ਗਰਮੀਆਂ ਵਿੱਚ ਬੱਸ ਦੀ ਯਾਤਰਾ
Garmiyan vich Bus di Yatra
ਰੂਪ-ਰੇਖਾ- ਜਾਣ-ਪਛਾਣ, ਜੂਨ ਦਾ ਮਹੀਨਾ, ਬੱਸ ਸਟੈਂਡ ਦਾ ਨਜ਼ਾਰਾ, ਬੱਸ ਵਿੱਚ ਸਵਾਰ ਹੋਣਾ, ਸਫ਼ਰ ਦੀ ਹਾਲਤ, ਸਫ਼ਰ ਦਾ ਅੰਤ, ਸਾਰ-ਅੰਸ਼
ਜਾਣ-ਪਛਾਣ- ਆਧੁਨਿਕ ਯੁੱਗ ਵਿਗਿਆਨ ਦਾ ਯੁੱਗ ਹੈ। ਅੱਜ ਅਸੀਂ ਦਿਨਾਂ ਦਾ ਸਫ਼ਰ ਘੰਟਿਆਂ ਵਿੱਚ ਤਹਿ ਕਰ ਲੈਂਦੇ ਹਾਂ ਪਰ ਸਫ਼ਰ ਤਾਂ ਸਫ਼ਰ ਹੀ ਹੈ। ਜਾਣ ਤੋਂ ਪਹਿਲੇ ਵੀ ਤਿਆਰੀ ਕਰਨੀ ਪੈਂਦੀ ਹੈ ਤੇ ਰਸਤੇ ਵਿੱਚ ਵੀ ਕਈ . ਮੁਸ਼ਕਲਾਂ ਆਉਂਦੀਆਂ ਹਨ। ਫਿਰ ਵੀ ਸਫ਼ਰ ਮਨੁੱਖ ਦੇ ਜੀਵਨ ਦਾ ਅਟੁੱਟ ਅੰਗ ਹਨ। ਮੇਰਾ ਇਹ ਸਫ਼ਰ ਵੀ ਦੱਸਣਯੋਗ ਹੈ।
ਜੂਨ ਦਾ ਮਹੀਨਾ- ਪਿਛਲੇ ਸਾਲ ਜੂਨ ਦੇ ਮਹੀਨੇ ਮੈਨੂੰ ਇੰਟਰਵਿਊ ਲਈ । ਦਿੱਲੀ ਜਾਣਾ ਪਿਆ। ਚੰਡੀਗੜ ਤੋਂ ਦਿੱਲੀ ਤੱਕ ਬੱਸ ਰਾਹੀਂ ਤਕਰੀਬਨ 5-6 . ਘੰਟੇ ਲੱਗ ਜਾਂਦੇ ਹਨ। ਮੇਰਾ ਇੰਟਰਵਿਊ ਸਵੇਰ ਦੇ 8 ਵਜੇ ਸੀ ਤਾਂ ਮੈਂ ਸੋਚਿਆ ਕਿ ਮੈਨੂੰ ਇੱਕ ਦਿਨ ਪਹਿਲਾ ਹੀ ਜਾਣਾ ਚਾਹੀਦਾ ਹੈ। ਮੈਂ ਇੱਕ ਦਿਨ ਪਹਿਲਾਂ ਦੁਪਹਿਰ 2 ਵਜੇ ਬੱਸ ਲੈਣੀ ਸੀ ਉਸ ਦਿਨ ਬੜੀ ਸਖ਼ਤ ਗਰਮੀ ਸੀ। ਇੰਨੇ ਲੰਮੇ ਸਫ਼ਰ ਬਾਰੇ ਸੋਚ ਕੇ ਹੀ ਮੈਨੂੰ ਘਬਰਾਹਟ ਹੋ ਰਹੀ ਸੀ ਪਰ ਮੈਂ 1-30 ਤੇ ਬੱਸ ਸਟੈਂਡ ਪਹੁੰਚ ਗਿਆ। ।
ਬੱਸ ਸਟੈਂਡ ਦਾ ਨਜ਼ਾਰਾ- ਮੈਂ ਆਟੋ ਰਿਕਸ਼ਾ ਰਾਹੀਂ ਬੱਸ ਸਟੈਂਡ ਤੇ ਪਹੁੰਚਿਆ। ਇੰਨੀ ਗਰਮੀ ਵਿੱਚ ਵੀ ਬੱਸ ਸਟੈਂਡ ਤੇ ਕਈ ਲੋਕ ਸਨ। ਕੁੱਝ ਲੋਕ ਪੱਖਿਆਂ ਹੇਠ ਬੈਠੇ ਸਨ। ਕੁੱਝ ਗਰਮੀ ਤੋਂ ਬਚਣ ਲਈ ਅਖ਼ਬਾਰਾਂ ਝੱਲ ਕੇ ਹਵਾ ਲੈਣ ਦੀ ਕੋਸ਼ਸ਼ ਕਰ ਰਹੇ ਸਨ। ਇੱਕ ਔਰਤ ਨਾਲ ਦੋ ਛੋਟੇ ਬੱਚੇ ਸਨ। ਇੱਕ ਬੱਚਾ ਤਾਂ ਲਗਾਤਾਰ ਗਰਮੀ ਕਰਕੇ ਰੋਈ ਹੀ ਜਾ ਰਿਹਾ ਸੀ। ਹਰ ਇੱਕ ਦੇ ਹੱਥ ਵਿੱਚ ਠੰਢੇ ਪਾਣੀ ਦੀ ਬੋਤਲ ਫੜੀ ਹੋਈ ਸੀ। ਸੋਡਾ ਤੇ ਸ਼ਕੰਜਵੀ ਵੇਚਣ ਵਾਲੇ ਉੱਚੀ-ਉੱਚੀ ਹੋਕੇ ਦੇ । ਰਹੇ ਸਨ।
ਬੱਸ ਵਿੱਚ ਸਵਾਰ ਹੋਣਾ- ਕੰਡਕਟਰ ਉੱਚੀ-ਉੱਚੀ ਅਵਾਜਾਂ ਦੇ ਰਹੇ ਸਨ। ਮੈਂ ਵੀ ਕੰਡਕਟਰ ਕੋਲੋਂ ਟਿਕਟ ਲਈ ਤੇ ਬੱਸ ਵਿੱਚ ਸਵਾਰ ਹੋ ਗਿਆ । ਕੰਡਕਟਰ ਸਵਾਰੀਆਂ ਦੀ ਇੰਤਜ਼ਾਰ ਕਰ ਰਿਹਾ ਸੀ ਤੇ ਬੱਸ ਵਿੱਚ ਬੈਠੇ ਲੋਕ ਕਾਹਲੇ ਪੈ ਰਹੇ ਸਨ, ਪਰ ਉਸ ਨੂੰ ਕਿਸੇ ਦੀ ਗੱਲ ਦੀ ਕੋਈ ਪ੍ਰਵਾਹ ਨਹੀਂ ਸੀ, ਉਹ ਹੋਕੇ ਦੇਦੇ ਕੇ ਵੱਧ ਤੋਂ ਵੱਧ ਸਵਾਰੀਆਂ ਇਕੱਠੀਆਂ ਕਰਨਾ ਚਾਹੁੰਦਾ ਸੀ। ਅੰਤ 10 ਮਿੰਟ ਦੀ ਉਡੀਕ ਤੋਂ ਬਾਅਦ ਉਸ ਨੇ ਸੀਟੀ ਵਜਾਈ ਤੇ ਬੱਸ ਚਲ ਪਈ। ਬੱਸ ਚਲਣ ਨਾਲ ਥੋੜ੍ਹੀ ਹਵਾ ਆਉਣੀ ਸ਼ੁਰੂ ਹੋ ਗਈ।
ਸਫ਼ਰ ਦੀ ਹਾਲਤ- ਮੈਂ ਖਿੜਕੀ ਦੇ ਕੋਲ ਹੀ ਬੈਠਾ ਸੀ। ਤਕਰੀਬਨ ਇੱਕ ਘੰਟੇ ਬਾਅਦ ਬੱਸ ਅੰਬਾਲਾ ਪੁੱਜੀ। ਬੱਸ ਦੇ ਖੜ੍ਹੇ ਹੁੰਦਿਆਂ ਹੀ ਠੰਢੇ ਪਾਣੀ ਦੀਆਂ ਬੋਤਲਾਂ , ਸ਼ਕੰਜਵੀ ਤੇ ਹੋਰ ਸਮਾਨ ਵੇਚਣ ਵਾਲੇ ਬੱਸ ਤੇ ਸਵਾਰ ਹੋ ਗਏ । ਮੈਂ ਵੀ ਇੱਕ ਸ਼ਕੰਜਵੀ ਦਾ ਗਲਾਸ ਲੈ ਕੇ ਪੀਤਾ। ਸਾਰੀਆਂ ਸਵਾਰੀਆਂ ਗਰਮੀ ਨਾਲ ਬੇਹਾਲ ਹੋ ਰਹੀਆਂ ਸਨ। ਡਰਾਈਵਰ ਨੇ ਉੱਥੇ ਰੋਟੀ ਖਾਣੀ ਸ਼ੁਰੂ ਕਰ ਦਿੱਤੀ ਤੇ 15 ਮਿੰਟ ਲਗਾ ਦਿੱਤੇ। ਸਾਰੀਆਂ ਸਵਾਰੀਆਂ ਚੁੱਪ ਹੋਣ ਲਈ ਮਜ਼ਬੂਰ ਲੱਰ ਰਹੀਆਂ ਸਨ। ਕੋਈ ਛੋਟੀਆਂ-ਛੋਟੀਆਂ ਪੱਖੀਆਂ ਝੱਲ ਰਿਹਾ ਸੀ, ਕੋਈ ਅਖ਼ਬਾਰਾਂ ‘ ਝੱਲ ਰਿਹਾ ਸੀ। ਮੇਰੇ ਪਿੱਛੇ ਵਾਲੀ ਸੀਟ ਤੇ ਇੱਕ ਲੜਕੀ ਆਪਣੇ ਮੰਮੀ ਨਾਲ ਬੈਠੀ ਸੀ। ਉਹ ਵਾਰ-ਵਾਰ ਇਹੀ ਪੁੱਛ ਰਹੀ ਸੀ, “ਮੰਮੀ ਦਿੱਲੀ ਕਦੋਂ ਪਹੁੰਚਾਂਗੇ ? ਅੰਤ ਡਰਾਈਵਰ ਆਇਆ ਤੇ ਬੱਸ ਚਲ ਪਈ। ਜਿਵੇਂ ਹੀ ਬੱਸ ਚਲੀ ਮੈਨੂੰ ਥੋੜ੍ਹੀ ਨੀਂਦ ਆ ਗਈ।ਉਸ ਤੋਂ ਬਾਅਦ ਬੱਸ ਕਿਸੇ ਜਗਾ ਤੇ ਦੋ ਮਿੰਟ ਲਈ ਰੁਕੀ ਪਰ ਮੈਂ ਨੀਂਦ ਵਿੱਚ ਹੀ ਸੀ। ਤਕਰੀਬਨ 6 ਵਜੇ ਦੇ ਆਸ-ਪਾਸ ਜੋਰ ਦੀ ਝਟਕਾ ਲੱਗਿਆ ਤੇ ਨੂੰ ਬੱਸ ਰੁੱਕ ਗਈ। ਸਾਰੀਆਂ ਸਵਾਰੀਆਂ ਵੀ ਹੈਰਾਨ ਸਨ ਕਿ ਕੀ ਹੋ ਗਿਆ ?ਡਰਾਈਵਰ ਤੇ ਕੰਡਕਟਰ ਥੱਲੇ ਉਤਰੇ।ਉਹ ਆਪਸ ਵਿੱਚ ਕੁੱਝ ਗੱਲ-ਬਾਤ ਕਰਨ ਲੱਗ ਪਏ ਤੇ ਇੰਨੇ ਵਿੱਚ ਕੁੱਝ ਸਵਾਰੀਆਂ ਵੀ ਉਤਰ ਕੇ ਉਹਨਾਂ ਨਾਲ ਖੜ੍ਹੀਆਂ ਹੋ ਗਈਆਂ। ਮੈਂ ਵੀ ਥੱਲੇ ਆ ਗਿਆ। ਉਹਨਾਂ ਕੋਲੋਂ ਪੁੱਛਣ ਤੇ ਪਤਾ ਲੱਗਾ ਕਿ ਇੰਜਨ ਵਿੱਚ ਕੁੱਝ ਖਰਾਬੀ ਆ ਗਈ ਹੈ। ਸਭ ਦੇ ਚਿਹਰਿਆਂ ਤੇ ਪ੍ਰੇਸ਼ਾਨੀ ਝਲਕ ਰਹੀ ਸੀ। ਕੰਡਕਟਰ ਕਿਸੇ ਮੋਟਰ ਸਾਈਕਲ ਸਵਾਰ ਨਾਲ ਬੈਠ ਕੇ ਮਿਸਤਰੀ ਨੂੰ ਬੁਲਾ ਕੇ ਲਿਆਇਆ। ਮਿਸਤਰੀ ਨੇ ਦੇਖਣ ਤੋਂ ਬਾਅਦ ਦੱਸਿਆ ਕਿ ਇਹ ਤਾਂ ਲੰਬਾ ਕੰਮ ਹੈ ਕਿਉਂਕਿ ਨੁਕਸ ਜ਼ਿਆਦਾ ਪੈ ਗਿਆ ਹੈ। ਸਾਨੂੰ ਸਭ ਨੂੰ ਉੱਥੇ ਖੜੇਖੜੇ 7 ਵੱਜ ਗਏ।ਇੱਕ ਔਰਤ ਜਿਸ ਨਾਲ ਛੋਟੀ ਲੜਕੀ ਸੀ, ਉਸ ਨੇ ਤਾਂ ਰੋਣਾ ਹੀ ਸ਼ੁਰੂ ਕਰ ਦਿੱਤਾ। ਮੈਂ ਉਸ ਨੂੰ ਹੌਸਲਾ ਦਿੱਤਾ ਤੇ ਕਿਹਾ, ‘ਭੈਣ ਜੀ ਮੈਂ ਤੁਹਾਨੂੰ ਤੁਹਾਡੇ ਘਰ ਤੱਕ ਪਹੁੰਚਾ ਦੇਵਾਂਗਾ, ਚਿੰਤਾ ਨਾ ਕਰੋ। ਉੱਥੇ ਨੇੜੇ ਹੀ ਚਾਹ ਦੀ ਦੁਕਾਨ ਸੀ। ਤਕਰੀਬਨ ਸਾਰੀਆਂ ਸਵਾਰੀਆਂ ਨੇ ਉੱਥੋਂ ਚਾਹ ਲਈ ਤੇ ਪੀਤੀ। ਅਸੀਂ ਡਰਾਈਵਰ ਨੂੰ ਕਿਹਾ ਕਿ ਸਾਨੂੰ ਸਾਡੇ ਟਿਕਾਣੇ ਤੱਕ ਪਹੁੰਚਾਉਣ ਲਈ ਕਈ ਹੀਲਾ-ਵਸੀਲਾ ਕਰੋ। ਡਰਾਈਵਰ ਤੇ ਕੰਡਕਟਰ ਨੇ ਆਪਸ ਵਿੱਚ ਸਲਾਹ ਕਰਕੇ ਇਹੀ ਹੱਲ ਲੱਭਿਆ ਕਿ ਸਵਾਰੀਆਂ ਨੂੰ ਦੁਸਰੀਆਂ ਬੱਸਾਂ ਵਿੱਚ ਬਿਠਾ ਦਿੱਤਾ ਜਾਵੇ। ਉਹ ਹਰ ਆਉਣ ਵਾਲੀ ਬੱਸ ਨੂੰ ਹੱਥ ਦੇ ਕੇ ਰੋਕਣ ਦੀ ਕੋਸ਼ਸ਼ ਕਰ ਰਹੇ ਸਨ ਕਈ ਡਰਾਈਵਰ ਤਾਂ ਰੁੱਕ ਹੀ ਨਹੀਂ ਰਹੇ ਸਨ ਤੇ ਕਈ ਕਹਿ ਰਹੇ ਸਨ ਕਿ ਅਸੀਂ ਸਾਰੀਆਂ ਸਵਾਰੀਆਂ ਨਹੀਂ ਲਿਜਾ ਸਕਦੇ। ਡਰਾਈਵਰ ਤੇ ਕੰਡਕਟਰ ਨੇ 8-10 ਸਵਾਰੀਆਂ ਇੱਕ ਬੱਸ ਵਿੱਚ ਬਿਠਾ ਦਿੱਤੀਆਂ । ਅਗਲੀ ਬੱਸ ਨੇ 20-25 ਸਵਾਰੀਆਂ ਬਿਠਾ ਲਈਆਂ। ਅੰਤ ਵਿੱਚ ਅਸੀਂ 30-35 ਬੰਦੇ ਸੜਕ ਤੇ ਖੜੇ ਹੋਰ ਆਉਣ ਵਾਲੀ ਬੱਸ ਦੀ ਉਡੀਕ ਕਰ ਰਹੇ ਸੀ।
ਸਫ਼ਰ ਦਾ ਅੰਤ- ਮੈਂ ਉੱਥੇ ਖੜ੍ਹਾ-ਖੜਾ ਸੋਚ ਰਿਹਾ ਸੀ ਕਿ ਜੇ ਮੇਰੀ। ਇੰਟਰਵਿਊ ਅੱਜ ਹੁੰਦੀ ਤਾਂ ਕੀ ਹੁੰਦਾ, ਚੰਗਾ ਹੀ ਹੋਇਆ ਮੈਂ ਇੱਕ ਦਿਨ ਪਹਿਲਾਂ ਆ ਗਿਆ। ਇੰਨੀ ਦੇਰ ਵਿੱਚ ਇੱਕ ਬੱਸ ਆ ਗਈ। ਡਰਾਈਵਰ ਨੇ ਗੱਲ-ਬਾਤ ਕਰਕੇ ਸਾਨੂ ਸਾਰੀਆਂ ਨੂੰ ਉਸ ਬੱਸ ਵਿਚ ਬਿਠਾ ਦਿੱਤਾ। ਸਾਨੂ ਸਾਰੀਆਂ ਨੂੰ ਸੁਖ ਦਾ ਸਾਹ ਆਇਆ । ਥਕਾਵਟ ਤਾਂ ਹੋ ਹੀ ਗਈ ਸੀ ,ਭੁੱਖ ਵੀ ਬਹੁਤ ਜਿਆਦਾ ਲੱਗੀ ਹੋਈ ਸੀ। ਮੈਂ ਇਹੀ ਸੋਚ ਰਿਹਾ ਸੀ ਕਿ ਜਲਦੀ-ਜਲਦੀ ਦਿੱਲੀ ਪਹੁੰਚਾ ਤੇ ਕੁਝ ਖਾ-ਪੀ ਕੇ ਆਰਾਮ ਕਰਾਂ। ਅੰਤ ਮੈਂ 10 ਬਜੇ ਦਿੱਲੀ ਪੂਜਿਆ । ਬੱਸ ਸਟੈਂਡ ਦੇ ਨੇੜੇ ਹੀ ਇਕ ਹੋਟਲ ਵਿਚ ਕਮਰਾ ਲਿਆ ਤੇ ਰੋਟੀ ਖਾ ਕੇ ਮੈਂ ਸੌਂ ਗਿਆ । ਅਗਲੇ ਦਿਨ ਸਵੇਰੇ 6 ਬਜੇ ਹੀ ਅੱਖ ਖੁਲੀ ਤੇ ਤਿਆਰ ਹੋ ਕੇ ਇੰਟਰਵਿਊ ਲਈ ਪਹੁੰਚਿਆ ।
ਸਾਰ-ਅੰਸ਼ –ਸਫਰ ਕਰਨਾ ਤਾਂ ਜਰੂਰੀ ਹੁੰਦਾ ਹੈ ਪਰ ਗਰਮੀਆਂ ਦਾ ਸਫਰ ਬਹੁਤ ਹੀ ਔਖਾ ਹੁੰਦਾ ਹੈ ।