ਗੁਰੂ ਗੋਬਿੰਦ ਸਿੰਘ ਜੀ
Guru Gobind Singh Ji
ਨਿਬੰਧ ਨੰਬਰ: 01
ਗੁਰੁ ਗੋਬਿੰਦ ਸਿੰਘ ਜੀ ਇਕ ਸੰਤ-ਸਿਪਾਹੀ ਸਨ | ਆਪ ਇਕ ਯੋਧਾ ਹੋਣ ਦੇ ਨਾਲ-ਨਾਲ ਫਕੀਰ ਵੀ ਸਨ । ਦੁਨੀਆਂ ਨੂੰ ਆਪ ਨੇ ਸਿਰਫ਼ ਇਹ ਹੀ ਨਹੀਂ ਸਿਖਾਇਆ ਕਿ ਹਮੇਸ਼ਾਂ ਨਾਮ ਜਪਦੇ ਰਹੋ, ਸਗੋਂ ਇਹ ਵੀ ਦੱਸਿਆ ਕਿ ਕਿਸ ਪ੍ਰਕਾਰ ਜ਼ੁਲਮ ਦਾ ਟਾਕਰਾ ਕੀਤਾ ਜਾ ਸਕਦਾ ਹੈ । ਆਪਦਾ ਜਨਮ 1666 ਈ: ਵਿੱਚ ਪਟਨਾ ਸਾਹਿਬ ਵਿਖੇ ਹੋਇਆ। ਆਪ ਦੇ ਪਿਤਾ, ਸਿੱਖਾਂ ਦੇ ਨੌਵੇਂ ਗੁਰੂ, ਗੁਰੂ ਤੇਗ ਬਹਾਦਰ ਜੀ ਸਨ।
ਆਪ ਦੀ ਮਾਤਾ ਦਾ ਨਾਂ ਮਾਤਾ ਗੁਜਰੀ ਸੀ। ਉਹ ਬਚਪਨ ਤੋਂ ਹੀ ਆਪ ਅਜਿਹੀਆਂ ਖੇਡਾਂ ਖੇਡਦੇ, ਜਿਸ ਵਿੱਚ ਦੋ ਨਕਲੀ ਟੋਲੀਆਂ ਦੀ ਆਪਸ ਵਿਚ ਲੜਾਈ ਹੁੰਦੀ । ਕੁਝ ਸਮੇਂ ਬਾਅਦ ਆਪ ਅਨੰਦਪੁਰ ਆ ਗਏ । ਇਥੇ ਆਪ ਨੇ ਸ਼ਸਤਰ ਵਿੱਦਿਆ ਤੇ ਪੰਜਾਬੀ, ਫ਼ਾਰਸੀ, ਹਿੰਦੀ, ਸੰਸਕ੍ਰਿਤ ਆਦਿ ਭਾਸ਼ਾਵਾਂ ਦਾ ਡੂੰਘਾ ਅਧਿਐਨ ਕੀਤਾ।
ਆਪ ਦੀ ਉਮਰ ਉਸ ਸਮੇਂ 9 ਸਾਲ ਦੀ ਹੀ ਸੀ ਜਦੋਂ ਕੁਝ ਕਸ਼ਮੀਰੀ ਪੰਡਤ ਆਪ ਦੇ ਪਿਤਾ ਜੀ ਕੋਲ ਇਸ ਕਰਕੇ ਆਏ ਕਿ ਔਰੰਗਜ਼ੇਬ ਜ਼ਬਰਦਸਤੀ ਉਨ੍ਹਾਂ ਨੂੰ ਮੁਸਲਮਾਨ ਬਣਾ ਰਿਹਾ ਸੀ । ਉਹ ਕਿਸੇ ਐਸੇ ਮਹਾਨ ਵਿਅਕਤੀ ਦੀ ਤਲਾਸ਼ ਵਿੱਚ ਸਨ, ਜੋ ਅੰਰੰਗਜ਼ੇਬ ਨਾਲ ਟਾਕਰਾ ਕਰ ਸਕੇ। ਬਾਲਕ ਗੁਰੂ ਗੋਬਿੰਦ ਸਿੰਘ ਨੇ ਆਪਣੇ ਪਿਤਾ ਨੂੰ ਉਨ੍ਹਾਂ ਦੀ ਮਦਦ ਲਈ ਭੇਜਿਆ ।
ਗੁਰੂ ਤੇਗ ਬਹਾਦਰ ਜੀ ਨੇ ਇਨ੍ਹਾਂ ਪੰਡਤਾਂ ਦੀ ਥਾਂ ਤੇ ਕੁਰਬਾਨੀ ਦਿੱਤੀ। ਪਿਤਾ ਤੋਂ ਬਾਅਦ ਆਪ ਗੁਰ ਗੱਦੀ ਤੇ ਬੈਠੇ । ਹੁਣ ਆਪ ਨੇ ਸੈਨਿਕ ਤਿਆਰੀਆਂ ਆਰੰਭ ਦਿੱਤੀਆਂ । ਪਹਾੜੀ ਰਾਜਿਆਂ ਨੂੰ ਆਪ ਤੋਂ ਮੂੰਹ ਦੀ ਖਾਣੀ ਪਈ।
1699 ਈ: ਵਿਚ ਆਪ ਨੇ ਖਾਲਸਾ ਪੰਥ ਸਾਜਿਆ | ਆਪ ਨੇ ਸਿਪਾਹੀਆਂ ਵਿਚ ਅਜਿਹੀ ਭਾਵਨਾ ਭਰੀ ਜੋ ਸ਼ਾਂਤੀ ਸਮੇਂ ਸੰਤ ਤੇ ਲੜਾਈ ਸਮੇਂ ਯੋਧੇ ਬਣੇ । ਖਾਲਸਾ ਪੰਥ ਨੂੰ ਆਪ ਨੇ ਗੁਰੂ ਤੋਂ ਵੀ ਵੱਧ ਦਰਜਾ ਦਿੱਤਾ ।
ਆਪ ਨੂੰ ਮੁਗਲ ਹਾਕਮਾਂ ਵਿਰੁੱਧ ਅਨੰਦਪੁਰ, ਚਮਕੌਰ ਤੇ ਖਿਦਰਾਣਾ ਵਿਖੇ ਯੁੱਧ ਕਰਨੇ ਪਏ । ਆਪ ਦੇ ਦੋ ਵੱਡੇ ਸਾਹਿਬਜ਼ਾਦੇ ਮੁਗਲਾਂ ਨਾਲ ਲੜਾਈ ਕਰਦੇ ਚਮਕੌਰ ਵਿਖੇ ਸ਼ਹੀਦ ਹੋ ਗਏ। ਦੋ ਛੋਟੇ ਸਾਹਿਬਜ਼ਾਦੇ ਮੁਗਲਾਂ ਵੱਲੋਂ ਕੰਧਾਂ ਵਿੱਚ ਚਿਣਵਾ ਦਿੱਤੇ ਗਏ।
ਆਪ ਮਹਾਨ ਸਾਹਿਤ ਰਸੀਏ ਸਨ । ਆਪ ਦੇ ਦਰਬਾਰ ਵਿੱਚ 52 ਕਵੀ ਸਨ । ਆਪ ਨੇ ਬਹੁਤ ਸਾਰੀ ਬਾਣੀ ਰਚੀ ਹੈ । 1709 ਈ: ਵਿੱਚ ਆਪ ਜੋਤੀ ਜੋਤ ਸਮਾਂ ਗਏ ।ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖ ਦਾ ਜੋ ਰੂਪ ਇਸ ਦੁਨੀਆਂ ਨੂੰ ਦਿੱਤਾ ਉਹ ਅਜੇ ਤੱਕ ਕਾਇਮ ਹੈ । ਇਹੀ ਉਹ ਰੂਪ ਹੈ ਜੋ ਕਦੀ ਵੀ ਜ਼ੁਲਮ ਨੂੰ ਨਹੀਂ ਸਹਿੰਦਾ ।
ਨਿਬੰਧ ਨੰਬਰ: 02
ਸ੍ਰੀ ਗੁਰੂ ਗੋਬਿੰਦ ਸਿੰਘ ਜੀ
Shri Guru Gobind Singh Ji
ਭੂਮਿਕਾ- ਜਨਣੀ ਜਣੇ ਤਾਂ ਭਗਤ ਜਨ,
ਕੈ ਦਾਤਾ ਕੈ ਸੂਰ ।
ਨਹੀਂ ਤਾਂ ਜਨਣੀ ਬਾਂਝ ਰਹੇ।
ਕਾਹੇ ਗਵੈਵੈ ਨੂਰ।
ਰੂਪ-ਰੇਖਾ- ਭੂਮਿਕਾ, ਜਨਮ ਤੇ ਬਚਪਨ, ਵਿੱਦਿਆ ਪ੍ਰਾਪਤੀ, ਪਿਤਾ ਨੂੰ ਸ਼ਹੀਦੀ ਲਈ ਤੋਰਨਾ, ਖਾਲਸਾ ਪੰਥ ਦੀ ਸਥਾਪਨਾ, ਮੁਗਲ ਫੌਜਾਂ ਨਾਲ ਟੱਕਰ, ਮਹਾਨ ਕਵੀ, ਚਮਕੌਰ ਦੀ ਲੜਾਈ, ਖਿਦਰਾਣੇ ਦੀ ਲੜਾਈ, ਤਲਵੰਡੀ ਸਾਬੋ, ਜੋਤੀ-ਜੋਤ ਸਮਾਉਣਾ, ਸਾਰ-ਅੰਸ਼ ।
ਉਪਰੋਕਤ ਕਥਨ ਅਨੁਸਾਰ ਮਾਤਾ ਗੁਜਰੀ ਜੀ ਭਾਗਾਂ ਵਾਲੇ ਸਨ ਜਿਨਾਂ ਨੇ ਗੁਰੂ ਗੋਬਿੰਦ ਜੀ ਨੂੰ ਜਨਮ ਦਿੱਤਾ। ਆਪ ਨੇ ਦੇਸ਼, ਕੌਮ ਅਤੇ ਧਰਮ ਦੀ ਖਾਤਰ ਆਪਣਾ ਤਨ-ਮਨ-ਧਨ ਤੇ ਪਰਿਵਾਰ ਵਾਰ ਦਿੱਤਾ ਜਿਸ ਕਰਕੇ ਆਪ ਨੂੰ ਇਤਿਹਾਸ ਵਿੱਚ ਸਰਬੰਸ ਦਾਨੀ ਆਖ ਕੇ ਸਤਿਕਾਰਿਆ ਜਾਂਦਾ ਹੈ। ਕਬੀਰ ਜੀ ਨੇ ਠੀਕ ਹੀ ਆਖਿਆ ਹੈ-
“ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ
ਪੁਰਜਾ ਪੁਰਜਾ ਕਟਿ ਮਰੈ ਕਬਹੂ ਨਾ ਛਾਡੇ ਖੇਤੁ । ”
ਉਸ ਸਮੇਂ ਦੇ ਲੋਕਾਂ ਵਿੱਚ ਸਵੈਮਾਨ ਤੇ ਬੀਰਤਾ ਦਮ ਤੋੜ ਚੁੱਕੀ ਸੀ। ਇਸ ਕਾਇਆ ਪਲਟ ਲਈ ਇੱਕ ਮਹਾਨ ਸੰਤ, ਸਿਪਾਹੀ, ਸੂਰਬੀਰ, ਜਰਨੈਲ ਦੀ ਲੋੜ ਸੀ ਤਾਂ ਇਸ ਧਰਮਵੀਰ, ਰਾਜਵੀਰ ਤੇ ਬੁੱਧਵੀਰ ਨੇ ਭਾਰਤ ਦੀ ਧਰਤੀ ਤੇ ਜਨਮ ਲਿਆ। ਆਪ ਨੇ ਗੁਲਾਮੀ ਨਾਲ ਘਿਣਾ ਅਤੇ ਅਜ਼ਾਦੀ ਨਾਲ ਪਿਆਰ ਕਰਨਾ ਸਿਖਾਇਆ | ਆਪ ਨੇ ਲੋਕਾਂ ਨੂੰ ਸਵੈ-ਰੱਖਿਆ ਦੇ ਯੋਗ ਹੀ ਨਹੀਂ ਬਣਾਇਆ, ਸਗੋਂ ਆਪਣੇ ਇੱਕ-ਇੱਕ ਸਿਪਾਹੀ ਨੂੰ ਸਵਾ-ਸਵਾ ਲੱਖ ਨਾਲ ਲੜਨ ਦੇ ਸਮਰੱਥ ਵੀ ਬਣਾਇਆ।
“ਚਿੜੀਓਂ ਸੇ ਮੈਂ ਬਾਜ ਤੜਾਊਂ, ਸਵਾ ਲਾਖ ਸੇ ਏਕ ਲੜਾਊਂ
ਜਨਮ ਤੇ ਬਚਪਨ- ਸ੍ਰੀ ਗੁਰੂ ਗੋਬਿੰਦ ਸਿੰਘ ਦਾ ਜਨਮ ਦਸੰਬਰ 1666 ਈਸਵੀ ਨੂੰ ਬਿਹਾਰ ਦੀ ਰਾਜਧਾਨੀ ਪਟਨੇ ਵਿੱਚ ਹੋਇਆ। ਆਪ ਦੇ ਪਿਤਾ ਸੀ ਗੁਰੂ ਤੇਗ ਬਹਾਦਰ ਤੇ ਮਾਤਾ ਮਾਤਾ ਗੁਜਰੀ ਜੀ ਸਨ। ਆਪ ਆਪਣੇ ਜਨਮ ਬਾਰੇ ਬਚਿੱਤਰ ਨਾਟਕ ਵਿੱਚ ਇਸ ਤਰ੍ਹਾਂ ਲਿਖਦੇ ਹਨ-
“ਤਹੀ ਪ੍ਰਕਾਸ਼ ਹਮਾਰਾ ਭਇਓ । ਪਟਨਾ ਸ਼ਹਿਰ ਵਿਖੇ ਭਵਿ ਲਇਓ ।
ਪਟਨੇ ਵਿੱਚ ਬਚਪਨ ਵਿੱਚ ਆਪ ਨੂੰ ਆਪਣੇ ਹਾਣੀ ਸਾਥੀਆਂ ਉੱਤੇ ਸਰਦਾਰੀ ਪ੍ਰਾਪਤ ਸੀ। ਆਪ ਬੱਚਿਆਂ ਦੀਆਂ ਟੋਲੀਆਂ ਬਣਾ ਲੈਂਦੇ ਅਤੇ ਝੂਠੀ-ਮੂਠੀ ਲੜਾਈ ਕਰਦੇ ਸਨ।
ਵਿੱਦਿਆ ਪ੍ਰਾਪਤੀ ਗੁਰੂ ਤੇਗ ਬਹਾਦਰ ਜੀ ਨੇ ਆਪ ਨੂੰ ਵੱਖ-ਵੱਖ ਭਾਸ਼ਾਵਾਂ ਵਿੱਚ ਨਿਪੁੰਨ ਕੀਤਾ। ਆਪ ਨੇ ਘੋੜ ਸਵਾਰੀ ਅਤੇ ਸ਼ੁੱਧ ਵਿੱਦਿਆ ਵਿੱਚ ਵੀ ਨਿਪੁੰਨਤਾ ਹਾਸਲ ਕੀਤੀ। ਇਹ ਸਾਰੀ ਵਿੱਦਿਆ ਪ੍ਰਾਪਤੀ ਆਪ ਨੇ ਆਨੰਦਪੁਰ ਸਾਹਿਬ ਵਿਖੇ ਕੀਤੀ।
ਪਿਤਾ ਨੂੰ ਸ਼ਹੀਦੀ ਲਈ ਤੋਰਨਾ- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਸਿਰਫ਼ ਨੌਂ ਸਾਲ ਦੀ ਸੀ, ਜਦੋਂ ਆਪ ਨੇ ਆਪਣੇ ਪਿਤਾ ਨੂੰ ਹਿੰਦੂ ਸੰਸਕ੍ਰਿਤੀ ਦੀ ਰੱਖਿਆ ਲਈ ਅਤੇ ਔਰੰਗਜ਼ੇਬੀ ਜ਼ੁਲਮਾਂ ਨੂੰ ਠਲ੍ਹ ਪਾਉਣ ਲਈ ਆਪਣੇ ਹੱਥੀਂ ਸ਼ਹਾਦਤ ਲਈ ਦਿੱਲੀ ਤੋਰਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਨੇ ਗੁਰੂ ਜੀ ਦੇ ਅੰਦਰਲੇ ਤੇਜ਼ ਨੂੰ ਉਭਾਰਿਆ। ਉਹਨਾਂ ਨੇ ਜਾਂਚ ਲਿਆ ਸੀ ਕਿ ਨਿਆਂ, ਧਰਮ ਅਤੇ ਕੌਮੀ ਇੱਜ਼ਤ ਲਈ ਹਥਿਆਰ ਚੁੱਕੇ ਬਿਨਾਂ ਹੁਣ ਗੁਜ਼ਾਰਾ ਨਹੀਂ ਹੋ ਸਕਦਾ। ਉਹਨਾਂ ਨੇ ਸਮਾਜ ਦੇ ਕਮਜ਼ੋਰ ਅਤੇ ਨਿਮਾਣੇ ਲੋਕਾਂ ਨੂੰ ਇਕੱਠਿਆਂ ਕੀਤਾ ਅਤੇ ਮੁਗਲ ਸਾਮਰਾਜ ਦੇ ਖਿਲਾਫ਼ ਜੰਗ ਛੇੜ ਦਿੱਤੀ।
ਖਾਲਸਾ ਪੰਥ ਦੀ ਸਥਾਪਨਾ- 13 ਅਪ੍ਰੈਲ, 1699 ਈਸਵੀ ਨੂੰ ਗੁਰੂ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਆਪ ਉਹਨਾਂ ਕੋਲੋਂ ਅੰਮ੍ਰਿਤ ਛੱਕਿਆ ਅਤੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਗਏ। ਆਪ ਨੇ ਸਿੱਧ ਕਰ ਦਿੱਤਾ–
ਵਾਹੁ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ,
ਵਾਹੁ ਵਾਹੁ ਗੁਰੂ ਗੋਬਿੰਦ ਸਿੰਘ ਆਪੇ ਗੁਰੁ ਚੇਲਾ
ਮੁਗਲ ਫੌਜਾਂ ਨਾਲ ਟੱਕਰ- ਗੁਰੂ ਜੀ ਦੀ ਵੱਧਦੀ ਹੋਈ ਤਾਕਤ ਨੇ ਜ਼ਾਲਮ ਬਾਦਸ਼ਾਹ ਔਰੰਗਜ਼ੇਬ ਦੀ ਨੀਂਦ ਹਰਾਮ ਕਰ ਦਿੱਤੀ। ਉਸ ਨੇ ਆਪਣੀ ਤੀਹ ਹਜ਼ਾਰ ਫੌਜ਼ ਭੇਜ ਕੇ ਅਨੰਦਪੁਰ ਦੇ ਕਿਲ੍ਹੇ ਨੂੰ ਘੇਰ ਲਿਆ। ਪਹਾੜੀ ਰਾਜਿਆਂ ਦੀਆਂ ਫੌਜਾਂ ਅਤੇ ਮੁਗਲ ਫੌਜਾਂ ਦੇ ਸੁਗੰਧ ਖਾਣ ਤੇ ਗੁਰੂ ਜੀ ਨੇ ਪੋਹ ਦੀ ਕੜਕਦੀ ਠੰਢ ਵਿੱਚ ਅਨੰਦਪੁਰ ਦਾ ਕਿਲ੍ਹਾ ਖਾਲੀ ਕਰ ਦਿੱਤਾ। ਸਰਸਾ ਨਦੀ ਤੇ ਆਪ ਦਾ ਪਰਿਵਾਰ ਖੇਰੂੰ-ਖੇਰੂੰ ਹੋ ਗਿਆ।
ਚਮਕੌਰ ਦੀ ਲੜਾਈ- ਆਨੰਦਪੁਰ ਦੇ ਕਿਲ੍ਹੇ ਵਿੱਚੋਂ ਨਿਕਲਦੇ ਹੀ ਮੁਗ਼ਲ ਫੌਜਾਂ ਨੇ ਗੁਰੂ ਜੀ ਦਾ ਪਿੱਛਾ ਕੀਤਾ। ਚਮਕੌਰ ਦੇ ਸਥਾਨ ਤੇ ਗੁਰੂ ਜੀ ਨੇ 40 ਸਿੱਖਾਂ ਤੇ ਅਤੇ ਦੋ ਵੱਡੇ ਸਾਹਿਬਜਾਦਿਆਂ ਨਾਲ ਮੁਗਲ ਫੌਜਾਂ ਨਾਲ ਲੋਹਾ ਲਿਆ। ਇਸ ਲੜਾਈ ਵਿੱਚ ਗੁਰੂ ਜੀ ਦੇ ਦੋ ਵੱਡੇ ਸਾਹਿਬਜਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਸ਼ਹੀਦ ਹੋ ਗਏ। ਛੋਟੇ ਸਾਹਿਬਜਾਦੇ ਫਤਹਿ ਸਿੰਘ ਅਤੇ ਜੋਰਾਵਰ ਸਿੰਘ ਸਰਹਿੰਦ ਦੇ ਨਵਾਬ ਨੇ ਨੀਹਾਂ ਵਿੱਚ ਚਿਣਵਾ ਦਿੱਤੇ ਆਪ ਨੇ ਇਹ ਸਿੱਧ ਕਰ ਦਿੱਤਾ-
“ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਪੁਤ ਚਾਰ,
ਚਾਰ ਮੂਏ ਤੋ ਕਿਆ ਹੂਆ, ਜੀਵਤ ਕਈ ਹਜ਼ਾਰ |
ਖਿਦਰਾਣੇ ਦੀ ਲੜਾਈ- ਚਮਕੌਰ ਤੋਂ ਆਪ ਮਾਛੀਵਾੜੇ ਪੁੱਜੇ ਤੇ ਉਥ ਖਿਦਰਾਣੇ ਦੀ ਜੰਗ ਲੜੀ।
ਤਲਵੰਡੀ ਸਾਬੋ- ਮਾਛੀਵਾੜੇ ਦੇ ਜੰਗਲਾਂ ਤੋਂ ਘੁੰਮਦੇ-ਘੁੰਮਾਉਂਦੇ ਆਪ ਤਲਵੰਡੀ ਸਾਬੋ ਪੁੱਜੇ। ਇੱਥੇ ਹੀ ਆਪ ਨੇ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਅਤੇ ਗੁਰ ਤੇਗ਼ ਬਹਾਦਰ ਜੀ ਦੀ ਬਾਣੀ ਇਸ ਵਿੱਚ ਦਰਜ ਕੀਤਾ ਦੀਨਾ ਕਾਂਗੜ ਦੇ ਸਥਾਨ ਤੋਂ ਔਰੰਗਜ਼ੇਬ ਨੂੰ ਜ਼ਫਰਨਾਮਾ ਭੇਜਿਆ|
ਮਹਾਨ ਕਵੀ ਆਪ ਮਹਾਨ ਸਾਹਿਤ-ਰੱਸੀਏ ਤੇ ਕਵੀ ਸਨ। ਅ ਦਰਬਾਰ ਵਿੱਚ 52 ਕਵੀ ਸਨ। ‘ਚੰਡੀ ਦੀ ਵਾਰ ਆਪ ਦੀ ਉੱਤਮ
ਕਵੀ ਸਨ। ਆਪ ਜੀ ਦੇ ਬਾਪ ਦੀ ਉੱਤਮ ਵੀਰ-ਰਸਕਵਿਤਾ ਹੈ। ਆਪ ਨੇ ਪੰਜਾਬੀ, ਬ੍ਰਜ਼ ਅਤੇ ਫਾਰਸੀ ਭਾਸ਼ਾ ਵਿੱਚ ਕਾਵਿ-ਰਚਨਾ ਕੀਤੀ।
ਜੋਤੀ-ਜੋਤ ਸਮਾਉਣਾ- ਅੰਤ ਵਿੱਚ ਆਪ ਨੰਦੇੜ ਸਾਹਿਬ ਪੁੱਜੇ। ਉੱਥੇ ਬੰਦਾ ਬਹਾਦਰ ਨੂੰ ਮੁਗਲ ਰਾਜ ਦਾ ਟਾਕਰਾ ਕਰਨ ਲਈ ਪੰਜਾਬ ਭੇਜਿਆ। ਆਪ ਨੂੰ ਇੱਕ ਮੁਸਲਮਾਨ ਨੇ ਢਿੱਡ ਵਿੱਚ ਛੁਰਾ ਮਾਰ ਕੇ ਜ਼ਖਮੀ ਕਰ ਦਿੱਤਾ | ਅੰਤ 1708 ਈਸਵੀ ਵਿੱਚ ਆਪ ਜੋਤੀ-ਜੋਤ ਸਮਾ ਗਏ।
ਸਾਰ-ਅੰਸ਼- ਗੁਰੂ ਗੋਬਿੰਦ ਸਿੰਘ ਜੀ ਮਹਾਨ ਗੁਰੂ, ਪੀਰ, ਘੋੜ ਸਵਾਰ, ਜਰਨੈਲ ਤੇ ਕਲਮ ਦੇ ਧਨੀ ਸਨ। ਆਪ ਨੇ ਢੇਰ ਸਾਰਾ ਸਾਹਿਤ ਰਚਿਆ। ਬੁੱਲੇ ਸ਼ਾਹ ਕਵੀ ਨੇ ਆਪ ਨੂੰ ਇਸ ਤਰ੍ਹਾਂ ਸ਼ਰਧਾਂਜਲੀ ਅਰਪਣ ਕੀਤੀ ਹੈ-
ਮੈਂ ਬਾਤ ਕਹੂੰ ਅਬ ਕੀ, ਮੈਂ ਬਾਤ ਕਹੂੰ ਤਬ ਕੀ
ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁੰਨਤ ਹੋਤੀ ਸਭ ਕੀ ।