ਸਾਡੇ ਆਵਾਜਾਈ ਦੇ ਸਾਧਨ
Sade Avajahi de Sadhan
ਤੇਜ਼ ਰਫ਼ਤਾਰੀ ਦਾ ਜ਼ਮਾਨਾ : ਇੱਕੀਵੀਂ ਸਦੀ ਵਿਗਿਆਨ ਦੀ ਸਦੀ ਹੈ। ਇਸ ਵਿਚ ਵਿਗਿਆਨ ਦੀਆਂ ਅਨੇਕਾਂ ਖੋਜਾਂ ਨਾਲ ਆਵਾਜਾਈ ਦੇ ਸਾਧਨਾਂ ਵਿਚ ਬਹੁਤ ਤਰੱਕੀ ਹੋਈ ਹੈ। ਅੱਜ ਸਾਨੂੰ ਇਕ ਥਾਂ ਤੋਂ ਦੂਜੀ ਥਾਂ ਜਾਣ ਲਈ ਪਹਿਲਾਂ ਵਾਂਗ ਦਿਨ ਅਤੇ ਮਹੀਨੇ ਨਹੀਂ ਲੱਗਦੇ, ਸਗੋਂ ਮਿੰਟ ਅਤੇ ਘੰਟੇ ਹੀ ਲੱਗਦੇ ਹਨ। ਇਸੇ ਕਾਰਨ ਅੱਜ ਦੇ ਯੁੱਗ ਨੂੰ ਤੇਜ਼ਰਫ਼ਤਾਰੀ ਦਾ ਯੁੱਗ ਕਿਹਾ ਜਾਂਦਾ ਹੈ।
ਪੁਰਾਤਨ ਸਮੇਂ ਵਿਚ ਆਵਾਗਮਨ ਦੇ ਸਾਧਨ : ਪੁਰਾਣੇ ਸਮੇਂ ਵਿਚ ਮਨੁੱਖ ਯਾਤਰਾ ਆਪਣੀਆਂ ਲੱਤਾਂ ਦੇ ਸਹਾਰੇ ਕਰਦਾ ਸੀ। ਈਸ਼ਵਰ ਨੇ ਮਨੁੱਖ ਨੂੰ ਬੁੱਧੀ ਦਿੱਤੀ ਹੈ, ਜਿਸ ਦੇ . ਸਹਾਰੇ ਉਸ ਨੇ ਪਸ਼ੂਆਂ ਨੂੰ ਵੀ ਆਪਣੇ ਅਧਿਕਾਰ ਵਿਚ ਲੈ ਲਿਆ। ਉਸ ਨੇ ਘੋੜੇ, ਗਧੇ, ਖੱਚਰ , ਉਠ ਤੇ ਹਾਥੀ ਜਿਹੇ ਸ਼ਕਤੀਸ਼ਾਲੀ ਜਾਨਵਰਾਂ ਨੂੰ ਭਾਰ ਢੋਣ ਅਤੇ ਸਵਾਰੀ ਕਰਨ ਲਈ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ। ਫਿਰ ਉਸ ਨੇ ਭਾਰ ਢੋਣ ਲਈ ਬੈਲ-ਗੱਡੀਆਂ ਅਤੇ ਰੱਥ ਬਣਾ ਲਏ। ਦਰਿਆ ਨੂੰ ਪਾਰ ਕਰਨ ਲਈ ਉਹ ਬੇੜੀਆਂ ਦੀ ਵਰਤੋਂ ਕਰਨ ਲੱਗਾ।
ਪੱਕੀਆਂ ਸੜਕਾਂ ਅਤੇ ਮੋਟਰਾਂ-ਇੰਜਣਾਂ ਦੀ ਖੋਜ : ਪਰੰਤ ਅੱਜ ਵਿਗਿਆਨਿਕ ਖੋਜ ਨੇ ਆਵਾਗਮਨ ਦੇ ਖੇਤਰ ਵਿਚ ਬੜੀ ਭਾਂਤੀ ਲੈ ਆਂਦੀ ਹੈ। ਅੱਜ ਆਵਾਗਮਨ ਲਈ ਪੱਕੀਆਂ ਸੜਕਾਂ ਬਣ ਗਈਆਂ ਹਨ। ਪੱਕੀਆਂ ਸੜਕਾਂ ਉੱਪਰ ਮੋਟਰਾਂ, ਟਰੱਕਾਂ, ਕਾਰਾਂ, ਜੀਪਾਂ, ਸਕੂਟਰ , ਰਿਕਸ਼ਾ ਅਤੇ ਸਾਈਕਲ ਆਦਿ ਚੱਲਦੇ ਹਨ। ਲੰਮੀ ਯਾਤਰਾ ਲਈ ਡੀਲਕਸ ਅਤੇ ਏਅਰ ਕੰਡੀਸ਼ਨਡ ਬਸਾਂ ਚੱਲਦੀਆਂ ਹਨ। ਅੱਜ ਤੁਹਾਨੂੰ ਇਕ ਥਾਂ ਤੋਂ ਦੂਜੀ ਥਾਂ ਜਾਣ ਲਈ ਲੱਤਾਂ ਮਾਰਨ ਅਤੇ ਸਫ਼ਰ ਦੀਆਂ ਹੋਰ ਮੁਸ਼ਕਲਾਂ ਤੋਂ ਡਰਨ ਦੀ ਲੋੜ ਨਹੀਂ। ਤੁਸੀਂ ਸਾਈਕਲ, ਸਕੂਟਰ, ਮੋਟਰ-ਸਾਈਕਲ, ਜੀਪ ਜਾਂ ਕਾਰ ਉੱਤੇ ਸਵਾਰ ਹੋ ਕੇ ਝਟਪਟ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ। ਇਸ ਤੋਂ ਇਲਾਵਾ ਬੱਸਾਂ ਵਿਚ ਟਿਕਟ ਲੈ ਕੇ ਬੈਠ ਜਾਵੋ, ਤਾਂ ਤੁਸੀਂ ਬੜੇ ਆਰਾਮ ਨਾਲ ਬੜੇ ਥੋੜੇ ਸਮੇਂ ਵਿਚ ਆਪਣੇ ਟਿਕਾਣੇ ‘ਤੇ ਪਹੁੰਚ ਜਾਵੋਗੇ।
ਰੇਲਾਂ : ਸਫ਼ਰ ਲਈ ਮੋਟਰਾਂ ਤੋਂ ਵੀ ਤੇਜ਼ ਰੇਲਗੱਡੀਆਂ ਚੱਲਦੀਆਂ ਹਨ। ਭਾਰਤ ਵਿਚ ਰੇਲ-ਗੱਡੀ ਨੂੰ ਚਾਲੂ ਹੋਇਆਂ ਕੋਈ ਸਵਾ ਕੁ ਸੌ ਸਾਲ ਹੋਏ ਹਨ। ਅੱਜ ਭਾਰਤ ਵਿਚ 65 ਹਜ਼ਾਰ ਕਿਲੋਮੀਟਰ ਲੰਮੀ ਰੇਲ ਦੀ ਲਾਈਨ ਵਿਛ ਚੁੱਕੀ ਹੈ। ਇਹ ਹਰ ਰੋਜ਼ ਕੋਈ 30 ਲੱਖ ਲੋਕਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਂਦੀਆਂ ਹਨ।
ਹਵਾਈ ਜਹਾਜ਼ : ਮਨੁੱਖ ਦੀ ਸ਼ੁਰੂ ਤੋਂ ਹੀ ਇਹ ਇੱਛਾ ਰਹੀ ਹੈ ਕਿ ਉਹ ਪੰਛੀਆਂ ਵਾਂਗ ਆਕਾਸ਼ ਵਿਚ ਉੱਡ ਕੇ ਇਕ ਥਾਂ ਤੋਂ ਦੂਜੀ ਥਾਂ ਤੱਕ ਜਾਵੇ। ਇਸ ਉਦੇਸ਼ ਲਈ ਮਨੁੱਖ ਨੇ ਹਵਾਈ ਜਹਾਜ਼ ਦੀ ਖੋਜ ਕੀਤੀ। ਅੱਜ ਕਲ੍ਹ ਤਾਂ ਆਵਾਜ਼ ਦੀ ਗਤੀ ਨਾਲੋਂ ਤੇਜ਼ ਰਫਤਾਰ ਨਾਲ ਚੱਲਣ ਵਾਲੇ ਹਵਾਈ ਜਹਾਜ਼ ਬਣ ਗਏ ਹਨ। ਇਹਨਾਂ ਰਾਹੀਂ ਸਫ਼ਰ ਕਰਨ ਵਾਲਾ ਆਦਮੀ ਸਵੇਰੇ ਨਾਸ਼ਤਾ ਦਿੱਲੀ ਕਰ ਕੇ ਦੁਪਹਿਰ ਦਾ ਖਾਣਾ ਲੰਡਨ ਜਾ ਕੇ ਖਾ ਸਕਦਾ ਹੈ। ਚੰਨ ਉੱਪਰ ਜਾਣ ਵਾਲੇ ਰਾਕਟ ਵਿਚ ਮਨੁੱਖ ਇਸ ਨਾਲੋਂ ਵੀ ਤੇਜ਼ੀ ਨਾਲ ਉੱਡਦਾ ਹੈ।
ਸਮੁੰਦਰੀ ਸਾਧਨ : ਪਾਣੀ ਉੱਪਰ ਤੈਰਨ ਲਈ ਅੱਜ ਦੇ ਮਨੁੱਖ ਨੇ ਸਮੁੰਦਰੀ ਜਹਾਜ਼ . ਸਟੀਮਰ ਅਤੇ ਅਗਨਬੋਟ ਤਿਆਰ ਕਰ ਲਏ ਹਨ। ਅੱਜ ਦਾ ਮਨੁੱਖ ਭਾਰ ਢੋਣ ਲਈ, ਪਸ਼ੂਆਂ ਦੀ ਘੱਟ ਹੀ ਵਰਤੋਂ ਕਰਦਾ ਹੈ। ਅੱਜ ਕਲ ਹਜ਼ਾਰਾਂ ਕੁਇੰਟਲ ਭਾਰ ਨੂੰ ਇਕੋ ਸਮੇਂ ਖਿੱਚਣ ਵਾਲੇ ਰੇਲ-ਇੰਜਣ ਉਸ ਦੀ ਸੇਵਾ ਵਿਚ ਤਿਆਰ ਖੜੇ ਹਨ। ਟਰੱਕਾਂ ਅਤੇ ਟੈਂਪੂਆਂ ਰਾਹੀਂ ਉਹ ਜਿੰਨਾ ਵਜ਼ਨੀ ਸਾਮਾਨ ਚਾਹੇ ਇਕ ਥਾਂ ਤੋਂ ਦੂਜੀ ਥਾਂ ਤੇ ਭੇਜ ਸਕਦਾ ਹੈ। ਉਹ ਬਹੁਤੀ ਦੂਰ ਭੇਜੇ ਜਾਣ ਵਾਲੇ ਭਾਰ ਨੂੰ ਘੱਟ ਸਮੇਂ ਵਿਚ ਢੋਣ ਲਈ ਹਵਾਈ ਜਹਾਜ਼ਾਂ ਦਾ ਇਸਤੇਮਾਲ ਵੀ ਕਰਦਾ ਹੈ।
ਬੁਰਾਈ : ਇਸ ਤਰਾਂ ਆਵਾਗਮਨ ਦੇ ਵਾਧੇ ਨਾਲ ਮਨੁੱਖ ਦੀ ਤਰੱਕੀ ਦੀ ਰਫਤਾਰ ਦੇ ਨਾਲ ਉਸ ਦੇ ਸੁੱਖ ਸਹੁਲਤ ਵਿਚ ਵੀ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਇਹਨਾਂ ਸਾਧਨਾਂ ਦੀ ਇਕ ਬੁਰਾਈ ਵੀ ਹੈ ਕਿ ਜਦੋਂ ਕੋਈ ਬੱਸ, ਰੇਲ ਜਾਂ ਹਵਾਈ ਜਹਾਜ਼ ਦੀ ਦੁਰਘਟਨਾ ਹੁੰਦੀ ਹੈ, ਤਾਂ ਬਹੁਤ ਸਾਰੇ ਲੋਕ ਇਕੋ ਵੇਲੇ-ਕੁਵੇਲੇ ਮਾਰੇ ਜਾਂਦੇ ਹਨ ਤੇ ਕਈ ਲੱਤਾਂ-ਬਾਹਾਂ ਦੇ ਟੁੱਟਣ ਜਾਂ ਕੱਟੇ ਜਾਣ ਨਾਲ ਸਾਰੀ ਉਮਰ ਲਈ ਅੰਗਹੀਣ ਹੋ ਜਾਂਦੇ ਹਨ।
ਫੁੱਲਤ ਹੋ ਰਹੀਆਂ ਸੰਭਾਵਨਾਵਾਂ : ਇਸ ਦੇ ਬਾਵਜੂਦ ਹੁਣ ਉਹ ਦਿਨ ਦੂਰ ਨਹੀਂ, ਜਦੋਂ ਧਰਤੀ ਤੋਂ ਪੁਲਾੜ ਵਿਚਲੇ ਹਿਆਂ ਤੱਕ ਬਾਕਾਇਦਾ ਸਫ਼ਰ ਦੇ ਸਾਧਨ ਚਾਲੂ ਹੋ ਜਾਣਗੇ ਅਤੇ ਲੋਕ ਉੱਥੇ ਸੈਰ ਲਈ ਜਾਇਆ ਕਰਨਗੇ, ਜਾਂ ਉੱਥੇ ਆਪਣਾ ਇਕ ਨਵਾਂ ਸੰਸਾਰ ਵਸਾ ਲੈਣਗੇ।