ਮਿੱਤਰਤਾ
Mitrata
ਜੀਵਨ ਵਿਚ ਸਾਥੀ ਦੀ ਲੋੜ-ਮਨੁੱਖ ਇਕ ਸਮਾਜਿਕ ਜੀਵ ਹੈ ।ਉਹ ਇਕੱਲਾ ਨਹੀਂ ਰਹਿ ਸਕਦਾ । ਉਸ ਦਾ ਜੀਵਨ ਦੂਜਿਆਂ ਉੱਪਰ ਨਿਰਭਰ ਕਰਦਾ ਹੈ । ਆਪਣੇ ਜੀਵਨ ਦੇ ਸਫ਼ਰ ਵਿਚ ਮਨੁੱਖ ਦਾ ਵਾਹ ਅਣਗਿਣਤ ਲੋਕਾਂ ਨਾਲ ਪੈਂਦਾ ਹੈ, ਪਰੰਤੂ ਉਹ ਹਰ ਇਕ ਨਾਲ ਆਪਣੇ ਦਿਲ ਦੀ ਸਾਂਝ ਨਹੀਂ ਪਾਉਂਦਾ ।ਇਹ ਮਨੁੱਖ ਦੀ ਬੁਨਿਆਦੀ ਰੁਚੀ ਹੈ ਕਿ ਉਹ ਜ਼ਿੰਦਗੀ ਵਿਚ ਆਪਣੇ ਕੁੱਝ ਸੱਜਣਾਂ-ਮਿੱਤਰਾਂ ਦੀ ਲੋੜ ਅਨੁਭਵ ਕਰਦਾ ਹੈ, ਜਿਨ੍ਹਾਂ ਨਾਲ ਉਹ ਆਪਣੇ ਦੁੱਖ-ਸੁਖ ਵੰਡ ਸਕੇ । ਇਸ ਕਰਕੇ ਉਹ ਕਿਸੇ ਅਜਿਹੇ ਵਿਅਕਤੀ ਦੀ ਚੋਣ ਕਰ ਲੈਂਦਾ ਹੈ, ਜਿਸ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਹਰ ਦੁੱਖ-ਸੁਖ ਵਿਚ ਉਸਦਾ ਸੱਚਾ ਸਾਥੀ ਬਣੇਗਾ ।
ਬੇਕਨ ਦਾ ਵਿਚਾਰ-ਬੋਕਨ ਦੇ ਕਥਨ ਅਨੁਸਾਰ ਜਿਹੜਾ ਆਦਮੀ ਇਹ ਕਹਿੰਦਾ ਹੈ ਕਿ ਉਹ ਇਕੱਲਾ ਰਹਿ ਕੇ ਹੀ ਖੁਸ਼ੀ ਨਭਵ ਕਰ ਸਕਦਾ ਹੈ, ਉਹ ਜਾਂ ਤਾਂ ਜੰਗਲੀ ਜਾਨਵਰ ਹੈ ਜਾਂ ਦੇਵਤਾ । ਜਿਹੜਾ ਵਿਅਕਤੀ ਆਪਣੇ ਮਨ ਵਿਚ ਸਮਾਜ ਜਾਂ ਬ ਲਈ ਨਫ਼ਰਤ ਰੱਖਦਾ ਹੈ, ਉਸਦੇ ਅੰਦਰ ਜ਼ਰੂਰ ਕੁੱਝ ਵਹਿਸ਼ੀ ਤੱਤ ਮੌਜੂਦ ਹੁੰਦੇ ਹਨ । ਜਿਹੜੇ ਸੰਤ-ਮਹਾਤਮਾ ਲੋਕ ਆਪਣੀ ਵਾ ਨਾਲ ਸੰਸਾਰਕ ਜੀਵਨ ਨਾਲੋਂ ਨਾਤਾ ਤੋੜ ਕੇ ਉੱਚੇ ਮੰਡਲਾਂ ਵਿਚ ਵਿਚਰਨ ਦਾ ਰਸ ਮਾਣਦੇ ਹਨ, ਉਨ੍ਹਾਂ ਉੱਪਰ ਇਹ ਵਿਚਾਰ ਲਾਗੂ ਨਹੀਂ ਹੁੰਦਾ ।
ਦਿਲੀ ਦੋਸਤ ਦਾ ਮਹੱਤਵ-ਮਿੱਤਰਤਾ ਤੋਂ ਭਾਵ ਲੋਕਾਂ ਦੇ ਇਕੱਠ ਵਿਚ ਰਹਿਣਾ ਨਹੀਂ । ਮੇਲੇ ਵਿਚ ਫਿਰਦਾ ਬੰਦਾ ਵੀ ਇਕੱਲਾ ਕਿਹਾ ਜਾ ਸਕਦਾ ਹੈ, ਜੇਕਰ ਉਸ ਦੇ ਨੇੜੇ ਉਸ ਦਾ ਦਿਲੀ-ਦੋਸਤ ਨਹੀਂ । ਸੱਚੇ ਮਿੱਤਰ ਤੋਂ ਬਿਨਾਂ ਅਸੀਂ ਬੜੀ ਦੁਰਦਸ਼ਾ ਭਰੀ ਗੱਲ ਵਿਚ ਵਿਚਰ ਰਹੇ ਹੁੰਦੇ ਹਾਂ | ਇਸ ਵਿਚ ਕੋਈ ਸ਼ੱਕ ਨਹੀਂ ਕਿ ਸੱਚੇ ਤੇ ਵਫ਼ਾਦਾਰ ਮਿੱਤਰ ਬਹੁਤ ਹੀ ਘੱਟ ਮਿਲਦੇ ਹਨ । ਮਿੱਤਰਤਾ ਇਕ ਪ੍ਰਕਾਰ ਦਾ ਦੋ ਰੂਹਾਂ ਦਾ ਗੰਢ-ਚਿਤਰਾਵਾ ਹੈ । ਮਿੱਤਰਾਂ ਦਾ ਸਭ ਕੁੱਝ ਆਪਸ ਵਿਚ ਸਾਂਝਾ ਹੁੰਦਾ ਹੈ । ਉਹ ਇਕ ਦੂਜੇ ਤੋਂ ਕੋਈ ਭੇਤ ਜਾਂ ਗੱਲ ਲਗਾ ਕੇ ਨਹੀਂ ਰੱਖਦੇ ।ਉਨਾਂ ਵਿਚਕਾਰ ਇੱਕ ਦੂਜੇ ਪ੍ਰਤੀ ਕੋਈ ਭਰਮ-ਭੁਲੇਖਾ ਜਾ ਅਵਿਸ਼ਵਾਸ ਨਹੀਂ ਹੁੰਦਾ ।
ਮਿੱਤਰਤਾ ਕਦੋਂ ਪੈਦਾ ਹੁੰਦੀ ਹੈ ?-ਦੋ ਵਿਅਕਤੀਆਂ ਵਿਚਕਾਰ ਉਦੋਂ ਮਿੱਤਰਤਾ ਪੈਦਾ ਹੋ ਜਾਂਦੀ ਹੈ, ਜਦੋਂ ਉਨ੍ਹਾਂ ਦੀਆਂ | ਰੁਚੀਆਂ, ਸੁਭਾ ਅਤੇ ਵਿਚਾਰ ਇਕੋ ਜਿਹੇ ਹੁੰਦੇ ਹਨ । ਉਨ੍ਹਾਂ ਦਾ ਕਈ ਨੁਕਤਿਆਂ ਉੱਪਰ ਇਕ ਦੂਜੇ ਨਾਲੋਂ ਮਤਭੇਦ ਵੀ ਹੋ ਸਕਦਾ ਹੈ , ਪਰੰਤੂ ਇਸ ਦੇ ਬਾਵਜੂਦ ਵੀ ਉਨ੍ਹਾਂ ਵਿਚਕਾਰ ਮਿਲ ਕੇ ਚੱਲਣ ਦੀ ਕੜੀ ਟੁੱਟਦੀ ਨਹੀਂ । ਅਮੀਰੀ, ਗਰੀਬੀ ਤੇ ਸਮਾਜਿਕ ਪੱਧਰ ਸੱਚੇ ਮਿੱਤਰਾਂ ਦੀ ਮਿੱਤਰਤਾ ਨੂੰ ਤੋੜ ਨਹੀਂ ਸਕਦੇ । ਇਸ ਸੰਬੰਧ ਵਿਚ ਕ੍ਰਿਸ਼ਨ ਅਤੇ ਸੁਦਾਮਾ ਵਰਗੇ ਮਿੱਤਰਾਂ ਦੀ ਕਹਾਣੀ ਅਮਰ ਹੈ, ਜਿਨ੍ਹਾਂ ਦੀ ਮਿੱਤਰਤਾ ਕ੍ਰਿਸ਼ਨ ਦੇ ਰਾਜਾ ਬਣ ਜਾਣ ਅਤੇ ਸੁਦਾਮੇ ਦੇ ਇਕ ਗ਼ਰੀਬ ਬਾਹਮਣ ਰਹਿ ਜਾਣ ਤੇ ਵੀ ਨਹੀਂ ਸੀ ਟੁੱਟੀ ।
ਦੁੱਖਾਂ-ਸੁੱਖਾਂ ਦੀ ਭਾਈਵਾਲੀ-ਮਿੱਤਰਤਾ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਅਸੀਂ ਮਿੱਤਰ ਨਾਲ ਆਪਣੇ ਦੁੱਖ-ਸੁਖ, ਡਰ, ਆਸ ਤੇ ਸ਼ੱਕ ਆਦਿ ਦੇ ਭਾਵਾਂ ਨੂੰ ਸਾਂਝੇ ਕਰ ਸਕਦੇ ਹਾਂ । ਭਾਵਾਂ ਨਾਲ ਭਰੇ ਮਨ ਨੂੰ ਅਸੀਂ ਆਪਣੇ ਮਿੱਤਰ ਅੱਗੇ ਖੋਲ੍ਹ ਕੇ ਹਲਕਾ ਫੁੱਲ ਮਹਿਸੂਸ ਕਰਦੇ ਹਾਂ । ਸਰੀਰਕ ਬਿਮਾਰੀਆਂ ਦੇ ਇਲਾਜ ਲਈ ਅਸੀਂ ਦਵਾਈ ਖਾਂਦੇ ਹਾਂ, ਪਰ ਦਿਲ-ਦਿਮਾਗ਼ ਦੇ ਰੋਗਾਂ ਦਾ ਇਲਾਜ ਸੱਚਾ ਮਿੱਤਰ ਹੁੰਦਾ ਹੈ ।ਮਿੱਤਰ ਨਾਲ ਭਾਵਾਂ ਦੇ ਆਦਾਨ-ਪ੍ਰਦਾਨ ਨਾਲ ਸਾਡੀ ਖ਼ੁਸ਼ੀ ਵਿਚ ਵਾਧਾ ਹੁੰਦਾ ਹੈ ਤੇ ਦੁੱਖ ਘਟਦਾ ਹੈ ।
ਅਗਵਾਈ ਕਰਨ ਵਿਚ ਸਹਾਇਕ-ਮਿੱਤਰਤਾ ਦਾ ਦੂਜਾ ਵੱਡਾ ਲਾਭ ਇਹ ਹੈ ਕਿ ਮਿੱਤਰ ਨਾਲ ਗੱਲਾਂ ਕਰਨ ਨਾਲ ਸਾਡੇ ਮਨ ਵਿਚੋਂ ਕਈ ਉਲਝਣਾਂ ਤੇ ਭੁਲੇਖੇ ਦੂਰ ਹੋ ਜਾਂਦੇ ਹਨ । ਉਲਝਣਾਂ, ਭੁਲੇਖਿਆਂ ਤੇ ਅਸਥਿਰ ਵਿਚਾਰਾਂ ਵਿਚ ਫਸੇ ਮਨ ਨੂੰ ਸੱਚੇ ਮਿੱਤਰ ਕੋਲੋਂ ਜਦੋਂ ਚੰਗੀ ਸਲਾਹ ਮਿਲਦੀ ਹੈ, ਤਾਂ ਉਸ ਨੂੰ ਆਪਣੀਆਂ ਔਕੜਾਂ ਵਿਚੋਂ ਨਿਕਲਣ ਲਈ ਅਗਵਾਈ ਪ੍ਰਾਪਤ ਹੁੰਦੀ ਹੈ ।ਉਸ ਵੇਲੇ ਮਿੱਤਰਤਾ ਪੂਰਨਤਾ ਨੂੰ ਗ੍ਰਹਿਣ ਕਰ ਲੈਂਦੀ ਹੈ, ਜਦੋਂ ਇਕ ਮਿੱਤਰ ਤੋਂ ਵਫ਼ਾਦਾਰੀ ਭਰੀ ਸਲਾਹ ਪ੍ਰਾਪਤ ਹੁੰਦੀ ਹੈ । ਸੱਚਾ ਮਿੱਤਰ ਬਿਨਾਂ ਕਿਸੇ ਹਿਚਕਚਾਹਟ ਦੇ ਸਾਡੀਆਂ ਉਣਤਾਈਆਂ ਤੇ ਘਾਟਿਆਂ ਵਲ ਸਾਡਾ ਧਿਆਨ ਦੁਆਉਂਦਾ ਹੈ ਤੇ ਇਸ ਪ੍ਰਕਾਰ ਸਾਡੇ ਜੀਵਨ ਵਿਚ ਉਸਾਰੁ ਰੋਲ ਅਦਾ ਕਰਦਾ ਹੈ ।
ਕੰਮਾਂ-ਕਾਰਾਂ ਵਿਚ ਸਹਾਇਤਾ-ਮਿੱਤਰਤਾ ਦਾ ਤੀਜਾ ਲਾਭ ਇਹ ਹੈ ਕਿ ਸਾਡਾ ਮਿੱਤਰ ਸਾਡੇ ਕੰਮਾਂ-ਕਾਰਾਂ ਵਿਚ ਆਮ ਤੌਰ ‘ਤੇ ਸਹਾਇਕ ਬਣਦਾ ਹੈ । ਅਸੀਂ ਬਹੁਤ ਸਾਰੇ ਕੰਮ ਇਕੱਲੇ ਨਹੀਂ ਕਰ ਸਕਦੇ, ਸਗੋਂ ਆਪਣੇ ਕੰਮਾਂ ਨੂੰ ਸਿਰੇ ਚੜ੍ਹਾਉਣ ਲਈ ਸਾਨੂੰ ਵਫ਼ਾਦਾਰ ਮਿੱਤਰਾਂ ਦੀ ਲੋੜ ਪੈਂਦੀ ਹੈ । ਇਤਿਹਾਸ ਵਿਚ ਅਜਿਹੀਆਂ ਮਿਸਾਲਾਂ ਵੀ ਮਿਲ ਜਾਂਦੀਆਂ ਹਨ ਕਿ ਕਈ ਮਹਾਨ ਵਿਅਕਤੀਆਂ ਦੀ ਮੌਤ ਹੋਣ ਮਗਰੋਂ ਉਨ੍ਹਾਂ ਦੇ ਆਰੰਭੇ ਕੰਮਾਂ ਨੂੰ ਉਨ੍ਹਾਂ ਦੇ ਕਿਸੇ ਨਾ ਕਿਸੇ ਮਿੱਤਰ ਨੇ ਅੱਗੇ ਤੋਰਿਆ ਤੇ ਸਿਰੇ ਚੜਾਇਆ । ਇਸ ਪ੍ਰਕਾਰ ਮਿੱਤਰਤਾ ਮਨੁੱਖ ਦੇ ਮਰਨ ਮਗਰੋਂ ਇਕ ਤਰ੍ਹਾਂ ਨਾਲ ਉਸਦੇ ਜੀਵਨ ਨੂੰ ਅੱਗੇ ਜਾਰੀ ਰੱਖਦੀ ਹੈ । ਕਈ ਵਾਰ ਜਿਹੜੇ ਕੰਮ ਆਪਣੇ ਲਈ ਕਰਨੇ ਔਖੇ ਹੁੰਦੇ ਹਨ, ਜਾਂ ਜਿਨ੍ਹਾਂ ਨੂੰ ਕਰਨ ਵਿਚ ਸਾਨੂੰ ਕੋਈ ਹਿਚਕਚਾਹਟ ਜਾਂ ਸ਼ਰਮ ਹੁੰਦੀ ਹੈ, ਉਹ ਅਸੀਂ ਮਿੱਤਰ ਰਾਹੀਂ ਕਰਾ ਲੈਂਦੇ ਹਾਂ ।
ਸਾਰ-ਅੰਸ਼-ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਮਿੱਤਰ ਤੋਂ ਬਿਨਾਂ ਮਨੁੱਖੀ ਜੀਵ ਪਸ਼ੂ ਸਮਾਨ ਹੈ । ਸੱਚਾ ਮਿੱਤਰ ਮਨੁੱਖੀ | ਜੀਵਨ ਲਈ ਅੰਮ੍ਰਿਤ ਸਮਾਨ ਹੈ । ਪਰੰਤੂ ਸੱਚਾ ਮਿੱਤਰ ਮਿਲਣਾ ਬਹੁਤ ਔਖਾ ਹੈ । ਸਾਨੂੰ ਮਤਲਬੀ ਤੇ ਮੂਰਖ ਲੋਕਾਂ ਦੀ ਮਿੱਤਰਤਾ ਤੋਂ ਬਚਣਾ ਚਾਹੀਦਾ ਹੈ ।
Very nice essay keep on 😁😁