ਭਗਤ ਧਰੂ ਜੀ
ਬੱਚਿਓ! ਅੱਜ ਪੇਸ਼ ਭਗਤ ਧਰੂ ਦੀ ਕਹਾਣੀ। ਭਗਤ ਧਰੂ ਜੀ ਰਾਜੇ ਉਤਾਨਪਾਦ ਰਾਜੇ ਦੇ ਸਪੁੱਤਰ ਸਨ। ਇਹਨਾਂ ਦੀ ਮਾਤਾ ਸੁਨੀਤੀ ਬੜੇ ਸਿੱਧੇ ਸੁਭਾਅ ਵਾਲੀ ਔਰਤ ਸੀ ਪਰ ਰਾਜੇ ਦੀ ਦੂਜੀ ਰਾਣੀ ਬੜੀ ਚਲਾਕ ਅਤੇ ਜਾਦੂਗਰਨੀ ਸੀ। ਇਸਨੇ ਰਾਜੇ ਦੇ ਮਨ ‘ਤੇ ਕਬਜ਼ਾ ਕਰ ਲਿਆ।ਰਾਜੇ ਤੋਂ ਅਖਵਾ ਕੇ ਇਸਨੇ ਧਰੂ ਅਤੇ ਉਸਦੀ ਮਾਤਾ ਸੁਨੀਤੀ ਨੂੰ ਮਹੱਲਾਂ ਤੋਂ ਬਾਹਰ ਇਕ ਝੁੱਗੀ ਵਿੱਚ ਰਹਿਣ ਲਈ ਮਜਬੂਰ ਕਰ ਦਿੱਤਾ। ਇਕ ਦਿਨ ਗੱਲਾਂ ਕਰਦੇ ਕਰਦੇ ਸੁਨੀਤੀ ਨੇ ਆਪਣੇ ਪੁੱਤਰ ਨੂੰ ਦੱਸਿਆ ਕਿ ਤੇਰਾ ਪਿਤਾ ਰਾਜਾ ਹੈ ਅਤੇ ਮੈਂ ਆਪ ਇਕ ਰਾਜੇ ਦੀ ਧੀ ਹਾਂ।
ਧਰੂ ਨੇ ਆਖਿਆ ਕਿ ਮਾਤਾ ਜੀ! ਜੇ ਤੂੰ ਰਾਣੀ ਹੈਂ ਤਾਂ ਫਿਰ ਇਸ ਝੁੱਗੀ ਵਿੱਚ ਕਿਉਂ ਰਹਿੰਦੀ ਏਂ ? ਸੁਨੀਤੀ ਨੇ ਦੱਸਿਆ ਕਿ ਇਹ ਤੇਰੇ ਪਿਤਾ ਦੀ ਮਰਜ਼ੀ ਹੈ। ਇਸ ਤਰ੍ਹਾਂ ਧਰੂ ਆਪਣੀ ਮਾਤਾ ਨਾਲ ਅਕਸਰ ਗੱਲਾਂ ਕਰਿਆ ਕਰਦਾ ਸੀ। ਇਕ ਦਿਨ ਹੋਰ ਸਾਥੀਆਂ ਨਾਲ ਖੇਡਦੇ ਖੇਡਦੇ ਧਰੂ ਜੀ ਸ਼ਹਿਰ ਗਏ ਤਾਂ ਭੱਜ ਕੇ ਰਾਜੇ ਦੇ ਮਹਿਲਾਂ ਵਿੱਚ ਚਲੇ ਗਏ।
ਬੱਚਿਓ ! ਅੱਗੇ ਧਰੂ ਦੇ ਪਿਤਾ ਜੀ ਬੈਠੇ ਸਨ। ਪਿਤਾ ਨੇ ਪਿਆਰ ਨਾਲ ਗੋਦ ਵਿੱਚ ਬਿਠਾ ਕੇ ਧਰੂਅ ਨੂੰ ਪਿਆਰ ਕੀਤਾ। ਪਰ ਉਸੇ ਵੇਲੇ ਹੀ ਰਾਜੇ ਦੀ ਦੂਜੀ ਰਾਣੀ ਸਰੁਚੀ ਆ ਗਈ। ਧਰੂ ਨੂੰ ਪਿਤਾ ਦੀ ਗੋਦੀ ਵਿੱਚ ਬੈਠਾ ਵੇਖਕੇ ਉਸਨੂੰ ਗੁੱਸਾ ਆ ਗਿਆ। ਉਸਨੇ ਝੱਟ ਬਾਹੋਂ ਫੜਕੇ ਧਰੂ ਨੂੰ ਗੋਦੀ ਵਿੱਚੋਂ ਉਠਾ ਲਿਆ ਅਤੇ ਚਪੇੜ ਮਾਰ ਕੇ ਬੋਲੀ ਕਿ ਜੇ ਪਿਤਾ ਦੀ ਗੋਦ ਵਿੱਚ ਬਹਿਣ ਦਾ ਸ਼ੌਕ ਸੀ ਤਾਂ ਮੇਰੀ ਕੁਖੋਂ ਜਨਮ ਲੈਣਾ ਸੀ।
ਹੈਰਾਨ ਅਤੇ ਪਰੇਸ਼ਾਨ ਹੋਏ ਧਰੂ ਜੀ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ। ਮਨ ਉੱਤੇ ਇਕ ਦਮ ਅਸਹਿ ਸੱਟ ਲੱਗੀ। ਧਰੂ ਜੀ ਏਸੇ ਹਾਲਤ ਵਿੱਚ ਮਾਤਾ ਜੀ ਕੋਲ ਚਲੇ ਗਏ। ਸਾਰੀ ਗੱਲ ਦੱਸੀ। ਮਾਂ ਨੇ ਸਮਝਾਇਆ ਕਿ ਇਹ ਤਾਂ ਪ੍ਰਭੂ ਦੀ ਭਾਵੇਂ ਹੀ ਐਸੀ ਹੈ। ਅਸਾਂ ਚੰਗੇ ਕਰਮ ਨਹੀਂ ਕੀਤੇ ਅਤੇ ਸਭ ਤੋਂ ਵੱਡਾ ਕਰਮ ਕਿ ਪ੍ਰਮੇਸ਼ਰ ਦਾ ਨਾਮ ਨਹੀਂ ਜਪਿਆ। ਜਿਸ ਕਰਕੇ ਅੱਜ ਰਾਜੇ ਦੇ ਘਰ ਜਨਮ ਲੈ ਕੇ, ਰਾਜੇ ਨਾਲ ਵਿਆਹ ਕਰਾ ਕੇ ਅਤੇ ਹੀਰੇ ਵਰਗਾ ਪੁੱਤਰ ਜਨਮ ਕੇ ਵੀ ਝੁੱਗੀ ਵਿੱਚ ਗੁਜ਼ਾਰਾ ਕਰ ਰਹੀ ਹਾਂ।
ਮਾਂ ਦੀਆਂ ਗੱਲਾਂ ਨੇ ਧਰੂ ਜੀ ਦੇ ਦੁਖੀ ਮਨ ਨੂੰ ਵੈਰਾਗੀ ਬਣਾ ਦਿੱਤਾ। ਧਰੂ ਜੀ ਕਹਿਣ ਲੱਗੇ ਕਿ ਫਿਰ ਨਾਮ ਜਪਣਾ ਚਾਹੀਦਾ ਹੈ। ਪ੍ਰਮੇਸ਼ਰ ਦੀ ਅਰਾਧਨਾ ਕਰਨੀ ਚਾਹੀਦੀ ਹੈ। ਮਾਤਾ ਨੇ ਆਖਿਆ ਕਿ ਪੁੱਤਰ ! ਤੂੰ ਠੀਕ ਆਖਦਾ ਏਂ। ਪ੍ਰਮੇਸ਼ਰ ਦਾ ਨਾਮ ਜਪਣ ਨਾਲ ਸਭ ਕੰਮ ਸੰਵਰ ਜਾਂਦੇ ਹਨ ਅਤੇ ਨਾ ਜਪਣ ਨਾਲ ਵਿਗੜ ਜਾਂਦੇ ਹਨ।
ਭਗਤ ਧਰੂ ਜੀ ਨੇ ਆਖਿਆ ਕਿ ਮੈਂ ਨਾਮ ਜਪਾਂਗਾ । ਨਾਮ ਜਪ ਕੇ ਹੀ ਸਭ ਕੁਝ ਪ੍ਰਾਪਤ ਕਰਾਂਗਾ। ਮਾਤਾ ਦੇ ਦੁਖ ਵੀ ਦੂਰ ਕਰ ਦਿਆਂਗਾ।
ਧਰੂ ਦੀ ਉਮਰ ਪੰਜ ਸਾਲਾਂ ਦੀ ਸੀ। ਆਪਣੇ ਬਾਲ-ਹਠ ਦੇ ਸਹਾਰੇ ਮਾਤਾ ਨੂੰ ਹੌਸਲਾ ਦਿੱਤਾ। ਮਾਤਾ ਦੇ ਵੀ ਅੱਥਰੂ ਰੁਕ ਨਹੀਂ ਸੀ ਰਹੇ। ਮਾਤਾ ਦੀ ਸਿੱਖਿਆ ਧਰੂ ਜੀ ਦੇ ਮਨ ਵਿੱਚ ਵਸ ਗਈ। ਹਿਰਦਾ ਵੈਰਾਗੀ ਹੋ ਗਿਆ। ਵੈਰਾਗ ਤੋਂ ਪ੍ਰਭੂ ਭਗਤੀ ਦੀ ਲਗਨ ਜਾਗ ਉੱਠੀ। ਉਹਨਾਂ ਜੰਗਲਾਂ ਵਿੱਚ ਜਾ ਕੇ ਪ੍ਰਭੂ ਭਗਤੀ ਕਰਨ ਦਾ ਫ਼ੈਸਲਾ ਕਰ ਲਿਆ। ਮਾਤਾ ਤੋਂ ਆਗਿਆ ਲੈ ਕੇ ਧਰੂ ਜੀ ਤੁਰ ਪਏ। ਛੋਟੇ ਜਿਹੇ ਬਾਲਕ ਦੇ ਹਿਰਦੇ ਵਿੱਚ ਪ੍ਰਭੂ ਦੇ ਦਰਸ਼ਨ ਕਰਨ ਦੀ ਇੱਛਾ ਐਨੀ ਤੀਬਰ ਹੋ ਗਈ ਕਿ ਉਹਨਾਂ ਨੂੰ ਆਪਣੀ ਛੋਟੀ ਉਮਰ ਦਾ ਵੀ ਖਿਆਲ ਨਾ ਰਿਹਾ। ਮਾਤਾ ਦਾ ਹਿਰਦਾ ਵੀ ਐਨਾ ਵਿਸ਼ਾਲ ਸੀ ਕਿ ਰੋਕਣ ਦੀ ਬਜਾਏ ਪੁੱਤਰ ਨੂੰ ਪ੍ਰਭੂ-ਭਗਤੀ ਵਾਸਤੇ ਇਕੱਲੇ ਤੋਰ ਦਿੱਤਾ।
ਬੱਚਿਓ ! ਧਰੂ ਜੀ ਨੇ ਮਾਤਾ ਨੂੰ ਵਿਸ਼ਵਾਸ ਦੁਵਾਇਆ ਕਿ ਮੈਂ ਪ੍ਰਭੂ ਦੇ ਦਰਸ਼ਨ ਕਰਕੇ ਹੀ ਮੁੜਾਂਗਾ। ਨਹੀਂ ਤਾਂ ਸਰੀਰ ਨੂੰ ਏਸੇ ਲੇਖੇ ਲਾ ਦਿਆਂਗਾ। ਧਰੂ ਜੀ ਤੁਰ ਪਏ। ਅਜੇ ਕੁਝ ਦੂਰ ਹੀ ਗਏ ਸਨ ਕਿ ਅੱਗੋਂ ਨਾਰਦ ਜੀ ਮਿਲ ਪਏ। ਧਰੂ ਨੇ ਪੁੱਛਿਆ ਤਾਂ ਉਸਨੇ ਸਾਰੀ ਗੱਲ ਦੱਸ ਦਿੱਤੀ। ਨਾਰਦ ਜੀ ਨੇ ਆਖਿਆ ਕਿ ਬੱਚੇ ! ਤੂੰ ਜੰਗਲਾਂ ਦੇ ਦੁੱਖ-ਮੁਸੀਬਤਾਂ ਨਹੀਂ ਜਾਣਦਾ। ਉਥੇ ਸ਼ੇਰ, ਸੱਪ, ਬਘੇਲੇ ਅਤੇ ਹੋਰ ਬਹੁਤ ਸਾਰੇ ਜਾਨਵਰ ਹਨ। ਤੂੰ ਤਾਂ ਵੇਖਕੇ ਹੀ ਡਰ ਜਾਣਾ ਏ। ਇਸ ਲਈ ਪਿੱਛੇ ਮੁੜ ਜਾਹ।
ਧਰੂ ਜੀ ਨਹੀਂ ਮੰਨੇ। ਨਾਰਦ ਜੀ ਨੇ ਬਥੇਰਾ ਰੋਕਿਆ ਪਰ ਜਦੋਂ ਵੇਖਿਆ ਕਿ ਬਾਲਕ ਨਹੀਂ ਮੁੜੇਗਾ ਤਾਂ ਉਹਨਾਂ ਉਪਦੇਸ਼ ਦਿੱਤਾ ਕਿ ਤੇਰਾ ਮਨੋਰਥ ਪੂਰਾ ਹੋਵੇਗਾ। ਧਰੂ ਜੀ ਸੰਘਣੇ ਜੰਗਲਾਂ ਵਿੱਚ ਜਾ ਪੁਜੇ | ਨਾਰਦ ਜੀ ਦੇ ਦੱਸੇ ਉਪਦੇਸ਼ ਅਨੁਸਾਰ ਇਕ ਟੱਕ ਸਮਾਧੀ ਵਿੱਚ ਜੁੜ ਗਏ। ਨਾ ਭੁੱਖ, ਨਾ ਤਰੇਹ ਅਤੇ ਨਾ ਕਿਸੇ ਹੋਰ ਚੀਜ਼ ਦੀ ਚਾਹਤ ਰਹੀ।
ਬੱਚਿਓ ! ਕਈ ਵਾਰ ਸ਼ੇਰ ਉਸ ਕੋਲ ਆਏ ਪਰ ਵੇਖਕੇ ਮੁੜ ਗਏ। ਕਈ ਹੋਰ ਜਾਨਵਰ ਵੀ ਕੋਲ ਆਏ ਪਰ ਧਰੂ ਦੀ ਭਗਤੀ ਵਿੱਚ ਅਡੋਲਤਾ ਦੇਖਕੇ ਮੁੜ ਗਏ। ਧਰੂ ਜੀ ਦੀ ਇਸ ਅਟਕ ਸਮਾਧੀ ਨੇ ਪ੍ਰਭੂ ਦੇ ਚਰਨ ਪਕੜ ਲਏ। ਇਕ ਸਾਲ ਧਰੂ ਨੂੰ ਬੈਠੇ ਹੋ ਗਿਆ ਤਾਂ ਪ੍ਰਭੂ ਨੂੰ ਖਿੱਚ ਪੈ ਗਈ। ਵਿਸ਼ਨੂੰ ਜੀ ਆਪ ਤਪ ਕਰਦੇ ਧਰੂਅ ਜੀ ਦੇ ਕੋਲ ਆਏ ਅਤੇ ਆਵਾਜ਼ ਦਿੱਤੀ ਪਰ ਧਰੂ ਜੀ ਹਿਰਦੇ ਵਿੱਚ ਸੁਰਤ ਨੂੰ ਫੜਕੇ ਬੈਠੇ ਸਨ। ਸੋ ਸੁਰਤ ਹਿੱਲੀ ਨਾ। ਪ੍ਰਭੂ ਨੇ ਦਰਸ਼ਨ ਦਿੱਤੇ ਤਾਂ ਧਰੂ ਨੇ ਸਮਾਧੀ ਖੋਲ੍ਹੀ।ਧਰੂ ਜੀ ਨੇ ਆਖਿਆ ਕਿ ਹੇ ਪ੍ਰਭੂ! ਇਸ ਬਾਲ ਉਮਰੇ ਮੈਂ ਆਪ ਜੀ ਦੀ ਕੀ ਵਡਿਆਈ ਕਰਾਂ ? ਮੈਂ ਆਪ ਦੀ ਮਹਿਮਾ ਨੂੰ ਨਹੀਂ ਜਾਣਦਾ।
ਉਸ ਸਮੇਂ ਵਿਸ਼ਨੂੰ ਜੀ ਨੇ ਆਪਣਾ ਸੰਖ ਧਰੂ ਜੀ ਦੇ ਕੰਨ ਨੂੰ ਲਾ ਦਿੱਤਾ ਅਤੇ ਧਰੂ ਜੀ ਪ੍ਰਭੂ ਦੀ ਮਹਿਮਾ ਕਰਨ ਲੱਗੇ। ਪ੍ਰਭੂ ਦੀ ਉਸਤਿਤ ਵਿੱਚ ਧਰੂ ਜੀ ਨੇ ਕਈ ਸ਼ਬਦ ਉਚਾਰਨ ਕੀਤੇ।
ਭਗਵਾਨ ਵਿਸ਼ਨੂੰ ਇਹ ਸੁਣਕੇ ਖ਼ੁਸ਼ ਹੋਏ ਅਤੇ ਵਰ ਦਿੱਤਾ ਕਿ ਤੂੰ ਰਾਜ ਪ੍ਰਾਪਤੀ ਦੀ ਇੱਛਾ ਨਾਲ ਤਪ ਕੀਤਾ। ਇਸ ਕਰਕੇ ਪਹਿਲੇ ਰਾਜ ਮਿਲੇਗਾ ਅਤੇ ਫੇਰ ਅਟਲ ਪਦਵੀ ਨੂੰ ਪ੍ਰਾਪਤ ਕਰੇਂਗਾ| ਸਭ ਤਾਰਾ ਮੰਡਲੀ ਤੇਰੇ ਆਲੇ ਦੁਆਲੇ ਪ੍ਰਕਰਮਾ ਕਰੇਗੀ। ਪਰ ਤੂੰ ਆਕਾਸ਼ ਵਿੱਚ ਅਡੋਲ ਰਹੇਂਗਾ। ਸਦਾ ਚਮਕਦਾ ਰਹੇਂਗਾ।
ਇਹ ਕਹਿ ਭਗਵਾਨ ਵਿਸ਼ਨੂੰ ਜੀ ਅਲੋਪ ਹੋ ਗਏ। ਪਿੱਛੋਂ ਧਰੂ ਜੀ ਨੇ ਛੱਤੀ ਹਜ਼ਾਰ ਸਾਲ ਰਾਜ ਕੀਤਾ ਅਤੇ ਫਿਰ ਅਟਲ ਪਦਵੀ ਤੇ ਜਾ ਟਿਕੇ। ਸੋ ਬੱਚਿਓ ! ਪ੍ਰਭੂ ਦੀ ਇਕ ਮਨ ਹੋ ਕੇ ਕੀਤੀ ਭਗਤੀ ਪ੍ਰਵਾਨ ਹੁੰਦੀ ਹੈ ਅਤੇ ਮਨ ਚਾਹਿਆ ਫ਼ਲ ਪ੍ਰਾਪਤ ਹੁੰਦਾ ਹੈ।