Punjabi Essay on “Vidiyarthi te Fashion”, “ਵਿਦਿਆਰਥੀ ਤੇ ਫੈਸ਼ਨ”, Punjabi Essay for Class 10, Class 12 ,B.A Students and Competitive Examinations.

ਵਿਦਿਆਰਥੀ ਤੇ ਫੈਸ਼ਨ

Vidiyarthi te Fashion

ਰੂਪ-ਰੇਖਾ- ਭੂਮਿਕਾ, ਫੈਸ਼ਨ ਤੋਂ ਭਾਵ, ਵਪਾਰਕ ਅਦਾਰੇ ਤੇ ਦਰਜੀਆਂ  ਦਾ ਰੋਲ, ਫਿਲਮਾਂ ਦਾ ਤੇ ਟੀ. ਵੀ. ਦਾ ਪ੍ਰਭਾਵ, ਵਿਦਿਆਰਥੀ ਵਰਗ ਤੇ  ਹਮਲਾ, ਫੈਸ਼ਨ ਦਾ ਯੁੱਗ, ਕੁੜੀਆਂ ਦਾ ਫੈਸ਼ਨ ਵੱਲ ਖਿਚਾਓ, ਫੈਸ਼ਨ ਦੇ  ਨੁਕਸਾਨ, ਫਜ਼ੂਲ ਖਰਚੀ, ਆਚਰਨ ਉਸਾਰੀ ਲਈ ਹਾਨੀਕਾਰਕ, ਸਾਰ-ਅੰਸ਼

ਭੂਮਿਕਾ- ਅੱਜ ਦੇ ਵਿਦਿਆਰਥੀ (ਕੁੜੀਆਂ ਤੇ ਮੁੰਡੇ)- ਫੈਸ਼ਨ ਦੇ ਪੁਤਲੇ ਲੱਗਦੇ ਹਨ। ਉਹ ਪੜ੍ਹਾਈ ਦੀ ਥਾਂ ਫੈਸ਼ਨਾਂ ਤੇ ਜ਼ੋਰ ਦਿੰਦੇ ਹਨ। ਅੱਜ ਕਲ੍ਹ ਸਾਰੇ ਸੰਸਾਰ ਵਿੱਚ ਫੈਸ਼ਨਾਂ ਦਾ ਜ਼ੋਰ ਹੈ। ਦਿਨੋ-ਦਿਨ ਨਵੇਂ ਫੈਸ਼ਨ ਦੇਖਣ ਵਿੱਚ ਆਉਂਦੇ ਹਨ। ਥਾਂ-ਥਾਂ ਫੈਸ਼ਨ ਸ਼ੋ ਹੁੰਦੇ ਹਨ। ਫੈਸ਼ਨਾਂ ਵਿੱਚ ਵਾਧੇ ਦੀ ਚਾਲ ਸਮੇਂ ਨਾਲੋਂ ਵੀ ਵਧੇਰੇ ਤੇਜ਼ ਹੈ। ਭਾਰਤੀ ਲੋਕ ਫੈਸ਼ਨਾਂ ਵਿੱਚ ਪੱਛਮੀ ਦੇਸ਼ਾਂ ਦੀ ਨਕਲ ਕਰ ਰਹੇ ਹਨ। ਲੋਕ ਫੈਸ਼ਨ ਕਰਨ ਤੋਂ ਬਾਅਦ ਮਾਣ ਤੇ ਖੁਸ਼ੀ ਅਨੁਭਵ ਕਰਦੇ ਹਨ। ਅਮੀਰ ਲੋਕ ਹੀ ਨਹੀਂ, ਗਰੀਬ ਵੀ ਫੈਸ਼ਨ ਕਰਨ ਵਿੱਚ ਸ਼ਾਨ ਮਹਿਸੂਸ ਕਰਦੇ ਹਨ।

ਫੈਸ਼ਨ ਤੋਂ ਭਾਵ- ਰਹਿਣ-ਸਹਿਣ ਵਿੱਚ ਨਵਾਂ-ਪਨ ਤੇ ਪਹਿਰਾਵੇ ਦੀ ਬਾਹਰੀ ਖਿੱਚ ਨੂੰ ਫੈਸ਼ਨ ਕਿਹਾ ਜਾਂਦਾ ਹੈ। ਸਭ ਤੋਂ ਜ਼ਿਆਦਾ ਵਿਦਿਆਰਥੀਆਂ ਤੇ ਇਸ ਦਾ ਅਸਰ ਹੁੰਦਾ ਹੈ। ਵਿਦਿਆਰਥੀ ਫੈਸ਼ਨ ਵਿੱਚ ਮਗਨ ਹੋ ਗਏ ਹਨ ਤੇ ਆਪਣਾ ਵਜੂਦ ਭੁੱਲਦੇ ਜਾ ਰਹੇ ਹਨ। ਫੈਸ਼ਨ ਕਰਨ ਨਾਲ ਸੁੰਦਰਤਾ ਤੇ ਨਜ਼ਾਕਤ ਵਿੱਚ ਵਾਧਾ ਹੁੰਦਾ ਹੈ। ਵਿਦਿਆਰਥੀ ਕੱਪੜਿਆਂ ਤੇ ਫੈਸ਼ਨਾਂ ਦੀਆਂ ਹੋਰ ਚੀਜ਼ਾਂ ਨਾਲ ਦੂਸਰਿਆਂ ਤੇ ਪ੍ਰਭਾਵ ਪਾਉਣਾ ਚਾਹੁੰਦੇ ਹਨ। ਨੌਜੁਆਨ ਸੋਚਦੇ ਹਨ ਕਿ ਜੇ ਫੈਸ਼ਨ ਅਨੁਸਾਰ ਕੱਪੜੇ ਨਾ ਪਾਏ ਜਾਣ ਤਾਂ ਉਹਨਾਂ ਨੂੰ ਹਰ ਕੋਈ ਨੀਵਾਂ ਸਮਝੇਗਾ। ਇਸ ਲਈ ਉਹ ਆਪਣੇ ਆਪ ਨੂੰ ਵਿਸ਼ੇਸ਼ ਬਣਾ ਕੇ ਪੇਸ਼ ਕਰਨਾ ਚਾਹੁੰਦੇ ਹਨ। ਫੈਸ਼ਨ ਵਿਦਿਆਰਥੀਆਂ ਲਈ ਪਹਿਲਾ ਸਥਾਨ ਰੱਖਦਾ ਹੈ।

ਵਪਾਰਕ ਅਧਾਰੇ ਤੇ ਦਰਜ਼ੀਆਂ ਦਾ ਰੋਲ- ਭਾਰਤ ਵਿੱਚ ਥਾਂ-ਥਾਂ ਯੂਨੀਵਰਸਿਟੀਆਂ ਤੇ ਕਈ ਸੰਸਥਾਵਾਂ ਵੱਲੋਂ ਫੈਸ਼ਨ ਸਬੰਧੀ ਕੋਰਸ ਖੋਲੇ ਜਾ ਰਹੇ ਹਨ ਤੇ ਡਿਗਰੀਆਂ ਦਿੱਤੀਆਂ ਜਾ ਰਹੀਆਂ ਹਨ। ਥਾਂ-ਥਾਂ ‘ਤੇ ਬਿਊਟੀ ਪਾਰਲਰ ਖੁੱਲੇ ਹੋਏ ਹਨ। ਇਹਨਾਂ ਪਾਰਲਰਾਂ ਦੇ ਮਾਲਕ ਖੂਬ ਕਮਾਈ ਤਾਂ ਕਰ ਹੀ ਰਹੇ ਹਨ ਨਾਲ ਹੀ ਸਜਣ–ਫੱਬਣ ਦੇ ਤਰੀਕਿਆਂ ਰਾਹੀਂ ਫੈਸ਼ਨ ਪ੍ਰਚੱਲਤ ਕਰ ਰਹੇ ਹਨ। ਦਰਜੀ ਵੀ ਕੱਪੜਿਆਂ ਦੇ ਨਵੇਂ-ਨਵੇਂ ਡਿਜ਼ਾਈਨ ਕੱਢ ਕੇ ਫੈਸ਼ਨ ਨੂੰ ਵਧਾ ਰਹੇ ਹਨ। ਔਰਤਾਂ ਤੇ ਮਰਦ ਦੋਵੇਂ ਹੀ ਦਰਜੀਆਂ ਦੇ ਬਣਾਏ ਹੋਏ ਪ੍ਰਤੀਤ ਹੁੰਦੇ ਹਨ। ਉਹ ਦਰਜੀਆਂ ਕੋਲ ਜਾ ਕੇ ਮਨ ਮਰਜ਼ੀ ਦੇ ਡਿਜ਼ਾਈਨ ਤੇ ਰੰਗਾਂ ਦੇ ਸੂਟ ਸਿਲਵਾਉਂਦੇ ਹਨ।

ਫਿਲਮਾਂ ਦਾ ਤੇ ਟੀ.ਵੀ. ਦਾ ਪ੍ਰਭਾਵ- ਵਿਦਿਆਰਥੀਆਂ ਵਿੱਚ ਫੈਸ਼ਨ ਫੁੱਲਤ ਕਰਨ ਵਿੱਚ ਫ਼ਿਲਮਾਂ ਦਾ ਤੇ ਟੀ. ਵੀ. ਦਾ ਵੀ ਬਹੁਤ ਵੱਡਾ ਹੱਥ ਹੈ।ਉਹ ਫ਼ਿਲਮਾਂ ਤੇ ਟੀ. ਵੀ. ਦੇ ਪ੍ਰਭਾਵ ਤੋਂ ਫੈਸ਼ਨ ਵੱਲ ਪ੍ਰੇਰਿਤ ਹੋ ਜਾਂਦੇ ਹਨ, ਉਹ ਫਿਲਮਾਂ ਤੇ ਟੀ. ਵੀ. ਸਿਤਾਰਿਆਂ ਦੀ ਨਕਲ ਕਰਦੇ ਹਨ। ਉਹ ਇਹਨਾਂ ਨੂੰ ਆਪਣੇ ਜੀਵਨ ਦਾ ਆਦਰਸ਼ ਮੰਨਦੇ ਹਨ। ਉਹ ਉਹਨਾਂ ਰਾਹੀਂ ਪਹਿਨਣ ਵਾਲੇ ਹਰ ਕੱਪੜੇ ਵਰਗੇ ਕੱਪੜੇ ਬਣਵਾਉਣ ਦੀ ਕੋਸ਼ਿਸ਼ ਕਰਦੇ ਹਨ। ਲੜਕੇ ਫਿਲਮੀ ਸਿਤਾਰਿਆਂ ਵਰਗੇ ਹੇਅਰ ਕੱਟ ਦੀ ਕੋਸ਼ਸ਼ ਕਰਦੇ ਹਨ। ਅੱਜ ਕਲ ਜਿੰਨੇ ਵੀ ਸਜਣ ਫੁੱਬਣ ਦੇ ਫੈਸ਼ਨ ਪ੍ਰਚਲੱਤ ਹਨ ਉਹ ਫ਼ਿਲਮਾਂ ਦੀ ਹੀ ਦੇਣ ਹਨ।

ਵਿਦਿਆਰਥੀ ਵਰਗ ਤੇ ਹਮਲਾ- ਫੈਸ਼ਨਾਂ ਦਾ ਸਭ ਤੋਂ ਜ਼ਿਆਦਾ ਹਮਲਾ ਵਿਦਿਆਰਥੀ ਵਰਗ ਤੇ ਹੀ ਹੈ। ਵਿਦਿਆਰਥੀ ਆਪਣੇ ਮਾਂ-ਬਾਪ ਦੀਆਂ ਮੁਸ਼ਕਲਾਂ ਨੂੰ ਬੇ-ਧਿਆਨੇ ਕਰਦੇ ਹੋਏ ਆਪਣਾ ਕੀਮਤੀ ਸਮਾਂ ਤੇ ਪੈਸਾ ਆਪਣੇ-ਆਪ ਨੂੰ ਸਜਾਉਣ ਤੇ ਖ਼ਰਚ ਕਰਦੇ ਹਨ। ਉਹ ਪੜ੍ਹਾਈ ਵੱਲ ਧਿਆਨ ਨਾ ਦੇ ਕੇ ਆਪਣੇ ਆਪ ਨੂੰ ਆਕਰਸ਼ਿਤ ਬਣਾਉਣ ਬਾਰੇ ਸੋਚਦੇ ਰਹਿੰਦੇ ਹਨ। ਕਾਲਜ ਦੇ ਮੁੰਡੇ ਕੁੜੀਆਂ ਇੱਕ-ਦੂਜੇ ਨਾਲੋਂ ਸੁੰਦਰ ਤੇ ਕੀਮਤੀ ਕੱਪੜੇ ਪਾਉਣ ਦਾ ਮੁਕਾਬਲਾ ਕਰਨ ਵਿੱਚ ਲੱਗੇ ਰਹਿੰਦੇ ਹਨ। ਵਿਦਿਆਰਥੀਆਂ ਕੋਲ ਭਾਵੇਂ ਲਿਖਣ ਲਈ ਪੈਨ ਹੋਵੇ ਨਾ ਹੋਵੇ ਪਰ ਕੰਘੀ ਜ਼ਰੂਰ ਹੁੰਦੀ ਹੈ। ਵਿਦਿਆਰਥਣਾਂ ਦੇ ਪਰਸਾਂ ਵਿੱਚ ਲਿਪਸਟਿਕ ਜ਼ਰੂਰ ਹੁੰਦੀ ਹੈ। ਵਿਦਿਆਰਥੀ ਆਪਣੇ ਦਾੜੀ ਤੇ ਮੁੱਛਾਂ ਨੂੰ ਵੀ ਫੈਸ਼ਨ ਦੇ ਅਨੁਸਾਰ ਕਟਵਾਉਂਦੇ ਹਨ।

ਫੈਸ਼ਨ ਦਾ ਯੁੱਗ ਜਿਵੇਂ ਵਿਗਿਆਨ ਦਾ ਯੁੱਗ ਹੈ, ਉਸੇ ਤਰ੍ਹਾਂ ਹੀ ਫੈਸ਼ਨ ਦਾ ਵੀ ਯੁੱਗ ਹੈ। ਫੈਸ਼ਨਾਂ ਵਿੱਚ ਵੀ ਨਿੱਤ ਨਵਾਂ ਬਦਲਾਓ ਆਉਂਦਾ ਰਹਿੰਦਾ ਹੈ। ਵਿਦਿਆਰਥੀ ਵੱਖ-ਵੱਖ ਤਰ੍ਹਾਂ ਦੇ ਫੈਸ਼ਨਾਂ ਦੇ ਦੀਵਾਨੇ ਹੁੰਦੇ ਜਾ ਰਹੇ ਹਨ। ਅੱਜ ਕੱਲ੍ਹ ਕੁੜੀਆਂ ਤੇ ਮੁੰਡਿਆਂ ਨੇ ਇਕੋ ਜਿਹੇ ਕੱਪੜੇ ਪਾਏ ਹੁੰਦੇ ਹਨ ਕਿ ਪਹਿਚਾਣ ਕਰਨੀ ਵੀ ਔਖੀ ਹੋ ਜਾਂਦੀ ਹੈ। ਮੁੰਡੇ ਵੀ ਅੱਜ ਕੱਲ ਕੰਨ ਵਿੱਚ ਵਾਲੀ ਪਾਉਂਦੇ ਹਨ ਤੇ ਪਿੱਛੇ ਗੁੱਤ ਵੀ ਬਣਾਉਂਦੇ ਹਨ। ਫੈਸ਼ਨ ਸਾਡੀ ਸੁੰਦਰਤਾ ਵਿੱਚ ਵਾਧਾ ਜ਼ਰੂਰ ਕਰਦਾ ਹੈ ਪਰ ਇਸ ਤੇ ਇੰਨੇ ਜ਼ਿਆਦਾ ਨਿਰਭਰ ਨਹੀਂ ਹੋਣਾ ਚਾਹੀਦਾ ਕਿ ਅਸੀਂ ਆਪਣੀ ਸਾਦਗੀ ਭੁੱਲ ਹੀ ਜਾਈਏ।

ਕੁੜੀਆਂ ਦਾ ਫੈਸ਼ਨ ਵੱਲ ਖਿਚਾਓ- ਫੈਸ਼ਨ ਦੇ ਮਾਮਲੇ ਵਿੱਚ ਕੁੜੀਆਂਮੁੰਡਿਆਂ ਤੋਂ ਦੋ ਕਦਮ ਅੱਗੇ ਹੀ ਹਨ। ਉਹ ਆਪਣੀ ਗੱਲ-ਬਾਤ ਪਹਿਰਾਵੇ ਵਿੱਚ ਕਲਾਕਾਰਾਂ ਤੇ ਮਾਡਲਾਂ ਦੀ ਨਕਲ ਕਰਦੀਆਂ ਹਨ। ਕਈ ਵਿਦਿਆਰਥਣਾਂ ਤਾਂ ਇੰਨੇ ਤੰਗ ਕੱਪੜੇ ਪਾਉਂਦੀਆਂ ਹਨ, ਕਿ ਸ਼ਾਇਦ ਉਹਨਾਂ ਲਈ ਸਾਹ ਲੈਣਾ ਵੀ ਔਖਾ ਹੁੰਦਾ ਹੋਵੇਗਾ। ਦੁੱਪਟਾ ਲੈਣ ਦਾ ਫੈਸ਼ਨ ਤਾਂ ਅੱਜ ਕੱਲ ਹੈ ਹੀ ਨਹੀਂ ਹੈ। ਅੱਜ-ਕੱਲ ਕੁੜੀਆਂ ਜਿਆਦਾਤਰ ਜੀਨ ਪਾਉਂਦੀਆਂ ਹਨ। ਸੂਟ ਪਾਉਣਾ ਤਾਂ ਉਹਨਾਂ ਨੂੰ ਸ਼ਾਨ ਦੇ ਖ਼ਿਲਾਫ ਲੱਗਦਾ ਹੈ। ਕਈ ਵਾਰ ਉਹਨਾਂ ਦੇ ਸਰੀਰ ਦੇ ਕੁਝ ਹਿੱਸੇ ਜ਼ਰੂਰਤ ਤੋਂ ਜ਼ਿਆਦਾ ਨੰਗੇ ਹੁੰਦੇ ਹਨ। ਅੱਜ-ਕੱਲ੍ਹ ਵਾਲਾਂ ਨੂੰ ਰੰਗਣ ਦਾ ਰਿਵਾਜ ਵੀ ਕੁਝ ਜ਼ਿਆਦਾ ਵੱਧ ਗਿਆ ਹੈ। ਉਹ ਵਾਲਾਂ ਨੂੰ ਤਰ੍ਹਾਂ-ਤਰ੍ਹਾਂ ਦੇ ਰੰਗ ਕਰਾਉਂਦੀਆਂ ਹਨ। ਉਹ ਸ਼ਿੰਗਾਰ ਲਈ ਤਰ੍ਹਾਂ-ਤਰ੍ਹਾਂ ਦੇ ਸਮਾਨ ਵਰਤਦੀਆਂ ਹਨ। ਉਹ ਸੁੰਦਰ ਲੱਗਣ ਲਈ ਕਿਸੇ ਵੀ ਚੀਜ਼ ਦਾ ਇਸਤੇਮਾਲ ਕਰਨ ਤੋਂ ਗੁਰੇਜ ਨਹੀਂ ਕਰਦੀਆਂ। ਅਸਲ ਗੱਲ ਤਾਂ ਇਹ ਹੈ ਕਿ ਕੁੜੀਆਂ ਨੂੰ ਹੌਲੀ-ਹੌਲੀ ਵੱਡਿਆਂ ਦੀ ਸ਼ਰਮ ਖ਼ਤਮ ਹੁੰਦੀ ਜਾ ਰਹੀ ਹੈ।

ਫੈਸ਼ਨ ਦੇ ਨੁਕਸਾਨ- ਫੈਸ਼ਨ ਦੇ ਲਾਭ ਤਾਂ ਕੇਵਲ ਇਹੀ ਹਨ ਕਿ ਕੁੱਝ ਸਮੇਂ ਲਈ ਸੁੰਦਰਤਾ ਆ ਜਾਂਦੀ ਹੈ ਪਰ ਇਸ ਦੇ ਨੁਕਸਾਨ ਬਹੁਤ ਜ਼ਿਆਦਾ ਹਨ। ਸ਼ਿੰਗਾਰ ਦੀਆਂ ਬਨਾਵਟੀ ਚੀਜ਼ਾਂ ਵਰਤ ਕੇ ਕੁਦਰਤੀ ਸੁੰਦਰਤਾ ਖ਼ਤਮ ਹੋ ਜਾਂਦੀ ਹੈ। ਵਿਦਿਆਰਥੀ ਬਿਨਾਂ ਸੋਚੇ-ਸਮਝੇ ਫੈਸ਼ਨ ਕਰਦੇ ਹਨ। ਜਿਸ ਤਰ੍ਹਾਂ ਦੇ ਤੰਗ ਕੱਪੜੇ ਉਹ ਪਹਿਨਦੇ ਹਨ, ਕਈ ਵਾਰ ਉਹਨਾਂ ਨਾਲ ਸਰੀਰ ਵਿੱਚ ਲਹੂ ਦੇ ਦੌਰੇ ਨੂੰ ਨੁਕਸਾਨ ਪਹੁੰਚਦਾ ਹੈ। ਬਹੁਤ ਜ਼ਿਆਦਾ ਫੈਸ਼ਨਾਂ ਨਾਲ ਮੁੰਡੇ-ਕੁੜੀਆਂ ਇੱਕਦੂਜੇ ਦੀ ਕਾਮ-ਹਵਸ ਦੇ ਸ਼ਿਕਾਰ ਬਣ ਕੇ ਜੀਵਨ ਦੇ ਸਹੀ ਮਾਰਗ ਤੋਂ ਭਟਕ ਜਾਂਦੇ ਹਨ।

 

ਫਜੂਲ ਖ਼ਰਚੀ-ਫੈਸ਼ਨ ਕਰਨ ਨਾਲ ਫਜ਼ੂਲ ਖ਼ਰਚੀ ਵੀ ਬਹੁਤ ਹੁੰਦੀ ਹੈ। ਮੁੰਡੇ-ਕੁੜੀਆਂ ਇੱਕ-ਦੂਜੇ ਨੂੰ ਦਿਖਾਉਣ ਲਈ ਵੱਧ ਤੋਂ ਵੱਧ ਮਹਿੰਗੀਆਂ ਸ਼ਿੰਗਾਰ ਦੀਆਂ ਚੀਜ਼ਾਂ ਤੇ ਕੱਪੜਿਆਂ ਦੀ ਵਰਤੋਂ ਕਰਦੇ ਹਨ। ਅੱਜ ਕੱਲ੍ਹ ਦੇ ਵਿਦਿਆਰਥੀ ਆਪਣੀ ਖੁਰਾਕ ਤੇ ਧਿਆਨ ਨਹੀਂ ਦਿੰਦੇ ਤੇ ਪਤਲੇ ਰਹਿਣ ਲਈ ਢੰਗ ਦਾ ਭੋਜਨ ਨਹੀਂ ਖਾਂਦੇ ਪਰ ਫੈਸ਼ਨ ਤੇ ਪੈਸੇ ਖ਼ਰਚ ਕਰਨ ਤੋਂ ਸੰਕੋਚ ਨਹੀਂ ਕਰਦੇ। ਉਹਨਾਂ ਨੂੰ ਇਸ ਗੱਲ ਦੀ ਵੀ ਸਮਝ ਹੋਣੀ ਚਾਹੀਦੀ ਹੈ ਕਿ ਕੱਪੜਾ ਪਾਇਆ ਵੀ ਤਾਂ ਹੀ ਫੱਬਦਾ ਹੈ ਜੇ ਸਰੀਰ ਸਿਹਤਮੰਦ ਹੋਵੇ।

ਆਚਰਨ ਉਸਾਰੀ ਲਈ ਹਾਨੀਕਾਰਕ- ਫੈਸ਼ਨਾਂ ਨਾਲ ਫੋਕਾ ਘਮੰਡ ਪੈਦਾ ਹੋ ਜਾਂਦਾ ਹੈ ਜੋ ਵਿਦਿਆਰਥੀਆਂ ਦੇ ਭਵਿੱਖ ਤੇ ਆਚਰਨ ਦੀ ਉਸਾਰੀ ਲਈ ਨੁਕਸਾਨਦਾਇਕ ਹੁੰਦਾ ਹੈ। ਕੁੜੀਆਂ-ਮੁੰਡੇ ਕਿਸੇ ਸਮਾਰੋਹ ਤੇ ਜਾਂਦੇ ਹਨ ਤਾਂ ਸ਼ਰਾਬ ਵੀ ਪੀ ਲੈਂਦੇ ਹਨ। ਉਹ ਭੁੱਲ ਜਾਂਦੇ ਹਨ ਕਿ ਇਸ ਤਰ੍ਹਾਂ ਉਹਨਾਂ ਦੀ ਤਾਂ ਬੇਇੱਜ਼ਤੀ ਹੁੰਦੀ ਹੀ ਹੈ ਪਰ ਉਹਨਾਂ ਦੇ ਮਾਂ-ਬਾਪ ਦੀ ਕਮਾਈ ਹੋਈ ਇੱਜ਼ਤ ਪਲਾਂ ਵਿੱਚ ਹੀ ਖ਼ਤਮ ਹੋ ਜਾਂਦੀ ਹੈ।

ਸਾਰ-ਅੰਸ਼- ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਸਰੀਰਕ ਪਹਿਰਾਵਾ ਜ਼ਰੂਰੀ ਅੰਗ ਹੈ ਪਰ ਉਹ ਸਾਦੇ ਢੰਗ ਦਾ ਵੀ ਪਹਿਨਿਆ ਜਾ ਸਕਦਾ ਹੈ। ਫੈਸ਼ਨ ਨਾਲ ਕਰੂਪਤਾ ਤਾਂ ਛੱਪ ਸਕਦੀ ਹੈ ਪਰ ਫੈਸ਼ਨ ਦੇ ਮਾੜੇ ਪ੍ਰਭਾਵ ਵਿਦਿਆਰਥੀਆ ਦੇ ਆਚਰਨ ਤੇ ਬੁਰਾ ਅਸਰ ਕਰਦੇ ਹਨ। ਚੰਗਾ ਪਹਿਰਾਵਾ ਸਾਡੇ ਸੱਭਿਆਚਾਰ ਤੇ ਆਚਰਨ ਦਾ ਪ੍ਰਤੀਕ ਹੁੰਦਾ ਹੈ ਪਰ ਇਸ ਵਿੱਚ ਦਿਖਾਵਾ ਤੇ ਫਜ਼ੂਲ ਖ਼ਰਚੀ ਨਹੀਂ ਹੋਣੀ ਚਾਹੀਦੀ। ਸਾਨੂੰ ਅੰਨੇਵਾਹ ਫੈਸ਼ਨ-ਸ਼ਤ ਨਹੀਂ ਬਣਨਾ ਚਾਹੀਦਾ। ਹਮੇਸ਼ਾ ਸਾਦਗੀ ਨੂੰ ਅਪਨਾਉਣਾ ਚਾਹੀਦਾ ਹੈ। ਸਾਨੂੰ ਆਪਣੇ ਬੱਚਿਆਂ ਨੂੰ ਸਾਦਾ ਜੀਵਨ ਤੇ ਉੱਚ ਵਿਚਾਰ ਦਾ ਗਿਆਨ ਦੇਣਾ ਚਾਹੀਦਾ ਹੈ। ਇਸੇ ਵਿੱਚ ਹੀ ਸਾਡਾ ਤੇ ਸਾਡੇ ਬੱਚਿਆਂ ਦਾ ਭਲਾ ਹੈ। ਇਸ ਵਿੱਚ ਸਮਾਜ ਦੇ ਦੇਸ਼ ਦੀ ਵੀ ਭਲਾਈ ਹੈ।

Leave a Reply