ਮਿੱਤਰ ਨੂੰ ਇਕ ਚਿੱਠੀ ਰਾਹੀਂ ਉਸਦਾ ਹਾਲ ਲਿਖਦੇ ਹੋਏ ਦੱਸੋ ਕਿ ਤੁਹਾਨੂੰ ਵਿਆਹ ਦੀਆਂ ਕਿਹੜੀਆਂ ਰਸਮਾਂ ਚੰਗੀਆਂ ਲੱਗੀਆਂ ਹਨ ਅਤੇ ਕਿਹੜੀਆਂ ਨਹੀਂ।
ਪਿੰਡ ਤੇ ਡਾਕਖਾਨਾ ਕਰਤਾਰਪੁਰ,
ਜ਼ਿਲ੍ਹਾ ਜਲੰਧਰ।
21 ਜਨਵਰੀ, 20…..
ਪਿਆਰੇ ਮਨਜੀਤ,
ਮੈਂ ਤੈਨੂੰ ਕਈ ਦਿਨਾਂ ਤੋਂ ਚਿੱਠੀ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪਿਛਲੇ ਦਿਨੀਂ ਮੇਰੇ ਚਾਚਾ ਜੀ ਦੀ ਲੜਕੀ ਗੀਤਾ ਦਾ ਵਿਆਹ ਸੀ। ਮੈਂ ਤੈਨੂੰ ਇਸ ਵਿਆਹ ਬਾਰੇ ਦੱਸ ਰਿਹਾ ਹਾਂ।
ਬਰਾਤ ਦੀ ਚੰਗੀ ਗੱਲ ਇਹ ਸੀ ਕਿ ਉਹ ਸਮੇਂ ਸਿਰ ਪਹੁੰਚ ਗਈ ਅਤੇ ਬੰਦੇ ਬਹੁਤ ਥੋੜੇ ਸਨ। ਸਭ ਤੋਂ ਪਹਿਲਾਂ ਮੁੰਡੇ ਅਤੇ ਕੁੜੀ ਵਾਲਿਆਂ ਦੀ ਮਿਲਣੀ ਹੋਈ। ਇਹ ਮਿਲਣੀ ਬਹੁਤ ਸਾਧਾਰਨ ਸੀ। ਲੜਕੇ ਵਾਲਿਆਂ ਵੱਲੋਂ ਕੋਈ ਵਾਜਾ ਨਹੀਂ ਲਿਆਂਦਾ ਗਿਆ ਸੀ। ਲੜਕੀ ਵਾਲਿਆਂ ਨੇ ਵੀ ਕੋਈ ਗਾਣੇ ਵਗੈਰਾ ਨਹੀਂ ਲਾਏ ਸਨ। ਆਮ ਵਿਆਹਾਂ ਨਾਲੋਂ ਮੈਨੂੰ ਇਹ ਗੱਲ ਬਹੁਤ ਚੰਗੀ ਲੱਗੀ ਕਿਉਂਕਿ ਆਮ ਵਿਆਹਾਂ ਵਿਚ ਤਾਂ ਗਾਣੇ ਇੰਨੀ ਉੱਚੀ ਆਵਾਜ਼ ਵਿਚ ਲਾਉਂਦੇ ਹਨ ਕਿ ਕੁਝ ਵੀ ਸੁਣਾਈ ਨਹੀਂ ਦਿੰਦਾ ਅਤੇ ਬੜੀ ਬੇਚੈਨੀ ਹੁੰਦੀ ਹੈ।
ਬਰਾਤ ਥੋੜੀ ਹੋਣ ਕਾਰਨ ਬਰਾਤੀਆਂ ਦੀ ਚੰਗੀ ਤਰ੍ਹਾਂ ਸੇਵਾ ਕੀਤੀ ਗਈ। ਚਾਹ ਪਾਣੀ ਦਾ ਵੀ ਪ੍ਰਬੰਧ ਬਹੁਤ ਚੰਗਾ ਸੀ। ਲਾੜੇ ਨੇ ਪਹਿਲਾਂ ਹੀ ਦਾਜ ਲੈਣ ਤੋਂ ਨਾਂਹ ਕਰ ਦਿੱਤੀ ਸੀ। ਸਾਰੇ ਪਿੰਡ ਵਾਲਿਆਂ ਨੇ ਲਾੜੇ ਦੀ ਦਾਜ ਨਾ ਲੈਣ ਵਾਲੀ ਗੱਲ ਨੂੰ ਬੜਾ ਚੰਗਾ ਸਮਝਿਆ ਇਹ ਗੱਲ ਹੈ ਵੀ ਠੀਕ। ਵਿਆਹ ਦੋ ਰੂਹਾਂ ਦਾ ਮਿਲਣ ਹੈ। ਇਸ ਵਿਚ ਦਾਜ-ਦਹੇਜ ਦਾ ਰੇੜਕਾ ਕਿਉਂ ਪਾਇਆ ਜਾਵੇ। ਕੁਝ ਬਰਾਤੀਆਂ ਨੇ ਸ਼ਰਾਬ ਪੀ ਕੇ ਕੁਝ ਖਰਮਸਤੀਆਂ ਕੀਤੀਆਂ। ਇਹ ਗੱਲ ਕਿਸੇ ਨੂੰ ਵੀ ਪਸੰਦ ਨਹੀਂ ਆਈ। ਹਾਲਾਤ ਖਰਾਬ ਹੋਣ ਕਾਰਨ ਬਾਰਾਤ ਸਮੇਂ ਸਿਰ ਹੀ ਤੋਰ ਦਿੱਤੀ ਗਈ ਅਤੇ ਮੈਂ ਵੀ ਵਾਪਸ ਪਰਤ ਆਇਆ। ਇਹ ਵਿਆਹ ਬਹੁਤ ਚੰਗੇ ਢੰਗ ਨਾਲ ਨੇਪਰੇ ਚੜਿਆ।
ਬਾਕੀ ਗੱਲਾਂ ਤੁਹਾਨੂੰ ਮਿਲਣ ਤੇ ਕਰਾਂਗਾ।
ਤੇਰਾ ਪਿਆਰਾ ਮਿੱਤਰ ,
ਗੁਲਸ਼ਨ।