ਵਿਸਾਖੀ ਦਾ ਅੱਖੀਂ ਡਿੱਠਾ ਮੇਲਾ
Baisakhi da Aankho Dekha Mela
ਕਦੇ ਸਮਾਂ ਸੀ ਕਿ ਪੰਜਾਬ ਵਾਸੀ ਮੇਲਿਆਂ ਤੇ ਬਹੁਤ ਹੀ ਮੌਜ ਕਰਦੇ ਸਨ । ਨਵੇਂ-ਨਵੇਂ ਕੱਪੜੇ ਸੁਆ ਕੇ ਉਹ ਬਹੁਤ ਦਿਨ ਪਹਿਲਾਂ ਹੀ ਮੇਲਿਆਂ ਦੀ ਤਿਆਰੀ ਆਰੰਭ ਕਰ ਦੇਂਦੇ ਸਨ । ਭਾਰਤ ਪਹਿਲਾਂ ਤੋਂ ਹੀ ਖੇਤੀ ਪ੍ਰਧਾਨ ਦੇਸ਼ ਰਿਹਾ ਹੈ । ਸੋ ਬਹੁਤ ਸਾਰੇ ਮੇਲੇ ਫਸਲਾਂ ਨਾਲ ਸੰਬੰਧਤ ਹਨ। ਇਹੋ ਜਿਹਾ ਹੀ ਇਕ ਮੇਲਾ ਹੈ ਵਿਸਾਖੀ ਦਾ ਮੇਲਾ –
ਵਿਸਾਖੀ ਦਾ ਮੇਲਾ ਹਮੇਸ਼ਾ ਉਸ ਸਮੇਂ ਹੁੰਦਾ ਹੈ ਜਦੋਂ ਕਣਕ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਵਾਰ ਜਦੋਂ ਇਹ ਦਿਨ ਆਇਆ ਤਾਂ ਮੈਂ ਆਪਣੇ ਪਿਤਾ ਜੀ ਨਾਲ ਮੇਲੇ ਤੇ ਜਾਣ ਦਾ ਪ੍ਰੋਗਰਾਮ ਬਣਾਇਆ ।
ਸਵੇਰੇ ਹੀ ਅਸੀਂ ਮੇਲਾ ਵੇਖਣ ਤੁਰ ਪਏ | ਰਸਤੇ ਵਿਚ ਅਸੀਂ ਵੇਖਿਆ ਕਿ ਪਿੰਡਾਂ ਵਿੱਚੋਂ ਨੌਜਵਾਨ, ਬੁੱਢੇ, ਬੱਚੇ ਤੇ ਔਰਤਾਂ ਨਵੇਂ-ਨਵੇਂ ਕੱਪੜੇ ਪਾਈ ਖੁਸ਼ੀ-ਖੁਸ਼ੀ ਮੇਲਾ ਵੇਖਣ ਜਾ ਰਹੇ ਸਨ। ਰਸਤੇ ਵਿਚ ਕੁਝ ਕਿਸਾਨ ਥੋੜੀ ਜਿਹੀ ਕਣਕ ਵੱਢ ਕੇ ਸ਼ਗਨ ਕਰ ਰਹੇ ਸਨ | ਕਣਕਾਂ ਸੁਨਹਿਰੀ ਹੋ ਰਹੀਆਂ ਸਨ । ਜੱਟ ਫ਼ਸਲਾਂ ਨੂੰ ਪੱਕੀਆਂ ਵੇਖ ਖੁਸ਼ ਹੋ ਰਿਹਾ ਸੀ ਤੇ ਖੁਸ਼ੀ ਵਿਚ ਭੰਗੜਾ ਪਾਉਂਦੇ ਹੋਏ ਕਹਿ ਰਿਹਾ ਸੀ –
ਓ ਜੱਟਾ ਆਈ ਵਿਸਾਖੀ, ਫਸਲਾਂ ਦੀ ਮੁਕ ਗਈ ਰਾਖੀ ॥
ਵਿਸਾਖੀ ਵਾਲੇ ਦਿਨ ਖਾਲਸੇ ਦਾ ਵੀ ਜਨਮ ਹੋਇਆ ਸੀ । ਇਸ ਕਰਕੇ ਇਹ ਦਿਨ ਖਾਲਸੇ ਦੇ ਜਨਮ-ਦਿਹਾੜੇ ਦੇ ਰੂਪ ਵਿਚ ਵੀ ਕੁਝ ਲੋਕਾਂ ਵਲੋਂ ਮਨਾਇਆ ਜਾਂਦਾ ਹੈ | ਅਸੀਂ ਰਸਤੇ ਵਿਚ ਇਸੇ ਲਈ ਕਈ ਥਾਵਾਂ ਤੇ ਧਾਰਮਿਕ ਦੀਵਾਨ ਸਜੇ ਹੋਏ ਵੇਖੇ ।
ਸਾਡੇ ਪਿੰਡ ਤੋਂ ਦੋ ਕੁ ਮੀਲ ਦੀ ਦੂਰੀ ਤੇ ਹੀ ਮੇਲੇ ਵਾਲੀ ਥਾਂ ਸੀ । ਅਸੀਂ ਤੁਰਦੇ-ਤੁਰਦੇ ਕੁਝ ਸਮੇਂ ਬਾਅਦ ਹੀ ਉਥੇ ਜਾ ਪਹੁੰਚੇ । ਕਿਸੇ ਪਾਸੇ ਵਾਜਾ ਵੱਜ ਰਿਹਾ ਸੀ । ਕਿਧਰੇ ਢੋਲ ਖੜਕ ਰਿਹਾ ਸੀ ਤੇ ਕਿਧਰੇ ਪੰਘੂੜੇ ਲੱਗੇ ਹੋਏ ਸਨ ।
ਮੇਲੇ ਵਿਚ ਤਰ੍ਹਾਂ ਤਰ੍ਹਾਂ ਦੀਆਂ ਦੁਕਾਨਾਂ ਸਜੀਆਂ ਹੋਈਆਂ ਸਨ । ਮਠਿਆਈਆਂ ਵਾਲੀਆਂ ਦੁਕਾਨਾਂ ਵਲੋਂ ਤਾਜ਼ੀਆਂ ਮਠਿਆਈਆਂ ਦੀ ਖੁਸ਼ਬੂ ਆ ਰਹੀ ਸੀ । ਲਾਊਡ ਸਪੀਕਰਾਂ ਦੀ ਆਵਾਜ਼ ਵਿਚ ਕੁਝ ਵੀ ਸੁਣਾਈ ਨਹੀਂ ਦੇ ਰਿਹਾ ਸੀ।
ਬੱਚੇ ਖਿਡੌਣਿਆਂ ਵਾਲੀਆਂ ਦੁਕਾਨਾਂ ਵੱਲ ਨੂੰ ਭੱਜੇ ਜਾ ਰਹੇ ਸਨ । ਬੱਚਿਆਂ ਦੀਆਂ ਮਾਂਵਾਂ ਵੀ ਦੇ ਪਿੱਛੇ-ਪਿੱਛੇ ਜਾ ਰਹੀਆਂ ਸਨ, ਤਾਂ ਕਿ ਉਨ੍ਹਾਂ ਦਾ ਬੱਚਾ ਇਸ ਭੀੜ-ਭੜੱਕੇ ਵਿਚ ਗੁੰਮ ਨਾ ਹੋ ਜਾਵੇ ।
ਇਕ ਪਾਸੇ ਇਕ ਜਾਦੂਗਰ ਨੇ ਬਹੁਤ ਸਾਰੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਹੋਇਆ ਸੀ । ਲੋਕੀਂ ਹੈਰਾਨੀ ਨਾਲ ਉਸ ਦੇ ਕਰਤੱਬ ਦੇਖ ਰਹੇ ਸਨ । ਇਕ ਬੱਚਾ ਉਸ ਨੇ ਖੜੀਆਂ ਕਿੱਲਾਂ ਦੇ ਉੱਪਰ ਪਾਇਆ ਹੋਇਆ ਸੀ । ਕਿੱਲਾਂ ਬਹੁਤ ਹੀ ਤਿੱਖੀਆਂ ਸਨ, ਪਰ ਬੱਚਾ ਤਾਂ ਵੀ ਆਰਾਮ ਨਾਲ ਲੇਟਿਆ ਹੋਇਆ ਸੀ।
ਇਕ ਪਾਸੇ ਬਹੁਤ ਸਾਰੇ ਨੌਜਵਾਨ ਭੰਗੜਾ ਪਾ ਰਹੇ ਸਨ। ਇਕ ਜਣਾ ਬੋਲੀ ਪਾਉਂਦਾ ਸੀ ਤੇ ਬਾਕੀ ਸਾਰੇ ਢੋਲ ਦੀ ਧਮਕ ਨਾਲ ਭੰਗੜਾ ਪਾਉਣਾ ਸ਼ੁਰੂ ਕਰ ਦੇਂਦੇ ਸਨ । ਨਾਲੋ ਨਾਲ ਉਹ ਸ਼ਰਾਬ ਵੀ ਪੀ ਰਹੇ ਸਨ ।
ਥੋੜੀ ਦੇਰ ਬਾਅਦ ਹੀ ਉਨ੍ਹਾਂ ਦੀ ਆਪਸ ਵਿਚ ਲੜਾਈ ਛਿੜ ਗਈ । ਹੱਥਾਂ ਵਿੱਚ ਡਾਂਗਾਂ ਆ ਗਈਆਂ ਤੇ ਇਕਦਮ ਰੌਲਾ ਪੈ ਗਿਆ । ਇਕ ਜਣੇ ਦਾ ਜਦੋਂ ਸਿਰ ਫਟ ਗਿਆ ਤਾਂ ਹੀ ਉਹ ਲੜਨ ਤੋਂ ਹਟੇ।
ਇਕ ਪਾਸੇ ਘੋਲ ਹੋ ਰਿਹਾ ਸੀ । ਪਹਿਲਵਾਨ ਇਕ ਦੂਜੇ ਨੂੰ ਢਾਹ ਰਹੇ ਸੀ । ਜੇਤੂ ਵਾਸਤੇ ਇੱਕ ਪੀਪਾ ਦੇਸੀ ਘਿਉ ਦਾ ਇਨਾਮ ਸੀ। ਕਿਸ਼ਨ ਸਿੰਘ ਨੇ ਇਹ ਘੋਲ ਜਿੱਤ ਲਿਆ ਹਣ ਸ਼ਾਮ ਪੈ ਗਈ । ਅਸੀਂ ਵੀ ਖਾ ਪੀ ਕੇ ਘਰ ਵੱਲ ਨੂੰ ਤੁਰ ਪਏ। ਇਸ ਮੇਲੇ ਵਿੱਚ ਮੈਨੂੰ ਏਨਾ ਅਨੰਦ ਆਇਆ ਕਿ ਅੱਜ ਤੱਕ ਜਦੋਂ ਵੀ ਯਾਦ ਆਉਂਦਾ ਹੈ ਤੇ ਮਨ ਖਿੜ ਉੱਠਦਾ ਹੈ |