ਕਾਲਜ ਵਿੱਚ ਮੇਰਾ ਪਹਿਲਾ ਦਿਨ
College vich mera Pahila Din
ਬਾਰਵੀ ਦੀ ਪੜ੍ਹਾਈ ਖ਼ਤਮ ਹੁੰਦਿਆਂ ਹੀ ਕਾਲਜ ਜਾਣ ਦਾ ਦਿਨ ਆ ਜਾਂਦਾ ਹੈ। ਇਸ ਦਿਨ ਦੀ ਸਭ ਬੇਸਬਰੀ ਨਾਲ ਉਡੀਕ ਕਰਦੇ ਹਨ। ਵਿਦਿਆਰਥੀ ਲਈ ਕਾਲਜ ਵਿੱਚ ਪਹਿਲੇ ਦਿਨ ਦਾ ਅਨੁਭਵ ਬੜੀ ਅਜੀਬ ਹੁੰਦਾ ਹੈ। ਕਾਲਜ ਵਿੱਚ ਜਾਣ ਦੀ ਤਾਂਘ ਵੀ ਹੁੰਦੀ ਹੈ ਤੇ ਡਰ ਵੀ ਹੁੰਦਾ ਹੈ। ਮੈਂ ਵੀ ਚੰਡੀਗੜ੍ਹ ਦੇ ਐਸ. ਡੀ. ਕਾਲਜ ਵਿੱਚ ਬੀ. ਕਾਮ ਵਿੱਚ ਦਾਖਲਾ ਲਿਆ। ਮੈਂ ਤੇ ਮੇਰੇ ਮੰਮੀ ਬਹੁਤ ਖੁਸ਼ ਸੀ ਕਿ ਇਸ ਕਾਲਜ ਵਿੱਚ ਚੰਗੇ ਵਿਦਿਆਰਥੀਆਂ ਨੂੰ ਹੀ ਦਾਖ਼ਲਾ ਮਿਲਦਾ ਹੈ। 20 ਜੁਲਾਈ ਨੂੰ ਮੇਰਾ ਕਾਲਜ ਦਾ ਪਹਿਲਾ ਦਿਨ ਸੀ। ਸਾਨੂੰ ਸਭ ਨੂੰ 8.30 ਤੇ ਪਹੁੰਚਣ ਦੀ ਹਦਾਇਤ ਦਿੱਤੀ ਗਈ ਸੀ । ਮੈਂ 8.10 ਤੇ ਹੀ ਕਾਲਜ ਪਹੁੰਚ ਗਈ ਪਰ ਉੱਥੇ ਇੱਕ ਵੀ ਵਿਦਿਆਰਥੀ ਨਹੀਂ ਸੀ। ਜਿਵੇਂ ਹੀ 8.20 ਹੋਏ ਵਿਦਿਆਰਥੀ ਤੇ ਵਿਦਿਆਰਥਣਾ ਪਹੁੰਚਣੇ ਸ਼ੁਰੂ ਹੋ ਗਏ। ਉਹਨਾਂ ਵਿੱਚੋਂ ਕੁੱਝ ਮੇਰੇ ਜਾਣਕਾਰ ਵੀ ਸਨ। ਉਹਨਾਂ ਨੂੰ ਦੇਖ ਕੇ ਮੈਨੂੰ ਤਸੱਲੀ ਹੋ ਗਈ ਕਿ ਮੈਂ ਇਕੱਲੀ ਨਹੀਂ ਹਾਂ। ਕਾਲਜ ਵਿੱਚ ਸਹਿ-ਵਿੱਦਿਆ ਹੋਣ ਕਰਕੇ ਮੈਨੂੰ ਡਰ ਲੱਗ ਰਿਹਾ ਸੀ ਕਿਉਂਕਿ ਮੈਂ ਸ਼ੁਰੂ ਤੋਂ ਹੀ ਗਰਲਜ਼ ਸਕੂਲ ਵਿੱਚ ਪੜ੍ਹਾਈ ਕੀਤੀ ਸੀ। ਸਾਰੇ ਵਿਦਿਆਰਥੀਆ ਤੇ ਵਿਦਿਆਰਥਣਾਂ ਨੂੰ ਹਾਲ ਵਿੱਚ ਇਕੱਠੇ ਹੋਣ ਲਈ ਕਿਹਾ ਗਿਆ। ਅਸੀਂ ਸਾਰੇ ਹਾਲ ਵਿੱਚ ਲੱਗੀਆਂ ਕੁਰਸੀਆਂ ਤੇ ਬੈਠ ਗਏ। ਪਿੰਸੀਪਲ ਸਾਹਿਬ ਨੇ ਸਭ ਨੂੰ ਸੰਬੋਧਨ ਕੀਤਾ। ਉਹਨਾਂ ਨੇ ਆਪਣੇ ਭਾਸ਼ਨ ਵਿੱਚ ਸਾਨੂੰ ਉੱਚੀ-ਵਿੱਦਿਆ ਲਈ ਕਾਲਜ ਵਿੱਚ ਦਾਖਲੇ ਤੇ ਵਧਾਈ ਦਿੱਤੀ।ਉਹਨਾਂ ਨੇ ਸਾਨੂੰ ਕਾਲਜ ਦੇ ਨਿਯਮਾਂ ਤੋਂ ਜਾਣੂ ਕਰਵਾਇਆ ਤੇ ਅਨੁਸ਼ਾਸਨ ਪਾਲਣ ਕਰਨ ਦੀ ਸਿੱਖਿਆ ਦਿੱਤੀ। ਉਹਨਾਂ ਨੇ ਸਾਨੂੰ ਭਵਿੱਖ ਲਈ ਸ਼ੁਭ-ਕਾਮਨਾਵਾਂ ਦਿੱਤੀਆਂ ਤੇ ਜਮਾਤਾਂ ਵਿੱਚ ਜਾਣ ਲਈ ਕਿਹਾ। ਮੈਂ ਤੇ ਮੇਰੀਆਂ ਦੋ ਸਹੇਲੀਆਂ ਨੇ ਨੋਟਿਸ ਬੋਰਡ ਤੇ ਆਪਣਾ ਨਾਮ ਦੇਖੋ ਸਾਡਾ ਰੋਲ ਨੰਬਰ ਇੱਕੋ ਹੀ ਸੈਕਸ਼ਨ ਵਿੱਚ ਸੀ। ਸਾਨੂੰ 31 ਨੰਬਰ ਕਮਰ ਵਿੱਚ ਜਾਣ ਲਈ ਕਿਹਾ ਗਿਆ। ਇੰਨਾ ਵੱਡਾ ਕਾਲਜ ਸੀ ਕਿ ਸਾਨੂੰ ਆਪਣਾ ਕਮਰਾ ਹੀ ਨਹੀਂ ਮਿਲ ਰਿਹਾ ਸੀ। ਪੁੱਛਦੇ-ਪੁਛਾਉਂਦੇ ਅਸੀਂ 31 ਨੰਬਰ ਕਮਰੇ ਵਿੱਚ ਪੁੱਜ ਗਈਆਂ। ਉੱਥੇ ਸਾਨੂੰ ਟਾਈਮ ਟੇਬਲ ਲਿਖਵਾਇਆ ਗਿਆ ਤੇ ਕਿਤਾਬਾਂ ਸਬੰਧੀ ਸੂਚੀ ਦਿੱਤੀ ਗਈ। ਅਸੀਂ 10.30 ਤੇ ਵਿਹਲੇ ਹੋ ਗਏ ਅਸੀਂ ਘੁੰਮਕੇ ਸਾਰਾ ਕਾਲਜ ਦੇਖਿਆ।ਉਸ ਤੋਂ ਬਾਅਦ ਅਸੀਂ ਤਿੰਨੋਂ ਕੰਟੀਨ ਵਿੱਚ ਚ ਗਈਆਂ, ਉੱਥੇ ਸਾਨੂੰ ਇੱਕ ਪੁਰਾਣੀ ਸਹੇਲੀ ਮਿਲੀ। ਉਸ ਨੇ ਹੋਸਟਲ ਵਿੱਚ ਦਾਖਲਾ ਲਿਆ ਸੀ। ਅਸੀਂ ਸਾਰਿਆਂ ਨੇ ਸਮੋਸੇ ਖਾਧੇ ਤੇ ਚਾਹ ਪੀਤੀ। 12 ਵਜੇ ਮੈਂ ਘਰ ਵਾਪਸ ਆ ਗਈ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੈਂ ਇੱਕ ਨਵੀਂ ਮੰਜ਼ਿਲ ਤੇ ਕਦਮ ਰੱਖਿਆ ਹੈ। ਮੈਂ ਸੋਚਿਆ ਕਿ ਮੈਂ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਨੰਬਰ ਪ੍ਰਾਪਤ ਕਰਨੇ ਹਨ । ਹੁਣ ਮੈਨੂੰ ਕਾਲਜ ਜਾਂਦਿਆਂ 4 ਮਹੀਨੇ ਹੋਜੇ ਹਨ ਪਰ ਪਹਿਲੇ ਦਿਨ ਦੀ ਯਾਦ ਜਦੋਂ ਵੀ ਮਨ ਵਿੱਚ ਤਾਜ਼ਾ ਹੁੰਦੀ ਹੈ, ਇੱਕ ਹੁਲਾਰਾ ਜਿਹਾ ਦੋ ਜਾਂਦੀ ਹੈ।