ਦੁਸਹਿਰਾ
Dussehra
‘ਆ ਗਿਆ ਪਿਆਰਾ ਦੁਸਹਿਰਾ ਛਾ ਗਿਆ ਉਤਸ਼ਾਹ ਤੇ ਬਲ,
ਵੀਰ ਪੂਜਾ, ਸ਼ਕਤੀ ਪੂਜਾ ਵਧਦੇ ਜਾਓ ਜਿੱਤ ਦੇ ਵੱਲ।
ਰੂਪ-ਰੇਖਾ- ਭੂਮਿਕਾ, ਇਤਿਹਾਸ ਨਾਲ ਸੰਬੰਧਿਤ, ਰਾਮ ਲੀਲਾ, ਰਾਵਣ ਨੂੰ ਜਲਾਉਣਾ, ਲੋਕਾਂ ਦੀ ਵਾਪਸੀ, ਸੁਨੇਹਾ, ਸਾਰ-ਅੰਸ਼ ।
ਭੂਮਿਕਾ- ਭਾਰਤ ਵੀਰਾਂ ਤੇ ਪੀਰਾਂ ਦੀ ਧਰਤੀ ਹੈ। ਇਹਨਾਂ ਵੀਰਾਂ-ਪੀਰਾਂ ਨੇ ਸਦਾ ਸੰਸਾਰ ਜੇਤੂ ਰਾਹ ਨੂੰ ਹੀ ਅਪਣਾਇਆ ਹੈ। ਵੀਰਾਂ ਨੇ ਆਪਣੀ ਤਾਕਤ ਦੇ ਸਹਾਰੇ ਤੇ ਪੀਰਾਂ ਨੇ ਕੋਮਲਤਾ ਦੇ ਸਹਾਰੇ ਸੰਸਾਰ ਉੱਤੇ ਜਿੱਤ ਪ੍ਰਾਪਤ ਕੀਤੀ ਹੈ। ਤਿਉਹਾਰ ਸਾਡੀ ਸੱਭਿਆਚਾਰ ਅਤੇ ਸੰਸਕ੍ਰਿਤੀ ਦਾ ਸਰਮਾਇਆ ਹੁੰਦੇ ਹਨ। ਇਹਨਾਂ ਦਾ ਸੰਬੰਧ ਸਾਡੇ ਇਤਿਹਾਸ, ਧਰਮ, ਸੱਭਿਆਚਾਰ ਅਤੇ ਰੁੱਤਾਂ ਨਾਲ ਹੁੰਦਾ ਹੈ। ਦੁਸ਼ਹਿਰੇ ਦਾ ਤਿਉਹਾਰ ਵੀ ਆਦਿ ਕਾਲ ਤੋਂ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹੈ। ਇਸ ਨੂੰ ਵਿਜੇ ਦਸ਼ਮੀ ਵੀ ਕਿਹਾ ਜਾਂਦਾ ਹੈ। ਇਹ ਦਿਵਾਲੀ ਤੋਂ 20 ਦਿਨ ਪਹਿਲਾਂ ਸਾਰੇ ਭਾਰਤ ਵਿੱਚ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ।
ਇਤਿਹਾਸ ਨਾਲ ਸੰਬੰਧ–ਦੁਸਹਿਰਾ ਦਾ ਮਤਲਬ ਹੈ ‘ਦਸ ਸਿਰਾਂ ਨੂੰ ਹਰਨ ਵਾਲਾ ਤਿਉਹਾਰ’ । ਇਹ ਹਿੰਦੂਆਂ ਦਾ ਪ੍ਰਸਿੱਧ ਤਿਉਹਾਰ ਹੈ। ਇਸ ਦਾ ਸੰਬੰਧ ਰਮਾਇਣ ਦੀ ਵਾਰਤਾ ਨਾਲ ਹੈ। ਸ੍ਰੀ ਰਾਮ ਚੰਦਰ ਜੀ ਆਪਣੇ ਪਿਤਾ ਰਾਜਾ ਦਸ਼ਰਥ ਦੀ ਆਗਿਆ ਨਾਲ 14 ਸਾਲ ਦੇ ਬਨਵਾਸ ਲਈ ਗਏ ਸਨ। ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਸੀਤਾ ਤੇ ਭਰਾ ਲਛਮਣ ਵੀ ਸਨ। ਰਾਵਣ ਦੀ ਭੈਣ ਸਰੁਪਨਖਾ ਲਛਮਣ ਤੇ ਮੋਹਿਤ ਹੋ ਗਈ ਅਤੇ ਉਸ ਨਾਲ ਸ਼ਾਦੀ ਕਰਨ ਦੀ ਇੱਛਾ ਕਰਨ ਲੱਗੀ । ਲਛਮਣ ਨੇ ਯੁੱਧ ਵਿੱਚ ਆ ਕੇ ਉਸ ਦਾ ਨੱਕ ਕੱਟ ਦਿੱਤਾ। ਰਾਵਣ ਆਪਣੀ ਭੈਣ ਦਾ ਅਪਮਾਨ ਸਹਿਣ ਨਾ ਕਰ ਸਕਿਆ ਤੇ ਧੋਖੇ ਨਾਲ ਸੀਤਾ ਨੂੰ ਚੁੱਕ ਕੇ ਲੈ ਗਿਆ। ਰਾਵਣ ਬਹੁਤ ਗਿਆਨੀ ਤਾਕਤਵਰ ਤੇ ਅਹੰਕਾਰੀ ਸੀ। ਰਾਮ ਚੰਦਰ ਜੀ ਨੇ ਬਾਨਰ ਸੈਨਾ ਦੀ ਸਹਾਇਤਾ ਨਾਲ ਰਾਵਣ ਤੇ ਹਮਲਾ ਕੀਤਾ ਤੇ ਸੀਤਾ ਨੂੰ ਉਸ ਦੀ ਕੈਦ ਵਿੱਚੋਂ ਛੁਡਵਾਇਆ। ਇਸ ਜਿੱਤ ਦੀ ਖੁਸ਼ੀ ਵਿੱਚ ਹੀ ਦੁਸਹਿਰਾ ਮਨਾਇਆ ਜਾਂਦਾ ਹੈ।
ਰਾਮ-ਲੀਲਾ- ਦੁਸਹਿਰੇ ਤੋਂ ਪਹਿਲਾਂ ਨੌਂ ਨਰਾਤੇ ਹੁੰਦੇ ਹਨ। ਜਿਨ੍ਹਾਂ ਵਿੱਚ ਸ਼ਹਿਰ ਵਿੱਚ ਥਾਂ-ਥਾਂ ਨਾਟ-ਮੰਡਲੀਆਂ ਰਾਮ ਲੀਲਾ ਕਰਦੀਆਂ ਹਨ (ਰਾਮ ਲੀਲਾ ਵਿੱਚ ਰਮਾਇਣ ਦੀ ਕਹਾਣੀ ਨੂੰ ਨਾਟਕੀ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਲੋਕ ਬੜੇ ਚਾਅ ਨਾਲ ਦੇਰ ਤੱਕ ਰਾਮਲੀਲਾ ਵੇਖਣ ਜਾਂਦੇ ਹਨ। ਲੋਕ ਰਾਮ ਬਨਵਾਸ, ਭਰਤ ਮਿਲਾਪ, ਸੀਤਾ ਹਰਣ, ਹਨੂੰਮਾਨ ਦੇ ਲੰਕਾ ਸਾੜਨ ਅਤੇ ਲਛਮਨ-ਮੂਰਛਾ ਆਦਿ ਘਟਨਾਵਾਂ ਨੂੰ ਬੜੀ ਦਿਲਚਸਪੀ ਨਾਲ ਦੇਖਦੇ ਹਨ।
ਰਾਵਣ ਨੂੰ ਜਲਾਉਣਾ- ਦਸਵੀਂ ਵਾਲੇ ਦਿਨ ਸ਼ਹਿਰ ਦੀ ਕਿਸੇ ਖੁੱਲੀ ਥਾਂ ਵਿੱਚ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਖੜ੍ਹੇ ਕਰ ਦਿੱਤੇ ਜਾਂਦੇ ਹਨ। ਆਲੇ-ਦੁਆਲੇ ਮਠਿਆਈਆਂ ਤੇ ਖਿਡੌਣਿਆਂ ਆਦਿ ਦੀਆਂ ਦੁਕਾਨਾਂ ਸਜੀਆਂ ਹੁੰਦੀਆਂ ਹਨ। ਸਾਰੇ ਸ਼ਹਿਰ ਅਤੇ ਆਲੇ-ਦੁਆਲੇ ਦੇ ਲੋਕ ਰਾਵਣ ਨੂੰ ਜਲਾਉਣ ਦਾ ਦ੍ਰਿਸ਼ ਵੇਖਣ ਲਈ ਇਕੱਠੇ ਹੋ ਜਾਂਦੇ ਹਨ। ਲੋਕਾਂ ਨੂੰ ਪੁਤਲਿਆਂ ਦੇ ਆਲੇਦੁਆਲੇ ਇੱਕ ਗੋਲ ਦਾਇਰੇ ਵਿੱਚ ਖੜਾ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਦਾਇਰੇ ਦੇ ਅੰਦਰ ਆਤਸ਼ਬਾਜ਼ੀ ਚਲਾਈ ਜਾਂਦੀ ਹੈ। ਇਸ ਸਮੇਂ ਰਾਮ ਚੰਦਰ ਜੀ ਵਾਜਿਆਂ ਦੀ ਅਗਵਾਈ ਵਿੱਚ ਆਪਣੀਆਂ ਫੌਜਾਂ ਸਮੇਤ ਅੱਗੇ ਵਧਦੇ ਹਨ ਤੇ ਰਾਵਣ ਨੂੰ ਮਾਰਦੇ ਹਨ। ਸੂਰਜ ਛਿਪਦੇ ਹੀ ਇਨ੍ਹਾਂ ਆਤਿਸ਼ਬਾਜ਼ੀਆਂ ਤੇ ਪਟਾਕਿਆਂ ਨਾਲ ਭਰੇ ਬੁੱਤਾਂ ਨੂੰ ਅੱਗ ਲਗਾਈ ਜਾਂਦੀ ਹੈ। ਇਸ ਤੋਂ ਬਾਅਦ ਲੋਕ ਘਰਾਂ ਨੂੰ ਚਲ ਪੈਂਦੇ ਹਨ।
ਲੋਕਾਂ ਦੀ ਵਾਪਸੀ–ਵਾਪਸੀ ਤੇ ਲੋਕ ਬਜ਼ਾਰਾਂ ਵਿੱਚੋਂ ਮਠਿਆਈਆਂ ਖ਼ਾਸ ਤੌਰ ਤੇ ਜਲੇਬੀਆਂ ਖ਼ਰੀਦਦੇ ਹਨ ਤੇ ਵਾਪਸ ਘਰਾਂ ਨੂੰ ਪਰਤ ਜਾਂਦੇ ਹਨ।
ਸੁਨੇਹਾ- ਦੁਸਹਿਰੇ ਦਾ ਤਿਉਹਾਰ ਸਾਨੂੰ ਕਈ ਕਿਸਮ ਦੇ ਸੁਨੇਹੇ ਵੀ ਦਿੰਦਾ ਹੈ। ਅਸੀਂ ਆਦਰਸ਼ ਰਾਜਾ, ਆਗਿਆਕਾਰੀ ਪੁੱਤਰ, ਭਰਾ ਲਈ ਆਪਣੇ ਸਿੱਖਾਂ ਨੂੰ ਕੁਰਬਾਨ ਕਰਨ ਵਾਲਾ ਭਰਾ, ਆਦਰਸ਼ਕ ਪਤਨੀ ਅਤੇ ਸਭ ਕੁਝ ਵਾਰ ਦੇਣ ਵਾਲੇ ਸੇਵਕ ਦਾ ਰੂਪ (ਹਨੂੰਮਾਨ) ਦੇਖਦੇ ਹਾਂ। ਇਹ ਸਾਨੂੰ ਇਹ ਸੁਨੇਹਾ ਦਿੰਦਾ ਹੈ ਕਿ ਹਰ ਭੇੜੇ ਕੰਮ ਦਾ ਨਤੀਜਾ ਭੈੜਾ ਹੀ ਹੁੰਦਾ ਹੈ। ਜਿਵੇਂ ਰਾਵਣ ਨੇ ਧੋਖੇ ਤੇ ਫਰੇਬ ਨਾਲ ਸੀਤਾ ਦਾ ਹਰਨ ਕੀਤਾ। ਉਸ ਦੇ ਬਦਲੇ ਉਸ ਨੂੰ ਆਪਣਾ ਰਾਜ ਅਤੇ ਸਾਰੇ ਪਰਿਵਾਰ ਤੋਂ ਹੱਥ ਧੋਣੇ ਪਏ। ਦੁਸਹਿਰਾ ਸਾਨੂੰ ਇਨਸਾਨੀਅਤ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਵੀ ਪ੍ਰੇਰਨਾ ਦਿੰਦਾ ਹੈ। ਇਹ ਸਾਨੂੰ ਕਰਤੱਵ ਦੀ ਪਾਲਣਾ ਕਰਨ ਤੇ ਸੇਵਾ ਕਰਨ ਦਾ ਸੁਨੇਹਾ ਦਿੰਦਾ ਹੈ।
ਸਾਰ-ਅੰਸ਼- ਦੁਸਹਿਰਾ ਬਦੀ ਉਪਰ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਇਹ ਦਿਲ-ਪਰਚਾਵੇ ਦਾ ਤਿਉਹਾਰ ਹੈ। ਇਹ ਜਿੱਤ, ਖੁਸ਼ੀਆਂ, ਖੇੜਿਆਂ ਤੇ ਆਨੰਦ ਦਾ ਤਿਉਹਾਰ ਹੈ। ਇਹ ਵਿਅਕਤੀ ਦੇ ਮਨ ਨੂੰ ਖੇੜਾ ਅਤੇ ਦਿਮਾਗ ਨੂੰ ਤਾਜ਼ਗੀ ਦਿੰਦਾ ਹੈ। ਮਨੁੱਖ ਆਪਣੇ ਜੀਵਨ ਦੇ ਰੁਝੇਵਿਆਂ ਨੂੰ ਕੁਝ ਪਲਾਂ ਲਈ ਭੁੱਲ ਜਾਂਦੇ ਹਨ ਤੇ ਇਹ ਤਿਉਹਾਰ ਸਭ ਦੇ ਮਨਾਂ ਵਿੱਚ ਪ੍ਰਸੰਨਤਾ ਲੈ ਕੇ ਆਉਂਦਾ ਹੈ।
Pls new story give me