ਸੱਚੇ ਦੋਸਤਾਂ ਦੀ ਲੋੜ
Sache Dostan di Lodh
ਜਾਣ-ਪਛਾਣ : ਮਨੁੱਖ ਇਕ ਸਮਾਜਿਕ ਜੀਵ ਹੈ।ਇਸ ਲਈ ਮਿੱਤਰਤਾ ਮਨੁੱਖੀ ਸਮਾਜ ਲਈ ਇਕ ਬਹੁਮੁੱਲੀ ਦਾਤ ਹੈ। ਕਿਸੇ ਸਿਆਣੇ ਦਾ ਕਥਨ ਹੈ, ਜਿਸ ਬੰਦੇ ਦਾ ਦੁਨੀਆਂ ਵਿਚ ਕੋਈ ਮਿੱਤਰ ਨਹੀਂ ਹੈ, ਉਹ ਸਮਾਜ ਦਾ ਅੱਧ-ਮੋਇਆ ਅੰਗ ਹੈ।
ਮਿੱਤਰਾਂ ਦੀ ਲੋੜ : ਮਨੁੱਖ ਨੂੰ ਮਿੱਤਰਾਂ ਦੀ ਲੋੜ ਜੀਵਨ ਦੇ ਹਰ ਪੜਾਅ ਅਤੇ ਉਮਰ ਵਿਚ ਹੁੰਦੀ ਹੈ। ਬੱਚਿਆਂ, ਜਵਾਨਾਂ ਅਤੇ ਬੱਚਿਆਂ ਨੂੰ ਹਰ ਘੜੀ ਮਿੱਤਰਾਂ ਦੀ ਲੋੜ ਹੁੰਦੀ ਹੈ। ਇਸ ਲਈ, ਹਰ ਉਮਰ ਵਿਚ ਮਨੁੱਖ ਆਪਣੇ ਹਾਣ ਦਾ ਮਿੱਤਰ ਆਪ ਲੱਭ ਲੈਂਦਾ ਹੈ। ਕਈ ਲੋਕ ਸਮਝਦੇ ਹਨ ਕਿ ਮਿੱਤਰ ਕੇਵਲ ਵੱਡਿਆਂ ਹੋ ਕੇ ਹੀ ਬਣਾਈਦੇ ਨੇ, ਪਰ ਮਿੱਤਰਤਾ ਦੀ ਜਿੰਨੀ ਭਾਵਨਾ ਬੱਚਿਆਂ ਵਿਚ ਹੁੰਦੀ ਹੈ, ਉੱਨੀ ਵੱਡਿਆਂ ਵਿਚ ਨਹੀਂ ਹੁੰਦੀ। ਜੇ ਕੋਈ ਬੰਦਾ ਕਿਸੇ ਨਵੇਂ ਸ਼ਹਿਰ ਜਾਂ ਪਿੰਡ ਵਿਚ ਜਾ ਕੇ ਵੱਸੇ ਤਾਂ ਉਹ ਆਪਣੇ ਮਿੱਤਰ ਪਿੱਛੋਂ ਬਣਾਏਗਾ ਅਤੇ ਉਸ ਦੀ ਪਤਨੀ ਆਪਣੀਆਂ ਸਹੇਲੀਆਂ ਪਿੱਛੋਂ ਬਣਾਏਗੀ, ਪਰ ਉਸ ਦੇ ਬੱਚੇ ਆਪਣੇ ਮਿੱਤਰ ਪਹਿਲੇ ਬਣਾ ਲੈਣਗੇ।
ਮਿੱਤਰਾਂ ਦੀ ਮੁਸੀਬਤ ਵਿਚ ਲੋੜਾਂ : ਮਨੁੱਖ ਨੂੰ ਉਂਝ ਤਾਂ ਹਰ ਸਮੇਂ ਮਿੱਤਰਾਂ ਦੀ ਲੋੜ ਹੁੰਦੀ ਹੈ, ਪਰ ਉਸ ਨੂੰ ਉਨ੍ਹਾਂ ਦੀ ਸਭ ਤੋਂ ਵੱਧ ਲੋੜ ਦੁੱਖ ਜਾਂ ਮੁਸੀਬਤ ਦੇ ਸਮੇਂ ਵਿਚ ਹੁੰਦੀ ਹੈ। ਤਾਹੀਓਂ ਕਿਹਾ ਜਾਂਦਾ ਹੈ ਕਿ ਮਿੱਤਰਾਂ ਦੇ ਹੁੰਦਿਆਂ ਦੁੱਖ ਜਾਂ ਮੁਸੀਬਤ ਅੱਧਾ ਰਹਿ ਜਾਂਦਾ ਹੈ। ਜੇਕਰ ਕੋਈ ਮਿੱਤਰ ਸਾਡੇ ਦੁੱਖ ਦੀ ਗੱਲ ਸੁਣਨ ਵਾਲਾ ਹੋਵੇ ਤਾਂ ਦੁੱਖ ਮਹਿਸੂਸ ਹੀ ਨਹੀਂ ਹੁੰਦਾ, ਪਰ ਜੇ ਕਿਸੇ ਦੁੱਖੀ ਬੰਦੇ ਦਾ ਦੁੱਖ ਵੰਡਾਉਣ ਲਈ ਕੋਈ ਨਾ ਹੋਵੇ ਤਾਂ ਉਸ ਦਾ ਦੁੱਖ ਅਸਹਿ ਹੋ ਜਾਂਦਾ ਹੈ।
ਮੁਸੀਬਤ ਵਿਚ ਮਿੱਤਰਾਂ ਨੂੰ ਪਹਿਚਾਨਣ ਦੀ ਕਸੱਵਟੀ: ਅਸਲ ਵਿਚ ਮੁਸੀਬਤ ਮਿੱਤਰਤਾ ਨੂੰ ਪਰਖਣ ਲਈ ਕਸਵੱਟੀ ਹੁੰਦੀ ਹੈ। ਮਿੱਤਰਤਾ ਤਦ ਹੀ ਸੱਚੀ ਕਹੀ ਜਾ ਸਕਦੀ ਹੈ, ਜਦ ਉਹ ਦੁੱਖ ਜਾਂ ਮੁਸੀਬਤ ਵੇਲੇ ਵੀ ਪੂਰੀ ਤਰਾਂ ਨਿਭਾਈ ਜਾਏ। ਉਂਝ ਤਾਂ ਦੁਨੀਆਂ ਵਿਚ ਮਿੱਤਰਾਂ ਦੀ ਕੋਈ ਥੜ ਨਹੀਂ ਹੈ, ਪਰ ਸੱਚਾ ਮਿੱਤਰ ਉਸ ਵੇਲੇ ਪਰਖਿਆ ਜਾਂਦਾ ਹੈ ਜਦ ਕਿਸੇ ਉੱਤੇ ਮੁਸੀਬਤ ਦੇ ਦਿਨ ਆਉਂਦੇ ਹਨ।
ਇਸ ਲਈ ਸਾਨੂੰ ਆਪਣੇ ਦੋਸਤ ਬਣਾਉਣ ਵੇਲੇ ਇਹ ਵੇਖ ਲੈਣਾ ਚਾਹੀਦਾ ਹੈ ਕਿ ਕੀ ਇਹ ਸਾਡੀ ਖੁਸ਼ਹਾਲੀ ਤੋਂ ਲਾਭ ਉਠਾਉਣ ਵਾਲਾ ਮਿੱਤਰ ਹੈ ਜਾਂ ਸਾਡੇ ਦੁੱਖ ਦਾ ਭਾਈਵਾਲ। ਫੁੱਲ ਨੂੰ ਇਹ ਵੇਖ ਲੈਣਾ ਚਾਹੀਦਾ ਹੈ ਕਿ ਜਿਹੜਾ ਕੋਈ ਉਸ ਕੋਲ ਆ ਖਲੋਤਾ ਹੈ, ਉਹ ਉਸ ਨੂੰ ਤੋੜ ਕੇ ਖੁਸ਼ ਹੋਣ ਵਾਲਾ ਹੈ ਜਾਂ ਉਸਦੀ ਸੁੰਦਰਤਾ ਨੂੰ ਸੱਚਾ ਪਿਆਰ ਕਰਨ ਵਾਲਾ। ਅੱਜਕਲ ਦੇ ਸਮਾਜ ਵਿਚ ਦੂਜਿਆਂ ਨੂੰ ਤੋੜ-ਤੋੜ ਕੇ ਖਾਣ ਵਾਲੇ ਦੋਸਤ ਤਾਂ ਵਧੇਰੇ ਮਿਲ ਜਾਂਦੇ ਹਨ ਪਰ ਅਜਿਹੇ ਮਿੱਤਰ ਕਿਸਮਤ ਨਾਲ ਹੀ ਮਿਲਦੇ ਹਨ, ਜਿਹੜੇ ਇਕ ਵਾਰ ਕਿਸੇ ਦੀ ਬਾਂਹ ਆ ਫੜਨ ਤਾਂ ਆਪਣਾ ਸਿਰ ਦੇ ਦੇਂਦੇ ਹਨ, ਪਰ ਉਸ ਦੀ ਬਾਂਹ ਨਹੀਂ ਛੱਡਦੇ
ਸੱਚੇ ਮਿੱਤਰ ਬਨਾਉਣਾ ਹੁਨਰ ਦੀ ਗੱਲ : ਸੱਚੇ ਮਿੱਤਰ ਬਨਾਉਣਾ ਬੜੇ ਹੁਨਰ ਦੀ ਗੱਲ ਹੈ। ਪਰ ਇਸ ਦਾ ਅਰਥ ਇਹ ਨਹੀਂ ਕਿ ਬੰਦਾ ਇਹ ਸੋਚਦਾ ਹੀ ਰਹਿ ਜਾਏ ਕਿ ਕਿਸੇ ਜਾਣਕਾਰ ਨਾਲ ਮਿੱਤਰਤਾ ਪਾਵਾਂ ਜਾਂ ਨਾ। ਬਹੁਤ ਸੋਚਿਆਂ ਦੋਸਤੀ ਕਦੀ ਨਹੀਂ ਪੈਂਦੀ। ਇਹ ਤਾਂ ਇਵੇਂ ਹੀ ਆਪ ਮੁਹਾਰੇ ਪੈਂਦੀ ਹੈ ਜਿਵੇਂ ਪਿਆਰ , ਪਰ ਇਕ ਵਾਰ ਦੋਸਤੀ ਪਾ ਕੇ ਤੋੜ ਨਿਭਾਉਣਾ ਹਰੇਕ ਮਨੁੱਖ ਦਾ ਫਰਜ਼ ਹੈ। ਇਹ ਤਦ ਹੀ ਨਿਭਾਈ ਜਾ ਸਕਦੀ ਹੈ ਜਦ ਆਪਣੇ ਮਿੱਤਰ ਦਾ ਪਰਾ ਸਨਮਾਨ ਕੀਤਾ ਜਾਏ । ਆਪਣੇ ਮਿੱਤਰ ਦੇ ਕੇਵਲ ਔਗੁਣ ਹੀ ਨਾ ਵੇਖੇ ਜਾਣ ਸਗੋਂ ਉਸ ਦੇ ਗੁਣ ਵੀ ਸਾਹਮਣੇ ਰੱਖੇ ਜਾਣ। ਔਗੁਣ ਭਲਾ ਕਿਸ ਮਨੁੱਖ ਵਿਚ ਨਹੀਂ ਹੁੰਦੇ, ਪਰ ਜਿਹੜਾ ਬੰਦਾ ਆਪਣੇ ਮਿੱਤਰ ਦੇ ਔਗੁਣ ਜਾਂ ਦੋਸ਼ ਹੀ ਵੇਖਣ ਦਾ ਯਤਨ ਕਰੇ , ਉਹ ਕਦੀ ਦੋਸਤੀ ਨਿਭਾ ਨਹੀਂ ਸਕਦਾ। ਜੇ ਕੋਈ ਚੰਨ ਦੀ ਚਾਨਣੀ ਨੂੰ ਨਹੀਂ, ਕੇਵਲ ਉਸ ਵਿਚਲੇ ਦਾਗ ਨੂੰ ਹੀ ਵੇਖ ਸਕਦਾ ਹੈ ਤਾਂ ਉਹ ਚੰਨ ਨਾਲ ਕੀ ਪਿਆਰ ਨਿਭਾਅ ਸਕਦਾ ਹੈ ? ਇਹੋ ਜਿਹਾ ਬੰਦਾ ਪਹਿਲੇ ਤਾਂ ਕੋਈ ਦੋਸਤ ਬਣਾ ਹੀ ਨਹੀਂ ਸਕਦਾ। ਜੇ ਬਣਾ ਵੀ ਲਏ ਤਾਂ ਉਸ ਨਾਲ ਦੋਸਤੀ ਨਿਭਾਅ ਨਹੀਂ ਸਕਦਾ।
ਸੱਚੇ ਮਿੱਤਰ ਬਿਨਾਂ ਜੀਵਨ ਸੱਖਣਾ : ਜਿਹੜਾ ਮਨੁੱਖ ਕਿਸੇ ਨੂੰ ਆਪਣਾ ਸੱਚਾ ਮਿੱਤਰ ਨਹੀਂ ਬਣਾ ਸਕਦਾ, ਉਸਦਾ ਆਪਣਾ ਜੀਵਨ ਸੱਖਣਾ-ਸੱਖਣਾ ਲੱਗਦਾ ਹੈ।ਉਹ ਆਪ ਗੁਣਾਂ ਤੋਂ ਖਾਲੀ ਹੁੰਦਾ ਹੈ, ਇਸ ਲਈ ਉਸ ਨੂੰ ਹਰ ਕੋਈ ਗੁਣਾਂ ਤੋਂ ਖਾਲੀ ਨਜ਼ਰ ਆਉਂਦਾ ਹੈ। ਇਹੋ ਜਿਹੇ ਬੰਦੇ ਨੂੰ ਸੰਸਾਰ ਵਿਚ ਕੋਈ ਚੰਗਿਆਈ ਨਜ਼ਰ ਆ ਹੀ ਨਹੀਂ ਸਕਦੀ, ਪਰ ਜਿਸ ਮਨੁੱਖ ਨੇ ਕੋਈ ਸੱਚਾ ਦੋਸਤ ਲੱਭ ਕੇ ਆਪਣਾ ਜੀਵਨ ਭਰਪੂਰ ਕਰ ਲਿਆ ਹੋਵੇ, ਉਸ ਨੂੰ ਸਭ ਦੁਨੀਆਂ ਚੰਗੇ ਗੁਣਾਂ ਨਾਲ ਭਰਪੂਰ ਨਜ਼ਰ ਆਉਂਦੀ ਹੈ। ਜਿੱਥੇ ਮਿੱਤਰ ਰਹਿਤ ਮਨੁੱਖ ਆਪਣੀ ਜਵਾਨੀ ਵਿਚ ਹੀ ਜੀਵਨ ਤੋਂ ਤੰਗ ਆ ਜਾਂਦਾ ਹੈ, ਉੱਥੇ ਕੋਈ ਸੱਚਾ ਮਿੱਤਰ ਰੱਖਣ ਵਾਲਾ ਮਨੁੱਖ ਬੁੱਢੀ ਉਮਰ ਤੱਕ ਜੀਵਨ ਤੋਂ ਅਕੇਵਾਂ ਮਹਿਸੂਸ ਨਹੀਂ ਕਰਦਾ। ਜੇ ਸਮਾਜ ਵਿਚ ਰਹਿੰਦਿਆਂ ਵੀ ਕੋਈ ਮਿੱਤਰ ਰਹਿਤ ਜੀਵਨ ਬਤੀਤ ਕਰਨਾ ਚਾਹੇ ਤਾਂ ਉਸ ਦਾ ਜੀਵਨ ਉਸ ਨੂੰ ਖਾਣ ਨੂੰ ਪੈਂਦਾ ਹੈ, ਪਰ ਸਮਾਜ ਵਿਚ ਸੱਚੀ ਮਿੱਤਰਤਾ ਦਾ ਲਾਭ ਉਠਾਉਣ ਵਾਲੇ ਦਾ ਜੀਵਨ ਭਰਪੂਰ ਬਣ ਜਾਂਦਾ ਹੈ।
ਸੱਚ ਤਾਂ ਇਹ ਹੈ ਕਿ ਜੀਵਨ ਇਕ ਮੇਲਾ ਹੈ। ਜੇ ਕੋਈ ਇਕੱਲਾ ਮੇਲਾ ਵੇਖਣ ਜਾਏ ਤਾਂ ਝੱਟ ਹੀ ਅੱਕ ਜਾਂਦਾ ਹੈ, ਪਰ ਕਿਸੇ ਮਿੱਤਰ ਦੇ ਨਾਲ ਜਾਏ ਤਾਂ ਓਹੀ ਮੇਲਾ ਥਕਾਉਣ ਵਾਲਾ ਨਹੀਂ ਰਹਿੰਦਾ ਅਤੇ ਗੱਲਾਂ ਗੱਲਾਂ ਵਿਚ ਹਸਦਿਆਂ ਖੇਡਦਿਆਂ ਕਦੋਂ ਸਮਾਂ ਬੀਤ ਜਾਂਦਾ ਪਤਾ ਹੀ ਨਹੀਂ ਲਗਦਾ। ਕਿਸੇ ਸੱਚੇ ਮਿੱਤਰ ਦੇ ਹੁੰਦਿਆਂ ਜਿੱਥੇ ਉਸ ਦੁਨੀਆਂ ਦਾ ਮੇਲਾ ਚੰਗਾ ਲੱਗਦਾ ਹੈ, ਉੱਥੇ ਇਸ ਮੇਲੇ ਨੂੰ ਰਚਣ ਵਾਲੇ ਦਾ ਕੋਈ ਲੱਕਵਾਂ ਮਕਸਦ ਵੀ ਦਿਸ ਪੈਂਦਾ ਹੈ। ਫਿਰ ਇਉਂ ਲੱਗਦਾ ਹੈ ਕਿ ਇਸ ਮੇਲੇ ਦੀ ਹਰ ਚੀਜ਼ ਵਿਚ ਕੋਈ ਸੁੱਥਰਾਪਨ ਮੌਜੂਦ ਹੈ। ਅਤੇ ਇਸ ਤੇ ਹਰ ਪਲ ਵਿਚ ਕੋਈ ਖੁਸ਼ੀ ਭਰੀ ਹੈ।