੇਂਡੂ ਲੋਕਾਂ ਨਾਲ ਹਮਦਰਦੀ ਜਿਤਾਉਂਦੇ ਹੋਏ ਜਲਦੀ ਹੀ ਯੋਗ ਕਾਰਵਾਈ ਕਰੋਗੇ।
ਧੰਨਵਦਾ ਸਹਿਤ
ਆਪ ਜੀ ਦਾ ਸ਼ੁਭ ਚਿੰਤਕ
ਹਰਨਾਮ ਸਿੰਘ
ਸਰਪੰਚ
ਪਿੰਡ ਮੌਲੀ, ਮੋਹਾਲੀ।