ਦੋ ਦੋਸਤ ਅਤੇ ਰਿੱਛ
Do Dost ate Rich
ਸ਼ਾਮ ਅਤੇ ਦੀਪਾ ਪੱਕੇ ਦੋਸਤ ਸਨ। ਇਕ ਵਾਰ ਕੰਮਕਾਰ ਦੀ ਭਾਲ ਵਿਚ ਉਹ ਦੋਵੇਂ ਸ਼ਹਿਰ ਜਾ ਰਹੇ ਸਨ। ਉਹਨਾਂ ਦਾ ਰਸਤਾ ਇਕ ਜੰਗਲ ਵਿਚੋਂ ਹੋ ਕੇ ਨਿਕਲਦਾ ਸੀ। ਜੰਗਲ ਵਿਚ ਅਨੇਕਾਂ ਪ੍ਰਕਾਰ ਦੇ ਜੰਗਲੀ ਜੀਵ ਸਨ। ਉਹਨਾਂ ਦੋਹਾਂ ਨੇ ਮੁਸੀਬਤ ਵੇਲੇ ਇਕ ਦੂਜੇ ਦੀ ਮੱਦਦ ਕਰਨ ਦਾ ਵਚਨ ਲਿਆ।
ਉਹਨਾਂ ਨੂੰ ਘਰੋਂ ਤੁਰਿਆਂ ਕੋਈ ਬਹੁਤੀ ਦੇਰ ਨਹੀਂ ਸੀ ਹੋਈ ਕਿ ਜੰਗਲ ਵਿਚ ਉਹਨਾਂ ਨੇ ਬਹੁਤ ਵੱਡਾ ਰਿੱਛ ਆਪਣੇ ਵੱਲ ਆਉਂਦਾ ਵੇਖਿਆ। ਦੋਵੇਂ ਦੋਸਤ ਉਸ ਨੂੰ ਵੇਖ ਕੇ ਡਰ ਗਏ। ਦੀਪਾ ਤਾਂ ਭੱਜ ਕੇ ਲਾਗਲੇ ਰੁੱਖ ਤੇ ਚੜ ਗਿਆ। ਉਸ ਨੇ ਆਪਣੇ ਮਿੱਤਰ ਬਾਰੇ ਕੁਝ ਵੀ ਨਾ ਸੋਚਿਆ। ਸ਼ਾਮੁ ਬੜਾ ਸਿਆਣਾ ਲੜਕਾ ਸੀ। ਉਸਨੇ ਸੁਣਿਆ ਸੀ ਕਿ ਰਿੱਛ ਮਰੇ ਹੋਏ ਬੰਦੇ ਨੂੰ ਨਹੀਂ ਖਾਂਦਾ। ਸ਼ਾਮੁ ਜ਼ਰਾ ਵੀ ਸਮਾਂ ਨਾ ਗਵਾਉਂਦੇ ਹੋਏ ਆਪਣਾ ਸਾਹ ਘੁੱਟ ਕੇ ਜ਼ਮੀਨ ਤੇ ਲੇਟ ਗਿਆ।
ਇੰਨੇ ਵਿਚ ਰਿੱਛ ਵੀ ਆ ਗਿਆ। ਉਸਨੇ ਮੁਰਦਾ ਬਣੇ ਸ਼ਾਮੂ ਨੂੰ ਸੁੰਘਿਆ। ਰਿੱਛ ਉਸ ਨੂੰ ਮਰਿਆ ਜਾਣ ਕੇ ਛੱਡ ਕੇ ਚਲਾ ਗਿਆ। ਜਦੋਂ ਰਿੱਛ ਦੂਰ ਚਲਾ ਗਿਆ ਤਾਂ ਦੀਪਾ ਰੁੱਖ ਤੋਂ ਹੇਠਾਂ ਉਤਰਿਆ ਅਤੇ ਸ਼ਾਮੁ ਕੋਲ ਆਇਆ। ਉਸ ਨੇ ਆਉਂਦੇ ਹੀ ਸ਼ਾਮੂ ਨੂੰ ਪੁੱਛਿਆ ਕਿ ਗਿੱਛ ਉਸ ਦੇ ਕੰਨ ਵਿਚ ਕੀ ਕਹਿ ਰਿਹਾ ਸੀ ? ਸ਼ਾਮੂ ਨੇ ਦੁੱਖ ਅਤੇ ਅਫ਼ਸੋਸ ਨਾਲ ਆਪਣੇ ਮਿੱਤਰ ਵੱਲ ਵੇਖਿਆ ਅਤੇ ਬੋਲਿਆ ਕਿ ਰਿੱਛ ਨੇ ਉਸ ਨੂੰ ਕਿਹਾ ਸੀ ਕਿ ਦਗਾਬਾਜ਼ ਦੋਸਤਾਂ ਤੋਂ ਸਦਾ ਬੱਚ ਕੇ ਰਹਿਣਾ ਚਾਹੀਦਾ ਹੈ। ਇਹ ਕਹਿ ਕੇ ਸ਼ਾਮੂ ਪਿਛਾਂਹ ਆਪਣੇ ਘਰ ਵੱਲ ਨੂੰ ਚੱਲ ਪਿਆ। ਹੁਣ ਦੀਪਾ ਪਛਤਾ ਰਿਹਾ ਸੀ।
ਸਿੱਖਿਆ-ਮਿੱਤਰ ਉਹ ਜੋ ਵੇਲੇ ਸਿਰ ਕੰਮ ਆਵੇ।