ਅੰਮ੍ਰਿਤਾ ਪ੍ਰੀਤਮ
Amrita Pritam
ਅੱਜ ਆਖਾਂ ਵਾਰਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ।
ਤੇ ਅੱਜ ਕਿਤਾਬੇ ਇਸ਼ਕ ਦਾ, ਕੋਈ ਅਗਲਾ ਵਰਕਾ ਫੋਲ।
ਇਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ-ਲਿਖ ਮਾਰੇ ਵੈਣ।
ਅੱਜ ਲੱਖਾਂ ਧੀਆਂ ਰੋਂਦੀਆਂ, ਤੈਨੂੰ ਵਾਰਸ ਸ਼ਾਹ ਨੂੰ ਕਹਿਣ।
ਨਾਰੀ ਮਨ ਦੇ ਦਰਦ ਨੂੰ ਆਵਾਜ਼ ਦੇਣ ਵਾਲੀ ਇਹ ਮਹਾਨ ਕਵਿੱਤਰੀ ਅੰਮ੍ਰਿਤਾ ਪੀਤਮ ਹੈ। ਇਸ ਸ਼ਾਨਦਾਰ ਕਵਿੱਤਰੀ ਨੂੰ ਕੋਈ ਪੰਜਾਬੀ ਪੀੜ ਕਹਿੰਦਾ ਹੈ, ਕੋਈ ਪੰਜਾਬ ਦੀ ਜ਼ਬਾਨ ਕਹਿੰਦਾ ਹੈ ਅਤੇ ਕੋਈ ਇਸ ਨੂੰ ਮਨੁੱਖਤਾ ਦੀ ਆਵਾਜ਼` ਕਹਿੰਦਾ ਹੈ। ਅੰਮ੍ਰਿਤਾ ਪੀਤਮ ਨੇ ਆਪਣੀ ਨਿੱਜ ਦੀ ਪੀੜਾ ਨੂੰ ਸੰਸਾਰ ਦੀ ਪੀੜਾ ਬਣਾ ਕੇ ਵਿਖਾਇਆ ਹੈ।
ਜਨਮ ਅਤੇ ਆਰੰਭਕ ਜੀਵਨ : ਅੰਮ੍ਰਿਤਾ ਪ੍ਰੀਤਮ ਦਾ ਜਨਮ 31 ਅਗਸਤ, ਸੰਨ 1919 ਨੂੰ ਹੋਇਆ। ਆਪ ਦੇ ਪਿਤਾ ਗਿਆਨੀ ਕਰਤਾਰ ਸਿੰਘ ਹਿਤਕਾਰੀ ਬੜੇ ਧਾਰਮਿਕ ਅਤੇ ਸਾਊ ਮਨੁੱਖ ਸਨ। ਛੋਟੀ ਉਮਰੇ ਹੀ ਮਾਂ ਦੀ ਮੌਤ ਨੇ ਆਪ ਦੇ ਅੰਦਰੋਂ ਧਰਮ ਦਾ ਸਰੋਤ ਸੁਕਾ ਦਿੱਤਾ। ਆਪ ਦੀ ਕਵਿਤਾ ਵਿਚ ਮਾਂ ਦੀ ਮੌਤ ਦਾ ਦਰਦ ਕਈ ਰੂਪਾਂ ਵਿਚ ਬੋਲਿਆ ਹੈ। ਆਪ ਨੂੰ ਬਹੁਤ ਪੜ੍ਹਾਈ ਤਾਂ ਨਸੀਬ ਨਾ ਹੋਈ, ਪਰ ਇਹ ਕਵਿਤਾ ਦਾ ਸੋਮਾ ਜਿਵੇਂ ਮਾਂ ਦੇ ਢਿੱਡੋਂ ਹੀ ਲੈ ਕੇ ਆਏ ਸਨ। ਅੰਮ੍ਰਿਤਾ ਪ੍ਰੀਤਮ ਨੇ ਫੋਟੋਗ੍ਰਾਫੀ, ਨਿਤ ਅਤੇ ਸੰਗੀਤ ਸਿੱਖਣ ਵਿਚ ਵੀ ਸਮਾਂ ਲਾਇਆ ਪਰ ਅੰਤ ਵਿਚ ਆਪ ਨੇ ਆਪਣਾ ਸਾਰਾ ਧਿਆਨ ਅਤੇ ਜੀਵਨ ਕਵਿਤਾ ਰਚਣ ਵਿਚ ਹੀ ਲੱਗਾ ਦਿੱਤਾ। ਸੰਨ 1936 ਵਿਚ ਆਪ ਦਾ ਵਿਆਹ ਆਪਣੀ ਭੂਆ ਦੇ ਮੁੰਡੇ ਪ੍ਰੀਤਮ ਸਿੰਘ ਨਾਲ ਹੋਇਆ। ਆਪ ਦੇ ਘਰ ਇਕ ਲੜਕੇ ਨਵਰਾਜ ਤੇ ਇਕ ਲੜਕੀ ਕੰਕਲਾ ਨੇ ਜਨਮ ਲਿਆ। ਅੰਮ੍ਰਿਤਾ ਪ੍ਰੀਤਮ ਉਪਰ ਵਾਪਰਦੀਆਂ ਘਟਨਾਵਾਂ ਨੇ ਬਹੁਤ ਪ੍ਰਭਾਵ ਪਾਇਆ ਹੈ, ਪਰ ਜਿਹੜਾ ਅਸਰ ਦੇਸ਼ ਦੀ ਵੰਡ ਅਤੇ ਉਸ ਤੋਂ ਉਤਪੰਨ ਹੋਏ ਦੁਖਾਂਤ ਨੇ ਪਾਇਆ, ਉਹ ਆਪਣੀ ਮਿਸਾਲ ਆਪ ਹੈ।
ਪੰਜਾਬੀ ਸਾਹਿਤ ਨੂੰ ਯੋਗਦਾਨ : ਅੰਮ੍ਰਿਤਾ ਪ੍ਰੀਤਮ ਨੇ ਪੰਜਾਬੀ ਮਾਂ ਦੀ ਝੋਲੀ ਵਿਚ ਬੜੇ ਹੀਰੇ ਮੋਤੀ ਪਾਏ ਹਨ। ਉਹਨਾਂ ਨੂੰ ਪੰਜਾਬੀ ਸਾਹਿਤ ਦੀ ਸੇਵਾ ਬਦਲੇ ਭਰਪੂਰ ਮਾਣ ਅਤੇ ਇਨਾਮ ਵੀ ਮਿਲੇ ਹਨ। ਸੰਨ 1958 ਵਿਚ ਪੰਜਾਬ ਸਰਕਾਰ ਵੱਲੋਂ ਆਪ ਨੂੰ ਸਨਮਾਨਿਤ ਕੀਤਾ ਗਿਆ। ਫਿਰ ਸੰਨ 1960 ਵਿਚ ਸਾਹਿਤ ਅਕਾਡਮੀ ਨੇ ਸੁਨੇਹੜੇ ਪੁਸਤਕ ਤੇ ਆਪ ਨੂੰ 5000 ਰੁਪਏ ਦਾ ਇਨਾਮ ਦਿੱਤਾ। ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਅਤੇ ਸਾਹਿਤ ਸੇਵਾ ਨੂੰ ਮੁੱਖ ਰੱਖਦਿਆਂ ਭਾਰਤ ਸਰਕਾਰ ਨੇ ਆਪ ਨੂੰ ਆਪਣਾ ਸਭ ਤੋਂ ਉੱਚਾ ‘ਗਿਆਨ ਪੀਠ ਪਰਸਕਾਰ’ ਦਿੱਤਾ। ਵਿਸ਼ੇਸ਼ ਗੱਲ ਇਹ ਹੈ ਕਿ ਆਪ ਤੋਂ ਪਹਿਲਾਂ ਇਹ ਮਹਾਨ ਪੁਰਸਕਾਰ ਪੰਜਾਬੀ ਵਿਚ ਕਿਸੇ ਨੇ ਵੀ ਪ੍ਰਾਪਤ ਨਹੀਂ ਕੀਤਾ ਸੀ। ਸੁਨੇਹੜੇ ਕਵਿਤਾ ਵਿਚ ਵਹਿਣ ਅਤੇ ਲੈਅ ਬੜੀ ਕਮਾਲ ਦੀ ਹੈ। ਸੰਸਾਰ ਅਮਨ ਵਿਚ ਸੁਨੇਹੜਾ ਇਕ ਮੀਲ ਪੱਥਰ ਹੈ।
ਕਈ ਵੰਨਗੀਆਂ ਵਾਲਾ ਸਾਹਿਤ : ਅੰਮ੍ਰਿਤਾ ਪ੍ਰੀਤਮ ਨੇ ਬਹੁਤ ਸਾਰਾ ਸਾਹਿਤ ਕਈ ਵੰਨਗੀਆਂ ਵਿਚ ਲਿਖਿਆ ਹੈ। ਉਹਨਾਂ ਦੀਆਂ ਕਵਿਤਾਵਾਂ ‘ਠੰਡੀਆਂ ਕਿਰਣਾਂ’, ‘ਤੇਲ, ‘ਧੋਤੇ ਫੁੱਲ’, ‘ਲੋਕ ਪੀੜਾਂ’, ‘ਪੱਥਰ ਗੀਟੇ’, ‘ਲੰਮੀਆਂ ਵਾਟਾਂ’, ‘ਸਰਘੀ ਵੇਲਾ’, ‘ਸੁਨੇਹੜੇ, ‘ਕਸਤੂਰੀ, “ਕਾਗਜ਼ ਤੇ ਕੈਨਵਸ’ ਅਤੇ ‘ਮੈਂ ਜਮਾ ‘` ਆਦਿ ਬੜੀਆਂ ਪ੍ਰਸਿੱਧ ਹਨ।
ਆਪ ਨੇ ਕਵਿਤਾ ਦੇ ਨਾਲ-ਨਾਲ ਨਾਵਲ ਵੀ ਲਿਖੇ ਹਨ। ਆਪ ਦੇ ਨਾਵਲਾਂ ਦਾ ਭਾਰਤ ਦੀਆਂ ਕਈ ਭਾਸ਼ਾਵਾਂ ਵਿਚ ਤਰਜ਼ਮਾ ਵੀ ਹੋਇਆ ਹੈ।