ਭਾਰਤ ਵਿਚ ਆਬਾਦੀ ਦੀ ਸਮੱਸਿਆ
Bharat vich Aabadi di Samasiya
ਜਾਣ-ਪਛਾਣ : ਸਾਡੇ ਦੇਸ਼ ਵਿਚ ਵੱਧਦੀ ਆਬਾਦੀ ਦੀ ਸਮੱਸਿਆ ਇਕ ਭਾਗ ਸਮੱਸਿਆ ਬਣ ਚੁੱਕੀ ਹੈ। ਭਾਵੇਂ ਭਾਰਤ ਸਰਕਾਰ ਵੱਲੋਂ ਵੱਧਦੀ ਆਬਾਦੀ ਨੂੰ ਰੋਕਣ ਲਈ ਕਈ ਕਦਮ ਚੁੱਕੇ ਗਏ ਹਨ, ਪਰ ਫਿਰ ਵੀ ਦੇਸ਼ ਦੀ ਆਬਾਦੀ 1 ਅਰਬ 3 ਕਰੋੜ ਤੋਂ ਜ਼ਿਆਦਾ ਤੱਕ ਪਹੁੰਚ ਚੁੱਕੀ ਹੈ।
ਕਾਰਨਾਂ ਨੂੰ ਪੜਚੋਲਣ ਦੀ ਲੋੜ : ਇਹ ਗੱਲ ਜਾਂਚਣ ਦੀ ਬੜੀ ਲੋੜ ਹੈ ਕਿ ਭਾਰਤ ਸਰਕਾਰ ਵਲੋਂ ਆਬਾਦੀ ਰੋਕਣ ਦੇ ਕਦਮਾਂ ਵਿਚ ਕਿਹੜੀ ਕਮੀ ਹੈ, ਜਿਸ ਨਾਲ ਦੇਸ਼ ਦੀ ਆਬਾਦੀ ਰੁਕਣ ਦੀ ਥਾਂ ਹੋਰ ਵੱਧਦੀ ਜਾ ਰਹੀ ਹੈ। ਅਸਲ ਵਿਚ ਇਸ ਦੀ ਸਭ ਤੋਂ ਵੱਡੀ ਕਮੀ ਨੇਕ ਨੀਅਤੀ ਅਤੇ ਈਮਾਨਦਾਰੀ ਦੀ ਅਣਹੋਂਦ ਹੈ। ਭਾਰਤ ਸਰਕਾਰ ਵਲੋਂ ਪਰਿਵਾਰ ਨਿਯੋਜਨ ਸੰਬੰਧੀ ਹਰ ਸਾਲ ਅਨੇਕ ਕੈਂਪ ਲਗਾਏ ਜਾਂਦੇ ਹਨ, ਜਿਨ੍ਹਾਂ ਉੱਤੇ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ, ਪਰ ਇਨ੍ਹਾਂ ਕੈਂਪਾਂ ਦੇ ਪ੍ਰਬੰਧਕ ਅਤੇ ਡਾਕਟਰ ਭਾਰਤ ਸਰਕਾਰ ਦੀਆਂ ਅੱਖਾਂ ਵਿਚ ਘੱਟਾ ਪਾਉਣ ਤੋਂ ਸਿਵਾ ਹੋਰ ਕੁਝ ਨਹੀਂ ਕਰਦੇ। ਉਹ ਸਰਕਾਰ ਨੂੰ ਆਂਕੜੇ ਵਿਖਾਉਣ ਲਈ ਪੂਰੀ ਧੋਖਾਦੇਹੀ ਦਾ ਕੰਮ ਕਰਦੇ ਹਨ। ਇਨ੍ਹਾਂ ਕੈਂਪਾਂ ਵਿਚ ਉਨ੍ਹਾਂ ਬੁੱਢਿਆਂ ਦੇ ਨਸ-ਬੰਦੀ ਓਪਰੇਸ਼ਨ ਕਰ ਦਿੱਤੇ ਜਾਂਦੇ ਹਨ, ਜਿਹੜੇ 70 ਸਾਲਾਂ ਤੋਂ ਟੱਪ ਚੁੱਕੇ ਹਨ। ਕਈ ਵਾਰ ਉਨ੍ਹਾਂ ਬੁੱਢਿਆਂ ਦੇ ਇਹੋ ਜਿਹੇ ਉਪਰੇਸ਼ਨ ਕਰ ਦਿੱਤੇ ਜਾਂਦੇ ਹਨ, ਜਿਹੜੇ ਇਕ ਵਾਰ ਅੱਗੇ ਉਪਰੇਸ਼ਨ ਕਰਵਾ ਚੁੱਕੇ ਹੋਣ। ਇਹੋ ਜਿਹੇ ਕਈ ਧੋਖਿਆਂ ਕਰਕੇ ਇਹ ਕੈਂਪ ਬਦਨਾਮ ਹੋ ਚੁੱਕੇ ਹਨ।
ਪਰਿਵਾਰ ਨਿਯੋਜਨ ਕੈਂਪ ਸ਼ਹਿਰਾਂ ਤੱਕ ਹੀ ਸੀਮਤ : ਇਨ੍ਹਾਂ ਸਰਕਾਰੀ ਯਤਨਾਂ ਵਿਚ ਦੂਜੀ ਕਮੀ ਇਹ ਰਹਿ ਜਾਂਦੀ ਹੈ ਕਿ ਪਰਿਵਾਰ ਨਿਯੋਜਨ ਕੈਂਪ ਵਧੇਰੇ ਕਰ ਕੇ ਸ਼ਹਿਰਾਂ ਵਿਚ ਲਗਾਏ ਜਾਂਦੇ ਹਨ ਅਤੇ ਸ਼ਹਿਰੀ ਬੰਦਿਆਂ ਤੱਕ ਹੀ ਸੰਤਾਨ ਸੰਜਮ ਦਾ ਕੰਮ ਸੀਮਤ ਰੱਖਿਆ ਜਾਂਦਾ ਹੈ, ਪਰ ਅਸਲੀਅਤ ਇਹ ਹੈ ਕਿ ਆਬਾਦੀ ਦੀ ਰਫਤਾਰ ਜਿਸ ਤੇਜ਼ੀ ਨਾਲ ਸਾਡੇ ਦੇਸ਼ ਦੇ ਪਿੰਡਾਂ ਵਿਚ ਵੱਧ ਰਹੀ ਹੈ, ਸ਼ਹਿਰਾਂ ਵਿਚ ਨਹੀਂ ਵੱਧ ਰਹੀ। ਦੂਜੀ ਗੱਲ ਇਹ ਹੈ ਕਿ ਸਾਡੇ ਦੇਸ਼ ਦੇ ਲਗਭਗ 75% ਲੋਕ ਪਿੰਡਾਂ ਵਿਚ ਵੱਸਦੇ ਹਨ। ਇਸ ਲਈ ਬਰਥ ਕੰਟਰੋਲ ਦਾ ਕੰਮ ਵਧੇਰੇ ਕਰ ਕੇ ਪਿੰਡਾਂ ਵਿਚ ਹੀ ਹੋਣਾ ਚਾਹੀਦਾ ਹੈ। ਪਿੰਡਾਂ ਵਿਚ ਵੀ ਪੜੇ ਲਿਖੇ ਲੋਕ ਫਿਰ ਵੀ ਬਰਥ ਕੰਟਰੋਲ ਦੇ ਲਾਭ ਜਾਣਦੇ ਹਨ ਅਤੇ ਬਹੁਤ ਵੱਡੇ ਪਰਿਵਾਰ ਬਣਾਉਣ ਤੋਂ ਸੰਕੋਚ ਕਰਦੇ ਹਨ, ਪਰ ਪਿੰਡਾਂ ਦੇ ਅਨਪੜ ਲੋਕ ਇਸ ਗੱਲ ਵਿਚ ਜ਼ਰਾ ਸੰਕੋਚ ਨਹੀਂ ਕਰਦੇ। ਉਹ ਇਹ ਸਮਝਦੇ ਹਨ ਕਿ ਬੱਚਿਆਂ ਨੂੰ ਜਨਮ ਦੇਣ ਦਾ ਕੰਮ ਪ੍ਰਮਾਤਮਾ ਦੇ ਹੱਥ ਵਿਚ ਹੈ। ਮਨੁੱਖ ਨੂੰ ਉਸ ਰਚਣਹਾਰ ਦੇ ਕੰਮ ਵਿਚ ਕੋਈ ਦਖਲ ਨਹੀਂ ਦੇਣਾ ਚਾਹੀਦਾ। ਇਸ ਲਈ ਸਰਕਾਰ ਵਲੋਂ ਬਰਥ ਕੰਟਰੋਲ ਦਾ ਵਧੇਰੇ ਕੰਮ ਪਿੰਡਾਂ ਦੇ ਅਨਪੜ੍ਹ ਲੋਕਾਂ ਨਾਲ ਸੰਬੰਧਿਤ ਹੋਣਾ ਚਾਹੀਦਾ ਹੈ।
ਚੀਨ ਤੋਂ ਸਬਕ ਲੈਣ ਦੀ ਲੋੜ : ਸਾਡੇ ਦੇਸ਼ ਨੂੰ ਪਰਿਵਾਰ ਨਿਯੋਜਨ ਦੇ ਕੰਮ ਵਿਚ ਚੀਨ ਸਰਕਾਰ ਦੇ ਸਫਲ ਉਦਮਾਂ ਤੋਂ ਬੜਾ ਸਬਕ ਮਿਲ ਸਕਦਾ ਹੈ। ਚੀਨ ਦੀ ਕਮਿਊਨਿਸਟ ਸਰਕਾਰ ਦੀ ਪਹਿਲੇ ਤਾਂ ਇਹ ਨੀਤੀ ਰਹੀ ਸੀ ਕਿ ਚੀਨ ਦੇਸ਼ ਦੀ ਜਨਸੰਖਿਆ ਜਿੰਨੀ ਜ਼ਿਆਦਾ ਹੋਵੇਗੀ ਉਸ ਦੀ ਸੈਨਿਕ ਤਾਕਤ ਵਿਚ ਉੱਨਾ ਹੀ ਵਾਧਾ ਹੋਵੇਗਾ, ਪਰ ਪਿੱਛੇ ਜਿਹੇ ਚੀਨਵਿਚ ਜਿਹੜਾ ਵੱਡਾ ਕਾਲ ਪਿਆ, ਉਸ ਦਾ ਕਾਰਨ ਦੇਸ਼ ਦੀ ਵੱਧ ਚੁੱਕੀ ਆ-ਆ ਗਿਆ। ਇਸ ਲਈ ਉੱਥੋਂ ਦੀ ਸਰਕਾਰ ਨੇ ਦੇਸ਼ ਦੀ ਵੱਧਦੀ ਆਬਾਦੀ ਨੂੰ ਠੱਲ ਪਾਉਣ ਲਈ ਬੜੇ ਜ਼ਬਰਦਸਤ ਕਦਮ ਚੁੱਕੇ।ਉੱਥੇ ਇਕ ਤੋਂ ਵੱਧ ਬੱਚੇ ਪੈਦਾ ਕਰਨ ਨੂੰ ਜੁਰਮ ਕਰਾਰ ਦੇ ਦਿੱਤਾ ਗਿਆ ਅਤੇ ਇਸ ਸੰਬੰਧੀ ਸਰਕਾਰੀ ਹੁਕਮ ਦਾ ਉਲੰਘਣ ਕਰਨ ਵਾਲਿਆਂ ਨੂੰ ਭਾਰੀ ਸਜ਼ਾਵਾਂ ਦਿੱਤੀਆਂ ਗਈਆਂ। ਇਸ ਹੁਕਮ ਦਾ ਉਲੰਘਣ ਕਰਨ ਵਾਲੇ ਸਰਕਾਰੀ ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਜਾਂ ਉਨ੍ਹਾਂ ਦੀ ਤਰੱਕੀ ਰੋਕ ਦਿੱਤੀ ਗਈ। ਭਾਰਤ ਵਿਚ ਵੀ ਜਦ ਤੱਕ ਬਰਥ ਕੰਟਰੋਲ ਦੇ ਹੁਕਮ ਦਾ ਉਲੰਘਣ ਕਰਨ ਵਾਲਿਆਂ ਨੂੰ ਇਹੋ-ਜਿਹੀਆਂ ਭਾਰੀ ਸਜ਼ਾਵਾਂ ਨਹੀਂ ਦਿੱਤੀਆਂ ਜਾਂਦੀਆਂ, ਉਦੋਂ ਤੱਕ ਦੇਸ਼ ਦੀ ਤੇਜ਼ੀ ਨਾਲ ਵੱਧਦੀ ਆਬਾਦੀ ਵਿਚ ਕੋਈ ਰੋਕ ਨਹੀਂ ਪੈ ਸਕਦੀ।
ਸਰਕਾਰੀ ਪੱਧਰ ਤੇ ਦੁੱਵਲੇ ਹਮਲੇ ਦੀ ਲੋੜ : ਸਾਡੇ ਦੇਸ਼ ਵਿਚ ਵੱਧਦੀ ਹੋਈ ਆਬਾਦੀ ਨੂੰ ਰੋਕਣ ਲਈ ਸਰਕਾਰੀ ਪੱਧਰ ਉੱਤੇ ਦੋਵੱਲਾ ਹਮਲਾ ਕਰਨਾ ਚਾਹੀਦਾ ਹੈ। ਇਕ ਪਾਸੇ ਤਾਂ ਪਰਿਵਾਰ ਨਿਯੋਜਨ ਕਾਨੂੰਨ ਦਾ ਉਲੰਘਣ ਕਰਨ ਵਾਲਿਆਂ ਨੂੰ ਭਾਰੀ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਦੂਜੇ ਪਾਸੇ ਇਸ ਦਾ ਪਾਲਣ ਕਰਨ ਵਾਲਿਆਂ ਨੂੰ ਭਾਰੀ ਇਨਾਮ ਦਿੱਤੇ ਜਾਣੇ ਚਾਹੀਦੇ ਹਨ। ਇਹ ਠੀਕ ਹੈ ਕਿ ਅੱਜਕਲ, ਭਾਰਤ ਸਰਕਾਰ ਵਲੋਂ ਪਰਿਵਾਰ ਨਿਯੋਜਨ ਵਰਤ ਕੇ ਘੱਟ ਬੱਚੇ ਪੈਦਾ ਕਰਨ ਵਾਲਿਆਂ ਨੂੰ ਇਨਾਮ ਦਿੱਤੇ ਜਾਂਦੇ ਹਨ, ਪਰ ਇਹ ਇਨਾਮ ਬਹੁਤ ਮਾਮੂਲੀ ਹੁੰਦੇ ਹਨ, ਜਿਨ੍ਹਾਂ ਦਾ ਕੋਈ ਲਾਭ ਨਹੀਂ ਹੁੰਦਾ, ਜ਼ਰੂਰੀ ਨਹੀਂ ਕਿ ਇਹ ਇਨਾਮ ਕੈਸ਼ ਜਾਂ ਨਕਦ ਰੁਪਿਆਂ ਦੇ ਰੂਪ ਵਿਚ ਹੋਣ, ਪਰ ਇਹ ਵੱਧ ਤੋਂ ਵੱਧ ਲਾਭਦਾਇਕ ਹੋਣੇ ਚਾਹੀਦੇ ਹਨ, ਜਿਵੇਂ ਪਰਿਵਾਰ ਨਿਯੋਜਨ ਦੀ ਪਾਲਣਾ ਕਰਨ ਵਾਲਿਆਂ ਨੂੰ ਕੋਈ ਚੰਗੀ ਨੌਕਰੀ ਦੇਣਾ ਜਾਂ ਉਨ੍ਹਾਂ ਨੂੰ ਆਪਣੀ ਨੌਕਰੀ ਵਿਚ ਕਾਫੀ ਤਰੱਕੀ ਦੇਣਾ।ਜੇ ਇਹ ਵੇਖਿਆ ਜਾਏ ਕਿ ਪਰਿਵਾਰ ਨਿਯੋਜਨ ਦੀ ਪਾਲਣਾ ਕਰਨ ਵਾਲੇ ਵਿਅਕਤੀਆਂ ਕੋਲ ਆਪਣਾ ਮਕਾਨ ਨਹੀਂ ਹੈ ਤਾਂ ਉਨ੍ਹਾਂ ਨੂੰ ਸਰਕਾਰ ਵਲੋਂ ਬਣਾਏ ਗਏ ਰਿਹਾਇਸ਼ੀ ਮਕਾਨ ਦਿੱਤੇ ਜਾਣ ਜਾਂ ਉਨ੍ਹਾਂ ਨੂੰ ਆਪਣੇ ਮਕਾਨ ਬਣਾਉਣ ਲਈ ਲੋੜੀਂਦੇ ਰੁਪਏ ਦਿੱਤੇ ਜਾਣ।
ਇਸ ਗੱਲ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਭਾਰਤ ਵਿਚ ਖੇਤੀਬਾੜੀ ਦੀ ਪ੍ਰਗਤੀ ਜਾਂ ਉਦਯੋਗ ਦੇ ਵਿਕਾਸ ਉਦੋਂ ਤੱਕ ਕੋਈ ਅਰਥ ਨਹੀਂ ਰੱਖਦੇ ਜਦ ਤੱਕ ਦੇਸ਼ ਦੀ ਤੇਜ਼ੀ ਨਾਲ ਵੱਧਦੀ ਆਬਾਦੀ ਨੂੰ ਰੋਕਿਆ ਨਾ ਜਾਏ। ਸਰਕਾਰ ਵਲੋਂ ਇਸ ਵੱਧਦੀ ਆਬਾਦੀ ਵਿਰੁੱਧ ਜ਼ਬਰਦਸਤ ਮੁਹਿੰਮ ਚਲਾਉਣੀ ਚਾਹੀਦੀ ਹੈ, ਤਦ ਹੀ ਦੇਸ਼ ਦੀ ਆਬਾਦੀ ਨੂੰ ਸੀਮਤ ਹੱਦ ਅੰਦਰ ਰੱਖਣ ਵਿਚ ਸਫਲਤਾ ਪ੍ਰਾਪਤ ਹੋ ਸਕਦੀ ਹੈ।